You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣ ਨਤੀਜੇ: ਨਵਜੋਤ ਸਿੱਧੂ, ਕੈਪਟਨ ਅਮਰਿੰਦਰ, ਪ੍ਰਕਾਸ਼ ਸਿੰਘ ਬਾਦਲ ਸਣੇ ਕਈ ਵੱਡੇ ਚਿਹਰੇ ਚੋਣ ਹਾਰੇ; ‘ਆਪ’ ਦੀ 92 ਸੀਟਾਂ ’ਤੇ ਜਿੱਤ

ਪੰਜਾਬ ਵਿੱਚ ਚੋਣਾਂ 20 ਫਰਵਰੀ ਨੂੰ ਹੋਈਆਂ ਸਨ ਤੇ ਅੱਜ ਨਤੀਜਿਆਂ ਦਾ ਐਲਾਨ ਕੀਤਾ ਜਾ ਰਿਹਾ ਹੈ।

ਲਾਈਵ ਕਵਰੇਜ

ਖੁਸ਼ਬੂ ਸੰਧੂ and ਅਰਸ਼ਦੀਪ ਕੌਰ

  1. ਪੰਜਾਬ ਵਿਧਾਨ ਸਭਾ ਚੋਣਾਂ ਦਾ ਮੁੱਖ ਘਟਨਾਕ੍ਰਮ

    ਅਸੀਂ ਆਪਣੇ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਇਨ੍ਹਾਂ ਚੋਣਾਂ ਵਿੱਚ ਇਹ ਰਿਹਾ ਖਾਸ:-

    • ਪੰਜਾਬ ਵਿਧਾਨ ਸਭਾ ਚੋਣਾਂ 117 ਸੀਟਾਂ ਵਿੱਚੋਂ 92 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਵੱਡੀ ਬਹੁਮਤ ਹਾਸਿਲ ਕੀਤੀ ਹੈ।
    • ਕਾਂਗਰਸ ਨੂੰ 18 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 58206 ਵੋਟਾਂ ਨਾਲ ਜਿੱਤੇ।
    • ਪੰਜਾਬ ਦੀ ਰਾਜਨੀਤੀ ਦੇ ਕਈ ਵੱਡੇ ਚਿਹਰੇ ਹਾਰੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮਨਪ੍ਰੀਤ ਸਿੰਘ ਬਾਦਲ ਹਾਰੇ ਹਨ।
    • 13 ਸੀਟਾਂ ਅਜਿਹੀਆਂ ਹਨ ਜਿਥੇ ਮਹਿਲਾ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।
    • ਉੱਤਰ ਪ੍ਰਦੇਸ਼ ਵਿੱਚ ਭਾਜਪਾ ਜਿੱਤ ਵੱਲ ਵੱਧ ਰਹੀ ਹੈ।
  2. ਭਾਜਪਾ ਨੂੰ ਮਾਵਾਂ, ਭੈਣਾਂ ਬੇਟੀਆਂ ਨੇ ਆਪਣਾ ਪਿਆਰ, ਸਹਿਯੋਗ ਦਿੱਤਾ ਹੈ - ਨਰਿੰਦਰ ਮੋਦੀ

    ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਵਿੱਚੋਂ ਚਾਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਦਿੱਲੀ ਵਿਖੇ ਮੁੱਖ ਦਫਤਰ ਵਿੱਚ ਸਮਰਥਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਖਿਆ:

    • ਮੈਂ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਦਾ ਧੰਨਵਾਦ ਕਰਦਾ ਹਾਂ।
    • ਉੱਤਰ ਪ੍ਰਦੇਸ਼ ਨੇ ਦੇਸ਼ ਨੂੰ ਅਨੇਕਾਂ ਪ੍ਰਧਾਨ ਮੰਤਰੀ ਦਿੱਤੇ ਹਨ ਪਰ ਪਹਿਲੀ ਵਾਰੀ ਇੱਕੋ ਪਾਰਟੀ ਦਾ ਕੋਈ ਮੁੱਖ ਮੰਤਰੀ ਲਗਾਤਾਰ ਦੂਜੀ ਵਾਰੀ ਜਨਤਾ ਨੇ ਚੁਣਿਆ ਹੈ।
    • ਮਨੀਪੁਰ, ਗੋਆ ਵਿੱਚ ਵੀ ਵਾਰਡ ਸ਼ੇਅਰ ਵਿੱਚ ਵਾਧਾ ਹੋਇਆ ਹੈ। ਗੋਆ ਵਿੱਚ ਸਾਰੇ ਐਗਜ਼ਿਟ ਪੋਲ ਦੀ ਫੇਲ੍ਹ ਹੋਏ ਹਨ।
    • ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਭਾਜਪਾ 'ਤੇ ਭਰੋਸਾ ਕੀਤਾ ਹੈ। ਲੋਕਾਂ ਨੂੰ ਭਾਰਤੀ ਜਨਤਾ ਪਾਰਟੀ 'ਤੇ ਵਿਸ਼ਵਾਸ ਹੈ।
    • ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੇ ਭਾਜਪਾ ਦੀ ਜਿੱਤ ਪੱਕੀ ਕੀਤੀ।
    • ਭਾਜਪਾ ਨੂੰ ਮਾਵਾਂ, ਭੈਣਾਂ ਬੇਟੀਆਂ ਨੇ ਆਪਣਾ ਪਿਆਰ, ਸਹਿਯੋਗ ਦਿੱਤਾ ਹੈ।
    • ਜਿੱਥੇ ਜਿੱਥੇ ਜ਼ਿਆਦਾ ਔਰਤਾਂ ਨੇ ਵੋਟ ਕੀਤਾ ਹੈ ਉਥੇ ਭਾਜਪਾ ਬੰਪਰ ਜਿੱਤੀ ਹੈ।
  3. ਪੰਜਾਬ ਚੋਣ ਨਤੀਜੇ: ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ 'ਆਪ' ਉਮੀਦਵਾਰ ਨੂੰ ਸੁਣੋ

  4. ਵਿਧਾਨ ਸਭਾ ਹਲਕਿਆਂ ਦੇ ਨਤੀਜੇ ਘੋਸ਼ਿਤ, 92 'ਤੇ ਆਮ ਆਦਮੀ ਪਾਰਟੀ ਦੀ ਜਿੱਤ

    ਚੋਣ ਕਮਿਸ਼ਨ ਮੁਤਾਬਕ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ।

    ਆਮ ਆਦਮੀ ਪਾਰਟੀ - 92

    ਬਹੁਜਨ ਸਮਾਜ ਪਾਰਟੀ - 1

    ਭਾਰਤੀ ਜਨਤਾ ਪਾਰਟੀ - 2

    ਕਾਂਗਰਸ - 18

    ਸ਼੍ਰੋਮਣੀ ਅਕਾਲੀ ਦਲ - 3

    ਆਜ਼ਾਦ - 1

  5. ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ LIVE

    ਭਾਰਤ ਦੇ ਪੰਜਾਬ ਸਣੇ ਪੰਜ ਸੂਬਿਆਂ ਦੇ ਚੋਣ ਨਤੀਜੇ ਆ ਚੁੱਕੇ ਹਨ - ਚਾਰ ਸੂਬਿਆਂ ਵਿੱਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ LIVE

  6. ਮੇਰੇ ਇਲਾਕੇ ਦੇ ਲੋਕਾਂ ਦੀ ਜਿੱਤ ਹੈ ਮੇਰੀ ਕੋਈ ਹੈਸੀਅਤ ਨਹੀਂ - ਲਾਭ ਸਿੰਘ ਉਗੋਕੇ

    ਭਦੌੜ ਤੋਂ ਆਮ ਆਦਮੀ ਪਾਰਟੀ ਦੇ ਲਾਭ ਸਿੰਘ ਉਗੋਕੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 37558 ਵੋਟਾਂ ਨਾਲ ਹਰਾਇਆ। ਜਿੱਤਣ ਤੋਂ ਬਾਅਦ ਉਨ੍ਹਾਂ ਆਖਿਆ:

    • 2013 ਤੋਂ ਮੈਂ ਪਾਰਟੀ ਦਾ ਵਲੰਟੀਅਰ ਹਾਂ, ਹੁਣ ਵੀ ਮੈਂ ਵਲੰਟੀਅਰ ਹਾਂ, ਜੋ ਡਿਊਟੀ ਮੈਨੂੰ ਦਿੱਤੀ ਜਾਵੇਗੀ ਮੈਂ ਕਰਾਂਗਾ।
    • ਮੇਰੇ ਇਲਾਕੇ ਦੇ ਲੋਕਾਂ ਦੀ ਜਿੱਤ ਹੈ ਮੇਰੀ ਕੋਈ ਹੈਸੀਅਤ ਨਹੀਂ।
    • ਸਿੱਖਿਆ, ਸਿਹਤ,ਰੁਜ਼ਗਾਰ ਦੀ ਬਿਹਤਰੀ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਪਹਿਲ ਰਹੇਗੀ।
    • ਇਹ ਵੋਟਾਂ ਬਦਲਾਅ ਦੇ ਨਾਮ 'ਤੇ ਪਈਆਂ ਹਨ ਅਤੇ ਅਸੀਂ ਲੋਕਾਂ ਦਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ।
  7. ਪੰਜਾਬ ਕਾਂਗਰਸ ਹਾਈ ਕਮਾਂਡ ਪੰਜਾਬ ਨੂੰ ਸਮਝ ਨਹੀਂ ਸਕੀ...

    ਬੀਬੀਸੀ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ ਮੁਤਾਬਕ ਕਾਂਗਰਸ ਦੀ ਨਾਕਾਮੀ ਦਾ ਕਾਰਨ ਇਹ ਰਿਹਾ ਕਿ ਉਹ ਪੰਜਾਬ ਨੂੰ, ਪੰਜਾਬ ਦੇ ਵੋਟਰ ਨੂੰ ਸਮਝ ਨਹੀਂ ਸਕੇ।

    ਜੋ ਵਿਅਕਤੀ ਪਿਛਲੇ ਡੇਢ ਸਾਲ ਤੋਂ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਟੰਗਾਂ ਖਿੱਚ ਰਿਹਾ ਸੀ ਉਸ ਨੂੰ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਪ੍ਰਧਾਨ ਬਣਾਇਆ।

  8. 'ਇਹ ਨਵੀਂ ਸ਼ੁਰੂਆਤ ਹੈ ਜਿੱਥੇ 40 ਸਾਲ ਪੁਰਾਣੀ ਰਾਜਨੀਤੀ ਨਹੀਂ ਚੱਲੇਗੀ'

    ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮੁਹੰਮਦ ਖਾਲਿਦ ਮੁਤਾਬਕ ਵੱਡੇ ਚਿਹਰਿਆਂ ਦਾ ਹਾਰਨਾ ਪੰਜਾਬ ਦੀ ਰਾਜਨੀਤੀ ਲਈ ਨਵੀਂ ਸ਼ੁਰੂਆਤ ਹੈ। ਉਨ੍ਹਾਂ ਨੇ ਆਖਿਆ:

    • ਪੁਰਾਣੇ ਪਾਰਟੀਆਂ ਦਾ ਵਾਰੀ ਵਾਰੀ ਜਿੱਤਣਾ ਤੇ ਹਾਰਨਾ ਲੋਕਾਂ ਨੇ ਨਕਾਰਿਆ ਹੈ।
    • ਲੋਕਾਂ ਨੇ ਵੋਟਾਂ ਰਾਹੀਂ ਸੁਨੇਹਾ ਦਿੱਤਾ ਹੈ ਕਿ ਹੁਣ ਪਿਛਲੇ 40 ਸਾਲ ਵਾਲੀ ਰਾਜਨੀਤੀ ਨਹੀਂ ਚੱਲੇਗੀ। ਹੁਣ ਪੰਜ ਵਾਰ ਦਾ ਮੁੱਖ ਮੰਤਰੀ ਜਾਂ ਦੋ ਵਾਰ ਦਾ ਮੁੱਖ ਮੰਤਰੀ ਹਾਰ ਸਕਦਾ ਹੈ।
    • ਲੋਕਾਂ ਨੇ ਆਮ ਆਦਮੀ ਪਾਰਟੀ ਦੀ ਗੱਲ 'ਤੇ ਵਿਸ਼ਵਾਸ ਕੀਤਾ ਹੈ।
    • ਰਵਾਇਤੀ ਰਾਜਨੀਤਿਕ ਦਲਾਂ ਦੇ ਪੁਰਾਣੇ ਵੱਡੇ ਚਿਹਰੇ ਲੋਕਾਂ ਨੇ ਨਕਾਰੇ ਹਨ।
  9. ਚੋਣਾਂ 'ਤੇ ਡੇਰਿਆਂ ਦਾ ਕਿੰਨਾ ਅਸਰ ਰਿਹਾ

    ਅਕਾਲੀ ਦਲ ਦੇ ਭਵਿੱਖ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ ਕਿ ਡੇਰਾ ਫੈਕਟਰ ਇੱਕ ਮਿੱਥ ਹੈ।

    ਉਨ੍ਹਾਂ ਨੇ ਕਿਹਾ, "2007 ਵਿੱਚ ਡੇਰਾ ਸੱਚਾ ਸੌਦਾ ਨੇ ਕਾਂਗਰਸ ਲਈ ਆਪਣੀ ਸਪੋਰਟ ਦਾ ਐਲਾਨ ਕੀਤੀ ਸੀ, ਪਰ ਕਾਂਗਰਸ ਦਾ ਸਫਾਇਆ ਹੋਇਆ ਸੀ ਤੇ ਅਕਾਲੀ ਜਿੱਤੇ ਸਨ। ਇਸ ਲਈ ਡੇਰਿਆਂ ਦੇ ਪ੍ਰਭਾਵ ਬਾਰੇ ਜੋ ਧਾਰਨਾ ਹੈ ਉਹ ਤਾਂ ਇੱਕ ਮਿੱਥ ਹੈ।"

  10. ਆਮ ਆਦਮੀ ਨੇ ਲਿਆਂਦੀਆਂ ਗੈਰ-ਸਿਆਸੀ ਪਿਛੋਕੜ ਵਾਲੀਆਂ ਮਹਿਲਾ ਉਮੀਦਵਾਰ

    ਬੀਬੀਸੀ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ ਨੇ ਕਿਹਾ, ''ਆਮ ਆਦਮੀ ਨੇ ਲਿਆਂਦੀਆਂ ਗੈਰ-ਸਿਆਸੀ ਪਿਛੋਕੜ ਵਾਲੀਆਂ ਮਹਿਲਾ ਉਮੀਦਵਾਰ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਫ਼ਲ ਵੀ ਰਹੀਆਂ ਹਨ।''

    ''ਲੋਕਾਂ ਦਾ ਇਸ ਵਾਰ ਬੜਾ ਸਾਫ਼ ਸੁਨੇਹਾ ਹੈ ਕਿ ਅਸੀਂ ਬਿਲਕੁਲ ਨਵੇਂ ਉਮੀਦਵਾਰਾਂ ਨੂੰ ਮੌਕਾ ਦੇਵਾਂਗੇ। ਸਾਨੂੰ ਤੁਹਾਡੀ ਸਿਆਸਤ ਉੱਪਰ ਭਰੋਸਾ ਨਹੀਂ ਹੈ, ਸਾਨੂੰ ਤੁਹਾਡੇ ਵਾਅਦਿਆਂ ਉੱਪਰ ਭਰੋਸਾ ਨਹੀਂ ਹੈ।''

  11. ਉੱਤਰ ਪ੍ਰਦੇਸ਼ ਚੋਣਾਂ ਵਿੱਚ ਕਿਸਾਨ ਅੰਦੋਲਨ ਦਾ ਕੀ ਅਸਰ ਰਿਹਾ

    ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਨੇ ਲਖਨਊ ਤੋਂ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਕਿਸਾਨ ਅੰਦੋਲਨ ਦੇ ਪ੍ਰਭਾਵ ਬਾਰੇ ਦੱਸਿਆ ਕਿ ਹਾਲਾਂਕਿ ਪੱਛਮੀ ਯੂਪੀ ਵਿੱਚ ਇਸ ਦਾ ਅਸਰ ਰਿਹਾ ਪਰ ਕੋਈ ਵੱਡਾ ਫਰਕ ਇਸ ਨਾਲ ਨਹੀਂ ਪਿਆ।

    ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਕੋਈ ਖਾਸ ਅਸਰ ਉਨ੍ਹਾਂ ਨੂੰ ਯੂਪੀ ਦੀਆਂ ਚੋਣਾਂ ਵਿੱਚ ਨਜ਼ਰ ਨਹੀਂ ਆਇਆ।

  12. ਕੈਪਟਨ ਆਪਣੇ ਆਪ ਨੂੰ ਸਾਬਤ ਕਰ ਸਕਦੇ ਸਨ ਜੇ...

    ਅਜੀਤ ਸਿੰਘ ਕੋਹਲੀ ਪਹਿਲਾਂ ਕਾਂਗਰਸ ਵਿੱਚ ਹੁੰਦੇ ਸਨ ਅਤੇ ਇਸ ਵਾਰ ਆਮ ਆਦਮੀ ਪਾਰਟੀ ਤੋਂ ਚੋਣ ਲੜੇ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਜਿੱਤੇ ਹਨ।

    ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕੈਪਟਨ ਬਾਰੇ ਇੱਕ ਗੱਲ ਸੀ ਕਿ ਜਿੱਥੇ ਪਹਿਲਾਂ ਉਹ ਮੁੱਖੀ ਵਜੋਂ ਚੋਣ ਲੜਦੇ ਸਨ ਉੱਥੇ ਹੀ ਇਸ ਵਾਰ ਉਹ ਨਮੋਸ਼ੀ ਵਿੱਚ ਸਨ।

    ਬੀਬੀਸੀ ਪੰਜਾਬੀ ਦੇ ਸੰਪਾਦਕ ਅਤੁਲ ਸੰਗਰ ਨੇ ਟਿੱਪਣੀ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪੰਜਾਬ ਪੱਖੀ ਆਗੂ ਸਨ ਅਤੇ ਜੇ ਉਹ ਚਾਹੁੰਦੇ ਤਾਂ ਆਪਣੇ ਆਪ ਨੂੰ ਸਾਬਤ ਕਰ ਸਕਦੇ ਸਨ ਜੇ ਉਹ ਭਾਜਪਾ ਨਾਲ ਸਾਂਝ ਨਾ ਪਾਉਂਦੇ।

  13. 'ਕਾਂਗਰਸ ਦੀ ਆਪਸੀ ਲੜਾਈ ਨੇ ਪਾਰਟੀ ਅਤੇ ਪਾਰਟੀ ਦੇ ਆਗੂਆਂ ਨੂੰ ਹਰਾਇਆ'

    ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਮੁਹੰਮਦ ਖਾਲਿਦ ਨੂੰ ਕਾਂਗਰਸ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਖਿਆ, "ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਆਪਸੀ ਲੜਾਈ ਨੇ ਅਹਿਮ ਭੂਮਿਕਾ ਨਿਭਾਈ ਹੈ। ਕਾਂਗਰਸ ਦੇ ਆਗੂਆਂ ਨੇ ਬੜੀ 'ਖ਼ੂਬਸੂਰਤੀ' ਨਾਲ ਇੱਕ ਦੂਜੇ ਨੂੰ ਤੇ ਪਾਰਟੀ ਨੂੰ ਹਰਾਇਆ ਹੈ।"

    ਅੱਗੇ ਆਖਦੇ ਹਨ ਕਿ ਜਿਸ ਤਰੀਕੇ ਨਾਲ ਇੱਕ ਆਮ ਆਦਮੀ ਪਾਰਟੀ ਦੀ ਸੁਨਾਮੀ ਆਈ ਹੈ ਉਸ ਤੋਂ ਲੱਗਦਾ ਹੈ ਕਿ ਲੋਕਾਂ ਨੇ ਬਦਲਾਅ ਨੂੰ ਵੋਟ ਦਿੱਤੀ ਹੈ।

    ਉਨ੍ਹਾਂ ਨੇ ਕਿਹਾ ਇਹ ਬਦਲਾਅ ਸਹੀ ਹੈ ਜਾਂ ਕਿਸ ਤਰੀਕੇ ਨਾਲ ਹੋਵੇਗਾ ਭਵਿੱਖ ਹੀ ਦੱਸੇਗਾ।

    ਬਾਕੀ ਰਾਜਨੀਤਿਕ ਦਲ ਚਿਹਰਿਆਂ ਦੀ ਲੜਾਈ ਲੜਦੀਆਂ ਹਨ ਜਦੋਂ ਕਿ ਆਮ ਆਦਮੀ ਪਾਰਟੀ ਨੇ ਮੁੱਦਿਆਂ ਦੀ ਲੜਾਈ ਲੜੀ ਹੈ।

  14. ਜੀਵਨਜੋਤ ਕੌਰ ਦੀ ਜਿੱਤ ਤੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਦੀ ਹਾਰ ਦੇ ਕਾਰਨ

    ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨਜੋਤ ਕੌਰ ਜ਼ਿਆਦਾ ਪ੍ਰਚਾਰ ਵੀ ਨਹੀਂ ਕਰ ਰਹੇ ਸਨ ਪਰ ਲਗਦਾ ਹੈ ਕਿ ਲੋਕ ਹੀ ਮਨ ਬਣਾ ਚੁੱਕੇ ਸਨ।

    ਰੌਬਿਨ ਨੇ ਦੱਸਿਆ ਕੀ ਜੀਵਨਜੋਤ ਦੇ ਨਾਲ ਸਿਰਫ਼ ਇੱਕ ਢੋਲ ਵਾਲਾ ਹੁੰਦਾ ਸੀ। ਜਦਕਿ ਸਿੱਧੂ ਅਤੇ ਮਜੀਠੀਆ ਦੇ ਨਾਲ ਗੱਡੀਆਂ ਦਾ ਵੱਡਾ ਕਾਫ਼ਲਾ ਹੁੰਦਾ ਸੀ।

    ਜੀਵਨਜੋਤ ਕੌਰ ਨੇ ਅੰਮ੍ਰਿਤਸਰ ਪੂਰਬੀ ਤੋਂ ਆਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾਇਆ ਹੈ।

  15. 'ਭਗਵੰਤ ਮਾਨ ਅਤੇ ਕੇਜਰੀਵਾਲ ਦੋਵਾਂ ਦੀ ਲਹਿਰ'

    ਆਮ ਆਦਮੀ ਪਾਰਟੀ ਦੀ ਜਿੱਤ ਦਾ ਵਿਸ਼ਲੇਸ਼ਣ ਕਰਦਿਆਂ ਬੀਬੀਸੀ ਪੰਜਾਬੀ ਸੇਵਾ ਦੇ ਸੰਪਾਦਕ ਅਤੁਲ ਸੰਗਰ ਨੇ ਦੱਸਿਆ ਕਿ ਇਸ ਜਿੱਤ ਪਿੱਛੇ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਤੋਂ ਭਗਵੰਤ ਮਾਨ ਦੀ ਦੂਹਰੀ ਲੀਡਰਸ਼ਿਪ ਨੇ ਅਸਰ ਦਿਖਾਇਆ ਹੈ।

    ਉਨ੍ਹਾਂ ਨੇ ਕਿਹਾ ਕਿ ਲੋਕ ਹੁਣ ਹੋਰ ਸੂਬਿਆਂ ਵਿੱਚ ਵੀ 'ਆਪ' ਨੂੰ ਨਵੀਂ ਨਜ਼ਰ ਨਾਲ ਦੇਖਣਗੇ। ਅਤੇ ਭਾਜਪਾ ਨੇ ਜੋ ਨਾਅਰਾ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ ਉਸ ਨੂੰ ਆਮ ਆਦਮੀ ਪਾਰਟੀ ਪੂਰਾ ਕਰਦੀ ਨਜ਼ਰ ਆ ਰਹੀ ਹੈ।

  16. ਮੇਰੀ ਜਿੱਤ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਨੂੰ ਸਮਰਪਿਤ-ਭਗਵੰਤ ਮਾਨ

    ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਆਪਣੀ ਜਿੱਤ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਨੂੰ ਸਮਰਪਿਤ ਕੀਤੀ।

    ਧੂਰੀ ਤੋਂ ਭਗਵੰਤ ਮਾਨ ਨੇ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ 58206 ਵੋਟਾਂ ਨਾਲ ਹਰਾਇਆ ਹੈ।

  17. ਉੱਤਰ ਪ੍ਰਦੇਸ਼ ਵਿੱਚ ਭਾਜਪਾ ਅੱਗੇ, ਭਾਜਪਾ ਸਮਰਥਕਾਂ ਦਾ ਉਤਸ਼ਾਹ ਵੇਖੋ ਤਸਵੀਰਾਂ ਵਿੱਚ

    ਪੰਜਾਬ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਅਤੇ ਹੋਰ ਤਿੰਨ ਸੂਬਿਆਂ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ।

    ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ 25 ਸੀਟਾਂ ਜਿੱਤ ਚੁੱਕੀ ਹੈ ਅਤੇ 226 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

    ਉੱਤਰ ਪ੍ਰਦੇਸ਼ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸਮਰਥਕਾਂ ਦਾ ਉਤਸ਼ਾਹ ਦਿਖਾਉਂਦੀਆਂ ਹਨ।

  18. ਚੋਣ ਨਤੀਜਿਆਂ ਬਾਰੇ ਬੀਬੀਸੀ ਪੰਜਾਬੀ ਦਾ ਵਿਸ਼ੇਸ਼ ਪ੍ਰੋਗਰਾਮ

  19. ਭਗਵੰਤ ਮਾਨ ਦੇ ਦੋ ਐਲਾਨ

  20. ਉਮੀਦ ਹੈ ਭਗਵੰਤ ਮਾਨ ਲੋਕਾਂ ਦੀ ਉਮੀਦਾਂ 'ਤੇ ਖਰਾ ਉਤਰਨਗੇ - ਚਰਨਜੀਤ ਸਿੰਘ ਚੰਨੀ

    ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਵਿੱਚ ਬਹੁਮਤ ਵੱਲ ਵੱਧ ਰਹੀ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਿਆਂ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਖਰ੍ਹੇ ਉਤਰਣਗੇ।

    ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦਾ ਫ਼ਤਵਾ ਕਬੂਲ ਕਰਦੇ ਹਨ।