You’re viewing a text-only version of this website that uses less data. View the main version of the website including all images and videos.

Take me to the main website

ਮੋਦੀ ਨੇ ਕਿਹਾ, 'ਵੋਟਾਂ ਦੇ ਠੇਕੇਦਾਰ ਮੁਸਲਮਾਨ ਭੈਣ-ਬੇਟੀਆਂ ਨੂੰ ਵਰਗਲਾ ਰਹੇ ਹਨ'

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

  2. ਹੁਣ ਤੱਕ ਦਾ ਪ੍ਰਮੁੱਖ ਘਟਨਾਕ੍ਰਮ

    • ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਦੀ ਚੋਣ ਲਈ ਵੋਟਿੰਗ ਹੋਈ
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਵੋਟਾਂ ਦੇ ਠੇਕੇਦਾਰ ਮੁਸਲਮਾਨ ਭੈਣ-ਬੇਟੀਆਂ ਨੂੰ ਵਰਗਲਾ ਰਹੇ ਹਨ।
    • ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀ ਨਾਲ ਕੁਚਲਣ ਦੇ ਮਾਮਲੇ ਵਿੱਚ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।
    • ਸਾਬਕਾ ਡਬਲਿਊ ਡਬਲਿਊ ਈ ਰੈਸਲਰ ਦਲੀਪ ਸਿੰਘ ਉਰਫ਼ ਖਲੀ ਨੇ ਭਾਜਪਾ ਨੂੰ ਜੁਆਈਨ ਕਰ ਲਿਆ ਹੈ।
    • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਕੀ ਪਾਰਟੀਆਂ ਨੂੰ ਹੁਕਮ ਦਿੱਲੀ ਤੋਂ ਆਉਂਦੇ ਨੇ। ਉਹ ਉਹੀ ਕੰਮ ਕਰਨਗੇ ਜੋ ਦਿੱਲੀ ਨੂੰ ਪਸੰਦ ਆਵੇਗਾ ਭਾਵੇਂ ਪੰਜਾਬੀਆਂ ਨੂੰ ਪੰਸਦ ਹੀ ਨਾ ਹੋਵੇ।
  3. ਮੋਦੀ ਨੇ ਕਿਹਾ, 'ਵੋਟਾਂ ਦੇ ਠੇਕੇਦਾਰ ਮੁਸਲਮਾਨ ਭੈਣ-ਬੇਟੀਆਂ ਨੂੰ ਵਰਗਲਾ ਰਹੇ ਹਨ'

    ਉੱਤਰ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਸਲਮਾਨ ਭੈਣਾਂ ਨੂੰ ਵਰਗਲਾਉਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ।

    ਮੋਦੀ ਨੇ ਕਿਹਾ ਕਿ ਮੁਸਲਮਾਨ ਭੈਣਾਂ ਤੇ ਬੇਟੀਆਂ ਦਾ ਹੱਕ ਰੋਕਣ ਲਈ, ਉਨ੍ਹਾਂ ਦੀਆਂ ਵਿਕਾਸ ਦੀਆਂ ਉਮੀਦਾਂ ਨੂੰ ਰੋਕਣ ਲਈ ਨਵੇਂ-ਨਵੇਂ ਤਰੀਕੇ ਖੋਜੇ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਰਨਾਟਕ ਵਿੱਚ ਚੱਲ ਰਹੇ ਹਿਜਾਬ ਵਿਵਾਦ ਦਾ ਕੋਈ ਜਿਕਰ ਨਹੀਂ ਕੀਤਾ।

    ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਪੀੜਤ ਮੁਸਲਮਾਨ ਭੈਣ ਦੇ ਨਾਲ ਖੜੀ ਹੈ।

  4. ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਤੋਂ ਬਾਅਦ ਪ੍ਰਿਅੰਕਾ ਗਾਂਧੀ ਦਾ ਮੋਦੀ ਉੱਪਰ ਨਿਸ਼ਾਨਾ

    ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਬੇਟੇ ਅਤੇ ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ਦੀ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਤਿੱਖੀ ਆਲੋਚਨਾ ਕੀਤੀ ਹੈ।

    ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਬਿਲਾਸਪੁਰ ਵਿੱਚ ਇੱਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ, ਅੱਜ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ, ਹੁਣ ਉਹ ਖੁੱਲ੍ਹਾ ਘੁੰਮੇਗਾ।

    ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ ਉੱਪਰ ਪਾਏ ਗਏ ਸੰਬੋਧਨ ਵਿੱਚ ਉਨ੍ਹਾਂ ਨੇ ਪੀਐਮ ਮੋਦੀ ਉਪਰ ਆਪਣਾ ਧਰਮ ਨਾ ਨਿਭਾਉਣ ਦਾ ਇਲਜ਼ਾਮ ਲਾਇਆ ਹੈ।

    ਪ੍ਰਿਅੰਕਾ ਗਾਂਧੀ ਨੇ ਕਿਹਾ, "ਇਨ੍ਹਾਂ ਦੇ ਮੰਤਰੀ ਦੇ ਪੁੱਤਰ ਨੇ ਛੇ ਕਿਸਾਨਾਂ ਨੂੰ ਕੁਚਲਿਆ, ਕੀ ਉਨ੍ਹਾਂ ਨੇ ਆਪਣਾ ਅਸਤੀਫ਼ਾ ਦਿੱਤਾ। ਸਾਡੇ ਪ੍ਰਧਾਨ ਮੰਤਰੀ ਜੀ ਬਹੁਤ ਚੰਗੇ ਹਨ, ਬਹੁਤ ਨੇਕ ਹਨ ਤਾਂ ਉਨ੍ਹਾਂ ਨੇ ਅਸਤੀਫ਼ਾ ਕਿਉਂ ਨਹੀਂ ਮੰਗਿਆ।"

  5. ਕੈਪਟਨ ਦਾ ਸਿੱਧੂ ਉੱਪਰ ਸ਼ਬਦੀ ਹਮਲਾ

    ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਪਰ ਸਿਆਸੀ ਹਮਲਾ ਕੀਤਾ ਹੈ।

    ਉਨ੍ਹਾਂ ਨੇ ਕਿਹਾ, ''ਪੰਜਾਬ ਦੀ ਸਮਾਜਿਕ ਚਾਦਰ ਨੂੰ ਜਾਂ ਕੌਮੀ ਸੁਰੱਖਿਆ ਨੂੰ ਨਵਜੋਤ ਸਿੰਘ ਸਿੱਧੂ ਵਰਗਿਆਂ ਹੱਥੋਂ ਕੰਪਰੋਮਾਈਜ਼ ਨਹੀਂ ਹੋਣ ਦੇਵਾਂਗਾ।"

    "ਬੇਅਦਬੀ ਦੀਆਂ ਤਾਜ਼ਾ ਘਟਨਾਵਾਂ ਦਰਸਾਉਂਦੀਆਂ ਹਨ ਕਿ ਸਾਡੇ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਮਨ ਅਤੇ ਸੁਰੱਖਿਆ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਾਂਗਾ।''

  6. ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਇਨ੍ਹਾਂ ਅਧਾਰਾਂ 'ਤੇ ਮਿਲੀ

    ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀ ਨਾਲ ਕੁਚਲਣ ਦੇ ਮਾਮਲੇ ਵਿੱਚ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।

    ਅਦਾਲਤ ਨੇ ਆਪਣੇ ਹੁਕਮਾਂ ਵਿੱਚ ਜ਼ਮਾਨਤ ਲਈ ਹੇਠ ਲਿਖੀਆਂ ਗੱਲਾਂ ਨੂੰ ਅਧਾਰ ਬਣਾਇਆ ਹੈ-

    • ਮ੍ਰਿਤ ਜਾਂ ਕਿਸੇ ਹੋਰ ਵਿਅਕਤੀ ਦੇ ਸਰੀਰ ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ।
    • ਇਸ ਤੋਂ ਇਲਾਵਾ ਸਰਕਾਰੀ ਪੱਖ ਦੀ ਕਹਾਣੀ ਮੰਨੀ ਗਈ ਹੈ ਕਿ ਘਟਨਾ ਵਾਲੀ ਥਾਂ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਮੌਜੂਦ ਸਨ।
    • ਸੰਭਾਵਨਾ ਹੈ ਕਿ ਡਰਾਈਵਰ ਨੇ ਖ਼ੁਦ ਨੂੰ ਬਚਾਉਣ ਲਈ ਗੱਡੀ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਜਿਸੇ ਦੇ ਨਤੀਜੇ ਵਜੋਂ ਘਟਨਾ ਵਾਪਰ ਗਈ।
    • ਅਦਾਲਤ ਡਰਾਈਵਰ ਸਮੇਤ ਪ੍ਰਦਰਸ਼ਨਕਾਰੀਆਂ ਵੱਲੋਂ ਮਾਰਿਆ ਗਏ ਥਾਰ ਜੀਪ ਵਿੱਚ ਬੈਠੇ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਤੋਂ ਵੀ ਅੱਖਾਂ ਨਹੀਂ ਬੰਦ ਕਰ ਸਕਦੀ।
    • ਕੇਸ ਡਾਇਰੀ ਵਿੱਚ ਉਪਲਭਦ ਤਸਵੀਰਾਂ ਪ੍ਰਦਰਸ਼ਨਕਾਰੀਆਂ ਦੀ ਕਰੂਰਤਾਂ ਨੂੰ ਉਜਾਗਰ ਕਰਦੀਆਂ ਹਨ।
    • ਪ੍ਰਦਰਸ਼ਨਕਾਰੀ ਹਰੀਓਮ ਮਿਸ਼ਰਾ, ਸ਼ੁਭਮਨ ਮਿਸ਼ਰਾ ਅਤੇ ਸ਼ਿਆਮ ਸੁੰਦਰ ਨੂੰ ਕੁੱਟ ਰਹੇ ਸਨ।
    • ਹਾਲਾਂਕਿ ਐਫ਼ਆਈਆਰ ਵਿੱਚ ਅਰਜੀਕਾਰ ਖ਼ਿਲਾਫ਼ ਗੋਲੀ ਚਾਲਾਉਣ ਦੇ ਇਲਜ਼ਾਮ ਹਨ ਪਰ ਜਾਂਚ ਦੇ ਦੌਰਾਨ ਕਿਸੇ ਵੀ ਜ਼ਖਮੀ ਜਾਂ ਮ੍ਰਿਤ ਵਿਅਕਤੀ ਦੇ ਗੋਲੀ ਕਾਰਨ ਲੱਗੀਆਂ ਸੱਟਾਂ ਨਹੀਂ ਮਿਲੀਆਂ ਹਨ।
    • ਜਦੋਂ ਅਰਜੀਕਾਰ ਨੂੰ ਨੋਟਿਸ ਭੇਜਿਆ ਗਿਆ ਤਾਂ ਉਹ ਜਾਂਚ ਅਧਿਕਾਰੀ ਦੇ ਸਨਮੁੱਖ ਪੇਸ਼ ਹੋਇਆ।
  7. ਚਮਕੌਰ ਸਾਹਿਬ: ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਕੀ ਸੋਚਦੇ ਹਨ ਲੋਕ

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਮੋਰਿੰਡਾ ਸ਼ਹਿਰ ਵਿੱਚ ਲੋਕਾਂ ਦੇ ਕੀ ਮੁੱਦੇ ਹਨ ਇਸ ਬਾਰੇ ਗੱਲ ਕਰ ਰਹੇ ਹਨ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ

  8. ਸੋਨੀਆ ਗਾਂਧੀ ਦੇ ਘਰ ਦੇ ਘਰ ਅਤੇ ਕਾਂਗਰਸ ਦਫ਼ਤਰ ਦਾ ਕਿਰਾਇਆ ਬਕਾਇਆ

    ਖ਼ਬਰ ਏਜੰਸੀ ਏਐਨਆਈ ਮੁਤਾਬਕ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਕਾਰਕੁਨ ਸੁਜੀਤ ਪਟੇਲ ਵੱਲੋਂ ਮੰਗੀ ਜਾਣਕਾਰੀ ਦੇ ਜਵਾਬ ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਦਾ 4610 ਰੁਪਏ ਕਿਰਾਇਆ ਬਕਾਇਆ ਹੈ ਅਤੇ ਆਖ਼ਰੀ ਵਾਰੀ ਉਨ੍ਹਾਂ ਨੇ ਸਤੰਬਰ 2020 ਵਿੱਚ ਕਿਰਾਇਆ ਭਰਿਆ ਸੀ।

    ਮੰਤਰਾਲੇ ਵੱਲੋਂ ਆਰਟੀਆਈ ਦੇ ਜਵਾਬ ਵਿੱਚ ਦੱਸਿਆ ਗਿਆ ਹੈ ਕਿ ਕਾਂਗਰਸ ਦੇ 10 ਜਨਪਥ ਉੱਪਰ ਮੁੱਖ ਦਫ਼ਤਰ ਦਾ ਕਿਰਾਇਆ ਵੀ ਦਸੰਬਰ 2012 ਤੋਂ ਬਾਅਦ ਨਹੀਂ ਭਰਿਆ ਗਿਆ ਹੈ ਤੇ ਪਾਰਟੀ ਵੱਲ 12,69,902 ਬਕਾਇਆ ਹੈ।

    ਇਸ ਤੋਂ ਇਲਵਾ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਵਿਨਸਿੰਟ ਜੌਰਜ ਨੇ ਵੀ ਅਗਸਤ 2013 ਤੋਂ ਕਿਰਾਇਆ ਨਹੀਂ ਦਿੱਤਾ ਹੈ ਅਤੇ ਉਨ੍ਹਾਂ ਦੇ 5,07,911 ਰੁਪਏ ਕਿਰਾਏ ਵਜੋਂ ਬਕਾਇਆ ਹੈ।

  9. ਪ੍ਰਿਅੰਕਾ ਗਾਂਧੀ ਨੇ ਇੱਕ ਮੋਟਰ ਮਕੈਨਿਕ ਨੂੰ ਇੰਝ ਸਮਝਾਇਆ ਕਾਂਗਰਸ ਦਾ ਮੈਨੀਫੈਸਟੋ

    ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਮੋਟਰ ਮਕੈਨਿਕ ਦੀ ਦੁਕਾਨ ਵਿੱਚ ਬੈਠ ਕੇ ਦੁਕਾਨਦਾਰ ਨੂੰ ਉੱਤਰ ਪ੍ਰਦੇਸ਼ ਚੋਣਾਂ ਲਈ ਕਾਂਗਰਸ ਦਾ ਚੋਣ ਮਨੋਰਥ ਪੱਤਰ ਪੜ੍ਹ ਕੇ ਦੱਸਿਆ।

  10. ਸੁਖਬੀਰ ਬਾਦਲ ਨੇ ਕਿਹਾ, 'ਬਾਕੀ ਪਾਰਟੀਆਂ ਨੂੰ ਹੁਕਮ ਬਾਹਰੋਂ ਆਉਂਦੇ ਨੇ'

    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਦੀਨਾਨਗਰ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕਮਲਜੀਤ ਚਾਵਲਾ ਦੇ ਹੱਕ 'ਚ ਪਿੰਡ ਸਾਹੋਵਾਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ।

    ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਾਕੀ ਪਾਰਟੀਆਂ ਨੂੰ ਹੁਕਮ ਦਿੱਲੀ ਤੋਂ ਆਉਂਦੇ ਨੇ। ਉਹ ਉਹੀ ਕੰਮ ਕਰਨਗੇ ਜੋ ਦਿੱਲੀ ਨੂੰ ਪਸੰਦ ਆਵੇਗਾ ਭਾਵੇਂ ਪੰਜਾਬੀਆਂ ਨੂੰ ਪੰਸਦ ਹੀ ਨਾ ਹੋਵੇ।

    ਉਨ੍ਹਾਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਆਏ ਪਰ ਪੰਜਾਬ ਦੀ ਭਾਜਪਾ ਦੀ ਲੀਡਰਸ਼ਿਪ ਦੀ ਹਿੰਮਤ ਨਹੀਂ ਹੋ ਸਕੀ ਵਿਰੋਧ ਕਰਨਦੀ। ਜੇ ਵਿਰੋਧ ਕੀਤਾ ਤਾਂ ਅਕਾਲੀ ਦਲ ਨੇ।

    ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਕਿ ਆਮ ਲੋਕਾਂ ਨੂੰ ਟਿਕਟ ਦੇਵਾਂਗੇ ਪਰ ਦਿੱਤੇ ਕਿੰਨ੍ਹਾਂ ਨੂੰ ਜਿਨ੍ਹਾਂ ਨੂੰ ਜਾਂ ਕਾਂਗਰਸ ਨੇ ਕੱਢਿਆ ਹੋਇਆ ਸੀ ਜਾਂ ਅਕਾਲੀ ਦਲ ਨੇ।

    ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਬੀਐਸਪੀ ਵੀ ਪੰਜਾਬ ਦੀ ਪਾਰਟੀ ਹੈ ਜਿਸ ਦੇ ਮੋਢੀ ਬਾਬੂ ਕਾਂਸ਼ੀ ਰਾਮ ਨੇ ਪਹਿਲਾ ਇਲੈਕਸ਼ਨ ਤੋਂ ਲੜਿਆ।

  11. ਕੇਜਰੀਵਾਲ ਦੇ ਪਤਨੀ ਭਗਵੰਤ ਮਾਨ ਲਈ ਵੋਟ ਮੰਗਣ ਪੰਜਾਬ ਆਉਣਗੇ

    ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ 11 ਫਰਵਰੀ ਨੂੰ ਪੰਜਾਬ ਵਿੱਚ ਚੋਣ ਪ੍ਰਚਾਰ ਕਰਨਗੇ।

    ਸੁਨੀਤਾ ਕੇਜਰੀਵਾਲ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

    ਉਨ੍ਹਾਂ ਆਨੇ ਟਵੀਟ 'ਚ ਲਿਖਿਆ, ''ਕੱਲ੍ਹ ਬੇਟੀ ਨਾਲ ਆਪਣੇ ਦਿਓਰ ਭਗਵੰਤ ਮਾਨ ਲਈ ਵੋਟ ਮੰਗਣ ਧੂਰੀ ਜਾ ਰਹੀ ਹਾਂ।''

  12. ਲਖੀਮਪੁਰ ਖੀਰੀ ਮਾਮਲੇ ਵਿੱਚ ਆਸ਼ੀਸ਼ ਮਿਸ਼ਰਾ ਨੂੰ ਮਿਲੀ ਜ਼ਮਾਨਤ

    ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀ ਨਾਲ ਕੁਚਲਣ ਦੇ ਮਾਮਲੇ ਵਿੱਚ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।

    ਬੀਬੀਸੀ ਸਹਿਯੋਗੀ ਅਨੇਤ ਝਣਾਣੇ ਅਨੁਸਾਰ ਆਸ਼ੀਸ਼ ਮਿਸ਼ਰਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਰਕਾਰੀ ਪੱਖ ਮੌਕਾ-ਏ-ਵਾਰਦਾਤ ’ਤੇ ਆਸ਼ੀਸ਼ ਮਿਸ਼ਰਾ ਦੀ ਮੌਜੂਦਗੀ ਸਾਬਿਤ ਨਹੀਂ ਕਰ ਸਕਿਆ।

    ਆਸ਼ੀਸ਼ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਹਨ।

    3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਤਿਕੂਨੀਆ ਪਿੰਡ ਲਾਗੇ ਹੋਈ ਹਿੰਸਕ ਵਾਰਦਾਤ ਵਿਚ 4 ਕਿਸਾਨਾਂ ਅਤੇ ਇੱਕ ਪੱਤਰਕਾਰ ਸਣੇ 8 ਮੌਤਾਂ ਹੋਈਆਂ ਸਨ।

    ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਕਾਲੀਆਂ ਝੰਡੀਆਂ ਦਿਖਾਉਣ ਪਹੁੰਚੇ ਸਨ ਤਾਂ ਇੱਕ ਥਾਰ ਜੀਪ ਨੇ ਉਨ੍ਹਾਂ ਨੂੰ ਦਰੜ ਦਿੱਤਾ।

    ਮੰਤਰੀ ਦੇ ਪੱਤਰ ਆਸ਼ੀਸ਼ ਮਿਸ਼ਰਾ ਸਣੇ 15 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਇਸ ਮਾਮਲੇ ਦੀ ਐੱਫ਼ਆਈਆਰ ਦਰਜ ਕੀਤੀ ਗਈ ਸੀ।

    ਇਸ ਤੋਂ ਕੁਝ ਦਿਨਾਂ ਮਗਰੋਂ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

  13. ਪੰਜਾਬ ਚੋਣਾਂ: ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਖ਼ਿਲਾਫ਼ ‘ਆਪ’ ਦੀ ਜੀਵਨਜੋਤ ਕੌਰ ਕਿੰਨੀ ਮਜ਼ਬੂਤ ਦਾਅਵੇਦਾਰ

    ਜੀਵਨਜੋਤ ਕੌਰ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਹੈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਪੂਰਬੀ ਤੋਂ ਟਿਕਟ ਦਿੱਤੀ ਹੈ।

    ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਨਾਲ ਹੈ।

    ਜੀਵਨਜੋਤ, ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਖ਼ਿਲਾਫ਼ ਕਿੰਨੇ ਮਜ਼ਬੂਤ ਦਾਅਵੇਦਾਰ ਹਨ, ਦੇਖੋ ਇਹ ਖਾਸ ਵੀਡੀਓ।

  14. ਖਲੀ ਭਾਜਪਾ ਵਿੱਚ ਸ਼ਾਮਿਲ ਹੋਏ

    ਸਾਬਕਾ ਡਬਲਿਊ ਡਬਲਿਊ ਈ ਰੈਸਲਰ ਦਲੀਪ ਸਿੰਘ ਉਰਫ਼ ਖਲੀ ਨੇ ਭਾਜਪਾ ਨੂੰ ਜੁਆਈਨ ਕਰ ਲਿਆ ਹੈ।

  15. ਭਾਜਪਾ ਲਈ ਚੋਣ ਪ੍ਰਚਾਰ ਕਰਨ ਨਿੱਕਲੇ ਅਦਾਕਾਰਾ ਮਾਹੀ ਗਿੱਲ

    ਬਾਲੀਵੁੱਡ ਤੇ ਪੰਜਾਬੀ ਅਦਾਕਾਰਾ ਮਾਹੀ ਗਿੱਲ ਪੰਜਾਬ ਦੇ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਲਈ ਚੋਣ ਪ੍ਰਚਾਰ ਕਰਨ ਪਹੁੰਚੇ।

    ਬੀਬੀਸੀ ਸਹਿਯੋਗੀ ਪਰਦੀਪ ਪੰਡਿਤ ਅਨੁਸਾਰ ਮਾਹੀ ਗਿੱਲ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਮੌਜੂਦ ਸਨ।

    ਮਾਹੀ ਗਿੱਲ ਲੰਘੇ ਸੋਮਵਾਰ ਨੂੰ ਭਾਜਪਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਦੇਖੋ ਪ੍ਰਚਾਰ ਦੌਰਾਨ ਮਾਹੀ ਦੀਆਂ ਤਸਵੀਰਾਂ।

  16. ਭਗਵੰਤ ਮਾਨ ਬੋਲੇ, 'ਮੇਰੇ ਲਈ ਕਿਸਾਨਾਂ ਦੇ ਮੁੱਦੇ ਚੁੱਕਣਾ ਵੱਡੀ ਗੱਲ'

    ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਅੰਮ੍ਰਿਤਸਰ 'ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ, ਸ਼ਿਰੋਮਣੀ ਅਕਾਲੀ ਦਲ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ।

    ਉਨ੍ਹਾਂ ਕਿਹਾ, ''ਮੈਂ ਕੱਲ ਸੰਸਦ 'ਚ ਸੀ, ਮੇਰਾ ਫਰਜ਼ ਸੀ, ਮੈਂ ਕਿਸਾਨਾਂ ਦੇ ਮੁੱਦੇ 'ਤੇ ਬੋਲ ਕੇ ਆਇਆ ਹਾਂ। ਦੁੱਖ ਦੀ ਗੱਲ ਇਹ ਸੀ ਕਿ ਜਿਸ ਵੇਲੇ ਮੈਂ ਕਿਸਾਨਾਂ ਦੇ ਮੁੱਦੇ 'ਤੇ ਬੋਲ ਰਿਹਾ ਸੀ, ਭਾਵੇਂ ਗੰਨੇ ਦੇ ਕਿਸਾਨ ਹਨ, ਭਾਵੇਂ ਨਰਮੇ ਦੇ ਕਿਸਾਨ ਹਨ ਭਾਵੇਂ 743 ਜਿਹੜੀਆਂ ਸੰਘਰਸ਼ 'ਚ ਮੌਤਾਂ ਹੋਈਆਂ ਤੇ ਪਰਚੇ ਦਰਜ ਹੋਏ, ਜਦੋਂ ਮੈਂ ਬੋਲ ਰਿਹਾ ਸੀ ਪੰਜਾਬ ਦੇ 12 ਬਾਕੀ ਐੱਮਪੀ ਉੱਥੇ ਹੈ ਨਹੀਂ ਸਨ।''

    ''8 ਕਾਂਗਰਸ ਦੇ, ਦੋ ਪਤੀ-ਪਤਨੀ ਇਹ ਅਕਾਲੀ ਦਲ ਅਤੇ 2 ਬੀਜੇਪੀ ਵਾਲੇ, ਇਹ ਨਹੀਂ ਸਨ ਉੱਥੇ।''

    ''ਜਦਕਿ ਚੋਣ ਪ੍ਰਚਾਰ ਮੈਂ ਪੂਰਾ ਇੱਕ ਦਿਨ ਛੱਡ ਕੇ ਗਿਆ ਹਾਂ। ਮੇਰੇ ਲਈ ਉਨ੍ਹਾਂ ਦੇ ਮੁੱਦੇ ਚੁੱਕਣਾ ਵੱਡੀ ਗੱਲ ਹੈ।''

  17. ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ: 11 ਬਜੇ ਤੱਕ ਇੰਨਾ ਹੋਇਆ ਮਤਦਾਨ

    ਸੂਬੇ 'ਚ ਵਿਧਾਨ ਸਭਾ ਦੀਆਂ ਚੋਣਾਂ ਦਾ ਪਹਿਲਾ ਫੇਜ਼ ਅੱਜ ਜਾਰੀ ਹੈ।

    ਉੱਤਰ ਪ੍ਰਦੇਸ਼ ਸੀਈਓ ਆਫਿਸ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਸਾਂਝਾ ਕੀਤੀ ਗਈ ਜਾਣਕਾਰੀ ਮੁਤਾਬਕ, ਪਹਿਲੇ ਪੜਾਅ ਤਹਿਤ 11 ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੱਕ ਕੁੱਲ ਮਤਦਾਨ ਔਸਤਨ 20.03% ਰਿਹਾ।

  18. ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ: ਵੱਖ-ਵੱਖ ਮਤਦਾਨ ਕੇਂਦਰਾਂ ਦਾ ਹਾਲ

    ਉੱਤਰ ਪ੍ਰਦੇਸ਼ 'ਚ ਅੱਜ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਦਾ ਮਤਦਾਨ ਹੋ ਰਿਹਾ ਹੈ। ਲੋਕ ਵੋਟ ਪਾਉਣ ਲਈ ਵੱਖ-ਵੱਖ ਮਤਦਾਨ ਕੇਂਦਰਾਂ 'ਤੇ ਪਹੁੰਚ ਰਹੇ ਹਨ।

  19. ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ: ਸਵੇਰੇ 9 ਵਜੇ ਤੱਕ ਇਹ ਰਿਹਾ ਮਤਦਾਨ ਔਸਤ

    ਉੱਤਰ ਪ੍ਰਦੇਸ਼ 'ਚ ਅੱਜ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਦਾ ਮਤਦਾਨ ਹੋ ਰਿਹਾ ਹੈ।

    ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ ਸਵੇਰੇ 09 ਵਜੇ ਤੱਕ 11 ਜ਼ਿਲ੍ਹਿਆਂ ਵਿੱਚ ਕੁੱਲ ਮਤਦਾਨ ਔਸਤਨ 7.93% ਰਿਹਾ।

    ਇਹ ਜਾਣਕਾਰੀ ਉੱਤਰ ਪ੍ਰਦੇਸ਼ ਸੀਈਓ ਆਫਿਸ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਸਾਂਝਾ ਕੀਤੀ ਗਈ ਹੈ।

  20. ਪੰਜਾਬ ਚੋਣਾਂ: ਬਹੁਕੋਣੇ ਮੁਕਾਬਲੇ ਵਿੱਚ ਕਿਸ ਪਾਸੇ ਝੁਕ ਸਕਦਾ ਹੈ ਦਲਿਤ ਵੋਟਰ

    ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਇਸ ਵਾਰ ਮੁਕਾਬਲਾ ਬਹੁਕੋਣੀ ਹੈ। ਇਨ੍ਹਾਂ ਚੋਣਾਂ ਵਿੱਚ ਦਲਿਤ ਭਾਈਚਾਰੇ ਦੀਆਂ ਵੋਟਾਂ ਬਾਰੇ ਚਰਚਾ ਚੱਲ ਰਹੀ ਹੈ।

    ਪੰਜਾਬ ਦੀਆਂ ਚੋਣਾਂ ਵਿੱਚ ਦਲਿਤ ਭਾਈਚਾਰਾ ਕਿੰਨਾ ਅਹਿਮ ਹੈ ਅਤੇ ਇਸ ਦਾ ਵੋਟਿੰਗ ਰੁਝਾਨ ਕੀ ਰਿਹਾ ਹੈ ਅਤੇ ਇਸ ਵਾਰ ਇਹ ਕਿਸ ਪਾਸੇ ਝੁਕ ਸਕਦਾ ਹੈ।

    ਅਜਿਹੇ ਹੀ ਸਵਾਲਾਂ ਦੇ ਜਵਾਬ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਰਿਪੋਰਟ ਰਾਹੀਂ।