You’re viewing a text-only version of this website that uses less data. View the main version of the website including all images and videos.

Take me to the main website

ਕਿਸਾਨ ਅੰਦੋਲਨ: ਕਿਸਾਨਾਂ ਨੇ ਮਿਨੀ ਸਕੱਤਰੇਤ ਘੇਰਿਆ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ, ਕਿਸਾਨਾਂ ਨੇ ਤੋੜੇ ਬੈਰੀਕੇਡ

ਕਰਨਾਲ ਵਿੱਚ ਕਿਸਾਨਾਂ ਵੱਲੋਂ 7 ਸਤੰਬਰ ਦੇ ਧਰਨੇ ਅਤੇ ਮਿੰਨੀ ਸਕੱਤਰੇਤ ਨੂੰ ਘੇਰਣ ਦੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ

ਲਾਈਵ ਕਵਰੇਜ

  1. ਅਸੀਂ ਇਹ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ। ਦੇਸ-ਵਿਦੇਸ਼ ਦੀਆਂ ਅਹਿਮ ਖ਼ਬਰਾਂ ਲਈ ਤੁਸੀਂ ਬੀਬੀਸੀ ਪੰਜਾਬੀ ਨਾਲ ਜੁੜੇ ਰਹੋ

  2. ਕਰਨਾਲ ਵਿੱਚ ਕਿਸਾਨਾਂ ਨੇ ਮਿਨੀ ਸਕੱਤਰੇਤ ਅੱਗੇ ਧਰਨਾ ਲਗਾਇਆ, ਰਣਨੀਤੀ ਬਾਰੇ ਇਹ ਦੱਸਿਆ

    ਕਰਨਾਲ ਵਿੱਚ ਕਿਸਾਨਾਂ ’ਤੇ ਹਰਿਆਣਾ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ ਹਨ। ਮਿਨੀ ਸਕੱਤਰੇਤ ਦਾ ਘੇਰਾਓ ਕਰਨ ਲਈ ਕਿਸਾਨ ਲਗਾਤਾਰ ਅੱਗੇ ਵਧ ਰਹੇ ਹਨ।

    ਕਿਸਾਨਾਂ ਨੇ ਬੈਰੀਕੇਡ ਤੋੜੇ ਤੇ ਮਿਨੀ ਸਕੱਤਰੇਤ ਪਹੁੰਚ ਗਏ। ਕਿਸਾਨਾਂ ਨੇ ਫਿਲਹਾਲ ਮਿਨੀ ਸਕੱਤਰੇਤ ਦਾ ਘੇਰਾਓ ਕੀਤਾ ਹੋਇਆ ਹੈ। ਕਰਨਾਲ ਵਿੱਚ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਾਲੇ ਗੱਲਬਾਤ ਬੇਨਤੀਜਾ ਰਹੀ ਹੈ।

    ਕਿਸਾਨਾਂ ਦੀ 11 ਮੈਂਬਰੀ ਕਮੇਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਗਈ ਸੀ।

    ਬੈਠਕ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਪੁਲਿਸ ਕਾਰਵਾਈ ਨੂੰ ਲੈ ਕੇ ਸੀ। ਲਾਠੀਚਾਰਜ ਦੇ ਹੁਕਮ ਦੇਣ ਵਾਲੇ ਅਫ਼ਸਰ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਸੀ। ਰਿਪੋਰਟ - ਕਮਲ ਸੈਣੀ, ਸਤ ਸਿੰਘ ਐਡਿਟ - ਸਦਫ਼ ਖ਼ਾਨ

  3. ਹਰਿਆਣਾ ਦੇ ਮਿਨੀ ਸਕੱਤਰੇਤ ’ਤੇ ਧਰਨੇ ’ਤੇ ਬੈਠੇ ਕਿਸਾਨ ਆਗੂ

    ਹਰਿਆਣਾ ਦੇ ਮਿਨੀ ਸਕੱਤਰੇਤ ’ਤੇ ਕਿਸਾਨ ਆਗੂ ਧਰਨੇ ’ਤੇ ਬੈਠੇ ਹਨ।

    ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਨੇ ਮਿਨੀ ਸਕੱਤਰੇਤ ਵੱਲ ਰੁਖ਼ ਕੀਤਾ ਸੀ।

    ਜਿਸ ਤੋਂ ਬਾਅਦ ਬੈਰਕੇਡ ਤੋੜ ਕੇ ਉਹ ਇੱਥੇ ਧਰਨੇ ’ਤੇ ਬੈਠ ਗਏ ਹਨ।

  4. ਖਾਪਾਂ ਵੀ ਕਿਸਾਨਾਂ ਦੇ ਹੱਕ ’ਚ ਨਿੱਤਰੀਆਂ

    ਹਰਿਆਣਾ ਦੀਆਂ ਖਾਪ ਪੰਚਾਇਤਾਂ ਵੀ ਕਿਸਾਨਾਂ ਦੇ ਹੱਕ ਨਿੱਤਰੀਆਂ ਹਨ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਪਹੁੰਚੀਆਂ ਹਨ।

    ਉਨ੍ਹਾਂ ਨੇ ਵੀ ਕੰਡੇਲਾ ਪਿੰਡ ਵਿੱਚ ਜਾਮ ਲਗਾ ਕੇ ਜੀਂਦ ਕੈਥਲ-ਚੰਡੀਗੜ੍ਹ ਹਾਈਵੇ ਜਾਮ ਕੀਤਾ ਗਿਆ ਹੈ।

    ਖਾਪ ਨੇਤਾ ਓਮ ਪ੍ਰਕਾਸ਼ ਕੰਡੇਲਾ ਦੀ ਅਗਵਾਈ ਵਿੱਚ ਜਾਮ ਲਗਾਇਆ ਗਿਆ।

    ਬੀਬੀਸੀ ਸਹਿਯੋਗੀ ਸਤ ਸਿੰਘ ਅਨੁਸਾਰ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੀ ਮਨਮਾਨੀ ਕਰ ਰਹੀ ਹੈ। ਉਨ੍ਹਾਂ ਨੇ ਚਾਰ ਜ਼ਿਲ੍ਹਿਆਂ ਦੇ ਨੈੱਟਵਰਕ ਬੰਦ ਕਰ ਦਿੱਤੇ ਹਨ।

    ਅਸਲ ਵਿੱਚ ਕਰਨਾਲ ਵਿੱਚ ਹੋਏ ਘੇਰਾਓ ਲਈ ਜੀਂਦ ਤੋਂ ਵੀ ਕਾਫੀ ਲੋਕ ਗਏ ਹੋਏ ਹਨ।

    ਉਹ ਅੱਗੇ ਕਹਿੰਦੇ ਹਨ, “ਹੁਣ ਆਪਣਿਆਂ ਬਾਰੇ ਕਿਵੇਂ ਪਤਾ ਲਗਾਉਣ। ਇਹ ਸਰਕਾਰ ਦੀ ਪਹਿਲਾਂ ਦੀ ਤੈਅ ਕੀਤੀ ਹੋਈ ਯੋਜਨਾ ਹੈ। ਜਦੋਂ ਤੱਕ ਸਾਡਾ ਉੱਥੇ ਹੱਲ ਨਹੀਂ ਨਿਕਲਦਾ, ਇਹ ਜਾਮ ਲੱਗਾ ਰਹੇਗਾ।”

  5. ਕਿਸਾਨਾਂ ਨੇ ਘੇਰਿਆ ਮਿਨੀ ਸਕੱਤਰੇਤ, ਤੋੜੇ ਬੈਰੀਕੇਡ

    ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ ਕਿਸਾਨਾਂ ਨੇ ਬੈਰੀਕੇਡ ਤੋੜਦਿਆਂ ਮਿਨੀ ਸਕੱਤਰੇਤ ਦਾ ਘਿਰਾਓ ਕਰ ਲਿਆ ਹੈ। ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ ਪਰ ਕਿਸਾਨ ਫਿਰ ਵੀ ਮਿਨੀ ਸਕੱਤਰੇਤ ਤੱਕ ਪਹੁੰਚ ਗਏ ਹਨ।

    ਇਸ ਦੌਰਾਨ ਪੱਥਰਬਾਜੀ ਦੀ ਵੀ ਖ਼ਬਰ ਹੈ।

  6. ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਪਹਿਲਾਂ ਹਿਰਾਸਤ ’ਚ ਲਿਆ ਮੁੜ ਰਿਹਾਅ ਕੀਤਾ

    ਕਰਨਾਲ ਦੇ ਨਮਸਤੇ ਚੌਕ ’ਤੇ ਕਾਫੀ ਡਰਾਮਾ ਵੇਖਣ ਨੂੰ ਮਿਲਿਆ। ਬੀਬੀਸੀ ਦੇ ਸਹਿਯੋਗੀ ਕਮਲ ਸੈਣੀ ਅਨੁਸਾਰ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਪੁਲਿਸ ਨੇ ਪਹਿਲਾਂ ਹਿਰਾਸਤ ਵਿੱਚ ਲਿਆ ਪਰ ਫਿਰ ਕਈ ਕਿਸਾਨ ਵਿਚਾਲੇ ਆ ਗਏ ਤੇ ਪੁਲਿਸ ਨੂੰ ਉਨ੍ਹਾਂ ਨੂੰ ਹਿਰਾਸਤ ’ਚੋਂ ਛੱਡ ਦਿੱਤਾ।

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਮਕਸਦ ਗ੍ਰਿਫ਼ਤਾਰੀਆਂ ਦੇ ਕੇ ਕਰਨਾਲ ਵਿੱਚ ਹੋ ਰਹੇ ਮੁਜ਼ਾਹਰੇ ਨੂੰ ਸਮਾਪਤ ਕਰਨ ਦਾ ਹੈ।

  7. ਮਿਨੀ ਸਕੱਤਰੇਤ ਵੱਲ ਵਧਦਾ ਕਿਸਾਨਾਂ ਦਾ ਇਕੱਠ

    ਹਰਿਆਣਾ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਮਿਨੀ ਸਕੱਤਰੇਤ ਵੱਲ ਵਧਦੇ ਕਿਸਾਨ। ਕਿਸਾਨਾਂ ਨੇ ਕਰਨਾਲ ਦਾ ਨਮਸਤੇ ਚੌਕ ਪਾਰ ਕਰ ਦਿੱਤਾ ਹੈ।

  8. ਹੁਣ ਕਿਸਾਨ ਨਿਕਲੇ ਮਿਨੀ ਸਕੱਤਰੇਤ ਵੱਲ

    ਹਰਿਆਣਾ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਹੁਣ ਕਿਸਾਨਾਂ ਨੇ ਮਿਨੀ ਸਕੱਤਰੇਤ ਵੱਲ ਰੁਖ਼ ਕਰ ਲਿਆ ਹੈ।

    ਕਿਸਾਨ ਮਿਨੀ ਸਕੱਤਰੇਤ ਵੱਲ ਵਧਣਾ ਸ਼ੁਰੂ ਹੋ ਗਏ ਹਨ।

    ਉਧਰ ਦੂਜੇ ਪਾਸੇ ਪ੍ਰਸ਼ਾਸਨ ਵੀ ਆਪਣੀ ਰੈਪਿਡ ਐਕਸ਼ਨ ਫੋਰਸ ਸਣੇ ਤੈਨਾਤ ਹਨ।

  9. ਬੈਠਕ ਦੌਰਾਨ ਇਸ ਮੰਗ 'ਤੇ ਅੜੇ ਕਿਸਾਨ

    ਰਿਪੋਰਟ- ਕਮਲ ਸੈਣੀ:

    11 ਮੈਂਬਰੀ ਕਮੇਟੀ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਗੱਲਬਾਤ ਡੇਢ ਤੋਂ ਦੋ ਘੰਟੇ ਤੱਕ ਚੱਲੀ।

    ਪਰ ਇਸ ਬੈਠਕ ਵਿੱਚ ਕੋਈ ਹੱਲ ਨਹੀਂ ਨਿਕਲਿਆ। ਕਿਸਾਨਾਂ ਨੇ ਕਈ ਮੰਗਾਂ ਰੱਖੀਆਂ ਸਨ।

    ਕਿਸਾਨ ਇਸ ਮੰਗ 'ਤੇ ਅੜ ਗਏ ਕਿ ਕਿਸਾਨਾਂ ਖਿਲਾਫ਼ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀ ਖਿਲਾਫ਼ ਮਾਮਲਾ ਦਰਜ ਨਹੀਂ ਹੁੰਦਾ ਤਾਂ ਘੱਟੋ-ਘੱਟ ਉਨ੍ਹਾਂ ਨੂੰ ਸਸਪੈਂਡ ਕੀਤਾ ਜਾਵੇ। ਪਰ ਪ੍ਰਸ਼ਾਸਨ ਨੇ ਕੋਈ ਵੀ ਗੱਲ ਨਹੀਂ ਮੰਨੀ।

    ਹੁਣ ਕਿਸਾਨ ਜਥੇਬੰਦੀਆਂ ਵੱਲੋਂ ਅਗਲਾ ਫੈਸਲਾ ਮੰਚ ਤੋਂ ਲਿਆ ਜਾਵੇਗਾ ਜਿੱਥੇ ਪੰਚਾਇਤ ਚੱਲ ਰਹੀ ਹੈ।

  10. ਕਰਨਾਲ ਵਿਖੇ 11 ਕਿਸਾਨ ਆਗੂ ਪ੍ਰਸ਼ਾਸਨ ਨਾਲ ਬੈਠਕ ਕਰਨ ਗਏ ਸਨ

    ਕਰਨਾਲ ਵਿਖੇ ਚੱਲ ਰਹੀ ਮਹਾਂਪੰਚਾਇਤ ਦੌਰਾਨ ਪ੍ਰਸ਼ਾਸਨ ਦੁਆਰਾ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਗਿਆ ਸੀ।

    ਬੀਬੀਸੀ ਸਹਿਯੋਗੀ ਸਤ ਸਿੰਘ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੇ 11 ਆਗੂ ਇਸ ਬੈਠਕ ਵਿੱਚ ਮੌਜੂਦ ਸਨ।

    ਇਨ੍ਹਾਂ ਆਗੂਆਂ ਵਿੱਚ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ ,ਡਾ ਦਰਸ਼ਨਪਾਲ, ਗੁਰਨਾਮ ਸਿੰਘ ਚਢੂਨੀ ਤੇ ਜੋਗਿੰਦਰ ਸਿੰਘ ਉਹਰਾਹਾਂ ਸ਼ਾਮਿਲ ਸਨ।

    28 ਅਗਸਤ ਨੂੰ ਕਰਨਾਲ ਵਿਖੇ ਮੁੱਖ ਮੰਤਰੀ ਦੇ ਸਮਾਗਮ ਮੌਕੇ ਕਿਸਾਨਾਂ ਉਪਰ ਲਾਠੀਚਾਰਜ ਹੋਇਆ ਸੀ ਜਿਸ ਤੋਂ ਬਾਅਦ ਇਹ ਮਹਾਂਪੰਚਾਇਤ ਤੈਅ ਹੋਈ ਸੀ।

    ਮੰਗ ਹੈ ਕਿ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕੇਸ ਦਰਜ ਹੋਵੇ।

  11. ਕਿਸਾਨਾਂ ਦੀ ਬੈਠਕ ਰਹੀ ਬੇਸਿੱਟਾ, ਕਿਸਾਨ ਕਰ ਸਕਦੇ ਹਨ ਸਕੱਤਰੇਤ ਵੱਲ ਕੂਚ

    ਹਰਿਆਣਾ ਵਿੱਚ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਬੈਠਕ ਬੇਸਿੱਟਾ ਰਹੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿਸਾਨ ਹੁਣ ਸਕੱਤਰੇਤ ਵੱਲ ਕੂਚ ਕਰ ਸਕਦੇ ਹਨ।

    ਉਧਰ ਦੂਜੇ ਪਾਸੇ ਪ੍ਰਸ਼ਾਸਨ ਵੀ ਆਪਣੀ ਰੈਪਿਡ ਐਕਸ਼ਨ ਫੋਰਸ ਸਣੇ ਤੈਨਾਤ ਹੈ।

  12. ਕਿਸਾਨਾਂ ਦੀ ਪ੍ਰਸ਼ਾਸਨ ਨਾਲ ਗੱਲਬਾਤ ਬੇਨਤੀਜਾ ਰਹੀ

    ਰਿਪੋਰਟ- ਕਮਲ ਸੈਣੀ:

    ਕਰਨਾਲ ਪ੍ਰਸ਼ਾਸਨ ਦੇ ਨਾਲ ਕਿਸਾਨਾਂ ਦੀ ਗੱਲਬਾਤ ਬੇਨਤੀਜਾ ਰਹੀ ਹੈ। 11 ਮੈਂਬਰੀ ਕਮੇਟੀ ਨੂੰ ਗੱਲਬਾਤ ਦਾ ਸੱਦੀ ਦਿੱਤਾ ਗਿਆ ਸੀ।

    ਇਸ ਤੋਂ ਬਾਅਦ ਕਿਸਾਨ ਮਿਨੀ ਸਕੱਤਰੇਤ ਵੱਲ ਵੱਧ ਗਏ ਹਨ।

    ਉੱਧਰ ਰੈਪਿਡ ਐਕਸ਼ਨ ਫੋਰਸ ਨੇ ਵੀ ਤਿਆਰੀ ਪੂਰੀ ਕੀਤੀ ਹੋਈ ਹੈ।

  13. ਮਨੋਹਰ ਲਾਲ ਖੱਟਰ ਨੇ ਕਿਹਾ, 'ਉਮੀਦ ਹੈ ਹੱਲ ਨਿਕਲੇਗਾ'

    ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਜਾਰੀ ਹੈ।

    ਮਨੋਹਰ ਲਾਲ ਨੇ ਕਿਹਾ, “ਕਿਸਾਨਾਂ ਨੇ ਕਰਨਾਲ ਵਿੱਚ ਬੈਠਕ ਸੱਦੀ ਹੈ ਅਤੇ ਇਹ ਜਾਰੀ ਹੈ। ਹਾਲ ਹੀ ਵਿੱਚ ਬਣੀ 11 ਮੈਂਬਰੀ ਕਮੇਟੀ ਨਾਲ ਗੱਲਬਾਤ ਜਾਰੀ ਹੈ। ਮੈਨੂੰ ਉਮੀਦ ਹੈ ਕਿ ਗੱਲਬਾਤ ਵਿੱਚੋਂ ਕੋਈ ਹੱਲ ਨਿਕਲੇਗਾ।”

  14. ਪ੍ਰਸ਼ਾਸਨ ਦੀ ਚੇਤਾਵਨੀ, 'ਕਿਸੇ ਵੀ ਹਾਲਤ 'ਚ ਕਾਨੂੰਨ ਦਾ ਉਲੰਘਣ ਨਾ ਕਰੋ'

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਰਨਾਲ ਦੇ ਆਈਜੀਪੀ ਨੇ ਕਿਹਾ, “ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰਾਰਤੀ ਅਨਸਰਾਂ ਨੂੰ ਅਪੀਲ ਕਰਨ ਕਿ ਅਨਾਜ ਮੰਡੀ ਵਿੱਚ ਜੋ ਲਾਠੀਆਂ, ਲੋਹੇ ਦੀਆਂ ਰਾਡਾਂ ਨਾਲ ਕਰਨਾਲ ਪਹੁੰਚੇ ਹਨ, ਉਹ ਚਲੇ ਜਾਣ।

    ਅਜਿਹਾ ਲਗਦਾ ਹੈ ਕਿ ਉਹ ਕਿਸਾਨ ਆਗੂਆਂ ਦੀ ਨਹੀਂ ਸੁਣ ਰਹੇ। ਅਸੀਂ ਉਨ੍ਹਾਂ ਨੂੰ ਕਾਨੂੰਨ ਨਾ ਤੋੜਨ ਦੀ ਚੇਤਾਵਨੀ ਦੇ ਰਹੇ ਹਾਂ।”

  15. ਕਰਨਾਲ: ਕਿਸਾਨ ਪੰਚਾਇਤ ਵਿੱਚ ਭਾਰੀ ਭੀੜ, ਪੁਲਿਸ ਵੀ ਚੌਕਸ

    ਕਰਨਾਲ ਵਿੱਚ ਕਿਸਾਨਾਂ ਦਾ ਪਹੁੰਚਣਾ ਜਾਰੀ, ਸੁਰੱਖਿਆ ਪ੍ਰਬੰਧ ਵੀ ਸਖ਼ਤ ਕੀਤੇ ਗਏ ਹਨ।

    ਕਿਸਾਨਾਂ ਦਾ ਕਹਿਣਾ ਹੈ, “ਇੰਟਰਨੈੱਟ ਬੰਦ ਕਰਕੇ ਜੋ ਕਾਰਵਾਈਆਂ ਕੀਤੀਆਂ ਹਨ, ਉਹ ਮੁੱਖ ਮੰਤਰੀ ਦਾ ਡਰ ਹੈ।”

    ਰਿਪੋਰਟ- ਅਰਵਿੰਦ ਛਾਬੜਾ, ਸ਼ੂਟ- ਗੁਲਸ਼ਨ ਕੁਮਾਰ

  16. ਕਿਸਾਨਾਂ ਦੀ ਕਰਨਾਲ ਵਿੱਚ ਹੋ ਰਹੀ ਮਹਾਪੰਚਾਇਤ ਤੋਂ ਲਾਈਵ

  17. ਕਿਸਾਨ ਅੰਦੋਲਨ: ਪੁਲਿਸ ਦੀ ਚੇਤਾਵਨੀ, ਕੁਝ ਸ਼ਰਾਰਤੀ ਅਨਸਰ ਅਨਾਜ ਮੰਡੀ ਪਹੁੰਚੇ ਹਨ

    ਹਰਿਆਣਾ ਦੇ ਕਰਨਾਲ ਇਹ ਕਿਸਾਨਾਂ ਦੀ ਮਹਾਪੰਚਾਇਤ ਜਾਰੀ ਹੈ ਅਤੇ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਬੈਠਕ ਲਈ ਸੱਦਿਆ ਹੈ।

    ਇਸੇ ਦੌਰਾਨ ਖ਼ਬਰ ਏਜੰਸੀ ਏਐਨਆਈ ਮੁਤਾਬਕ ਹਰਿਆਣਾ ਪੁਲਿਸ ਦੀ ਇੰਟੈਲੀਜੈਂਸ ਟੀਮ ਮੁਤਾਬਕ ਅਨਾਜ ਮੰਡੀ ‍ਵਿੱਚ ਕੁਝ ਸ਼ਰਾਰਤੀ ਅਨਸਰ ਲਾਠੀਆਂ, ਲੋਹੇ ਦੀਆਂ ਰਾਡਾਂ, ਆਦਿ ਸਮੇਤ ਪੁੱਜੇ ਹਨ।

    ਪ੍ਰਸ਼ਾਸਨ ਨੇ ਇਨ੍ਹਾਂ ਲੋਕਾਂ ਨੂੰ ਕਾਨੂੰਨ ਨੂੰ ਆਪਣੇ ਹੱਥ ‍ਵਿੱਚ ਨਾ ਲੈਣ ਦੀ ਚੇਤਾਵਨੀ ਵੀ ਦਿੱਤੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਵੀ ਗੱਲ ਆਖੀ ਗਈ ਹੈ।

    ਬੀਬੀਸੀ ਸਹਿਯੋਗੀ ਕਮਲ ਸੈਣੀ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਕਰਨਾਲ ਵਿੱਚ ਮਹਾਪੰਚਾਇਤ ਦੀ ਭੀੜ ਕਾਰਨ ਕੁਰੂਕਸ਼ੇਤਰ ਦੇ ਪੁਲਿਸ ਕਰਮਚਾਰੀਆਂ ਨੂੰ ਪੁਲਿਸ ਲਾਈਨ ਵਿਖੇ ਇਕੱਠਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਕਰਨਾਲ ਭੇਜਿਆ ਜਾ ਸਕਦਾ ਹੈ।

    ਕਿਸਾਨ ਆਗੂਆਂ ਨੇ ਵੀ ਮਹਾਪੰਚਾਇਤ ਲਈ ਆਏ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

  18. ਕਿਸਾਨ ਅੰਦੋਲਨ: ਕਰਨਾਲ ਵਿਖੇ ਹੁਣ ਤੱਕ ਦੇ ਹਾਲਾਤਾਂ ਉਪਰ ਇੱਕ ਨਜ਼ਰ

    ਕਰਨਾਲ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਨਵੀਂ ਅਨਾਜ ਮੰਡੀ ਵਿਖੇ ਮਹਾਪੰਚਾਇਤ ਬੁਲਾਈ ਗਈ ਹੈ

    ਮੌਕੇ 'ਤੇ ਮੌਜੂਦ ਬੀਬੀਸੀ ਦੇ ਪੱਤਰਕਾਰਾਂ ਦੁਆਰਾ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਸੈਂਕੜੇ ਕਿਸਾਨ ਕਰਨਾਲ ਵਿਖੇ ਮੌਜੂਦ ਹਨ।

    • ਕਰਨਾਲ ਪ੍ਰਸ਼ਾਸਨ ਨੇ ਕਿਸਾਨ ਨੇਤਾਵਾਂ ਨੂੰ ਬੈਠਕ ਲਈ ਬੁਲਾਇਆ ਹੈ।
    • ਮਹਾਪੰਚਾਇਤ ਵਿੱਚ ਬਲਬੀਰ ਸਿੰਘ ਰਾਜੇਵਾਲ,ਰਾਕੇਸ਼ ਟਿਕੈਤ,ਗੁਰਨਾਮ ਸਿੰਘ ਚਢੂਨੀ ਸਮੇਤ ਕਈ ਕਿਸਾਨ ਆਗੂ ਮੌਜੂਦ ਹਨ।
    • ਕਾਨੂੰਨੀ ਵਿਵਸਥਾ ਨੂੰ ਕਾਬੂ ਵਿੱਚ ਰੱਖਣ ਲਈ ਹਰਿਆਣਾ ਪੁਲਿਸ ਦੇ ਨਾਲ ਰੈਪਿਡ ਐਕਸ਼ਨ ਫੋਰਸ ਅਤੇ ਬੀਐਸਐਫ ਵੀ ਲਗਾਈ ਗਈ ਹੈ।
    • ਸੁਰੱਖਿਆ ਪ੍ਰਬੰਧਾਂ ਸਬੰਧੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਖਿਆ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਕਿਸਾਨ ਸ਼ਾਂਤੀਪੂਰਵਕ ਆਪਣੀ ਬੈਠਕ ਕਰਨ।
    • ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਲਈ ਕਰਨਾਲ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਕੀਤਾ ਗਿਆ ਹੈ ਅਤੇ ਧਾਰਾ 144 ਲਗਾਈ ਗਈ ਹੈ।
  19. ਕਿਸਾਨ ਅੰਦੋਲਨ: ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਬੈਠਕ ਲਈ ਸੱਦਿਆ

    ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਕਰਨਾਲ ਪਹੁੰਚ ਗਏ ਹਨ ਅਤੇ ਕਰਨਾਲ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਹੈ।

    ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ,ਰਾਕੇਸ਼ ਟਿਕੈਤ,ਗੁਰਨਾਮ ਸਿੰਘ ਚਢੂਨੀ ਸਮੇਤ ਕਈ ਆਗੂ ਕਰਨਾਲ ਪੁੱਜੇ ਹਨ।

    ਭਾਰਤੀ ਕਿਸਾਨ ਯੂਨੀਅਨ(ਚਢੂਨੀ) ਆਗੂ ਸੁਮਨ ਹੁੱਡਾ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ ਕਿ ਪ੍ਰਸ਼ਾਸਨ ਨੇ ਇੰਟਰਨੈੱਟ ਬੰਦ ਕੀਤਾ ਹੈ ਅਤੇ ਧਾਰਾ 144 ਲਾਗੂ ਕੀਤੀ ਹੈ ਪਰ ਫਿਰ ਵੀ ਕਿਸਾਨ ਇੱਥੇ ਪਹੁੰਚ ਰਹੇ ਹਨ।

    ਕਾਲੇ ਝੰਡੇ ਚੁੱਕੀ ਕਿਸਾਨ ਨਵੀਂ ਅਨਾਜ ਮੰਡੀ ਵੱਲ ਆ ਰਹੇ ਸਨ ਅਤੇ ਪ੍ਰਸ਼ਾਸਨ ਨੇ ਜਗ੍ਹਾ-ਜਗ੍ਹਾ ਪੁਲਿਸ ਅਤੇ ਸੁਰੱਖਿਆ ਬਲ ਤੈਨਾਤ ਕੀਤੇ ਹਨ।

    ਪ੍ਰਸ਼ਾਸਨ ਨੇ ਰੇਤ ਨਾਲ ਭਰਿਆ ਟਰੱਕ ਅਤੇ ਕੁਝ ਵਾਹਨ ਵੀ ਖੜੇ ਕੀਤੇ ਹਨ ਤਾਂ ਜੋ ਕਿਸਾਨ ਮਿੰਨੀ ਸਕੱਤਰੇਤ ਤੱਕ ਕੂਚ ਨਾ ਕਰ ਸਕਣ।

  20. ਕਿਸਾਨ ਆਗੂ ਰਾਕੇਸ਼ ਟਿਕੈਤ ਸਣੇ ਵੱਡੀ ਗਿਣਤੀ 'ਚ ਕਿਸਾਨ ਪਹੁੰਚੇ

    ਸੰਯੁਕਤ ਕਿਸਾਨ ਮੋਰਚਾ ਦੇ ਕਈ ਆਗੂ ਕਰਨਾਲ ਪਹੁੰਚ ਚੁੱਕੇ ਹਨ। ਇਸ ਵਿੱਚ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਸ਼ਾਮਲ ਹਨ।

    ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ ਵੱਡੀ ਗਿਣਤੀ ਵਿੱਚ ਕਿਸਾਨ ਵੀ ਮੌਕੇ 'ਤੇ ਪਹੁੰਚ ਰਹੇ ਹਨ। ਭਾਰੀ ਭੀੜ ਦੇਖੀ ਜਾ ਸਕਦੀ ਹੈ।

    ਉੱਧਰ ਕਰਨਾਲ ਵਿੱਚ ਮੀਂਹ ਪੈ ਰਿਹਾ ਹੈ ਪਰ ਕਿਸਾਨ ਲਗਾਤਾਰ ਟਰੈਕਟਰ, ਟਰਾਲੀਆਂ ’ਤੇ ਸਵਾਰ ਹੋ ਕੇ ਆ ਰਹੇ ਹਨ।

    ਉੱਥੇ ਹੀ ਕਰਨਾਲ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਬੈਠਕ ਲਈ ਸੱਦਿਆ ਹੈ।