You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਚੋਣਾਂ 2022: ਮੈਂ ਮੁੱਖ ਮੰਤਰੀ ਹਾਂ ਕੋਈ ਅੱਤਵਾਦੀ ਨਹੀਂ, ਜੋ ਮੈਨੂੰ ਹੁਸ਼ਿਆਰਪੁਰ ਜਾਣ ਤੋਂ ਰੋਕਿਆ - ਚਰਨਜੀਤ ਚੰਨੀ

ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ 20 ਫਰਬਰੀ ਨੂੰ ਵੋਟਿੰਗ ਹੋਵੇਗੀ ਅਤੇ 10 ਮਾਰਚ ਨੂੰ ਨਤੀਜਾ ਆਵੇਗਾ

ਲਾਈਵ ਕਵਰੇਜ

  1. ਅੱਜ ਦੇ ਮੁੱਖ ਘਟਨਾਕ੍ਰਮ

    ਪੰਜਾਬ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ

    • ਹੁਸ਼ਿਆਰਪੁਰ ਵਿੱਚ ਰਾਹੁਲ ਗਾਂਧੀ ਨੇ ਰੈਲੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਨੂੰ ਪ੍ਰਯੋਗਸ਼ਾਲਾ ਨਹੀਂ ਬਣਨ ਦੇਣਗੇ।
    • ਚਰਨਜੀਤ ਸਿੰਘ ਚੰਨੀ ਉਡਾਣ ਦੀ ਇਜਾਜ਼ਤ ਨਾ ਮਿਲਣ ਕਾਰਨ ਹੁਸ਼ਿਆਰਪੁਰ ਦੀ ਰੈਲੀ ਵਿੱਚ ਨਾ ਪਹੁੰਚ ਸਕੇ।
    • ਚਰਨਜੀਤ ਸਿੰਘ ਚੰਨੀ ਨੇਕਿਹਾ ਹੈ ਕਿ ਉਹ ਮੁੱਖ ਮੰਤਰੀ ਹਨ ਕੋਈ ਅੱਤਵਾਦੀ ਨਹੀਂ ਹਨ ਜੋ ਉਨ੍ਹਾਂ ਨੂੰ ਹੁਸ਼ਿਆਰਪੁਰ ਨਾ ਜਾਣ ਦਿੱਤਾ ਗਿਆ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਵਿੱਚ ਰੈਲੀ ਕੀਤੀ ਤੇ ਇਸ ਮੌਕੇ ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਲਗਾਇਆ।
    • ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
  2. ਚਰਨਜੀਤ ਚੰਨੀ ਮੁੱਖ ਮੰਤਰੀ ਹੈ ਕੋਈ ਅੱਤਵਾਦੀ ਨਹੀਂ ਹੈ- ਚਰਨਜੀਤ ਸਿੰਘ ਚੰਨੀ

    ਸੁਜਾਨਪੁਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਹੈ, “ਸਾਡਾ ਪੰਜਾਬ, ਸਾਡੇ ਹੱਥਾਂ ਵਿੱਚ ਸੁਰੱਖਿਅਤ ਹੈ।”

    ਉਨ੍ਹਾਂ ਨੇ ਕਿਹਾ, “ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੈ, ਕੋਈ ਅੱਤਵਾਦੀ ਨਹੀਂ, ਜਿਸ ਨੂੰ ਅੱਜ ਹੁਸ਼ਿਆਰਪੁਰ ਜਾਣ ਤੋਂ ਰੋਕਿਆ।“

    “ਸਾਡੀ ਉੱਥੇ ਰੈਲੀ ਸੀ, ਤੁਸੀਂ ਰੋਕ ਕੇ ਬੈਠ ਗਏ, ਇਹ ਕੋਈ ਤਰੀਕਾ ਨਹੀਂ ਹੈ, ਸਹੀ ਢੰਗ ਨਾਲ ਚੋਣਾਂ ਕਰੋ, ਬਿਨਾਂ ਮਤਲਬ ਦੇ ਇਹ ਜਿਹੜੇ ਤੁਹਾਡੇ ਦਬਕੇ ਹਨ ਤੇ ਜਿਹੜੀਆਂ ਤੁਹਾਡੀਆਂ ਏਜੰਸੀਆਂ ਤੰਗ ਕਰ ਰਹੀਆਂ, ਇਹ ਸਭ ਚੱਲਣਾ ਨਹੀਂ।“

  3. ਪੰਜਾਬ ਇੱਕ ਪ੍ਰਦੇਸ਼ ਨਹੀਂ, ਹਿੰਦੁਸਤਾਨ ਦੀ ਆਤਮਾ ਹੈ - ਰਾਹੁਲ ਗਾਂਧੀ

    ਚੋਣ ਪ੍ਰਚਾਰ ਲਈ ਪੰਜਾਬ ਦੇ ਗੁਰਦਾਸਪੁਰ ਪਹੁੰਚੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕੀਤਾ।

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਅਨੁਸਾਰ ਰਾਹੁਲ ਗਾਂਧੀ ਨੇ ਕਿਹਾ, “ਸਾਡੇ ਲਈ ਪੰਜਾਬ ਇੱਕ ਪ੍ਰਦੇਸ਼ ਨਹੀਂ ਹੈ ਇਹ ਹਿੰਦੁਸਤਾਨ ਦੀ ਆਤਮਾ ਹੈ, ਇਹ ਹਿੰਦੁਸਤਾਨ ਦੀ ਰੱਖਿਆ ਕਰਦਾ ਹੈ। ਜੇਕਰ ਇਸ ਨੂੰ ਵੰਡਿਆ ਜਾਵੇਗਾ ਤਾਂ ਇਹ ਪ੍ਰਦੇਸ਼ ਕਮਜ਼ੋਰ ਕੀਤਾ ਜਾਵੇਗਾ।“

    “ਪੂਰੀ ਦੁਨੀਆਂ ਲੱਗੇ ਜਾਵੇ ਤਾਂ ਵੀ ਪੰਜਾਬ ਨੂੰ ਨਹੀਂ ਛੂਹ ਨਹੀਂ ਸਕਦੇ ਪਰ ਇਸ ਲਈ ਪੰਜਾਬ ਨੂੰ ਨਾਲ ਖੜ੍ਹਾ ਹੋਣਾ ਪਵੇਗਾ।“

    ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਮਾਰਕਿਟ ਵਿੱਚ ਤੇਲ ਦੀਆਂ ਕੀਮਤਾਂ ਘਟਦੀਆਂ ਗਈਆਂ ਅਤੇ ਇੱਥੇ ਵਧਦੀਆਂ ਗਈਆਂ।

    “ਪਰ ਕਾਂਗਰਸ ਨੇ ਪੰਜਾਬ ਵਿੱਚ ਡੀਜ਼ਲ-ਪੈਟ੍ਰੋਲ ਦੀਆਂ ਕੀਮਤਾਂ ਘੱਟ ਕੀਤੀਆਂ ਪਰ ਨਰਿੰਦਰ ਮੋਦੀ ਨੇ ਅਜਿਹਾ ਕਿਉਂ ਨਹੀਂ ਕੀਤਾ, ਕੇਜਰੀਵਾਲ ਨੇ ਦਿੱਲੀ ਵਿੱਚ ਕਿਉਂ ਨਹੀਂ ਕੀਤਾ।“

    ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਸਿਰਫ਼ 2-4 ਉਦਯੋਗਪਤੀਆਂ ਲਈ ਕੰਮ ਕਰਦੇ ਹਨ। ਨੋਟਬੰਦੀ ਵੇਲੇ ਤੁਸੀਂ ਸਾਰੇ ਲਾਈਨਾਂ ਵਿੱਚ ਖੜ੍ਹੇ ਸੀ ਪਰ ਕੀ ਤੁਸੀਂ ਕਿਸੇ ਉਦਯੋਗਪਤੀ ਨੂੰ ਲਾਈਨ ‘ਚ ਲੱਗਾ ਦੇਖਿਆ।

  4. ਮਨੀਸ਼ਾ ਗੁਲਾਟੀ ਭਾਜਪਾ ਵਿੱਚ ਸ਼ਾਮਿਲ ਹੋਏ

    ਪੰਜਾਬ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਨਾ ਹੁੰਦੇ ਤਾਂ ਮਨੀਸ਼ਾ ਗੁਲਾਟੀ ਜ਼ਿੰਦਾ ਨਾ ਹੁੰਦੀ। ਇਸ ਮੌਕੇ ਉਨ੍ਹਾਂ ਇਲਜ਼ਾਮ ਲਗਾਏ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰੇਸ਼ਾਨ ਕੀਤਾ ਗਿਆ।

    ਇਸ ਮੌਕੇ ਮਨੀਸ਼ਾ ਗੁਲਾਟੀ ਨੇ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਉੱਤੇ ਇਲਜ਼ਾਮ ਲਗਾਏ।

    ਉਨ੍ਹਾਂ ਕਿਹਾ, “ਹੁਣ ਵੀ ਪਿਛਲੇ ਕੁਝ ਦਿਨਾਂ ਤੋਂ ਦੋ ਹਾਈ-ਪ੍ਰੋਫਾਈਲ ਕੇਸ ਕਰਕੇ ਤੁਹਾਡੀ ਟੀਮ ਨੇ ਜੋ ਮੈਨੂੰ ਤੰਗ ਕੀਤਾ ਹੈ ਉਸ ਤੋਂ ਤੰਗ ਆ ਕੇ ਮੈਂ ਆਪਣਾ ਅਧਿਕਾਰਤ ਫੋਨ ਹੋਮ ਨੂੰ ਦੇ ਦਿੱਤਾ ਹੈ ਤਾਂ ਜੋ ਸੱਚਾਈ ਬਾਹਰ ਸਕੇ ਕਿ ਜਿਹੜੀਆਂ ਤੁਸੀਂ ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕਰਦੇ ਹੋ, ਉਹ ਅਸਲ ‘ਚ ਹੈ ਕੀ।“

    “ਮੈਨੂੰ ਦੁੱਖ ਹੈ ਕਿ ਇੱਕ ਪਾਸੇ ਤਾਂ ਕਾਂਗਰਸ ਦਾ ਸਲੋਗਨ ਹੈ, ‘ਮੈਂ ਇੱਕ ਕੁੜੀ ਹਾਂ ਅਤੇ ਕੁੜੀ ਲਈ ਲੜ ਸਕਦੀ ਹਾਂ’ ਪਰ ਇੱਕ ਮਜ਼ਬੂਤ ਔਰਤ ਨੂੰ ਮੈਂ ਨਹੀਂ ਦੇਖ ਸਕਦੀ।“

    “ਇੰਨਾਂ ਸਭ ਹੋਣ ਤੋਂ ਬਾਅਦ ਮੈਂ ਤੁਹਾਡੀ ਪਾਰਟੀ ਪ੍ਰਧਾਨ ਨੂੰ ਵਾਰ-ਵਾਰ ਜਾਣਕਾਰੀ ਦਿੱਤੀ ਕਿ ਇੱਕ ਪਾਸੇ ਤੁਹਾਡੀ ਸਰਕਾਰ ਅਤੇ ਇੱਕ ਪਾਸੇ ਸਲੋਗਨ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ ਪਰ ਕੋਈ ਜਵਾਬ ਨਹੀਂ ਆਇਆ।“

    “ਮੈਂ ਇੱਕ ਅਜਿਹੇ ਪਰਿਵਾਰ ਤੋਂ ਹਾਂ ਮੈਨੂੰ ਮੈਨੂੰ ਨਾ ਕੋਈ ਪੋਸਟ ਚਾਹੀਦਾ ਹੈ, ਬਸ ਮੇਰਾ ਇੱਕ ਵਿਜ਼ਨ ਹੈ ਔਰਤ ਲਈ।”

  5. ਲਖੀਮਪੁਰ ਖੀਰੀ ਹਿੰਸਾ ਮਾਮਲਾ - ਆਸ਼ੀਸ਼ ਦੀ ਜ਼ਮਾਨਤ ‘ਤੇ ਕਿਸਾਨ ਬਣਾਉਣਗੇ ਰਣਨੀਤੀ

    ਲਖੀਮਪੁਰ ਹਿੰਸਾ ਮਾਮਲੇ ਵਿੱਚ ਗ੍ਰਿਫ਼ਤਾਰ ਆਸ਼ੀਸ਼ ਮਿਸ਼ਰ ਦੀ ਜ਼ਮਾਨਤ ਦੇ ਆਦੇਸ਼ ਨੂੰ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਸੋਧ ਕੇ ਦਿੱਤਾ ਹੈ।

    ਬੀਬੀਸੀ ਸਹਿਯੋਗੀ ਪ੍ਰਸ਼ਾਂਤ ਪਾਂਡੇ ਦੀ ਰਿਪੋਰਟ ਮੁਤਾਬਕ, ਆਸ਼ੀਸ਼ ਦੇ ਵਕੀਲਾਂ ਨੇ ਦੱਸਿਆ ਕਿ ਬੇਲ ਆਰਡਰ ਵਿੱਚ ਧਾਰਾ 302 ਅਤੇ 120ਬੀ ਆਈਪੀਸੀ ਨੂੰ ਜੋੜ ਦਿੱਤਾ ਗਿਆ ਹੈ।

    ਆਸ਼ੀਸ਼ ਮਿਸ਼ਰ ਮੋਨੂ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰ ਟੈਨੀ ਦੇ ਪੁੱਤਰ ਹਨ। ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ‘ਤੇ ਥਾਰ ਚੜ੍ਹਾ ਕੇ ਉਨ੍ਹਾਂ ਦੀ ਜਾਨ ਲੈਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।

    ਹਾਈ ਕੋਰਟ ਦੀ ਲਖਨਊ ਬੈਂਚ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਮੁਲਜ਼ਮ ਦੇ ਵਕੀਲਾਂ ਵੱਲੋਂ ਦਿੱਤੀ ਅਰਜ਼ੀ ਨੂੰ ਸੋਧਣ ਦੇ ਆਦੇਸ਼ ਦਿੱਤੇ ਗਏ ਹਨ।

    ਇਸ ਵਿਚਾਲੇ, ਮੰਗਲਵਾਰ ਨੂੰ ਕਿਸਾਨ ਨੇਤਾ ਰਾਕੇਸ਼ ਟਿਕੈਤ ਲਖੀਮੁਰ ਖੀਰੀ ਆਉਣਗੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।

  6. ਕੇਜਰੀਵਾਲ ਦਾ ਫਗਵਾੜਾ ਵਿੱਚ ਰੋਡ ਸ਼ੋਅ

    ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਫਗਵਾੜਾ ਵਿੱਚ ਰੋਡ ਸ਼ੋਅ ਕੀਤਾ।

  7. ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਫਤਿਹ ਜੰਗ ਸਿੰਘ ਬਾਜਵਾ ਦੇ ਹੱਕ ਮੰਗੀ ਵੋਟ

    ਕੇਂਦਰੀ ਸਨਅਤ ਮੰਤਰੀ ਪੀਯੂਸ਼ ਗੋਇਲ ਅੱਜ ਪੰਜਾਬ ਦੇ ਮਾਝਾ ਅਤੇ ਮਾਲਵਾ ਖਿੱਤੇ ਵਿੱਚ ਭਾਜਪਾ ਦੇ ਚੋਣ ਪ੍ਰਚਾਰ ਲਈ ਪਹੁੰਚੇ ਹਨ।

    ਬੀਬੀਬੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਬਟਾਲਾ ਤੋਂ ਉਮੀਦਵਾਰ ਫਤਿਹ ਜੰਗ ਸਿੰਘ ਬਾਜਵਾ ਦੇ ਹੱਕ ਵੋਟ ਮੰਗੀ ਅਤੇ ਸਨਅਤਕਾਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ।

    ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਜੋ ਨਸ਼ਾ ਆ ਰਿਹਾ ਹੈ, ਪੰਜਾਬ ਵਿੱਚ ਜੋ ਅਸੁਰੱਖਿਆ ਦਾ ਮਾਹੌਲ ਹੈ ਉਹ ਤਾਂ ਹੀ ਦਰੁਸਤ ਹੋ ਸਕਦਾ ਹੈ, ਜੇਕਰ ਪੰਜਾਬ ‘ਚ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ।

    ਪੀਯੂਸ਼ ਗੋਇਲ ਨੇ ਕਿਹਾ ਕਿ ਭਾਜਪਾ ਦਾ ਟੀਚਾ ਹੈ ਪੰਜਾਬ ਦੀ ਇੰਡਸਟਰੀ ਪ੍ਰਫੁਲਿਤ ਕਰਨਾ, ਕਿਸਾਨ ਖੁਸ਼ਹਾਲ ਹੋਵੇ ਅਤੇ ਕਾਰੋਬਾਰੀ ਅਤੇ ਦੂਸਰੇ ਵਰਗ ਦੀਆਂ ਮੁਸ਼ਕਿਲਾਂ ਦੂਰ ਹੋਣ।

  8. 2014 ਵਿੱਚ ਮੇਰੇ ਜਹਾਜ਼ ਨੂੰ ਵੀ ਰੋਕਿਆ ਗਿਆ ਸੀ - ਨਰਿੰਦਰ ਮੋਦੀ

    ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਦੌਰਾਨ ਉਨ੍ਹਾਂ ਦੀ ਉਡਾਣ ਰੱਦ ਕਰਨ ਵਾਲਾ ਵੀ ਇੱਕ ਕਿੱਸਾ ਸੁਣਾਇਆ।

    ਉਨ੍ਹਾਂ ਨੇ ਕਿਹਾ, "2014 ਨੂੰ ਜਦੋਂ ਮੈਨੂੰ ਪ੍ਰਧਾਨ ਮੰਤਰੀ ਲਈ ਉਮੀਦਵਾਰ ਬਣਾਇਆ ਗਿਆ ਤਾਂ ਮੈਂ ਪੂਰੇ ਦੇਸ਼ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਂਦਾ ਸੀ।"

    "ਇੱਕ ਵਾਰ ਮੈਨੂੰ ਵੀ ਪਠਾਨਕੋਟ ਆਉਣਾ ਸੀ ਪਰ ਕਾਂਗਰਸ ਦੇ ‘ਯੁਵਰਾਜ’ ਨੇ ਵੀ ਪੰਜਾਬ ਵਿੱਚ ਕਿਤੇ ਆਉਣਾ ਸੀ ਤਾਂ ਮੇਰੇ ਜਹਾਜ਼ ਨੂੰ ਉੱਡਣ ਨਹੀਂ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਜਦੋਂ ਪਠਾਨਕੋਟ ਤੋਂ ਵੀ ਮੇਰੇ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਮਿਲੀ। ਇਸ ਤਰ੍ਹਾਂ ਮੇਰੇ ਦੋ ਪ੍ਰੋਗਰਾਮ ਰੱਦ ਹੋ ਗਏ।"

    “ਕਾਂਗਰਸ ਪਾਰਟੀ ਅਜਿਹੀਆਂ ਚਾਲਾਂ ਮੈਨੂੰ ਰੋਕਣ ਵਾਸਤੇ ਚੱਲਦੀ ਸੀ।”

    ਇੱਥੇ ਜ਼ਿਕਰਯੋਗ ਹੈ ਕਿ ਅੱਜ ਹੁਸ਼ਿਆਰਪੁਰ ਦੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਹੀਂ ਪਹੁੰਚ ਸਕੇ। ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਮਿਲੀ। ਇਸ ਦਾ ਕਾਰਨ ਸੀ ਕਿ ਨਰਿੰਦਰ ਮੋਦੀ ਦੇ ਪੰਜਾਬ ਆਉਣ ਕਾਰਨ ਪੰਜਾਬ ਨੂੰ ‘ਨੋ ਫਲਾਈਂਗ ਜ਼ੋਨ ਐਲਾਨ ਦਿੱਤਾ ਸੀ।”

  9. ਨਰਿੰਦਰ ਮੋਦੀ ਨੇ ਕਾਂਗਰਸ ’ਤੇ ਇੰਝ ਲਗਾਇਆ ਨਿਸ਼ਾਨਾ

    • ਕਾਂਗਰਸ ਦੀਆਂ ਨੀਤੀਆਂ ਇਥੋਂ ਦੀਆਂ ਇੰਡਸਟਰੀਆਂ ਨੂੰ ਤਬਾਹ ਕਰ ਦਿੱਤਾ।
    • ਭਾਜਪਾ ਸਰਕਾਰ ਵਿੱਚ ਇੱਥੋਂ ਦਾ ਵਪਾਰੀ ਆਪਣੀ ਕਿਸੇ ਖੌਫ਼ ਅਤੇ ਅੱਤਿਆਚਾਰ ਦੇ ਬਿਨਾਂ ਆਪਣਾ ਕਾਰੋਬਾਰ ਕਰੇਗਾ। ਮੈਂ ਇਸ ਗੱਲ ਭਰੋਸਾ ਦਿੰਦਾ ਹਾਂ।
    • ਦੇਸ਼ ਵਿੱਚ ਜਿੱਥੇ ਦੂਹਰੇ ਇੰਜਨ ਦੀ ਸਰਕਾਰ ਹੈ, ਉੱਥੇ ਲੋਕਾਂ ਦਾ ਭਲਾ ਹੋ ਰਿਹਾ ਹੈ, ਇਹ ਗਰੀਬਾਂ ਨੂੰ ਬਿਨਾਂ ਵਿਤਕਰਾ ਮੁਫ਼ਤ ਘਰ ਦੇ ਰਹੀ ਹੈ, ਮੁਫ਼ਤ ਟੀਕੇ ਲਗਾ ਰਹੀ ਹੈ, ਪਿੰਡਾਂ-ਸ਼ਹਿਰਾਂ ਦਾ ਵਿਕਾਸ ਕਰ ਰਹੀ ਹੈ।
    • ਇਹ ਛੋਟੇ ਕਿਸਾਨਾਂ ਦੀਆਂ ਛੋਟੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਹੀ ਹੈ। ਭਾਜਪਾ ਸਰਕਾਰ ਆਵੇਗੀ ਤਾਂ ਜਲੰਧਰ ਸਣੇ ਪੂਰੇ ਖੇਤਰ ਵਿੱਚ ਕਨੈਕਟੀਵਿਟੀ ਨੂੰ ਵਧਾਇਆ ਜਾਵੇਗਾ।
    • ਅੱਜ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੇ ਐੱਨਡੀਏ ਹੈ, ਜਿਸ ਦੀ ਵਿਚਾਰਧਾਰਾ ਪੰਜਾਬ ਨਾਲ ਜੁੜੀ ਹੈ। ਅਸੀਂ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦੁਰ, ਬਾਬਾ ਸਾਹਿਬ ਅੰਬੇਡਕਰ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਐਲਾਨਿਆ ਪਰ ਇਹ ਲੋਕ ਪੰਜਾਬ ਦੀ ਵਿਰਾਸਤ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
    • ਅਸੀਂ ਦੇਸ਼ ਦੀਆਂ ਸੀਮਾਵਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਉਨ੍ਹਾਂ ਦੇ ਨੇਤਾ ਸੈਨਾ ਦੇ ਲੋਕਾਂ ਨੂੰ ਗੁੰਡਾ ਕਹਿੰਦੇ ਹਨ।
    • ਅਸੀਂ ਐੱਸਆਈਟੀ ਬਣਾਈ ਅਤੇ ਕਾਂਗਰਸ ਨੇ ਉਨ੍ਹਾਂ ਨੂੰ ਵੱਡੇ ਅਹੁਦੇ ਦੇ ਕੇ ਜਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕਰ ਕੀਤਾ। ਜਦੋਂ ਤੱਕ ਕਾਂਗਰਸ ਉਸ ਪਰਿਵਾਰ ਦੇ ਕਬਜ਼ੇ ਵਿੱਚ ਹੈ ਉਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਹੈ।
  10. ਸਹੀ ਤਾਂ ਇਹ ਸੀ ਕੀ ਮਨੋਰੰਜਨ ਕਾਲੀਆ ਅਕਾਲੀ-ਭਾਜਪਾ ਸਰਕਾਰ ’ਚ ਡਿਪਟੀ ਸੀਐੱਮ ਬਣਦੇ - ਮੋਦੀ

    • ਅਸੀਂ ਜਦੋਂ ਅਕਾਲੀ ਦਲ ਨਾਲ ਸੀ ਤਾਂ ਅਸੀਂ ਉਨ੍ਹਾਂ ਵੱਡਾ ਭਰਾ ਮੰਨ ਕੇ ਆਪਣੀ ਛੋਟੀ ਭੂਮਿਕਾ ਨੂੰ ਸਵੀਕਾਰ ਕੀਤਾ ਕਿਉਂਕਿ ਦਿਲ ਵਿੱਚ ਇੱਕੋ ਹੀ ਗੱਲ ਸੀ ਕਿ ਜਿਸ ਵਿੱਚ ਪੰਜਾਬ ਦਾ ਭਲਾ ਹੋਵੇਗਾ ਅਸੀਂ ਉਹੀ ਕਰਾਂਗੇ।
    • ਇੱਕ ਵੇਲਾ ਸੀ ਕਿ ਜਦੋਂ ਭਾਜਪਾ ਦੀ ਮਦਦ ਤੋਂ ਬਿਨਾਂ ਅਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ ਸੀ ਕਿਉਂਕਿ ਭਾਜਪਾ ਦੇ ਜ਼ਿਆਦਾ ਵਿਧਾਇਕ ਚੁਣੇ ਗਏ ਸਨ ਅਤੇ ਅਜਿਹੇ ਵਿੱਚ ਭਾਜਪਾ ਦਾ ਕੋਈ ਡਿਪਟੀ ਸੀਐੱਮ ਬਣ ਸਕਦਾ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਬੇਟੇ ਨੂੰ ਬਣਾ ਦਿੱਤਾ।
    • ਸਾਡੇ ਮਨੋਰੰਜਨ ਕਾਲੀਆ ਦਾ ਪੂਰਾ ਹੱਕ ਸੀ ਉਸ ਵੇਲੇ ਡਿਪਟੀ ਸੀਐੱਮ ਬਣਨ ਦਾ ਪਰ ਫਿਰ ਵੀ ਅਸੀ ਪੰਜਾਬ ਵਿਕਾਸ ਦੇਖਿਆ।
  11. ਕੈਪਟਨ ਅਮਰਿੰਦਰ ਨੇ ਫੈਡਰਲ ਢਾਂਚੇ ਦੀ ਪਾਲਣਾ ਕਰਦੇ ਹੋਏ ਕੇਂਦਰ ਸਰਕਾਰ ਨਾਲ ਕੰਮ ਕੀਤਾ - ਨਰਿੰਦਰ ਮੋਦੀ

    ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:

    • ਪੰਜਾਬ ਵਿੱਚ ਪੱਕਾ ਹੈ ਕਿ ਇੱਥੇ ਐੱਨਡੀਏ ਦੀ ਸਰਕਾਰ ਬਣੇਗੀ। ਅੱਜ ਪੂਰਾ ਦੇਸ਼ ਮਿਲ ਕੇ ਨਵੇਂ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਇਸੇ ਤਰ੍ਹਾਂ ਨਵਾਂ ਪੰਜਾਬ ਹੋਵੇਗਾ, ਜਿਹੜਾ ਮੌਕਿਆਂ ਨਾਲ ਭਰਿਆ ਹੋਵੇਗਾ, ਰੁਜ਼ਗਾਰ ਮਿਲੇਗਾ, ਕਾਨੂੰਨ ਦਾ ਰਾਜ ਹੋਵੇਗਾ, ਮਾਫੀਆ ਨੂੰ ਥਾਂ ਨਹੀਂ ਮਿਲੇਗੀ।
    • ਇਸ ਲਈ ਪੰਜਾਬ ਦਾ ਨਾਅਰਾ ਹੈ, ਨਵਾਂ ਪੰਜਾਬ, ਭਾਜਪਾ ਦੇ ਨਾਲ ਹੈ, ਨਵੀਂ ਟੀਮ ਦੇ ਨਾਮ ਇਹ ਨਵੀਂ ਟੀਮ ਦੂਹਰੇ ਇੰਜਨ ਵਾਲੀ ਹੈ, ਜਿੱਥੇ ਇੱਕ ਟੀਮ ਕੇਂਦਰ ਦੀ ਅਤੇ ਦੂਜੀ ਸੂਬੇ ਦੀ ਹੋਵੇਗੀ।
    • ਨਵਾਂ ਪੰਜਾਬ ਵੰਡੀ ਪਾਉਣ ਵਾਲਿਆਂ ਦਾ ਸਾਥ ਨਹੀਂ ਦੇਵੇਗਾ ਇਹ ਗਠਜੋੜ ਦਾ ਸਾਥ ਦੇਵੇਗਾ। ਜਦੋਂ ਸਾਡੇ ਸਮਾਜ ਵਿੱਚ ਹਨੇਰਾ ਛਾਇਆ ਤਾਂ ਗੁਰੂ ਨਾਨਕ ਵਰਗੇ ਗੁਰੂ ਆਏ, ਗੁਰੂ ਅਰਜਨ ਦੇਵ ਤੇ ਗੁਰੂ ਗੋਬਿੰਦ ਵਰਗੇ ਗੁਰੂ ਆਏ।“
    • ਜਦੋਂ ਭੁਖਮਰੀ ਆਈ ਤਾਂ ਇੱਥੇ ਹਰਿਤਕ੍ਰਾਂਤੀ ਦਾ ਨਾਅਰਾ ਆਇਆ। ਸਾਡਾ ਸੂਬਾ ਸਰਹੱਦੀ ਹੈ, ਇਸ ਦੀ ਸੁਰੱਖਿਆ ਜ਼ਰੂਰੀ ਹੈ, ਇਸ ਲਈ ਸਾਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਦੇਸ਼ ਦੀ ਸੁਰੱਖਿਆ ਲਈ ਗੰਭੀਰ ਕਦਮ ਚੁੱਕੇ ਅਤੇ ਸੂਬੇ ਨੂੰ ਸੁਰੱਖਿਆ ਦੇਵੇ।
    • ਕੈਪਟਨ ਨੇ ਸੰਘੀ ਸਿਧਾਂਤ ਅਤੇ ਸੰਵਿਧਾਨ ਮੁਤਾਬਕ ਕੰਮ ਕੀਤਾ ਤਾਂ ਕਾਂਗਰਸੀ ਕਹਿੰਦੇ ਸਨ ਕੈਪਟਨ ਸਰਕਾਰ ਕੇਂਦਰ ਨਾਲ ਮਿਲ ਕੇ ਚਲਦੇ ਹਨ। ਉਨ੍ਹਾਂ ਨੇ ਤਾਂ ਫੈਡਰਲ ਢਾਂਚੇ ਅਨੁਸਾਰ ਕੰਮ ਕੀਤਾ, ਉਨ੍ਹਾਂ ਕੈਪਟਨ ਨੂੰ ਅਲਿਵਦਾ ਆਖ ਦਿੱਤਾ।
  12. ਨਰਿੰਦਰ ਮੋਦੀ - ਮੈਂ ਤਾਂ ਦੇਵੀ ਤਲਾਬ ਮੰਦਿਰ ਜਾਣਾ ਸੀ ਪਰ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬਧੋਨ ਦੌਰਾਨ ਜਲੰਧਰ ਵਿਖੇ ਹੁੰਦੇ ਇੱਕ ਪੁਰਾਣੇ ਪ੍ਰੋਗਰਾਮ ਨੂੰ ਯਾਦ ਕੀਤਾ ਅਤੇ ਕਿਹਾ ਮੇਰਾ ਪੰਜਾਬ ਦੀ ਧਰਤੀ ਨਾਲ ਪੁਰਾਣਾ ਰਿਸ਼ਤਾ ਹੈ। ਮੇਰਾ ਪੰਜਾਬ ਦੀ ਧਰਤੀ ਨਾਲ ਬੜਾ ਜੁੜਾਵ ਰਿਹਾ ਹੈ।

    ਨਰਿੰਦਰ ਮੋਦੀ ਨੇ ਕਿਹਾ, “ਮੈਂ ਜਲੰਧਰ ਦੇ ਮਸ਼ਹੂਰ ਦੇਵੀ ਤਲਾਬ ਮੰਦਿਰ ਜਾਣ ਸੀ। ਇੱਥੋਂ ਦੇ ਪ੍ਰਸ਼ਾਸਨ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਕਿਹਾ ਤੁਸੀਂ ਹੈਲੀਕਾਪਟਰ ਰਾਹੀਂ ਜਾਓ। ਹੁਣ ਵੇਖੋ ਇਹ ਹੈ ਇਸ ਸੂਬੇ ਦਾ ਹਾਲ।”

    “ਮੈਂ ਦੇਵੀ ਮਾਤਾ ਨੂੰ ਬੇਨਤੀ ਕੀਤੀ ਕਿ ਮੈਂ ਉਨ੍ਹਾਂ ਦੇ ਦਰਸ਼ਨ ਕਰਨ ਜ਼ਰੂਰ ਆਵਾਂਗਾ।”

    ਉਨ੍ਹਾਂ ਨੇ ਅੱਗੇ ਕਿਹਾ, “ਗੁਰੂਆਂ, ਪੀਰਾਂ ਅਤੇ ਵੀਰਾਂ ਦੀ ਧਰਤੀ ‘ਤੇ ਆਉਣਾ ਆਪਣੇ-ਆਪ ਵਿੱਚ ਬਹੁਤ ਵੱਡਾ ਸੁੱਖ ਹੈ।“

    “ਮੈਂ ਪੰਜਾਬ ਦੀ ਧਰਤੀ ਤੋਂ ਭਾਰਤ ਮਾਂ ਦੇ ਸ਼ਹੀਦਾਂ ਦੇ ਚਰਨਾਂ ਵਿੱਚ ਸ਼ਰਧਾਜਲੀ ਦਿੰਦਾ ਹਾਂ।“

    “ਇੱਥੇ ਬਹੁਤ ਸਾਰੇ ਲੋਕ ਮੌਜੂਦ ਹਨ, ਜਿਨ੍ਹਾਂ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਅਤੇ ਪੰਜਾਬ ਨਾਲ ਮੇਰਾ ਭਾਵਨਾਤਮਕ ਰਿਸ਼ਤਾ ਰਿਹਾ ਹੈ। ਪੰਜਾਬ ਨੇ ਉਸ, ਵੇਲੇ ਮੈਨੂੰ ਸਾਂਭਿਆ ਜਦੋਂ ਮੈਂ ਇੱਥੇ ਭਾਜਪਾ ਵਰਕਰ ਵਜੋਂ ਕੰਮ ਕਰਦਾ ਹੁੰਦਾ ਸੀ।“

  13. ਜਿਵੇਂ ਕਾਂਗਰਸ ਕਹਿੰਦੀ ਹੈ ਮੇਰਾ ਭਾਜਪਾ ਨਾਲ ਬੜਾ ਪਿਆਰ ਹੈ ਤਾਂ ਮੇਰਾ ਹੈ- ਕੈਪਟਨ

    ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ ਦੇਸ਼ ਦੀ ਰੱਖਿਆ।

    “ਦੂਜੀ ਗੱਲ ਇਹ ਕਿ ਸੂਬਾ ਕਰਜ਼ੇ ਵਿੱਚ ਅਤੇ ਇਸ ‘ਤੇ ਕਰੀਬ-ਕਰੀਬ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਜਿਹੜੀ ਜੀਐੱਸਟੀ ਹੈ ਉਹ ਵੀ ਅਗਲੇ ਸਾਲ ਮੁੱਕ ਜਾਣੀ ਤੇ ਫਿਰ ਪੈਸਾ ਕਿਥੋਂ ਆਵੇਗਾ। ਜਦੋਂ ਸੈਂਟਰ ਦੀ ਸਰਕਾਰ ਅਤੇ ਸੂਬੇ ਦੀ ਸਰਕਾਰ ਮਿਲ ਚੱਲੇਗੀ ਤਾਂ ਪੰਜਾਬ ਦਾ ਭਵਿੱਖ ਬਣੇਗਾ।“

    “ਮੈਂ ਆਸ ਕਰਦਾ ਹਾਂ ਕਿ ਜਿਸ ਜਜ਼ਬੇ ਨਾਲ ਤੁਸੀਂ ਇੱਥੇ ਪੀਐੱਮ ਨੂੰ ਮਿਲਣ ਆਏ ਓਵੇਂ ਉਮੀਦਵਾਰਾਂ ਨੂੰ ਜਿਤਾਓਗੇ।“

    “ਮੇਰਾ ਪ੍ਰਧਾਨ ਮੰਤਰੀ ਨਾਲ ਬੜਾ ਪਿਆਰ ਹੈ, ਜਿਵੇਂ ਕਾਂਗਰਸ ਵੀ ਕਹਿੰਦੀ ਹੈ ਮੇਰਾ ਭਾਜਪਾ ਨਾਲ ਪਿਆਰ। ਜੋ ਕਹਿੰਦਾ ਹੈ ਕਹੀ ਜਾਵੇ ਮੇਰਾ ਪਿਆਰ ਹੈ ਹੀ ਇਨ੍ਹਾਂ ਨਾਲ।“

  14. ਸ਼੍ਰੋਮਣੀ ਅਕਾਲੀ ਦਲ, ਬਾਦਲ ਅਕਾਲੀ ਦਲ ਬਣ ਕੇ ਰਹਿ ਗਿਆ ਹੈ- ਸੁਖਦੇਵ ਸਿੰਘ ਢੀਂਡਸਾ

    ਜਲੰਧਰ ਵਿੱਚ ਮੋਦੀ ਦੀ ਰੈਲੀ ਵਿੱਚ ਪਹੁੰਚੇ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ, “ਬਹੁਤ ਸਾਰੇ ਉਮੀਦਵਾਰ ਸਾਡੇ ਕੋਲ ਇੱਥੇ ਮੌਜੂਦ ਹਨ, ਭਾਵੇਂ ਭਾਜਪਾ ਵਜੋਂ ਤੇ ਭਾਵੇਂ ਸੰਯੁਕਤ ਅਕਾਲੀ ਦਲ ਦੇ ਰੂਪ ਵਿੱਚ । ਅਸੀਂ ਤੁਹਾਡੇ ਨਾਲ ਇਸ ਕਰਕੇ ਹਾਂ ਕਿਉਂਕਿ ਤੁਸੀਂ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹੋ।“

    ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਹੁਣ ਬਾਦਲ ਅਕਾਲੀ ਦਲ ਬਣ ਕੇ ਰਹਿ ਗਿਆ ਹੈ।

    ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ’ਤੇ ਹਮਲਾ ਕਰਦੇ ਹੋਏ ਪੰਜਾਬ ਉੱਤੇ ਚੜ੍ਹੇ ਕਰਜ਼ੇ ਦਾ ਜ਼ਿਕਰ ਕੀਤਾ।

  15. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿੱਚ ਰੈਲੀ ਨੂੰ ਕਰਨਗੇ ਸੰਬੋਧਨ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿੱਚ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਗਏ ਹਨ।

  16. ਚਰਨਜੀਤ ਚੰਨੀ ਨੇ ਰਾਹੁਲ ਗਾਂਧੀ ਦੀ ਰੈਲੀ ਵਿੱਚ ਨਾ ਪਹੁੰਚ ਸਕਣ ਦਾ ਕਾਰਨ ਦੱਸਿਆ

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਪਰ ਨੂੰ ਮਨਜ਼ੂਰੀ ਨਾ ਮਿਲਣ ਕਰਕੇ ਰਾਹੁਲ ਗਾਂਧੀ ਦੀ ਰੈਲੀ ਨਹੀਂ ਪਹੁੰਚ ਸਕੇ।

    ਰਾਹੁਲ ਗਾਂਧੀ ਦੀ ਹੁਸ਼ਿਆਰਪੁਰ ਵਿੱਚ ਰੈਲੀ ਸੀ।

    ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਮੈਨੂੰ ਤਾਂ ਪਤਾ ਨਹੀਂ ਕੀ ਹੋਇਆ, ਮੈਂ ਤਾਂ 11 ਵਜੇ ਉੱਡਣਾ ਸੀ ਤੇ ਚੋਪਰ ਵਿੱਚ ਜਾ ਕੇ ਬੈਠ ਗਿਆ ਤਾਂ ਚੋਪਰ ਵਾਲੇ ਨੇ ਦੱਸਿਆ ਕਿ ਮਨਜ਼ੂਰੀ ਰੱਦ ਹੋ ਗਈ।“

    “ਮੈਂ ਰਾਹੁਲ ਗਾਂਧੀ ਦੀ ਰੈਲੀ ਵਿੱਚ ਨਹੀਂ ਪਹੁੰਚ ਸਕਿਆ ਕਿਉਂਕਿ ਇਨ੍ਹਾਂ ਨੇ ਕਲੀਅਰੈਂਸ ਨਹੀਂ ਦਿੱਤੀ।“

    “ਉਨ੍ਹਾਂ ਨੇ ਕਿਹਾ ਉਹ ਹੁਣ ਨੋ ਫਲਾਈਂਗ ਜ਼ੋਨ ਐਲਾਨ ਦਿੱਤਾ ਹੈ ਕਿਉਂਕਿ ਉੱਥੇ ਪ੍ਰਧਾਨ ਮੰਤਰੀ ਆ ਰਹੇ ਹਨ। ਇਸ ਕਰਕੇ ਮੈਂ ਹੁਣ 4 ਘੰਟਿਆਂ ਬਾਅਦ ਸੁਜਾਨਪੁਰ ਜਾ ਰਿਹਾ ਹਾਂ।“

    “ਮੈਨੂੰ ਪਹਿਲਾਂ 11 ਵਜੇ ਉੱਡਣ ਦੀ ਮਨਜ਼ੂਰੀ ਦਿੱਤੀ ਤੇ ਲੈਂਡ ਕਰਨ ਦੀ ਮਨਜ਼ੂਰੀ ਸੀ , ਜੋ ਬਾਅਦ ਵਿੱਚ ਰੱਦ ਕਰ ਦਿੱਤੀ ਗਈ।“

  17. ‍ਅੱਧੀ ਆਬਾਦੀ ਨੂੰ ਪੂਰਾ ਹੱਕ ਦੇਣ ਦੀ ਗੱਲ ਕਾਂਗਰਸ ਨੇ ਕੀਤੀ: ਨਵਜੋਤ ਸਿੰਘ ਸਿੱਧੂ

    ਹੁਸ਼ਿਆਰਪੁਰ ਵਿਖੇ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ਕਾਂਗਰਸ ਔਰਤਾਂ ਨੂੰ ਆਰਥਿਕ ਹਿੱਸੇਦਾਰੀ ਵਿਚ ਸ਼ਾਮਿਲ ਕਰੇਗੀ।

    ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਔਰਤਾਂ ਨੂੰ ਮੁਫ਼ਤ ਸਿਲੰਡਰ ਵੀ ਦੇਵੇਗੀ।

    ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਵੱਲੋਂ ਐਲਾਨ ਕੀਤਾ ਗਿਆ ਕਿ 18 ਸਾਲ ਤੋਂ ਉਪਰ ਦੀਆਂ ਔਰਤਾਂ ਨੂੰ 1000 ਰੁਪਏ ਦਿੱਤੇ ਜਾਣਗੇ।

    ਉਨ੍ਹਾਂ ਨੇ ਆਖਿਆ ਕਿ ਕਾਂਗਰਸ ਪੰਜਵੀਂ, ਦਸਵੀਂ ਅਤੇ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਕੁੜੀਆਂ ਨੂੰ ਨਕਦ ਰਕਮ ਦੇਵੇਗੀ। ਹੁਸ਼ਿਆਰਪੁਰ ਵਿੱਚ ਫੂਡ ਪ੍ਰੋਸੈਸਿੰਗ ਨੂੰ ਵਿਕਸਤ ਕਰਨ ਦੀ ਗੱਲ ਵੀ ਨਵਜੋਤ ਸਿੰਘ ਸਿੱਧੂ ਨੇ ਆਖੀ।

  18. ਹੈਲੀਕਾਪਟਰ ਨੂੰ ਆਗਿਆ ਨਾ ਮਿਲਣ ਕਰਕੇ ਨਹੀਂ ਪਹੁੰਚ ਸਕੇ ਚੰਨੀ ਹੁਸ਼ਿਆਰਪੁਰ

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਹੁਸ਼ਿਆਰਪੁਰ ਵਿਖੇ ਕਾਂਗਰਸ ਦੀ ਰੈਲੀ ਵਿਖੇ ਪੁੱਜਣਾ ਸੀ।

    ਇਸ ਰੈਲੀ ਨੂੰ ਰਾਹੁਲ ਗਾਂਧੀ ਨੇ ਸੰਬੋਧਨ ਕੀਤਾ। ਖ਼ਬਰ ਏਜੰਸੀ ਏਐਨਆਈ ਮੁਤਾਬਕ ਸੁਨੀਲ ਜਾਖੜ ਨੇ ਆਖਿਆ ਕਿ ਮੁੱਖ ਮੰਤਰੀ ਦੇ ਚੌਪਰ ਨੂੰ ਉੱਡਣ ਦੀ ਆਗਿਆ ਨਹੀਂ ਮਿਲੀ।

    ਸਟੇਜ ਤੋਂ ਬੋਲਦਿਆਂ ਸੁਨੀਲ ਜਾਖੜ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਚੌਪਰ ਦੀ ਆਗਿਆ ਰੱਦ ਕੀਤੀ ਗਈ ਹੈ ਇਹ ਸ਼ਰਮਨਾਕ ਹੋਵੇਗਾ ਜੇਕਰ ਚੋਣ ਕਮਿਸ਼ਨ ਇਸ ਦਾ ਨੋਟਿਸ ਨਹੀਂ ਲੈਂਦਾ।

  19. ਭ੍ਰਿਸ਼ਟਾਚਾਰ,ਬੇਰੁਜ਼ਗਾਰੀ 'ਤੇ ਗੱਲ ਨਹੀਂ ਕਰਦੇ ਪ੍ਰਧਾਨ ਮੰਤਰੀ:ਰਾਹੁਲ ਗਾਂਧੀ

    ਹੁਸ਼ਿਆਰਪੁਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਆਖਿਆ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਉਹ ਗ਼ਰੀਬ ਘਰ ਤੋਂ ਆਉਂਦੇ ਹਨ।

    ਰਾਹੁਲ ਨੇ ਕਿਹਾ ਕਿ ਚੰਨੀ ਅਰਬਪਤੀਆਂ ਦੀ ਸਰਕਾਰ ਨਹੀਂ ਚਲਾਉਣਗੇ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ।

    ਰਾਹੁਲ ਗਾਂਧੀ ਨੇ ਆਖਿਆ ਕਿ ਪ੍ਰਧਾਨਮੰਤਰੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਕਾਲੇ ਧਨ 'ਤੇ ਕੋਈ ਟਿੱਪਣੀ ਨਹੀਂ ਕਰਦੇ।

  20. ਰਾਹੁਲ ਗਾਂਧੀ ਦੀ ਹੁਸ਼ਿਆਰਪੁਰ ਰੈਲੀ - Live