ਭਾਜਪਾ ਖ਼ਿਲਾਫ਼ ਇੱਕਜੁਟ ਹੋਣ ਲਈ ਨਿਤਿਸ਼ ਕੁਮਾਰ ਨੂੰ ਮਮਤਾ ਤੇ ਅਖਿਲੇਸ਼ ਨੇ ਦਿੱਤਾ ਹੁੰਗਾਰਾ

ਇਸ ਲਾਈਵ ਪੇਜ ਵਿੱਚ ਅਸੀਂ ਦੇਸ਼-ਵਿਦੇਸ਼ ਦੇ ਅਹਿਮ ਘਟਨਾਕ੍ਰਮ ਬਾਰੇ ਅਪਡੇਟ ਦੇ ਰਹੇ ਹਾਂ।

ਲਾਈਵ ਕਵਰੇਜ

  1. ਤੁਹਾਡਾ ਧੰਨਵਾਦ

    ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਨਵੀਂਆਂ ਤੇ ਤਾਜ਼ਾ ਖ਼ਬਰਾਂ ਲਈ ਕੱਲ ਸਵੇਰੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲ਼ਈ ਦਿਓ ਆਗਿਆ। ਧੰਨਵਾਦ!

    ਜਾਂਦੇ ਜਾਂਦੇ ਇੱਕ ਨਜ਼ਰ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਉੱਤੇ

    • ਪੰਜਾਬ ਦੇ ਮੋਰਿੰਡਾ ਦੇ ਕੋਤਵਾਲੀ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਹੈ
    • ਮੁਲਜ਼ਮ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਪਾਠ ਕਰ ਕੇ ਗ੍ਰੰਥੀ ਸਿੰਘਾਂ ਉੱਤੇ ਹਮਲਾ ਕਰ ਦਿੱਤਾ
    • ਮੁਲਜ਼ਮ ਨੂੰ ਲੋਕਾਂ ਨੇ ਫੜ੍ਹ ਲਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ
    • ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਹੈ- ਭਗਵੰਤ ਮਾਨ
    • ਮੋਦੀ ਖਿਲਾਫ਼ ਇੱਕ ਮੰਚ ਉੱਤੇ ਆਏ ਨਿਤਿਸ਼ , ਮਮਤਾ ਅਤੇ ਅਖਿਲੇਸ਼, ਆਗੂਆਂ ਨੇ ਬੈਠਕਾਂ ਤੋਂ ਬਾਅਦ ਕੀਤੀ ਸਾਂਝੀ ਪ੍ਰੈਸ ਕਾਨਫਰੰਸ
    • ਅਮ੍ਰਿਤਪਾਲ ਸਿੰਘ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕਰਨ ਲਈ ਪਿਤਾ ਨੇ ਮੰਗੀ ਮਿਲਣ ਦੀ ਇਜਾਜ਼ਤ
    • ਫਰੀਦਕੋਟ ਵਿੱਚ ਬੀਤੇ ਐਤਵਾਰ ਨੂੰ ਹੋਈ ਗੁਟਕਾ ਸਾਹਿਬ ਬੇਅਦਬੀ ਮਾਮਲੇ ਵਿੱਚ 2 ਜਣੇ ਗ੍ਰਿਫ਼ਤਾਰ
    • ਰੈਪ ਗਾਇਕ ਬਾਦਸ਼ਾਹ ਨੇ ਆਪਣੇ ਗੀਤ 'ਸਨਕ' ਲਈ ਮੁਆਫ਼ੀ ਮੰਗ ਲਈ ਹੈ।
    • ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਮੁੜ ਖੋਲ੍ਹਿਆ ਮੋਰਚਾ
  2. ਮੋਦੀ ਖਿਲਾਫ਼ ਇੱਕ ਮੰਚ ਉੱਤੇ ਆਏ ਨਿਤਿਸ਼ , ਮਮਤਾ ਅਤੇ ਅਖਿਲੇਸ਼

    ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਸਿਰਫ਼ "ਝੂਠ ਬੋਲ ਕੇ" ਤਰੱਕੀ ਕੀਤੀ ਹੈ ਅਤੇ ਇਹ ਜਾਰੀ ਨਹੀਂ ਰਹਿ ਸਕਦੀ।

    ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਵੱਖ ਵੱਖ ਮੁਲਾਕਾਤ ਕੀਤੀ।

    ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਨਿਤਿਸ਼ ਕੁਮਾਰ ਨਾਲ ਪ੍ਰੈਸ ਕਾਨਫਰੰਸਾਂ ਕਰਕੇ ਮਮਤਾ ਅਤੇ ਅਖਿਲੇਸ਼ ਨੇ ਭਾਜਪਾ ਖ਼ਿਲਾਫ਼ ਇਕੱਠੇ ਹੋ ਕੇ ਕੰਮ ਕਰਨ ਉੱਤੇ ਸਹਿਮਤੀ ਪ੍ਰਗਟਾਈ।

    ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਦੇਸ ਵਿੱਚ ਲੋਕਤੰਤਰ ਨੂੰ ਖਤਮ ਕਰ ਰਹੀ ਹੈ ਅਤੇ ਚਾਹੁੰਦੇ ਹਾਂ ਕਿ ਭਾਜਪਾ ਸੱਤਾ ਤੋਂ ਬਾਹਰ ਜਾਵੇ ਤਾਂ ਜੋ ਦੇਸ ਬਚ ਸਕੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਵਿਰੋਧੀ ਧਿਰ ਦੀ ਏਕਤਾ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਨਾ ਚਾਹੁੰਦੀ ਹੈ।

    ਮਮਤਾ ਬੈਨਰਜੀ ਨੇ ਕਿਹਾ, "ਸਾਡੀ ਨਿੱਜੀ ਹਉਮੈ ਦਾ ਕੋਈ ਮੁੱਦਾ ਨਹੀਂ ਹੈ, ਅਸੀਂ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ।"

    ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਆਪਣੇ ਸੂਬੇ ਦੀਆਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾਉਣ ਲਈ ਕਿਹਾ ਹੈ।

    ਮਮਤਾ ਬੈਨਰਜੀ ਨੇ ਕਿਹਾ, “ਅਸੀਂ ਨਿਤੀਸ਼ ਜੀ ਨੂੰ ਇਹ ਬੇਨਤੀ ਕੀਤੀ ਹੈ, ਜੈਪ੍ਰਕਾਸ਼ (ਨਾਰਾਇਣ) ਜੀ ਦਾ ਅੰਦੋਲਨ ਬਿਹਾਰ ਤੋਂ ਸ਼ੁਰੂ ਹੋਇਆ ਸੀ। ਆਓ ਬਿਹਾਰ ਵਿੱਚ ਸਰਬ ਪਾਰਟੀ ਮੀਟਿੰਗ ਕਰੀਏ।

    ਉਸ ਤੋਂ ਬਾਅਦ ਫੈਸਲਾ ਕਰਨਾ ਹੈ ਕਿ ਕਿੱਥੇ ਜਾਣਾ ਹੈ, ਕਿੱਥੇ ਨਹੀਂ ਜਾਣਾ ਹੈ, ਮੈਨੀਫੈਸਟੋ ਕੀ ਹੈ, ਉਹ ਬਾਅਦ ਵਿੱਚ ਦੱਸਣਗੇ, ਪਰ ਪਹਿਲਾਂ ਇੱਕ ਸੁਨੇਹਾ ਦੇਣਾ ਪਵੇਗਾ ਕਿ ਅਸੀਂ ਸਾਰੇ ਇਕੱਠੇ ਹਾਂ।

  3. ਮੋਰਿੰਡਾ ਬੇਅਦਬੀ ਮਾਮਲਾ : ਜਾਮ ਹਟਾਇਆ ਪਰ ਸ਼ਹਿਰ ਵਿੱਚ ਧਰਨਾ ਜਾਰੀ

    ਮੋਰਿੰਡਾ ਦੇ ਕੋਤਵਾਲੀ ਸਾਹਿਬ ਵਿੱਚ ਬੇਅਦਬੀ ਹੋਣ ਤੋਂ ਬਾਅਦ ਮੋਰਿੰਡਾ ਦੇ ਅੰਦਰ ਇੱਕ ਚੌਕ ਵਿੱਚ ਧਰਨਾ ਜਾਰੀ ਹੈ। ਇਸ ਤੋਂ ਪਹਿਲਾਂ ਲੋਕਾਂ ਨੇ ਚੰਡੀਗੜ੍ਹ-ਲੁਧਿਆਣਾ ਸੜ੍ਹਕ ਉੱਤੇ ਜਾਮ ਲਾਇਆ ਸੀ, ਪਰ ਬਾਅਦ ਵਿੱਚ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਜਾਮ ਹਟਾ ਦਿੱਤਾ ਗਿਆ।

    ਖ਼ਬਰ ਲਿਖੇ ਜਾਣ ਸਮੇਂ ਵੀ ਕਰੀਬ 9.16 ਮਿੰਟ ਉੱਤੇ ਸ਼ਹਿਰ ਦੇ ਚੌਕ ਵਿੱਚ ਕੁਝ ਲੋਕ ਧਰਨੇ ਉੱਤੇ ਬੈਠੇ ਸਨ।

    ਪੁਲਿਸ ਮੁਤਾਬਕ ਹਾਲਾਤ ਸਾਂਤੀਪੂਰਨ ਅਤੇ ਕੰਟਰੋਲ ਵਿੱਚ ਹਨ। ਪੁਲਿਸ ਨੇ ਕਿਹਾ ਕਿ ਮੁਲਜ਼ਮ ਗ੍ਰਿਫ਼ਤ ਵਿੱਚ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

    ਮੋਰਿੰਡਾ, ਪੰਜਾਬ
  4. ਬੇਅਦਬੀ ਮਗਰੋਂ ਮੋਰਿੰਡਾ 'ਚ ਤਣਾਅ, ਕਿਵੇਂ ਵਾਪਰੀ ਘਟਨਾ

    ਵੀਡੀਓ ਕੈਪਸ਼ਨ, ਬੇਅਦਬੀ ਮਗਰੋਂ ਮੋਰਿੰਡਾ 'ਚ ਤਣਾਅ, ਕਿਵੇਂ ਵਾਪਰੀ ਘਟਨਾ

    ਪੰਜਾਬ ਦੇ ਜ਼ਿਲ੍ਹਾ ਰੋਪੜ ਵਿੱਚ ਪੈਂਦੇ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਕਥਿਤ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਮੋਰਿੰਡਾ ਕਸਬਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਉੱਤਰ-ਪੱਛਮ ਵਾਲੇ ਪਾਸੇ ਕਰੀਬ 33 ਕਿਲੋਮੀਟਰ ਦੂਰ ਚੰਡੀਗੜ੍ਹ-ਲੁਧਿਆਣਾ ਸ਼ਾਹ-ਮਾਰਗ ਉੱਤੇ ਪੈਂਦਾ ਹੈ। ਘਟਨਾ ਦੇ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਆਉਂਦਾ ਹੈ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ।

    ਇਸ ਵੇਲੇ ਉੱਥੇ ਕੀ ਹਾਲਾਤ ਇਹ ਜਾਣਨ ਲਈ ਇਹ ਵੀਡੀਓ ਦੇਖੋ-

    ਰਿਪੋਰਟ : ਸਰਬਜੀਤ ਸਿੰਘ ਧਾਲੀਵਾਲ, ਗੁਰਮਿੰਦਰ ਗਰੇਵਾਲ, ਸ਼ੂਟ : ਗੁਲਸ਼ਨ, ਐਡਿਟ : ਸੰਦੀਪ ਯਾਦਵ

  5. ਅਮ੍ਰਿਤਪਾਲ ਸਿੰਘ ਦੇ ਪਿਤਾ ਨੇ ਮੰਗੀ ਪੁੱਤਰ ਨੂੰ ਮਿਲਣ ਦੀ ਇਜਾਜ਼ਤ

    ਤਰਸੇਮ ਸਿੰਘ

    ਤਸਵੀਰ ਸਰੋਤ, ANI

    ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅਤੇ ਖ਼ਾਲਿਸਤਾਨੀ ਹਮਾਇਤੀ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਜਾ ਕੇ ਆਪਣੇ ਪੁੱਤਰ ਨਾਲ ਮਿਲਣ ਲਈ ਇਜਾਜ਼ਤ ਮੰਗੀ ਹੈ।

    ਖ਼ਬਰ ਏਜੰਸੀ ਏਐੱਨਆਈ ਨਾਲ ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਐਡਵੋਕੇਟ ਨੂੰ ਨਾਲ ਲੈ ਕੇ ਅਸੀਂ ਡੀਸੀ ਨੂੰ ਮੁਲਾਕਾਤ ਲਈ ਅਰਜ਼ੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ 'ਮੇਰੇ ਕੋਲ ਅਜੇ ਉਨ੍ਹਾਂ ਦੀ ਫਾਈਲ ਨਹੀਂ ਆਈ ਜਿਵੇਂ ਹੀ ਆਵੇਗੀ ਮੈਂ ਅਪਰੂਵ ਕਰ ਕੇ ਅੱਗੇ ਭੇਜ ਦਿਆਂਗਾ।

    ਉਨ੍ਹਾਂ ਨੇ ਅੱਗੇ ਦੱਸਿਆ, "ਪਰਿਵਾਰ ਦੇ 4-5 ਮੈਂਬਰ ਮੁਲਾਕਾਤ ਕਰ ਸਕਦੇ ਹਨ ਪਰ ਬਾਕੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਪਤਾ ਲੱਗੇਗਾ। ਪਹਿਲਾਂ ਇਜਾਜ਼ਤ ਮਿਲੇ ਫਿਰ ਤੈਅ ਕਰਾਂਗੇ ਕੌਣ ਜਾ ਸਕਦਾ ਹੈ ਕੌਣ ਨਹੀਂ।"

    ਪੰਜਾਬ ਪੁਲਿਸ ਨੇ ਬੀਤੇ ਦਿਨੀਂ ਅਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।

  6. ਮੋਰਿੰਡਾ ਬੇਅਦਬੀ ਮਾਮਲਾ : ਹੁਣ ਤੱਕ ਜੋ ਪਤਾ ਲੱਗਿਆ, ਸਰਬਜੀਤ ਸਿੰਘ ਧਾਲੀਵਾਲ

    ਮੋਰਿੰਡਾ ਬੇਅਦਬੀ
    • ਪੰਜਾਬ ਦੇ ਮੋਰਿੰਡਾ ਕਸਬੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਹੈ
    • ਬੇਅਦਬੀ ਦੀ ਘਟਨਾ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਵਾਪਰੀ ਹੈ
    • ਗੁਰੂਦੁਆਰਾ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨਾਲ ਸਬੰਧਤ ਹੈ
    • ਸ਼ੱਕੀ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਪਾਠ ਕਰ ਕੇ ਗ੍ਰੰਥੀ ਸਿੰਘਾਂ ਉੱਤੇ ਹਮਲਾ ਕਰ ਦਿੱਤਾ
    • ਘਟਨਾ ਤੋਂ ਬਾਅਦ ਹਾਜ਼ਰ ਲੋਕਾਂ ਨੇ ਮੁਲਜ਼ਮ ਨੂੰ ਫੜ੍ਹ ਲਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ
    • ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ
    • ਘਟਨਾ ਤੋਂ ਬਾਅਦ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਸਦਰ ਥਾਣੇ ਦਾ ਘਿਰਾਓ ਕੀਤਾ
    • ਲੋਕ ਕਾਫੀ ਗੁੱਸੇ ਵਿੱਚ ਹਨ ਅਤੇ ਪੁਲਿਸ ਦੇ ਸੀਨੀਅਰ ਅਫ਼ਸਰ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
    • ਐੱਸਐੱਸਪੀ ਰੋਪੜ ਵਿਵੇਕਸ਼ੀਲ ਸੋਨੀ ਅਤੇ ਰੋਪੜ ਰੇਜ਼ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਉੱਤੇ ਪਹੁੰਚੇ ਹੋਏ ਹਨ
    • ਸਥਾਨਕ ਲੋਕਾਂ ਨੇ ਬਜ਼ਾਰ ਵੀ ਬੰਦ ਕਰ ਦਿੱਤਾ ਹੈ ਅਤੇ ਸਦਰ ਥਾਣੇ ਅੱਗੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ
  7. ਫਰੀਦਕੋਟ ਗੁਟਕਾ ਸਾਹਿਬ ਬੇਅਦਬੀ ਮਾਮਲੇ ਵਿੱਚ 2 ਗ੍ਰਿਫ਼ਤਾਰ, ਗਗਨਦੀਪ ਸਿੰਘ ਜੱਸੋਵਾਲ

    ਫਰੀਦਕੋਟ ਪੁਲਿਸ ਨੇ ਕੱਲ੍ਹ ਪਿੰਡ ਗੋਲੇਵਾਲਾ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਹੈ।

    ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਇਸ ਦੀ ਪੁਸ਼ਟੀ ਕੀਤੀ ਹੈ।

    ਦੋਵਾਂ ਮੁਲਜ਼ਮਾਂ ਦੀ ਪਛਾਣ ਪਾਸਟਰ ਵਿੱਕੀ ਮਸੀਹ ਤੇ ਰੂਪ ਮਸੀਹ ਵਜੋਂ ਹੋਈ ਹੈ।

    ਵਿੱਕੀ ਫਰੀਦਕੋਟ ਦੇਸਾਦਿਕ ਕਸਬੇ ਵਿੱਚ ਰਹਿ ਰਿਹਾ ਹੈ ਤੇ ਰੂਪ ਬੇਗੋਵਾਲ ਪਿੰਡ ਵਿੱਚ ਜਦਕਿ ਦੋਵੇਂ ਪਿੱਛੋਂ ਗੁਰਦਾਸਪੁਰ ਜਿਲ੍ਹੇ ਦੇ ਬਟਾਲਾ ਸ਼ਹਿਰ ਨਾਲ ਸੰਬੰਧ ਰੱਖਦੇ ਨੇ।

    ਵਿੱਕੀ ਮਸੀਹ ਆਪਣੇ ਘਰ ਦੇ ਵਿੱਚ ਰੂਪ ਨਾਲ ਮਿਲ ਕੇ ਚਰਚ ਚਲਾਉਂਦਾ ਹੈ।

    ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਬੇਅਦਬੀ ਦੀ ਘਟਨਾ ਪਿੱਛੇ ਮੁਲਜ਼ਮਾਂ ਦੀ ਕਿ ਮਨਸ਼ਾ ਸੀ ਉਸਦੀ ਜਾਂਚ ਜਾਰੀ ਹੈ।

    ਫਰੀਦਕੋਟ ਇੰਸਪੈਕਟਰ ਗੁਲਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤੇ ਇਹਨਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਮਿਲਿਆ।

    ਬੀਤੀ 23 ਅਪ੍ਰੈਲ ਨੂੰ ਪਿੰਡ ਗੋਲੇਵਾਲਾ ਦੀ ਘਣੀਆਂ ਪੱਤੀ ਨਿਵਾਸੀ ਗੁਰਮੇਲ ਸਿੰਘ ਪੁੱਤਰ ਬਿੱਕਰ ਸਿੰਘ ਨੇ ਰਿਪੋਰਟ ਦਰਜ ਕਰਵਾਈ ਸੀ।

    ਰਿਪੋਰਟ ਮੁਤਾਬਕ ਜਦੋਂ ਉਹ ਆਪਣੇ ਘਰੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੈਂਦੀ ਇੱਕ ਆਟਾ ਚੱਕੀ ਦੇ ਮੋੜ ਕੋਲ ਗੁਟਕਾ ਸਾਹਿਬ ਦੇ ਕੁਝ ਅੰਗ ਖਿੱਲਰੇ ਹੋਏ ਮਿਲੇ ਜੋ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਖੰਡਿਤ ਕਰਕੇ ਖਿਲਾਰੇ ਗਏ ਸਨ।

  8. ਬੇਅਦਬੀ ਮਾਮਲੇ ਵਿੱਚ ਮਿਸਾਲੀ ਸਜ਼ਾ ਦਿੱਤੀ ਜਾਵੇ- ਧਾਮੀ

    ਬੇਅਦਬੀ ਮਾਮਲਾ

    ਤਸਵੀਰ ਸਰੋਤ, SGPC

    ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਅਦਬੀ ਦੇ ਦੋਸ਼ੀ ਵਿਅਕਤੀ ਖਿਲਾਫ਼ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ।

    ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਬੇਹੱਦ ਸਤਿਕਾਰਤ ਹਨ, ਪਰੰਤੂ ਦੁੱਖ ਦੀ ਗੱਲ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ਼ ਢਿੱਲੀ ਕਾਰਵਾਈ ਕਰਕੇ ਬੇਅਦਬੀ ਕਰਨ ਵਾਲਿਆਂ ਦੇ ਹੌਂਸਲੇ ਵੱਧ ਰਹੇ ਹਨ।

    ਜੇਕਰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿਸੇ ਦੀ ਅਜਿਹਾ ਘਿਨੌਣਾ ਅਪਰਾਧ ਕਰਨ ਦੀ ਹਿੰਮਤ ਨਾ ਪਵੇ।

    ਐਡਵੋਕੇਟ ਧਾਮੀ ਨੇ ਕਿਹਾ ਕਿ ਮੋਰਿੰਡਾ ਵਿਖੇ ਬੇਅਦਬੀ ਦੀ ਘਟਨਾ ਰੂਹ ਨੂੰ ਝੰਜੋੜਨ ਵਾਲੀ ਹੈ, ਜਿਸ ਦੇ ਦੋਸ਼ੀ ਨੇ ਸ਼ਰ੍ਹੇਆਮ ਆ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ।

    ਇਸ ਵਿਅਕਤੀ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਰੜੀ ਕਾਰਵਾਈ ਕਰਕੇ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ।

    ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾਵੇ ਤਾਂ ਜੋ ਬੇਅਦਬੀ ਦੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਸਾਹਮਣੇ ਆ ਸਕਣ।

  9. ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਹੈ- ਭਗਵੰਤ ਮਾਨ

    ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੋਰਿੰਡਾ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਕਥਿਤ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਹੈ।

    ਉਨ੍ਹਾਂ ਨੇ ਫੇਸਬੁੱਕ ਪੋਸਟ 'ਤੇ ਲਿਖਿਆ ਹੈ, "ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖਸ਼ਿਆ ਨਹੀਂ ਜਾਵੇਗਾ। ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਹੈ।"

    ਭਗਵੰਤ ਮਾਨ

    ਤਸਵੀਰ ਸਰੋਤ, FACEBOOK

  10. ਅਸਲੀ ਦੋਸ਼ੀਆਂ ਪਛਾਣ ਕਰ ਕੇ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ – ਸੁਖਬੀਰ ਬਾਦਲ

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਰਿੰਡਾ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

    ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ ਹੈ, ਅਜਿਹਾ ਲੱਗਦਾ ਹੈ ਕਿ ਮੋਰਿੰਡਾ ਵਿੱਚ ਬੇਅਦਬੀ ਦਾ ਨਿੰਦਣਯੋਗ ਕਾਰਾ ਅੰਮ੍ਰਿਤਪਾਲ ਸਿੰਘ ਦੀ 'ਗ੍ਰਿਫ਼ਤਾਰੀ', ਸਿੱਖਾਂ ਵਿਰੁੱਧ ਜਬਰ ਅਤੇ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਾਇਮ ਰੱਖਣ ਵਿੱਚ ਅਸਫ਼ਲਤਾ ਤੋਂ ਧਿਆਨ ਹਟਾਉਣ ਲਈ ਬੁਰੀ ਤਰ੍ਹਾਂ ਨਾਲ ਘਿਰੀ 'ਆਪ' ਸਰਕਾਰ ਦੀ ਇੱਕ ਕੋਝੀ ਚਾਲ ਹੈ।"

    "ਅਸਲ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।"

    ਸੁਖਬੀਰ ਬਾਦਲ

    ਤਸਵੀਰ ਸਰੋਤ, Twitter

  11. 'ਸਨਕ' ਲਈ ਗਾਇਕ ਬਾਦਸ਼ਾਹ ਨੇ ਮੁਆਫ਼ੀ, ਕੀ ਹੈ ਪੂਰਾ ਮਾਮਲਾ

    ਰੈਪ ਗਾਇਕ ਬਾਦਸ਼ਾਹ ਨੇ ਆਪਣੇ ਗੀਤ 'ਸਨਕ' ਲਈ ਮੁਆਫ਼ੀ ਮੰਗ ਲਈ ਹੈ।

    ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖੀ ਇਕ ਪੋਸਟ 'ਚ ਕਿਹਾ ਹੈ ਕਿ ਉਹ ਅਣਜਾਣੇ 'ਚ ਕਿਸੇ ਨੂੰ ਦੁੱਖ ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸਕਦੇ।

    ਉਨ੍ਹਾਂ ਦੇ ਇਸ ਗੀਤ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਸੀ। ਬਾਦਸ਼ਾਹ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਗੀਤਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਰਹਿਣ।

    ਬਾਦਸ਼ਾਹ

    ਤਸਵੀਰ ਸਰੋਤ, Instagram

    'ਸਨਕ' ਗੀਤ ਇਕ ਮਹੀਨਾ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੂੰ ਬਾਦਸ਼ਾਹ ਦੇ ਯੂਟਿਊਬ ਚੈਨਲ 'ਤੇ 22 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

    ਸਮਾਚਾਰ ਏਜੰਸੀ ਏਐੱਨਆਈ ਦੀ ਖ਼ਬਰ ਮੁਤਾਬਕ ਮੱਧ ਪ੍ਰਦੇਸ਼ ਦੇ ਉੱਜੈਨ ਸਥਿਤ ਮਹਾਕਾਲੇਸ਼ਵਰ ਮੰਦਿਰ ਦੇ ਪੁਜਾਰੀ ਨੇ ਇਸ ਗਾਣੇ ਦੇ ਕੁਝ ਸ਼ਬਦਾਂ 'ਤੇ ਇਤਰਾਜ਼ ਜਤਾਇਆ ਸੀ।

    ਰੈਪਰ ਨੇ ਕਿਹਾ ਹੈ ਕਿ ਉਹ ਗਾਣੇ ਵਿੱਚ ਬਦਲਾਅ ਕਰ ਰਹੇ ਹਨ ਅਤੇ ਸਾਰੇ ਡਿਜੀਟਲ ਪਲੇਟਫਾਰਮ 'ਤੇ ਇਸ ਦੇ ਨਵੇਂ ਵਰਜਨ ਨੂੰ ਪਾ ਰਹੇ ਹਨ। ਗਾਇਕ ਦਾ ਕਹਿਣਾ ਹੈ ਕਿ ਇਸ ਬਦਲਾਅ ਨੂੰ ਚੈਨਲਾਂ 'ਤੇ ਨਜ਼ਰ ਆਉਣ ਵਿੱਚ ਸਮਾਂ ਲੱਗ ਸਕਦਾ ਹੈ।

  12. ਮਾਤਾ ਗੁਜਰੀ ਤੇ ਸਹਿਬਜ਼ਾਦਿਆਂ ਨਾਲ ਸਬੰਧਤ ਹੈ ਗੁਰਦੁਆਰਾ ਕੋਤਵਾਲੀ ਸਾਹਿਬ

    ਜ਼ਿਲ੍ਹਾ ਰੋਪੜ ਦੇ ਮੋਰਿੰਡਾ ਵਿੱਚ ਇਤਾਹਿਸਕ ਗੁਰਦੁਆਰਾ ਕੋਤਵਾਲੀ ਸਾਹਿਬ ਮਾਤਾ ਗੁਜਰੀ ਜੀ, ਸਹਿਬਜ਼ਾਦਾ ਫਤਿਹ ਸਿੰਘ ਅਤੇ ਸਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਨਾਲ ਸਬੰਧਤ ਹੈ।

    ਸਾਲ 1705 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਸਨ ਤਾਂ ਮਾਤਾ ਗੁਜਰੀ ਅਤੇ ਦੋਵੇਂ ਸਹਿਬਜ਼ਾਦੇ ਆਪਣੇ ਲਾਂਗਰੀ ਗੰਗੂ ਨਾਲ ਸਨ।

    ਇਤਿਹਾਸਕ ਹਵਾਲਿਆਂ ਮੁਤਾਬਕ ਗੰਗੂ ਨੇ ਮੁਗਲ ਹਕੂਮਤ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਸੀ ਅਤੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ ਸੀ।

    ਗ੍ਰਿਫ਼ਤਾਰੀ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਜਾਨੀ ਖ਼ਾਨ ਅਤੇ ਮਨੀ ਖ਼ਾਨ ਇਸ ਥਾਂ ਉਪਰ ਲੈ ਕੇ ਆਏ ਸਨ। ਇਸ ਕੋਤਵਾਲੀ ਥਾਣਾ ਸੀ, ਇੱਥੇ ਮਾਤਾ ਅਤੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਰੱਖਿਆ ਗਿਆ ਸੀ

    ਉਨ੍ਹਾਂ ਨੂੰ ਰਾਤ ਭਰ ਏਥੇ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਫਿਰ ਕੇਸ ਚਲਾਉਣ ਲਈ ਸਰਹਿੰਦ ਲੈ ਗਏ ਸਨ।

    ਕੋਤਵਾਲੀ ਥਾਣਾ
  13. ਕੈਪਟਨ ਨੇ ਕੀਤੀ ਬੇਅਦਬੀ ਦੀ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਵਾਪਰੀ ਕਥਿਤ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਹੈ।

    ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, "ਮੈਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਇਸ ਘਿਨਾਉਣੇ ਅਪਰਾਧ ਦੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।"

    ਟਵੀਟ

    ਤਸਵੀਰ ਸਰੋਤ, twiiter

  14. ਗੁਰਦੁਆਰਾ ਕੋਤਵਾਲੀ ਸਾਹਿਬ: ਲੋਕ ਸੜਕਾਂ 'ਤੇ, ਸ਼ਾਂਤੀ ਰੱਖਣ ਦੀ ਅਪੀਲ

    ਗੁਰਦੁਆਰਾ ਕੋਤਵਾਲੀ ਸਾਹਿਬ

    ਤਸਵੀਰ ਸਰੋਤ, Gurminder Grewal/BBC

    ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਕਥਿਤ ਬੇਅਦਬੀ ਦੀ ਘਟਨਾ ਤੋਂ ਵਾਪਰਨ ਮਗਰੋਂ ਲੋਕ ਵੱਡੀ ਗਿਣਤੀ ਵਿੱਚ ਥਾਣੇ ਦੇ ਬਾਹਰ ਇਕੱਠਾ ਹੋ ਰਹੇ ਹਨ।

    ਹਾਲਾਂਕਿ, ਪੁਲਿਸ ਲਗਾਤਾਰ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਕਾਨੂੰਨ ਹੱਥ ਵਿੱਚ ਨਾ ਲਿਆ ਜਾਵੇ। ਪੁਲਿਸ ਕਹਿ ਰਹੀ ਹੈ ਕਾਨੂੰਨ ਮੁਤਾਬਕ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕ ਇਸ ਘਟਨਾ ਨੂੰ ਲੈ ਕੇ ਕਾਫੀ ਗੁੱਸੇ ਵਿੱਚ ਹਨ।

    ਮੋਰਿੰਡਾ

    ਇਸ ਦੌਰਾਨ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਲੋਕਾਂ ਨੂੰ ਅਜਿਹੇ ਮੌਕਿਆਂ 'ਤੇ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।

    ਉਨ੍ਹਾਂ ਨੇ ਕਿਹਾ, "ਸਾਨੂੰ ਪੁਲਿਸ 'ਤੇ ਭਰੋਸਾ ਰੱਖਣਾ ਚਾਹੀਦਾ ਅਤੇ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ।"

  15. ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਕਥਿਤ ਬੇਅਦਬੀ ਦੀ ਘਟਨਾ ਵਾਪਰੀ

    ਗੁਰਦੁਆਰਾ ਕੋਤਵਾਲੀ ਸਾਹਿਬ

    ਤਸਵੀਰ ਸਰੋਤ, Gurminder Grewal/bbc

    ਪੰਜਾਬ ਦੇ ਜ਼ਿਲ੍ਹਾ ਰੋਪੜ ਵਿੱਚ ਪੈਂਦੇ ਮੋਰਿੰਡਾ ਦੇ ਇਤਾਹਿਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਕਥਿਤ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ।

    ਘਟਨਾ ਦੇ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਆਉਂਦਾ ਹੈ ਅਤੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ।

    ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਦੀ ਰਿਪੋਰਟ ਮੁਤਾਬਕ ''ਪਹਿਲਾਂ ਸਿੱਖ ਨੌਜਵਾਨ ਚੱਲ ਰਹੇ ਪਾਠਾਂ ਦੀ ਲੜੀ ਵਾਲੇ ਕਮਰੇ ਵਿਚ ਦਾਖ਼ਲ ਹੋਇਆ ਅਤੇ ਜੰਗਲਾ ਟੱਪ ਕੇ ਉਸਨੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।''

    ਗੁਰਦੁਆਰਾ ਕੋਤਵਾਲੀ ਸਾਹਿਬ

    ਤਸਵੀਰ ਸਰੋਤ, Gurminder Grewal/bbc

    ਕਮਰੇ ਵਿਚ ਬੈਠੀਆਂ ਸੰਗਤਾਂ ਹੈਰਾਨ ਰਹਿ ਗਈਆਂ। ਇੰਨਾਂ ਹੀ ਨਹੀਂ, ਉਕਤ ਸਿੱਖ ਨੌਜਵਾਨ ਨੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਨ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਵੀ ਹੱਥ ਪਾਇਆ।

    ਖ਼ਬਰ ਲਿਖੇ ਜਾਣ ਤੱਕ ਨੌਜਵਾਨ ਨੂੰ ਸਿੱਖ ਸੰਗਤਾਂ ਨੇ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ।

    ਗੁਰਦੁਆਰਾ ਕੋਤਵਾਲੀ ਸਾਹਿਬ

    ਤਸਵੀਰ ਸਰੋਤ, Gurminder Grewal/bbc

    ਇਸ ਤੋਂ ਬਾਅਦ ਸਥਾਨਕ ਲੋਕ ਮੋਰਿੰਡਾ ਥਾਣੇ ਦੇ ਬਾਹਰ ਸੜਕ 'ਤੇ ਬੈਠ ਕੇ ਰੋਸ-ਮੁਜ਼ਹਰਾ ਕਰਨ ਲੱਗੇ ਹਨ ਅਤੇ ਮੌਕੇ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਬੈਠ ਗਏ ਹਨ।

    ਚੰਨੀ ਨੇ ਕਿਹਾ, "ਉਸ ਵਿਅਕਤੀ ਨੇ ਜ਼ਬਰਦਸਤੀ ਅੰਦਰ ਆ ਕੇ ਗੁਰੂ ਪ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਅੱਜ ਸਾਰੀਆਂ ਸੰਗਤਾਂ ਮੋਰਿੰਡਾ ਵਿੱਚ ਰੋਸ ਪ੍ਰਗਟ ਕਰ ਰਹੀਆਂ ਹਨ। ਜਿਵੇਂ ਸੰਗਤ ਫ਼ੈਸਲਾ ਕਰੇਗੀ, ਅਸੀਂ ਸਾਰੇ ਉਸ ਦੇ ਨਾਲ ਹੀ ਚੱਲਾਂਗੇ।"

    ਸੜਕੇ 'ਤੇ ਬੈਠੇ ਲੋਕਾਂ ਵਿੱਚ ਕਾਫ਼ੀ ਗੁੱਸਾ ਦੇਖਿਆ ਜਾ ਰਿਹਾ ਹੈ। ਉੱਧਰ ਦੂਜੇ ਪਾਸੇ ਪੁਲਿਸ ਲੋਕਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ।

    ਐੱਸਪੀ ਐੱਨਐੱਸ ਮਾਹਲ ਦੀ ਅਗਵਾਈ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ਉੱਤੇ ਹਾਜ਼ਰ ਹਨ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ।

    ਪੁਲਿਸ ਦਾ ਕਹਿਣਾ ਹੈ ਮੁਲਜ਼ਮ ਫੜ ਲਿਆ ਗਿਆ ਹੈ ਅਤੇ ਕਾਨੂੰਨ ਆਪਣਾ ਕੰਮ ਕਰੇਗਾ।

  16. ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਮੁੜ ਖੋਲ੍ਹਿਆ ਮੋਰਚਾ

    ਵਿਨੇਸ਼ ਫੋਗਾਟ

    ਤਸਵੀਰ ਸਰੋਤ, Vinesh Fogat

    ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਸਿੰਘ 'ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਉਣ ਵਾਲੇ ਪਹਿਲਵਾਨਾਂ ਦਾ ਜੰਤਰ-ਮੰਤਰ 'ਤੇ ਧਰਨਾ ਜਾਰੀ ਹੈ।

    ਐਤਵਾਰ ਦੁਪਹਿਰ ਤੋਂ ਹੀ ਬਜਰੰਗ ਪੁਨੀਆ, ਵਿਨੇਸ਼ ਫੋਗਾਟ ਅਤੇ ਹੋਰ ਪਹਿਲਵਾਨ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ।

    ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੇ ਤਿੰਨ ਮਹੀਨੇ ਹੋ ਗਏ ਹਨ, ਫਿਰ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਅਜੇ ਤੱਕ ਐਫਆਈਆਰ ਦਰਜ ਨਹੀਂ ਹੋਈ ਹੈ।

    ਪਹਿਲਵਾਨਾਂ ਨੇ ਕਿਹਾ,''ਸਾਨੂੰ ਐਫਆਈਆਰ ਦਰਜ ਕਰਨ ਲਈ ਕਿਹਾ ਗਿਆ ਹੈ। ਅਸੀਂ ਐਫਆਈਆਰ ਦਰਜ ਕਰਨ ਜਾ ਰਹੇ ਹਾਂ ਪਰ ਪੁਲਿਸ ਸੁਣ ਨਹੀਂ ਰਹੀ।”

    ਹਾਲਾਂਕਿ, ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੱਤ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ।

    ਇਸ ਦੇ ਨਾਲ ਹੀ ਪਹਿਲਵਾਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਹ ਕਿਸੇ ਸਿਆਸੀ ਪਾਰਟੀ ਦੇ ਸਮਰਥਕ ਨਹੀਂ ਹਨ ਪਰ ਜੋ ਵੀ ਪਾਰਟੀ ਚਾਹੇ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣ ਸਕਦੀ ਹੈ।

    ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਨੋਟਿਸ ਭੇਜ ਕੇ ਐਫਆਈਆਰ ਦਰਜ ਕਰਨ ਲਈ ਕਿਹਾ ਹੈ।

  17. ਹੁਣ ਤੱਕ ਦੇ ਅਹਿਮ ਘਟਨਾਕ੍ਰਮ

    Sudan

    ਤਸਵੀਰ ਸਰੋਤ, EPA

    • ਸੂਡਾਨ ਵਿੱਚ ਫੌਜ ਅਤੇ ਨੀਮ ਫੌਜੀ ਦਸਤੇ ਵਿਚਕਾਰ ਲੜਾਈ ਤੇਜ਼ ਹੋ ਗਈ ਹੈ ਤੇ ਹੁਣ ਤੱਕ 400 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ
    • ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ, ਉਹ ਲਗਾਤਾਰ ਸੂਡਾਨ 'ਚ ਫਸੇ ਭਾਰਤੀਆਂ ਦੇ ਸੰਪਰਕ 'ਚ ਹਨ ਅਤੇ ਨਿਕਾਸੀ ਦੀਆਂ ਕੋਸ਼ਿਸ਼ਾਂ ਜਾਰੀ ਹਨ
    • ਬ੍ਰਿਜ ਭੂਸ਼ਣ ਸਿੰਘ 'ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਉਣ ਵਾਲੇ ਪਹਿਲਵਾਨਾਂ ਦਾ ਧਰਨਾ ਜਾਰੀ ਹੈ
    • ਸੁਖਬੀਰ ਬਾਦਲ ਨੇ ਜਾਣਕਾਰੀ ਦਿੱਤੀ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ
    • ਮੁਖ਼ਤਾਰ ਅੰਸਾਰੀ ਮਾਮਲੇ 'ਚ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਲੋਕਾਂ ਦੇ ਟੈਕਸ 'ਚੋਂ ਉਸ ਦੇ ਵਕੀਲ ਦੀ ਫੀਸ ਦੇ ਪੈਸੇ ਨਹੀਂ ਦੇਣਗੇ
    • ਇਸੇ ਮਾਮਲੇ 'ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 'ਮਾਨ 9 ਮਹੀਨਿਆਂ ਤੋਂ ਸੀਐਮ ਨੇ ਮੈਂ ਸਾਢੇ ਨੌਂ ਸਾਲ ਰਿਹਾ।'
  18. ਅਮ੍ਰਿਤਪਾਲ ਨੂੰ ਇੰਨੀ ਦੇਰ ਬਾਅਦ ਕਿਉਂ ਫੜ੍ਹਿਆ - ਕੈਪਟਨ ਅਮਰਿੰਦਰ ਸਿੰਘ

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, Capt. Amrinder Singh/FB

    ਭਾਜਪਾ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਸੰਬਧੀ ਸਵਾਲ 'ਤੇ ਕਿਹਾ ਕਿ ਉਸ ਨੂੰ ਤਾਂ ਪਹਿਲਾਂ ਹੀ ਫੜ੍ਹ ਲੈਣਾ ਚਾਹੀਦਾ ਸੀ।

    ਉਨ੍ਹਾਂ ਕਿਹਾ, ''ਇੰਨੇ ਦਿਨ ਬਾਅਦ ਕਿਉਂ ਫੜ੍ਹਿਆ? ਉਸ ਨੂੰ ਤਾਂ 30 ਦਿਨ ਪਹਿਲਾਂ ਹੀ ਫੜ੍ਹ ਲੈਣਾ ਚਾਹੀਦਾ ਸੀ।''

    ਉਨ੍ਹਾਂ ਕਿਹਾ ''ਜੋ ਕੋਈ ਵੀ ਕਾਨੂੰਨ ਤੋੜਦਾ ਹੈ ਜਾਂ ਜੋ ਕੁਝ ਉਸ ਨੇ ਅਜਨਾਲਾ 'ਚ ਕੀਤਾ ਹੈ, ਉਸ ਨੂੰ ਅੰਦਰ ਕਰੋ ਤੇ ਅੰਦਰ ਹੋ ਗਿਆ, ਵਧੀਆ ਗੱਲ ਹੈ।''

    ਮੁਖ਼ਤਾਰ ਅੰਸਾਰੀ ਦੇ ਸਵਾਲ 'ਤੇ ਉਨ੍ਹਾਂ ਕਿਹਾ, ''ਉਸ ਨੂੰ (ਭਗਵੰਤ ਮਾਨ) 9 ਮਹੀਨੇ ਹੋਏ ਹਨ ਤੇ ਮੈਨੂੰ ਸਾਢੇ 9 ਸਾਲ ਹੋ ਗਏ ਹਨ।''

    ਉਨ੍ਹਾਂ ਕਿਹਾ ਕਿ ਇਹ ਕੰਮ ਸਿਸਟਮ ਤਹਿਤ ਹੁੰਦੇ ਹਨ।

  19. ਮੁਖ਼ਤਾਰ ਅੰਸਾਰੀ ਮਾਮਲੇ 'ਤੇ ਬੋਲੇ ਸੀਐੱਮ- 'ਲੋਕਾਂ ਦੇ ਟੈਕਸ 'ਚੋਂ ਪੈਸੇ ਕਿਉਂ ਦੇਈਏ'

    ਭਗਵੰਤ ਮਾਨ

    ਤਸਵੀਰ ਸਰੋਤ, Bhagwant Mann/Twitter

    ਅੱਜ ਇੱਕ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ, ਉੱਤਰ ਪ੍ਰਦੇਸ਼ ਦੇ ਵਿਧਾਇਕ ਮੁਖ਼ਤਾਰ ਅੰਸਾਰੀ ਮਾਮਲੇ ਵਿੱਚ ਬੋਲਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ, ''ਉਹ ਅੰਸਾਰੀ, ਗੈਂਗਸਟਰ ਜਿਹੜਾ ਲਿਆ ਕੇ ਬਿਠਾ ਲਿਆ ਇੱਥੇ 2 ਸਾਲ, ਉਸ ਦੀ ਜਿਹੜੀ ਸੇਵਾ ਕੀਤੀ ਉਸ 'ਤੇ ਕਰੋੜਾਂ ਰੁਪਏ ਲੱਗ ਗਏ ਹਨ। 55 ਲੱਖ ਤਾਂ ਉਸ ਦੇ ਵਕੀਲਾਂ ਦੀ ਫੀਸ ਹੈ।''

    ਸੀਐਮ ਨੇ ਕਿਹਾ ਕਿ ਉਸ ਨੂੰ ਪੰਜਾਬ ਤੋਂ ਜਾਣ ਹੀ ਨਹੀਂ ਦੇਣਾ ਚਾਹੁੰਦੇ ਸਨ ਜਦਕਿ ਉਸ ਨੂੰ ਪੰਜਾਬ 'ਚ ਰੱਖਣ ਦਾ ਕੋਈ ਮਤਲਬ ਹੀ ਨਹੀਂ ਸੀ।

    ਉਨ੍ਹਾਂ ਕਿਹਾ, ''ਗੱਲ ਪੈਸੇ ਦੀ ਨਹੀਂ ਸਗੋਂ ਦਿੱਕਤ ਇਹ ਹੈ ਕਿ 55 ਲੱਖ ਅਸੀਂ ਲੋਕਾਂ ਦੇ ਟੈਕਸ 'ਚੋਂ ਕਿਉਂ ਦੇਈਏ।''

    ''ਕਿਸੇ ਮੰਤਰੀ ਨੇ ਯਾਰੀ- ਦੋਸਤੀ ਨਿਭਾਈ ਹੈ ਤਾਂ ਅਸੀਂ ਉਸ ਦੇ ਪੈਸੇ ਕਿਉਂ ਦੇਈਏ।''

    ਉਨ੍ਹਾਂ ਕਿਹਾ ਕਿ ਜਿਸ ਨੇ ਵੀ ਅੰਸਾਰੀ ਨੂੰ ਇੱਥੇ ਰੱਖਣ ਲਈ ਦਸਤਖਤ ਕੀਤੇ ਹਨ, (ਪੈਸੇ) ਉਨ੍ਹਾਂ 'ਤੇ ਪਾਉਣੇ ਚਾਹੀਦੇ ਹਨ। ਤਾਂ ਕਿ ਮੁੜ ਕੇ ਕੋਈ ਵੀ ਅਜਿਹਾ ਕਰਨ ਤੋਂ ਪਹਿਲਾਂ ਧਿਆਨ ਰੱਖੇ।

  20. ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿੱਚ ਸੁਧਾਰ, ਸੁਖਬੀਰ ਬਾਦਲ ਨੇ ਕੀਤਾ ਟਵੀਟ

    ਸੁਖਬੀਰ ਬਾਦਲ ਦਾ ਟਵੀਟ

    ਤਸਵੀਰ ਸਰੋਤ, Sukhbir Singh Badal/Twitter

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਹਨ।

    ਪਹਿਲਾਂ ਉਨ੍ਹਾਂ ਦੀ ਸਿਹਤ ਗੰਭੀਰ ਦੱਸੀ ਜਾ ਰਹੀ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਤਾਜ਼ਾ ਟਵੀਟ ਅਨੁਸਾਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੋ ਰਹੀ ਹੈ।

    ਇਸ ਤੋਂ ਪਹਿਲਾਂ ਪੰਜਾਬ 'ਚ ਅਕਾਲੀ ਦਲ ਨਾਲ ਗੱਠਜੋੜ ਵਾਲੀ ਬਹੁਜਨ ਸਮਾਜਵਾਦੀ ਪਾਰਟੀ ਦੀ ਆਗੂ ਮਾਇਆਵਤੀ ਨੇ ਵੀ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

    ਉਨ੍ਹਾਂ ਇੱਕ ਟਵੀਟ ਕਰਕੇ ਲਿਖਿਆ, 'ਕੁਦਰਤ ਉਨ੍ਹਾਂ ਨੂੰ ਲੰਮੀ ਉਮਰ ਦੇਵੇ।'

    ਮਾਇਆਵਤੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।