You’re viewing a text-only version of this website that uses less data. View the main version of the website including all images and videos.

Take me to the main website

ਮਾਨ ਨੂੰ ਅਖ਼ਬਾਰੀ ਮੁੱਖ ਮੰਤਰੀ ਕਹਿਣ 'ਤੇ ਸਿੱਧੂ ਨੂੰ ਚੀਮਾ ਦਾ ਜਵਾਬ, ਅਮ੍ਰਿਤਪਾਲ ਮਾਮਲੇ 'ਚ ਗ੍ਰਿਫ਼ਤਾਰ ਪਰਵਾਸੀ ਰਿਹਾਅ

ਦਮਦਮਾ ਸਾਹਿਬ ਵਿੱਚ 7 ਅਪ੍ਰੈਲ ਨੂੰ ਹੋਈ ਇਕੱਤਰਤਾ ਦੌਰਾਨ ਜਥੇਦਾਰ ਅਕਾਲ ਤਖ਼ਤ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਡਰ ਤੇ ਭੈਅ ਦਾ ਮਾਹੌਲ ਬਣਾ ਰਹੀ ਹੈ।

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ

    • ਸਮਲਿੰਗੀ ਵਿਆਹ ਦਾ ਭਾਰਤੀ ਮਨੋਚਿਕਿਤਸਕ ਸੁਸਾਇਟੀ ਨੇ ਆਪਣੀ ਸਮਰਥਨ ਦਿੱਤਾ ਹੈ।
    • ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਕੁਝ ਦਿਨ ਅਰਾਮ ਕਰਨ ਦੀ ਸਲਾਹ ਦਿੱਤੀ ਹੈ।
    • 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਮਾਮਲੇ 'ਚ ਹਸ਼ਿਆਰਪੁਰ ਪੁਲਿਸ ਨੇ ਗ੍ਰਿਫ਼ਤਾਰ ਐੱਨਆਰਆਈ ਜਸਵਿੰਦਰ ਸਿੰਘ ਨੂੰ ਛੱਡ ਦਿੱਤਾ ਹੈ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਪ੍ਰੋਜੈਕਟ ਟਾਈਗਰਜ਼ ਦੇ 50 ਸਾਲ ਪੂਰੇ ਹੋਣ' ਮੌਕੇ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਦਾ ਦੌਰਾ ਕੀਤਾ।
    • ਸਾਬਕਾ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਹਨ।
    • ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ਵੱਲੋਂ ਕੰਮ ਦੇ ਸਮੇਂ 'ਚ ਬਦਲਾਅ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
  2. ਸਮਲਿੰਗੀ ਵਿਆਹ ਦਾ ਭਾਰਤੀ ਮਨੋਚਿਕਿਤਸਕ ਸੁਸਾਇਟੀ ਨੇ ਕੀਤਾ ਸਮਰਥਨ, ਕਿਹਾ ਇਹ ਨਹੀਂ ਹੈ ਕੋਈ ਬਿਮਾਰੀ

    ਸੁਪਰੀਮ ਕੋਰਟ ਦੀ ਪੰਜ ਮੈਂਬਰੀ ਸੰਵਿਧਾਨ ਬੈਂਚ ਦੇ ਸਾਹਮਣੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਇੰਡੀਅਨ ਸਾਈਕੈਟ੍ਰਿਕ (ਮਨੋਚਿਕਿਤਸਕ) ਸੁਸਾਇਟੀ ਨੇ ਸਮਲਿੰਗੀ ਵਿਆਹ ਦਾ ਸਮਰਥਨ ਕੀਤਾ ਹੈ।

    ਸਮਲਿੰਗੀਆਂ ਬਾਰੇ ਸੰਸਥਾ ਨੇ ਕਿਹਾ ਹੈ ਕਿ ਇਹ ਕੋਈ ਬਿਮਾਰੀ ਨਹੀਂ ਹੈ। ਇਸ ਲਈ ਇਸ ਨੂੰ 'ਠੀਕ ਕਰਨ' ਲਈ ਕਿਸੇ ਕਿਸਮ ਦਾ ਕੋਈ ਇਲਾਜ ਉਚਿਤ ਨਹੀਂ ਹੈ।

    ਇੰਡੀਅਨ ਸਾਈਕੈਟ੍ਰਿਕ ਸੁਸਾਇਟੀ ਦੇ ਪ੍ਰਧਾਨ ਡਾ. ਵਿਨੇ ਕੁਮਾਰ ਅਤੇ ਜਨਰਲ ਸਕੱਤਰ ਡਾ. ਅਰਬਿੰਦਾ ਬ੍ਰਹਮਾ ਵੱਲੋਂ ਜਾਰੀ ਇਸ ਬਿਆਨ ਵਿੱਚ ਸਮਲਿੰਗੀਆਂ ਨਾਲ ਹੋਰ ਨਾਗਰਿਕਾਂ ਵਾਂਗ ਪੇਸ਼ ਆਉਣ ਦੀ ਅਪੀਲ ਕੀਤੀ ਗਈ ਹੈ।

    ਇਸ ਸੰਸਥਾ ਨੇ 2018 ਅਤੇ 2020 ਵਿੱਚ ਵੀ ਸਮਲਿੰਗੀ ਵਿਆਹ ਦਾ ਸਮਰਥਨ ਕੀਤਾ ਸੀ।

  3. ਈਸਟਰ ਮੌਕੇ ਚਰਚ ਪਹੁੰਚੇ ਪੀਐੱਮ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਈਸਟਰ ਮੌਕੇ 'ਤੇ ਦਿੱਲੀ ਦੇ ਸੈਕਰਡ ਕੈਥੇਡ੍ਰਲ ਕੈਥੋਲਿਕ ਚਰਚ ਗਏ।

    ਇਸ ਤੋਂ ਪਹਿਲਾਂ ਸੈਕਰਡ ਕੈਥੇਡ੍ਰਲ ਕੈਥੋਲਿਕ ਚਰਚ ਦੇ ਫਾਦਰ ਫਰਾਂਸਿਸ ਸਵਾਮੀਨਾਥਨ ਨੇ ਦੱਸਿਆ ਸੀ ਕਿ ਸੰਭਵ ਤੌਰ 'ਤੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਪਹਿਲੀ ਵਾਰ ਚਰਚ ਆਏ ਹਨ।

  4. ਰਮੇਸ਼ ਸਿੰਘ ਅਰੋੜਾ : 'ਕਰਤਾਰਪੁਰ ਸਾਹਿਬ ਆਸ ਨਾਲੋਂ ਕਿਤੇ ਘੱਟ ਸਿੱਖ ਸ਼ਰਧਾਲੂ ਭਾਰਤ ਤੋਂ ਆਉਂਦੇ ਨੇ'

  5. ਹਰਪਾਲ ਚੀਮਾ ਨੇ ਦਿੱਤੀ ਨਵਜੋਤ ਸਿੱਧੂ ਨੂੰ ਕੁਝ ਦਿਨ ਅਰਾਮ ਕਰਨ ਦੀ ਦਿੱਤੀ ਸਲਾਹ

    ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਕੁਝ ਦਿਨ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਉਹ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੋਲ ਰਹੇ ਸਨ।

    ਚੀਮਾ ਨੇ ਕਿਹਾ, ‘‘ਸਿੱਧੂ ਤਾਜ਼ਾ-ਤਾਜ਼ਾ ਜੇਲ੍ਹ ਕੱਟ ਕੇ ਆਏ ਹਨ ਅਤੇ ਉਨ੍ਹਾਂ ਨੂੰ ਹਾਲੇ ਕੁਝ ਦਿਨ ਅਰਾਮ ਕਰਨ ਦੀ ਲੋੜ ਹੈ। ਇਸ ਦੇ ਨਾਲ ਨਾਲ ਪਛਤਾਵਾ ਕਰਨ ਦੀ ਜ਼ਰੂਰਤ ਹੈ।’’

    ਚੀਮਾ ਨੇ ਕਿਹਾ ਕਿ ਇਹੋ ਜਿਹੇ ਵਿਅਕਤੀਆਂ ਨਾਲ ਬਹਿਸ ਦਾ ਕੋਈ ਫਾਇਦਾ ਨਹੀਂ, ਜਿਨ੍ਹਾਂ ਨੇ ਆਪ ਕ਼ਾਨੂਨ ਤੋੜੇ ਹੋਣ।

    ਚੀਮਾ ਨੇ ਕਿਹਾ, ‘‘ਸਾਲ ਭਰ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਹਾਲੇ ਤੱਕ ਵੀ ਸਿੱਧੂ ਦੇ ਤੇਵਰ ਜਿਓਂ ਦੇ ਤਿਓਂ ਹਨ, ਸੋ ਇਸ ਲਈ ਇਹਨਾਂ ਨਾਲ ਬਹਿਸ ਦਾ ਤੁਕ ਨਹੀਂ ਬਣਦੀ।’’

  6. ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਚੁੱਕੇ ਗਏ ਇਹ 5 ਕਦਮ ਕੰਮ ਕਿਉਂ ਨਹੀਂ ਆਏ

    ਪੰਜਾਬ ਪੁਲਿਸ ਨੇ ਖ਼ਾਲਿਸਤਾਨ ਹਮਾਇਤੀ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖ਼ਿਲਾਫ਼ ਅਪਰੇਸ਼ਨ 18 ਮਾਰਚ ਨੂੰ ਸ਼ੁਰੂ ਕੀਤਾ ਸੀ।

    23 ਫ਼ਰਵਰੀ ਨੂੰ ਅਜਨਾਲਾ ਥਾਣੇ ਦੇ ਘਿਰਾਓ ਵੇਲੇ ਹੋਈ ਹਿੰਸਾ ਨਾਲ ਜੁੜੇ ਵੱਖ-ਵੱਖ ਮਾਮਲਿਆਂ ਤਹਿਤ ਪੁਲਿਸ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਸੀ।

    ਪਰ ਇਹ ਰਿਪੋਰਟ ਲਿਖੇ ਜਾਣ ਤੱਕ ਉਹ ਪੁਲਿਸ ਦੇ ਹੱਥ ਨਹੀਂ ਆਇਆ ਹੈ, ਹਾਲਾਂਕਿ ਪੁਲਿਸ ਲਗਾਤਾਰ ਇਹ ਦਾਅਵਾ ਕਰਦੀ ਰਹੀ ਹੈ ਕਿ ਉਹ ਅਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਦੇ ਬਹੁਤ ਨਜ਼ਦੀਕ ਹੈ।

    ਪੁਲਿਸ ਦੇ ਇਸ ਦਾਅਵੇ ਦੇ ਬਾਵਜੂਦ ਅਮ੍ਰਿਤਪਾਲ ਕਿਸੇ ਅਣਦੱਸੀ ਥਾਂ ਤੋਂ ਦੋ ਵੀਡੀਓ ਪਾ ਕੇ ਪੁਲਿਸ ਦੀ ਪਹੁੰਚ ਤੋਂ ਦੂਰ ਹੋਣ ਦੀ ਗੱਲ ਕਹਿ ਚੁੱਕੇ ਹਨ।

    ਅਮ੍ਰਿਤਪਾਲ ਕਿੱਥੇ ਹੈ, ਉਹ ਪੰਜਾਬ ਵਿੱਚ ਹੈ ਜਾਂ ਪੰਜਾਬ ਤੋਂ ਬਾਹਰ। ਪਿਛਲੇ ਤਿੰਨ ਹਫ਼ਤਿਆਂ ਦੌਰਾਨ ਵੱਖ ਵੱਖ ਮੀਡੀਆ ਅਦਾਰਿਆਂ ਨੇ ਤਸਵੀਰਾਂ ਅਤੇ ਸੀਸੀਟੀਵੀ ਫੂਟੇਜ਼ ਰਾਹੀ ਉਸ ਦੇ ਟਿਕਾਣੇ ਬਦਲਣ ਦੇ ਦਾਅਵੇ ਕੀਤੇ ਹਨ।

    ਇਨ੍ਹਾਂ ਦਾਅਵਿਆਂ ਦੀ ਪੁਲਿਸ ਨੇ ਜਨਤਕ ਤੌਰ ਉੱਤੇ ਕਦੇ ਵੀ ਪੁਸ਼ਟੀ ਨਹੀਂ ਕੀਤੀ, ਪੰਜਾਬ ਪੁਲਿਸ ਦੇ ਡੀਆਈਜੀ ਸਵਪਨ ਸ਼ਰਮਾਂ ਦੇ ਸ਼ਬਦਾਂ ਵਿੱਚ ਇਹ ‘‘ਚੋਰ-ਸਿਪਾਹੀ ਦਾ ਖੇਡ ਹੈ’’, ਜੋ ਅਜੇ ਵੀ ਜਾਰੀ ਹੈ।

    ਪੁਲਿਸ ਨੇ ਅਮ੍ਰਿਤਪਾਲ ਸਿੰਘ ਨੂੰ ਫੜਨ ਲਈ ਕੀ-ਕੀ ਕੀਤਾ ਹੈ। ਅਸੀਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਅਤੇ ਕੁਝ ਦਸਤਾਵੇਜ਼ਾਂ ਦੇ ਆਧਾਰ 'ਤੇ ਇਹ ਜਾਣਕਾਰੀ ਇਕੱਠੀ ਕੀਤੀ ਹੈ।

  7. ਅਮ੍ਰਿਤਪਾਲ ਸਿੰਘ ਮਾਮਲਾ: ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਥਿਤ ਐੱਨਆਰਆਈ ਸਾਥੀ ਨੂੰ ਛੱਡਿਆ

    ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਮਾਮਲੇ 'ਚ ਹਸ਼ਿਆਰਪੁਰ ਪੁਲਿਸ ਨੇ ਗ੍ਰਿਫ਼ਤਾਰ ਐੱਨਆਰਆਈ ਜਸਵਿੰਦਰ ਸਿੰਘ ਨੂੰ ਛੱਡ ਦਿੱਤਾ ਹੈ।

    ਦਰਅਸਲ, ਪੁਲਿਸ ਨੇ ਇਹ ਗ੍ਰਿਫ਼ਤਾਰੀ ਕੱਲ੍ਹ ਫਗਵਾੜਾ ਦੇ ਪਿੰਡ ਜਗਤਪੁਰ ਜੱਟਾਂ ਤੋਂ ਕੀਤੀ ਸੀ।

    ਪੁਲਿਸ ਨੂੰ ਸ਼ੱਕ ਸੀ ਕਿ ਇਹ ਵਿਅਕਤੀ ਅਮ੍ਰਿਤਪਾਲ ਸਿੰਘ ਦਾ ਸਾਥੀ ਹੋ ਸਕਦਾ ਹੈ। ਜਸਵਿੰਦਰ ਸਿੰਘ ਨੇ 17 ਅਪ੍ਰੈਲ ਨੂੰ ਵਾਪਸ ਆਸਟ੍ਰੇਲੀਆ ਜਾਣਾ ਸੀ।

    ਜ਼ਿਕਰਯੋਗ ਹੈ ਕਿ 28 ਮਾਰਚ ਦੀ ਰਾਤ ਨੂੰ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਇੱਕ ਸਾਥੀ ਦੇ ਹੁਸ਼ਿਆਰਪੁਰ ਦੇ ਪਿੰਡ ਮਰਨਾਇਆ ਵਿੱਚ ਹੋਣ ਦੀ ਪੁਲਿਸ ਨੂੰ ਸੂਹ ਮਿਲੀ ਸੀ।

    ਜਿਸ ਕਾਰਨ ਪੁਲਿਸ ਨੇ ਰਾਤ ਨੂੰ ਇਸ ਪਿੰਡ ਨੂੰ ਘੇਰਾ ਪਾ ਲਿਆ ਅਤੇ ਕਰੀਬ ਪੂਰੀ ਰਾਤ ਤਲਾਸ਼ੀ ਲਈ ਜਾਂਦੀ ਰਹੀ।

    ਇਸੇ ਕਾਰਨ ਭਾਰੀ ਗਿਣਤੀ 'ਚ ਪੁਲਿਸ ਨੇ ਲਗਾਤਾਰ ਤਿੰਨ ਦਿਨਾਂ ਤੱਕ ਇਸ ਪਿੰਡ ਦੇ ਆਸਪਾਸ ਵੀ ਸਰਚ ਕੀਤੀ ਸੀ।

    30 ਮਾਰਚ ਨੂੰ ਹੁਸ਼ਿਆਰਪੁਰ ਦੇ ਥਾਣਾ ਮੇਹਟੀਆਣਾ 'ਚ ਇਸ ਸਬੰਧੀ ਅਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਗਈ ਸੀ।

    ਇਸੇ ਐੱਫਆਈਆਰ ਦੇ ਸਿਲਸਿਲੇ ਵਿੱਚ ਜਸਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

  8. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਬਾਂਦੀਪੁਰ ਟਾਈਗਰ ਰਿਜ਼ਰਵ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ ਹੋਏ ਹਨ।

    ਪੀਐੱਮ 'ਪ੍ਰੋਜੈਕਟ ਟਾਈਗਰਜ਼ ਦੇ 50 ਸਾਲ ਪੂਰੇ ਹੋਣ' ਮੌਕੇ ਇੱਥੇ ਪਹੁੰਚੇ ਹਨ।

    ਇਸ ਦੌਰਾਨ ਉਨ੍ਹਾਂ ਨੇ ਮੁਦੁਮਲਾਈ ਟਾਈਗਰ ਰਿਜ਼ਰਵ ਵਿੱਚ ਥੇਪਾਕਡੂ ਐਲੀਫੈਂਟ ਕੈਂਪ ਦਾ ਵੀ ਦੌਰਾ ਕੀਤਾ।

    ਦੇਖੋ ਤਸਵੀਰਾਂ:

  9. ਅਮ੍ਰਿਤਪਾਲ ਦੀ ਆਤਮ-ਸਮਰਪਣ ਤੇ ਜਥੇਦਾਰ ਦੇ ਸਵਾਲਾਂ ਦਾ ADGP ਵੱਲੋਂ ਜਵਾਬ

  10. ਮੋਦੀ ਜੀ ਦੇ ਕੰਮਾਂ ਤੋਂ ਪ੍ਰੇਰਣਾ ਲੈ ਕੇ ਭਾਜਪਾ ਵਿੱਚ ਆਇਆ ਹਾਂ - ਅਟਵਾਲ

    ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ, ''ਅੱਜ ਪੰਜਾਬ ਦੀ ਜੋ ਹਾਲਤ ਹੈ ਅਤੇ ਸਿੱਖ ਸਮਾਜ ਦੇ ਜੋ ਹਾਲਾਤ ਹਨ, ਉਸ ਨੂੰ ਦੇਖਦੇ ਹੋਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਕਰਤਾਰਪੁਰ ਕੋਰੀਡੌਰ ਜੋ ਮਾਨਵਤਾ ਨੂੰ ਦਿੱਤਾ। ਉਸ ਤੋਂ ਪ੍ਰੇਰਣਾ ਲੈਂਦੇ ਹੋਏ ਮੈਂ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹਾਂ।

    ਉਨ੍ਹਾਂ ਕਿਹਾ, ‘‘ਮੈਂ ਇੱਕ ਛੋਟੇ ਜਿਹੇ ਕਾਰਕੁਨ ਦੇ ਰੂਪ ਵਿੱਚ ਦੇਸ ਦੀ ਸਭ ਤੋਂ ਵੱਡੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹਾਂ।’’

    ‘‘ਇਸ ਸਮੇਂ ਜਰੂਰਤ ਹੈ ਕਿ ਅਸੀਂ ਦ੍ਰਿੜਤਾ ਨਾਲ ਮੋਦੀ ਜੀ ਦੀ ਅਗਵਾਈ ਵਿੱਚ ਦੇਸ ਦੀ ਸੇਵਾ ਕਰੀਏ।ਮੈਂ ਕੋਸ਼ਿਸ਼ ਕਰਾਗਾਂ ਕਿ ਲੀਡਰਸ਼ਿਪ ਤੋਂ ਸਿੱਖ ਕੇ ਆਪਣਾ ਯੋਗਦਾਨ ਪਾਵਾ।’’

    ਅਟਵਾਲ ਨੇ ਕਿਹਾ ਕਿ ਮੈਂ ਅਕਾਲੀ ਦਲ ਵਿੱਚ ਵੀ ਇਮਾਨਦਾਰੀ ਨਾਲ ਕੰਮ ਕਰਦਾ ਸੀ, ਜਿਸ ਦਾ ਮੈਨੂੰ ਦਾ ਮਾਣ ਹੈ। ਹੁਣ ਮੈਂ ਭਾਜਪਾ ਲ਼ਈ ਕੰਮ ਕਰਾਂਗਾ।

    ਅਟਵਾਲ ਨੇ ਕਿਹਾ, ''ਮੈਂ ਮੋਦੀ ਜੀ ਵਲੋਂ ਸਿੱਖ ਭਾਈਚਾਰੇ ਲ਼ਈ ਕੀਤੇ ਕੰਮਾਂ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਸੋਚ ਦੇ ਪਸਾਰ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਰਿਹਾ ਹਾ।''

  11. ਤਾਜ਼ਾ, ਜਲੰਧਰ ਜ਼ਿਮਨੀ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ

    ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

    ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿੱਚ ਕੇਂਦਰੀ ਮੰਤਰੀ ਹਰਦੀਪ ਪੁਰੀ, ਗੁਜਰਾਤ ਮਾਮਲਿਆਂ ਦੇ ਪਾਰਟੀ ਇੰਚਾਰਜ ਵਿਜੇ ਰੁਪਾਨੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕਈ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਅਟਵਾਲ ਭਾਜਪਾ ਵਿੱਚ ਸ਼ਾਮਲ ਹੋਏ।

    ਇਸ ਤੋਂ ਪਹਿਲਾਂ ਬੀਬੀਸੀ ਪੰਜਾਬੀ ਦੇ ਲੁਧਿਆਣਾ ਤੋਂ ਸਹਿਯੋਗੀ ਗੁਰਮਿੰਦਰ ਗਰੇਵਾਲ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਕੂਮਕਲਾਂ ਤੋਂ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

    ਉਹ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਸਪੁੱਤਰ ਹਨ।

    ਪਾਰਟੀ ਪ੍ਰਧਾਨ ਨੂੰ ਇੱਕ ਲਾਇਨ ਦੇ ਲਿਖੇ ਅਸਤੀਫ਼ੇ ਵਿੱਚ ਉਨ੍ਹਾਂ ‘‘ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਪ੍ਰਵਾਨ ਕਰ ਲੈਣ’’ ਦੀ ਅਪੀਲ ਕੀਤੀ ਹੈ।

    ਇੰਦਰ ਇਕਬਾਲ ਸਿੰਘ 2002 ਤੋਂ 2007 ਤੱਕ ਕੂਮ ਕਲਾਂ ਹਲਕੇ ਦੇ ਵਿਧਾਇਕ ਸਨ, ਪਰ 2007 ਵਿੱਚ ਉਹ ਚੋਣ ਹਾਰ ਗਏ ਸਨ।

    ਜਲੰਧਰ ਚੋਣ ਦੇ ਹਵਾਲੇ ਨਾਲ ਅਟਵਾਲ ਦਾ ਅਕਾਲੀ ਦਲ ਛੱਡਣਾ ਪਾਰਟੀ ਲਈ ਵੱਡਾ ਝਟਕਾ ਲੱਗਾ ਹੈ।

    ਉਨ੍ਹਾਂ ਦੇ ਪਿਤਾ ਚਰਨਜੀਤ ਸਿੰਘ ਅਟਵਾਲ ਜਲੰਧਰ ਲੋਕ ਸਭਾ ਸੀਟ ’ਤੇ ਅਕਾਲੀ ਦਲ ਵਲੋਂ ਐੱਮ. ਪੀ. ਦੀ ਚੋਣਲੜ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦਾ ਇਥੇ ਚੰਗਾ ਆਧਾਰ ਮੰਨਿਆ ਜਾ ਰਿਹਾ ਹੈ।

  12. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਧਿਆ ਸੂਬਾ ਸਰਕਾਰ 'ਤੇ ਨਿਸ਼ਾਨਾ, ਕਿਹਾ - 'ਅਯੋਗ ਸਰਕਾਰ'

    ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ਵੱਲੋਂ ਕੰਮ ਦੇ ਸਮੇਂ 'ਚ ਬਦਲਾਅ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।

    ਉਨ੍ਹਾਂ ਦੋ ਟਵੀਟ ਕਰਦਿਆਂ ਲਿਖਿਆ, 'ਮਾੜੀ ਯੋਜਨਾਬੰਦੀ, ਆਮ ਆਦਮੀ ਪਾਰਟੀ ਦੀ ਗੈਰ-ਅਨੁਭਵੀ ਲੀਡਰਸ਼ਿਪ ਦਾ ਨਤੀਜਾ ਹੈ। ਪੰਜਾਬ ਦੀ 'ਆਪ' ਸਰਕਾਰ ਕਿਸਾਨਾਂ ਨੂੰ ਕਣਕ ਦੀ ਫ਼ਸਲ ਦਾ ਮੁਆਵਜ਼ਾ ਦੇਣ ਵਿੱਚ ਨਾਕਾਮਯਾਬ ਰਹੀ ਹੈ।'

    'ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ ਤੇ ਉਹ ਝੋਨੇ ਦੀ ਫਸਲ ਲਈ ਬਿਜਲੀ ਨਹੀਂ ਦੇ ਸਕੇਗੀ। ਇਸ ਨਾਲ ਸਾਡੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਣਗੀਆਂ।'

    ਉਨ੍ਹਾਂ ਅੱਗੇ ਲਿਖਿਆ, 'ਕੰਮ ਦੇ ਘੰਟੇ 7:30 ਤੋਂ 2 ਵਜੇ ਤੈਅ ਕਰਨ ਨਾਲ ਪਹਿਲਾਂ ਤੋਂ ਹੀ ਅਯੋਗ ਸਰਕਾਰ ਦੀ ਕਾਰਜ ਕੁਸ਼ਲਤਾ ਵਿੱਚ ਹੋਰ ਕਮੀ ਆਵੇਗੀ।'

    'ਪੰਜਾਬ ਸਰਕਾਰ ਦੇ ਕੰਮ ਵਿੱਚ ਰੁਕਾਵਟ ਆਵੇਗੀ ਉਹ ਵੀ ਇਸ ਲਈ ਕਿਉਂਕ ਬਿਜਲੀ ਵਿਭਾਗ ਵਾਧੂ ਬਿਜਲੀ ਦੇਣ ਲਈ ਕੋਈ ਯੋਜਨਾ ਨਹੀਂ ਬਣਾ ਸਕਿਆ ਹੈ। ਕਸੂਰਵਾਰ ਕੌਣ ਹੈ?'

    ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 2 ਮਈ ਤੋਂ ਸਰਕਾਰੀ ਦਫ਼ਤਰ ਸਵੇਰੇ ਸਾਢੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ।

  13. ਦਮਦਮਾ ਸਾਹਿਬ 'ਚ ਪੁਲਿਸ ਫੋਰਸ ਲਗਾਉਣ ਦੇ ਮਾਮਲੇ 'ਤੇ ਪੰਜਾਬ ਪੁਲਿਸ ਦਾ ਸਪੱਸ਼ਟੀਕਰਨ

    ਹਾਲ ਹੀ ਵਿੱਚ ਤਲਵੰਡੀ ਸਾਬੋ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਆਸ ਪਾਸ ਪੁਲਿਸ ਫੋਰਸ ਤੈਨਾਤ ਕੀਤੇ ਜਾਣ ਨੂੰ ਲੈ ਕੇ ਏਡੀਜੀਪੀ ਐੱਸਪੀਐੱਸ ਪਰਮਾਰ ਵੱਲੋਂ ਸਪੱਸ਼ਟੀਕਰਨ ਦਿੱਤਾ ਗਿਆ ਹੈ।

    ਉਨ੍ਹਾਂ ਕਿਹਾ ਕਿ ''ਫੋਰਸ ਡਰਾਉਣ ਲਈ ਨਹੀਂ ਸਗੋਂ ਲੋਕਾਂ ਦੀ ਸੁਰੱਖਿਆ ਲਈ ਲਗਾਈ ਗਈ ਸੀ।''

    ਉਨ੍ਹਾਂ ਕਿਹਾ, ''ਤਿਓਹਾਰ ਦਾ ਮੌਕਾ ਹੈ, ਉਸ ਅਨੁਸਾਰ ਪ੍ਰਬੰਧ ਕੀਤੇ ਜਾਂਦੇ ਹਨ।''

    ਏਡੀਜੀਪੀ ਐੱਸਪੀਐੱਸ ਪਰਮਾਰ ਨੇ ਕਿਹਾ, ''ਪਰਸੋਂ ਜਥੇਦਾਰ ਸਾਬ੍ਹ ਨਾਲ ਮੇਰੀ ਵੀ ਮੀਟਿੰਗ ਹੋਈ ਸੀ, ਅਸੀਂ ਤਾਂ ਆਪ ਆਫ਼ਰ ਦਿੱਤਾ ਕਿ ਕੋਈ ਸੇਵਾ ਹੋਵੇ ਤਾਂ ਸਾਨੂੰ ਜ਼ਰੂਰ ਦੱਸੋ।''

    ਉਨ੍ਹਾਂ ਅੱਗੇ ਕਿਹਾ ਕਿ ''ਅਸੀਂ ਵੀ ਸ਼ਰਧਾਲੂਆਂ ਨੂੰ ਬੇਨਤੀ ਕਰਾਂਗੇ ਕਿ ਹੁੰਮ ਹੁਮਾ ਕੇ (ਵਿਸਾਖੀ ਮੌਕੇ) ਆਓ, ਜਿੰਨੇ ਜ਼ਿਆਦਾ ਸ਼ਰਧਾਲੂ ਆਉਣਗੇ ਉਨਾਂ ਚੰਗਾ ਸੰਦੇਸ਼ ਜਾਵੇਗਾ ਕਿ ਪੰਜਾਬ 'ਚ ਸਭ ਠੀਕ ਹੈ ਤੇ ਕਾਨੂੰਨ ਵਿਵਸਥਾ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਹੋਈ ਹੈ।।''

    ਇਸ ਤੋਂ ਪਹਿਲਾਂ 7 ਅਪ੍ਰੈਲ ਦੀ ਇਕੱਤਰਤਾ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਫੋਰਸ ਦੀ ਤੈਨਾਤੀ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ।

    ਉਨ੍ਹਾਂ ਕਿਹਾ ਸੀ, ''ਤਿਓਹਾਰ ਮੌਕੇ ਪੁਲਿਸ ਦੀ ਇਸ ਤਰ੍ਹਾਂ ਦੀ ਤੈਨਾਤੀ ਕਰਕੇ ਡਰ ਅਤੇ ਭੈਅ ਦਾ ਮਾਹੌਲ ਸਿਰਜ ਰਹੀ ਹੈ।''

  14. ਅਹਿਮ ਖ਼ਬਰਾਂ ਉੱਤੇ ਇੱਕ ਨਜ਼ਰ

    ਹੁਣ ਤੱਕ ਦੀਆਂ ਦੀਆਂ ਅਹਿਮ ਖ਼ਬਰਾਂ ਇਹ ਹਨ....

    • ਕਾਂਗਰਸੀ ਆਗੂ ਨਵਜੋਤ ਸਿੱਧੂ ਜਲੰਧਰ ਵਿੱਚ ਮਰਹੂਮ ਕਾਂਗਰਸੀ ਆਗੂ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੂੰ ਮਿਲਣ ਗਏ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਜਲੰਧਰ ਜ਼ਿਮਨੀ ਚੋਣਾਂ ਲਈ ਕਾਂਗਰਸ ਦੀ ਉਮੀਦਵਾਰ ਤੇ ਚੌਧਰੀ ਸੰਤੋਖ ਸਿੰਘ ਦੀ ਪਤਨੀ ਪਰਮਜੀਤ ਕੌਰ ਬਾਰੇ ਕਿਹਾ ਕਿ ਉਹ ਆਮ ਲੋਕਾਂ ਵਿੱਚ ਵਿਚਰਦੇ ਹਨ ਤੇ ਲੋਕਤੰਤਰ ਪੱਖੀ ਹਨ।
    • ਨਵਜੋਤ ਸਿੱਧੂ ਨੇ ਇਸ ਮੌਕੇ ਪੰਜਾਬ ਦੇ ਵਿੱਤੀ ਹਾਲਾਤ ਬਾਰੇ ਕੁਝ ਦਾਅਵੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਔਰਤਾਂ ਨੂੰ ਪੈਸੇ ਦੇਣ ਤੇ ਰੇਤ ਮਾਫ਼ੀਆ ਸਣੇ ਕਈ ਸਵਾਲ ਪੁੱਛੇ
    • ਨੈਸ਼ਨਲ ਕਾਉਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਨੇ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਅਨੰਦਪੁਰ ਮਤੇ ਬਾਰੇ ਦਿੱਤੇ ਵੇਰਵਿਆਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਇਤਰਾਜ਼ ਪ੍ਰਗਟਾਉਂਦਿਆਂ ਇਨ੍ਹਾਂ ਹਵਾਲਿਆਂ ਨੂੰ ਗ਼ਲਤ ਦੱਸਿਆ ਹੈ। ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਤਾਬ ਵਿੱਚ ਫ਼ੌਰੀ ਤੌਰ ’ਤੇ ਸੋਧ ਕਰਨ ਦੀ ਸਲਾਹ ਦਿੱਤੀ ਹੈ।
    • ਕੈਨੇਡਾ ਦੇ ਕਈ ਇਲਾਕਿਆਂ ਵਿੱਚ ਬਰਫ਼ੀਲੇ ਤੂਫ਼ਾਨ ਨੇ ਕਹਿਰ ਮਚਾਇਆ ਹੈ। ਇਸ ਕਹਿਰ ਕਾਰਨ ਬਿਜਲੀ ਠੱਪ ਹੋ ਗਈ ਹੈ ਅਤੇ ਲੱਖਾਂ ਘਰ ਹਨੇਰੇ ਵਿੱਚ ਹਨ। ਖ਼ਬਰ ਏਜੰਸੀ ਏਐਫ਼ਪੀ ਮੁਤਾਬਕ ਪੂਰਬੀ ਕੈਨੇਡਾ ਵਿੱਚ ਲੱਖਾਂ ਘਰਾਂ ਵਿੱਚ ਸ਼ੁੱਕਰਵਾਰ ਨੂੰ ਵੀ ਬਿਜਲੀ ਨਹੀਂ ਸੀ।
    • ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਨਸੀਈਆਰਟੀ ਵੱਲੋਂ 12ਵੀਂ ਜਮਾਤ ਦੀ ਕਿਤਾਬ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੇ ‘ਵੱਖਰੇ ਰਾਸ਼ਟਰ ਦੀ ਅਪੀਲ’ ਵਜੋਂ ਦੱਸਣ ਦੀ ਨਿਖੇਧੀ ਕਰਦਿਆਂ ਕਿਤਾਬ ਨੂੰ ਤੁਰੰਤ ਵਾਪਸ ਲੈਣ ਦੀ ਗੱਲ ਕਹੀ ਹੈ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਤਾਬਕ 2 ਮਈ ਤੋਂ ਸਰਕਾਰੀ ਦਫ਼ਤਰ ਸਵੇਰੇ ਸਾਢੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਮਾਨ ਨੇ ਦੱਸਿਆ ਕਿ ਇਹ ਫ਼ੈਸਲਾ 15 ਜੁਲਾਈ ਤੱਕ ਲਾਗੂ ਰਹੇਗਾ।
  15. ਤੁਹਾਡਾ ਸਵਾਗਤ ਹੈ!

    ਪੰਜਾਬ ਸਣੇ ਕੌਮੀਂ ਤੇ ਕੌਮਾਂਤਰੀ ਖ਼ਬਰਾਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਕੱਲ ਤੱਕ ਦੇ ਘਟਨਾਕ੍ਰਮ ਬਾਰੇ ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ