ਕੋਰੋਨਾਵਾਇਰਸ: ਪੰਜਾਬ ਵਿੱਚ ਰੋਜ਼ਾਨਾ ਹੋਣਗੇ 6000 ਕੋਵਿਡ ਟੈਸਟ; ਚੰਡੀਗੜ੍ਹ 'ਚ ਦੁਕਾਨਾਂ ਅਤੇ ਵਾਹਨਾਂ ਲਈ ਲਾਗੂ ਹੋਵੇਗਾ ਔਡ-ਈਵਨ ਸਿਸਟਮ

ਭਾਰਤ ਵਿੱਚ ਲਾਗ ਦੇ ਮਾਮਲੇ 37 ਹਜ਼ਾਰ ਤੋਂ ਪਾਰ, 1223 ਮੌਤਾਂ। ਪੂਰੀ ਦੁਨੀਆਂ 'ਚ 2.38 ਲੱਖ ਤੋਂ ਵੱਧ ਮੌਤਾਂ। 10 ਲੱਖ ਲੋਕ ਕੋਰੋਨਾਵਾਇਰਸ ਨੂੰ ਮਾਤ ਵੀ ਦੇ ਚੁੱਕੇ ਹਨ

ਲਾਈਵ ਕਵਰੇਜ

  1. ਅਸੀਂ ਬੀਬੀਸੀ ਪੰਜਾਬੀ ਦਾ ਕੋਰੋਨਾਵਾਇਰਸ ਬਾਰੇ ਲਾਈਵ ਪੇਜ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਸੀਂ 3 ਮਈ ਦੀਆਂ ਕੋਰੋਨਾਵਾਇਰਸ ਬਾਰੇ ਅਹਿਮ ਖ਼ਬਰਾਂ ਲਈ ਇੱਥੇ ਕਲਿੱਕ ਕਰੋ

  2. ਕੋਵਿਡ-19 ਦੇ ਇਲਾਜ ਵਿੱਚ ਰੈਮਡੈਸੇਵੀਅਰ ਨੇ ਇੰਝ ਜਗਾਈ ਉਮੀਦ

    ਅਮਰੀਕਾ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਰੈਮਡੈਸੇਵੀਅਰ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਇਸ ਗੱਲ ਦੇ ਬਹੁਤ ਚੰਗੇ ਸਬੂਤ ਮਿਲੇ ਹਨ ਕਿ ਇਹ ਦਵਾਈ ਕੋਵਿਡ-19 ਦੇ ਮਰੀਜ਼ਾਂ ਨੂੰ ਠੀਕ ਕਰ ਸਕਦੀ ਹੈ...

    ਵੀਡੀਓ ਕੈਪਸ਼ਨ, ਰੈਮਡੈਸੇਵੀਅਰ ਨੇ ਕੋਰੋਨਾਵਾਇਰਸ ਖ਼ਿਲਾਫ਼ ਲਡ਼ਾਈ ’ਚ ਇੰਝ ਜਗਾਈ ਉਮੀਦ
  3. ਸੂਰਤ 'ਚ ਫਸੇ ਲੋਕਾਂ ਨੂੰ ਉਡੀਸ਼ਾ ਲੈ ਜਾ ਰਹੀ ਬੱਸ ਪਲਟੀ, ਇੱਕ ਦੀ ਮੌਤ, ਸੁਬਰਤਾ ਪੱਤੀ, ਬੀਬੀਸੀ ਹਿੰਦੀ ਲਈ ਭੁਵਨੇਸ਼ਵਰ ਤੋਂ

    ਗੁਜਰਾਤ ਵਿੱਚ ਲੌਕਡਾਊਨ 'ਚ ਫਸੇ ਓਡੀਸ਼ਾ ਦੇ ਲੋਕਾਂ ਨੂੰ ਸੂਰਤ ਤੋਂ ਓਡੀਸ਼ਾ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਵਿੱਚ ਘੱਟੋ ਘੱਟ ਇੱਕ ਯਾਤਰੀ ਦੀ ਮੌਤ ਹੋ ਗਈ ਹੈ।

    ਬੱਸ ਵਿੱਚ ਤਕਰੀਬਨ 50 ਯਾਤਰੀ ਸਵਾਰ ਸਨ। ਐਂਬੂਲੈਂਸਾਂ ਅਤੇ ਅੱਗ ਬੁਝਾਉਣ ਵਾਲੀ ਗੱਡੀਆਂ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਈਆਂ ਹਨ।

    ਇਹ ਹਾਦਸਾ ਗੰਜਾਮ ਜ਼ਿਲ੍ਹੇ ਦੀ ਕਲਿੰਗਾ ਘਾਟੀ ਵਿੱਚ ਵਾਪਰਿਆ।

  4. ਨਾਂਦੇੜ ਸਾਹਿਬ ਮਾਮਲਾ: ਅਕਾਲੀ ਦਲ ਨੇ ਮੁੱਖ ਮੰਤਰੀ ਤੋਂ ਮੰਗਿਆ ਜਵਾਬ

    ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਜਵਾਬ ਦੇਣ ਕਿ ਸਰਕਾਰ ਉਹਨਾਂ ਸ਼ਰਧਾਲੂਆਂ ਦੀ ਤਕਲੀਫਾਂ ਪ੍ਰਤੀ ਖਾਮੋਸ਼ ਅਤੇ ਬੇਧਿਆਨੀ ਕਿਉਂ ਹੋਈ ਬੈਠੀ ਹੈ, ਜਿਹਨਾਂ ਨੂੰ ਹਜ਼ੂਰ ਸਾਹਿਬ ਤੋਂ ਵਾਪਸ ਲਿਆਂਦਾ ਗਿਆ ਹੈ।

    ਪਾਰਟੀ ਨੇ ਸਵਾਲ ਚੁੱਕਿਆ ਕਿ ਸਰਕਾਰ ਨੇ ਸਰਕਾਰੀ ਏਕਾਂਤਵਾਸ ਕੇਂਦਰਾਂ ਵਿੱਚ ਸ਼ਰਧਾਲੂਆਂ ਨਾਲ ਹੋਈ ਬਦਸਲੂਕੀ ਦੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਹੈ?

    ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ ਵਿੱਚ ਵਰਤੀ ਗਈ ਲਾਪਰਵਾਹੀ ਦੀ ਇੱਕ ਉੱਚ ਪੱਧਰੀ ਜਾਂਚ ਕਰਵਾਏ ਜਾਣ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਾ ਹੈ।

    ਉਹਨਾਂ ਕਿਹਾ ਕਿ ਜਦ ਤਕ ਇਹ ਜਾਂਚ ਨਹੀਂ ਹੁੰਦੀ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਹੈ।

  5. ਰਾਹੁਲ ਗਾਂਧੀ ਨੇ 'ਅਰੋਗਿਆ ਸੇਤੂ' ਐਪ 'ਤੇ ਕੀਤੇ ਸਵਾਲ ਖੜੇ

    ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਅਰੋਗਿਆ ਸੇਤੂ ਐਪ ਉੱਤੇ ਸਵਾਲ ਖੜੇ ਕੀਤੇ ਹਨ।

    ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਇਹ ਇੱਕ ਗੁੰਝਲਦਾਰ ਨਿਗਰਾਨੀ ਪ੍ਰਣਾਲੀ ਹੈ। ਇੱਕ ਨਿੱਜੀ ਅਪਰੇਟਰ ਨੂੰ ਆਉਟਸੋਰਸ ਕੀਤਾ ਜਾਂਦਾ ਹੈ, ਜਿਸ ਉੱਤੇ ਕੋਈ ਸੰਸਥਾਗਤ ਨਿਗਰਾਨੀ ਨਹੀਂ ਕੀਤੀ ਜਾ ਰਹੀ।

    ਕਾਂਗਰਸੀ ਆਗੂ ਨੇ ਲਿਖਿਆ ਹੈ, "ਟੈਕਨੋਲਾਜੀ ਸਾਨੂੰ ਸੁਰੱਖਿਅਤ ਰੱਖ ਸਕਦੀ ਹੈ ਪਰ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਨੂੰ ਟਰੈਕ ਨਹੀਂ ਕਰਨਾ ਚਾਹੀਦਾ।"

    ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਅਤੇ ਗੈਰ-ਸਰਕਾਰੀ ਕਰਮਚਾਰੀਆਂ ਲਈ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਲਾਜ਼ਮੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਲੰਡਨ: ਗਲੇ ਲਗਾ ਕੇ ਕੀਤਾ ਲੌਕਡਾਊਨ ਖਿਲਾਫ਼ ਪ੍ਰਦਰਸ਼ਨ

    ਲੰਡਨ ਵਿੱਚ ਲੌਕਡਾਊਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਆਪਣਾ ਵਿਰੋਧ ਜ਼ਾਹਰ ਕੀਤਾ।

    ਅੱਜ ਦੁਪਹਿਰ ਤਕਰੀਬਨ 20 ਲੋਕਾਂ ਨੇ ਮੈਟਰੋਪੋਲੀਟਨ ਪੁਲਿਸ ਹੈੱਡਕੁਆਰਟਰ ਵਿਖੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ, ਜਿਸ 'ਤੇ ਇੱਕ ਨੇ ਲਿਖਿਆ - "ਮੇਰਾ ਸਰੀਰ, ਮੇਰਾ ਫੈਸਲਾ।"

    ਬ੍ਰਿਟੇਨ ਵਿੱਚ,ਲੋਕਾਂ ਉੱਤੇ ਮਾਰਚ ਤੋਂ ਪਾਬੰਦੀ ਲਗਾਈ ਗਈ ਹੈ।

    ਉਸ ਸਮੇਂ ਤੋਂ ਲੰਦਨ ਵਿੱਚ ਜ਼ਿੰਦਗੀ ਬਦਲ ਗਈ ਹੈ, ਪਰ ਹੁਣ ਅਜਿਹਾ ਲਗਦਾ ਹੈ ਕਿ ਲੋਕ ਤਾਲਾਬੰਦੀ ਤੋਂ ਤੰਗ ਆ ਰਹੇ ਹਨ।

    ਇਸ ਦੇ ਨਾਲ ਹੀ ਆਮ ਲੋਕਾਂ ਨੇ ਪਾਰਕਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ.

    lockdown

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਲੰਡਨ: ਗਲੇ ਲਗਾ ਕੇ ਕੀਤਾ ਲੌਕਡਾਊਨ ਖਿਲਾਫ਼ ਪ੍ਰਦਰਸ਼ਨ
  7. ਈਰਾਨ ਵਿੱਚ ਕਾਰ ਪਾਰਕਿੰਗ 'ਚ ਖੁੱਲ੍ਹਿਆ ਸਿਨੇਮਾ ਹਾਲ

    ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਇੱਕ ਡਰਾਈਵ-ਇਨ ਸਿਨੇਮਾ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਦਰਸ਼ਕ ਆਪਣੇ ਵਾਹਨਾਂ ਵਿੱਚ ਬੈਠ ਕੇ ਫਿਲਮਾਂ ਵੇਖ ਸਕਦੇ ਹਨ।

    ਸ਼ੁੱਕਰਵਾਰ ਸ਼ਾਮ ਨੂੰ ਲਗਭਗ 160 ਵਾਹਨ ਮਿਲਾਨ ਟਾਵਰ ਦੇ ਕਾਰ ਪਾਰਕ ਵਿੱਚ ਈਰਾਨੀ ਨਿਰਦੇਸ਼ਕ ਇਬਰਾਹਿਮ ਹਤਮੀਕੀਆ ਦੀ ਫਿਲਮ ਦੇਖਣ ਪਹੁੰਚੇ।

    ਕਾਰ ਪਾਰਕ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇਨ੍ਹਾਂ ਵਾਹਨਾਂ ਨੂੰ ਰੋਗਾਣੂਆਂ ਤੋਂ ਸਾਫ਼ ਕੀਤਾ ਗਿਆ ਸੀ।

    ਈਰਾਨ ਵਿੱਚ ਪਿਛਲੇ ਦਿਨਾਂ ਵਿੱਚ ਛੋਟੀਆਂ ਦੁਕਾਨਾਂ ਖੁੱਲ੍ਹੀਆਂ ਹਨ ਪਰ ਵੱਡੇ ਸਟੋਰਾਂ ਅਤੇ ਸਿਨੇਮਾ ਆਦਿ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੈ।

    ਕੋਰੋਨਾ ਦੀ ਲਾਗ ਨਾਲ ਈਰਾਨ ਵਿੱਚ 6,100 ਲੋਕਾਂ ਦੀ ਮੌਤ ਹੋਈ ਹੈ ਅਤੇ ਸੰਕਰਮਿਤ ਲੋਕਾਂ ਦੀ ਗਿਣਤੀ 1 ਲੱਖ ਤੋਂ ਵੱਧ ਹੈ।

    corona

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਇਰਾਨ ਵਿਚ ਕਾਰ ਪਾਰਕਿੰਗ 'ਚ ਖੁੱਲ੍ਹਿਆ ਸਿਨੇਮਾ ਹਾਲ
  8. ਕੋਰੋਨਾਵਾਇਰਸ ਲੌਕਡਾਊਨ: 'ਸਾਡੇ ਕੋਲ ਪੈਸੇ ਨਹੀਂ ਤਾਂ ਪਿੰਡ ਵਾਪਸ ਕਿਵੇਂ ਜਾਵਾਂਗੇ?'

    ਕੇਂਦਰ ਸਰਕਾਰ ਨੇ ਲੌਕਡਾਊਨ ਵਿੱਚ ਕੁਝ ਢਿੱਲ ਦਿੰਦੇ ਹੋਏ ਪਰਾਵਸੀ ਮਜ਼ਦੂਰਾਂ ਨੂੰ ਘਰ ਪਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਬਾਵਜੂਦ ਵੀ ਕਈ ਅਜਿਹੇ ਮਜ਼ਦੂਰ ਹਨ ਜੋ ਪੈਸੇ ਦੀ ਕਮੀ ਕਰਕੇ ਘਰ ਜਾਣ ਲਈ ਚਿੰਤਤ ਹਨ।

    ਵੀਡੀਓ ਕੈਪਸ਼ਨ, 'ਸਾਡੇ ਕੋਲ ਪੈਸੇ ਨਹੀਂ ਤਾਂ ਪਿੰਡ ਵਾਪਸ ਕਿਵੇਂ ਜਾਵਾਂਗੇ?'
  9. ਕੋਰੋਨਾਵਾਇਰਸ: ਕੀ ਵਿਟਾਮਿਨ-ਡੀ ਖਾਣ ਜਾਂ ਧੁੱਪ ਸੇਕਣ ਨਾਲ ਬਚਿਆ ਜਾ ਸਕਦਾ ਹੈ

    ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਰੋਨਾਵਾਇਰਸ ਨਾਲ ਲੜਾਈ ਵਿੱਚ ਢਿੱਲ ਵਰਤੀ ਗਈ ਤਾਂ ਵਾਇਰਸ ਮੁੜ ਤੋਂ ਫ਼ਣ ਚੁੱਕ ਸਕਦਾ ਹੈ।

    ਲੌਕਡਾਊਨ ਕਾਰਨ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਜਿਸ ਕਾਰਨ ਉਨ੍ਹਾਂ ਨੂੰ ਤਾਜ਼ੀ ਹਵਾ ਤੇ ਧੁੱਪ ਢੁਕਵੀਂ ਮਾਤਰਾਂ ਵਿੱਚ ਨਹੀਂ ਮਿਲ ਰਹੀ।

    ਬ੍ਰਿਟੇਨ ਵਿੱਚ ਡਾਕਟਰ ਲੋਕਾਂ ਨੂੰ ਆ ਰਹੀ ਬਸੰਤ ਅਤੇ ਗਰਮੀਆਂ ਵਿੱਚ ਵਿਟਾਮਿਨ-ਡੀ ਦੀਆਂ ਗੋਲੀਆਂ ਖਾਣ ਦੀ ਸਲਾਹ ਦੇ ਰਹੇ ਹਨ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ: ਕੀ ਵਿਟਾਮਿਨ-ਡੀ ਖਾਣ ਜਾਂ ਧੁੱਪ ਸੇਕਣ ਨਾਲ ਬਚਿਆ ਜਾ ਸਕਦਾ ਹੈ
  10. ਯੂਕੇ ਦੇ ਲੋਕਾਂ ਨੇ ਦਿਖਾਈ ਪਲਾਜ਼ਮਾ ਟ੍ਰਾਇਲ 'ਚ ਦਿਲਚਸਪੀ

    ਯੂਕੇ ਵਿੱਚ ਹਜ਼ਾਰਾਂ ਲੋਕਾਂ ਨੇ ਪਲਾਜ਼ਮਾ ਟ੍ਰਾਇਲ ਵਿੱਚ ਹਿੱਸਾ ਲੈਣ ਲਈ ਆਪਣੀ ਦਿਲਚਸਪੀ ਦਰਜ ਕੀਤੀ ਹੈ ਤਾਂ ਕਿ ਇਹ ਜਾਣਿਆ ਜਾ ਸਕੇ ਕਿ ਕੀ ਕੋਰੋਨਵਾਇਰਸ ਤੋਂ ਠੀਕ ਹੋਏ ਲੋਕਾਂ ਦੇ ਪਲਾਜ਼ਮਾ ਨਾਲ ਕੋਵਿਡ -19 ਮਰੀਜ਼ਾਂ ਦਾ ਇਲਾਜ ਹੋ ਸਕਦਾ ਹੈ ਜਾਂ ਨਹੀਂ।

    ਇਸ ਨੂੰ ਲੈ ਕੇ ਟ੍ਰਾਇਲ ਚੱਲ ਰਿਹਾ ਹੈ ਅਤੇ ਹੁਣ ਤੱਕ 148 ਵਿਅਕਤੀਆਂ ਨੇ ਆਪਣਾ ਪਲਾਜ਼ਮਾ ਡੋਨੇਟ ਕੀਤਾ ਹੈ।

    6,500 ਤੋਂ ਵੱਧ ਲੋਕਾਂ ਨੇ ਇਸ ਟ੍ਰਾਇਲ ਵਿੱਚ ਆਪਣੀ ਦਿਲਚਸਪੀ ਦਰਜ ਕੀਤੀ ਹੈ। ਮਾਹਰ ਉਮੀਦ ਕਰਦੇ ਹਨ ਕਿ ਠੀਕ ਹੋਏ ਮਰੀਜ਼ਾਂ ਦੇ ਐਂਟੀਬਾਡੀਜ਼ ਦੂਸਰੇ ਮਰੀਜ਼ਾਂ ਵਿੱਚ ਵਾਇਰਸ ਨੂੰ ਖ਼ਤਮ ਕਰਨ ਵਿੱਚ ਸਹਾਇਤਾ ਕਰਨਗੇ।

    corona

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਯੂਕੇ ਦੇ ਲੋਕਾਂ ਨੇ ਦਿਖਾਈ ਪਲਾਜ਼ਮਾ ਟ੍ਰਾਇਲ 'ਚ ਦਿਲਚਸਪੀ
  11. ਕੀ ਆਰੋਗਿਆ ਸੇਤੂ ਐਪ ਹਰੇਕ ਲਈ ਡਾਊਨਲੋਡ ਕਰਨਾ ਲਾਜ਼ਮੀ ਹੈ

    ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦੁਨੀਆਂ ਭਰ ਦੇ ਸਾਰੇ ਦੇਸਾਂ ਵਾਂਗ ਭਾਰਤ ਨੇ ਵੀ ਲੌਕਡਾਊਨ ਦਾ ਤਰੀਕਾ ਅਪਣਾਇਆ ਹੈ। ਦੇਸ ਵਿੱਚ ਬੀਤੀ 25 ਮਾਰਚ ਤੋਂ ਹੀ ਲੌਕਡਾਊਨ ਹੈ, ਪਰ ਸਰਕਾਰ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਲਾਗ ਨੂੰ ਰੋਕਣ ਲਈ ਤਕਨੀਕ ਦਾ ਸਹਾਰਾ ਲੈ ਰਹੀ ਹੈ।

    ਭਾਰਤ ਸਰਕਾਰ ਨੇ 2 ਅਪ੍ਰੈਲ ਨੂੰ ਆਰੋਗਿਆ ਸੇਤੂ ਐਪ ਲਾਂਚ ਕੀਤਾ ਸੀ।

    ਇਸ ਐਪ ਦੀ ਮਦਦ ਨਾਲ ਆਲੇ-ਦੁਆਲੇ ਦੇ ਕੋਵਿਡ-19 ਮਰੀਜ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ: ਕੀ ਆਰੋਗਿਆ ਸੇਤੂ ਐਪ ਹਰੇਕ ਲਈ ਡਾਊਨਲੋਡ ਕਰਨਾ ਲਾਜ਼ਮੀ ਹੈ
  12. ਪੰਜਾਬ ਵਿਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ ਹੋਈ 772

    ਪੰਜਾਬ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਵੱਧ ਕੇ 772 ਹੋ ਗਏ ਹਨ। ਹੁਣ ਤੱਕ 112 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 20 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

    ਇਸ ਤਰ੍ਹਾਂ ਸੂਬੇ ਵਿੱਚ ਕੋਰੋਨਾ ਦੇ ਕੁੱਲ ਐਕਟਿਵ ਕੇਸ 640 ਹਨ।

    ਅੱਜ ਨਵੇਂ ਜੁੜੇ ਕੇਸਾਂ ਵਿੱਚ ਚਾਰ ਮਾਮਲੇ ਮੋਗਾ ਦੀਆਂ ਆਸ਼ਾ ਵਰਕਰਾਂ ਦੇ ਵੀ ਹਨ।

    ਸਭ ਤੋਂ ਜਿਆਦਾ ਮਾਮਲੇ - 143 - ਅੰਮ੍ਰਿਤਸਰ ਵਿੱਚ ਹਨ। ਦੂਜੇ ਨੰਬਰ 'ਤੇ ਜਲੰਧਰ 'ਚ 119 ਮਾਮਲੇ, ਤੀਜੇ ਨੰਬਰ 'ਤੇ ਲੁਧਿਆਣਾ 'ਚ 94 ਮਾਮਲੇ ਅਤੇ ਚੌਥੇ ਨੰਬਰ 'ਤੇ ਮੋਹਾਲੀ 'ਚ 93 ਮਾਮਲੇ ਹਨ।

    punjab

    ਤਸਵੀਰ ਸਰੋਤ, PR/Punjab

    ਤਸਵੀਰ ਕੈਪਸ਼ਨ, ਪੰਜਾਬ ਵਿਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ ਹੋਈ 772
  13. ਪੰਜਾਬ 'ਚ ਕਰਫਿਊ ਦੀ ਢਿੱਲ ਦਾ ਬਦਲਿਆ ਸਮਾਂ, ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

    ਪੰਜਾਬ ਵਿੱਚ ਕਰਫਿਊ 'ਚ ਦਿੱਤੀ ਢਿੱਲ ਦਾ ਸਮਾਂ ਬਦਲ ਦਿੱਤਾ ਗਿਆ ਹੈ। ਗ੍ਰੀਨ ਅਤੇ ਓਰੇਂਜ ਜ਼ੋਨ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦੁਕਾਨਾਂ ਖੁੱਲ੍ਹਣਗੀਆਂ। ਇਸ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ।

    ਹਾਲਾਂਕਿ ਰੈੱਡ ਅਤੇ ਕੰਟੇਨਮੈਂਟ ਜ਼ੋਨਾਂ ਵਿੱਚ ਕੋਈ ਢਿੱਲ ਨਹੀਂ ਹੋਵੇਗੀ।

    ਪਹਿਲਾਂ ਕਰਫਿਊ ਵਿੱਚ ਇਸ ਢਿੱਲ ਦਾ ਸਮਾਂ ਸਵੇਰੇ 7 ਵਜੇ ਤੋਂ 11 ਵਜੇ ਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮਾਂ ਬਦਲਣ ਦਾ ਫੈਸਲਾ ਵੱਖ ਵੱਖ ਜ਼ਿਲ੍ਹਿਆਂ ਦੇ ਲੋਕਾਂ ਵੱਲੋਂ ਸਵੇਰੇ 9 ਵਜੇ ਤੋਂ ਬਾਅਦ ਦੁਕਾਨਾਂ ਖੋਲ੍ਹਣ ਦੀ ਕੀਤੀ ਬੇਨਤੀ ਤੋਂ ਬਾਅਦ ਲਿਆ ਗਿਆ ਹੈ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜਾਬ 'ਚ ਕਰਫਿਊ ਦੀ ਢਿੱਲ ਦਾ ਬਦਲਿਆ ਸਮਾਂ, ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
  14. ਚੰਡੀਗੜ੍ਹ 'ਚ 3 ਮਈ ਤੋਂ ਬਾਅਦ ਕਰਫਿਊ ਹਟੇਗਾ, ਦੁਕਾਨਾਂ ਅਤੇ ਵਾਹਨਾਂ ਲਈ ਲਾਗੂ ਹੋਵੇਗਾ ਈਵਨ-ਔਡ ਸਿਸਟਮ

    ਚੰਡੀਗੜ੍ਹ ਪ੍ਰਸ਼ਾਸਨ ਨੇ 3 ਮਈ ਦੀ ਅੱਧੀ ਰਾਤ ਤੋਂ ਕਰਫਿਊ ਹਟਾਉਣ ਦਾ ਫੈਸਲਾ ਲਿਆ ਹੈ ਪਰ 17 ਮਈ ਤੱਕ ਲੌਕਡਾਊਨ ਜਾਰੀ ਰਹੇਗਾ।

    ਚੰਡੀਗੜ੍ਹ ਵਿੱਚ ਮਰੀਜ਼ਾਂ ਦੀ ਗਿਣਤੀ 94 ਹੋ ਗਈ ਹੈ ਅਤੇ 19 ਲੋਕ ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਐਕਟਿਵ ਕੇਸਾਂ ਦੀ ਗਿਣਤੀ 75 ਹੋ ਗਈ ਹੈ।

    4 ਮਈ ਤੋਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਦੁਕਾਨਾਂ ਖੁੱਲ੍ਹ ਸਕਣਗੀਆਂ ਅਤੇ ਨਿਜੀ ਵਾਹਨ ਵੀ ਚਲਾਏ ਜਾ ਸਕਣਗੇ। ਪਰ ਦੁਕਾਨਾਂ ਅਤੇ ਵਾਹਨਾਂ 'ਤੇ ਈਵਨ-ਔਡ ਸਿਸਟਮ ਲਾਗੂ ਹੋਵੇਗਾ।

    ਸੋਮਵਾਰ ਨੂੰ ਈਵਨ ਨੰਬਰ ਯਾਨੀ 2, 4, 6, 8, 0 ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ ਅਤੇ ਵਾਹਨ ਚੱਲਣਗੇ ਤੇ ਉਸ ਤੋਂ ਬਾਅਦ ਔਡ।

    ਲੌਕਡਾਊਨ

    ਤਸਵੀਰ ਸਰੋਤ, pr/chd

    ਤਸਵੀਰ ਕੈਪਸ਼ਨ, ਚੰਡੀਗੜ੍ਹ 'ਚ ਕਰਫਿਊ ਹੱਟਿਆ, 17 ਮਈ ਤੇਤੱਕ ਰਹੇਗਾ ਲੌਕਡਾਊਨ, ਦੁਕਾਨਾਂ ਅਤੇ ਬਸਾਂ ਲਈ ਲਾਗੂ ਹੋਵੇਗਾ ਈਵਨ-ਔਡ ਸਿਸਟਮ
  15. ਪੰਜਾਬ ਵਿਚ 15 ਮਈ ਤੱਕ ਰੋਜ਼ਾਨਾ ਹੋਣਗੇ 6000 ਕੋਵਿਡ ਟੈਸਟ - ਕੈਪਟਨ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਸੂਬੇ ਵਿੱਚ 15 ਮਈ ਤੱਕ ਰੋਜ਼ਾਨਾ 6000 ਆਰ.ਟੀ.- ਪੀ.ਸੀ.ਆਰ ਕੋਵਿਡ ਟੈਸਟਿੰਗ ਕਰਨ ਲਈ ਆਖਿਆ ਹੈ।

    ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਵਿੱਚ ਘਰ ਵਾਪਸੀ ਕਰਨ ਵਾਲੇ ਪੰਜਾਬੀਆਂ ਦੇ ਬਾਹਰੀ ਸੂਬਿਆਂ ਵਿੱਚ ਹੋਏ ਟੈਸਟਾਂ ਨੂੰ ਹੀ ਆਧਾਰ ਮੰਨ ਲੈਣ ਦੀ ਬਜਾਏ ਆਪਣੇ ਪੱਧਰ 'ਤੇ ਟੈਸਟ ਕਰਨ ਦੀ ਹਦਾਇਤ ਦਿੱਤੀ ਹੈ।

    ਨਾਂਦੇੜ ਸਾਹਿਬ ਤੋਂ ਪੰਜਾਬ ਵਾਪਸ ਪਰਤਣ ਵਾਲੇ ਸ਼ਰਧਾਲੂਆਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਦਾ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਅਜਿਹਾ ਫੈਸਲਾ ਲਿਆ ਹੈ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜਾਬ ਵਿਚ 15 ਮਈ ਤੱਕ ਰੋਜ਼ਾਨਾ ਹੋਣਗੇ 6000 ਕੋਵਿਡ ਟੈਸਟ - ਕੈਪਟਨ
  16. ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੀ ਲਾਗ ਦੇ 2,411 ਨਵੇਂ ਮਾਮਲੇ ਆਏ ਸਾਹਮਣੇ, 71 ਮੌਤਾਂ ਹੋਈਆਂ

    ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ ਭਰ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੇ ਮਾਮਲੇ 37,776 ਹੋ ਗਏ ਹਨ।

    ਪਿਛਲੇ 24 ਘੰਟਿਆਂ ਵਿੱਚ, ਕੋਰੋਨਾਵਾਇਰਸ ਦੀ ਲਾਗ ਦੇ 2411 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇਸ ਤੋਂ ਇਲਾਵਾ 71 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਦੇਸ ਵਿੱਚ ਮੌਤ ਦਾ ਅੰਕੜਾ ਕੁੱਲ 1223 ਹੋ ਚੁੱਕਿਆ ਹੈ।

    ਇਸ ਦੇ ਨਾਲ ਹੀ 10,017 ਲੋਕ ਲਾਗ ਤੋਂ ਠੀਕ ਵੀ ਹੋ ਚੁੱਕੇ ਹਨ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਿਛਲੇ 24 ਘੰਟਿਆਂ 'ਚ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ 2,411 ਨਵੇਂ ਮਾਮਲੇ ਆਏ ਸਾਹਮਣੇ, 71 ਮੌਤਾਂ ਹੋਈਆਂ
  17. ਮਲੇਸ਼ੀਆ ਨੇ ਲਾਗ ਨੂੰ ਫੈਲਣ ਤੋਂ ਰੋਕਣ ਲਈ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ

    ਮਲੇਸ਼ੀਆ ਦੇ ਪੁਲਿਸ ਮੁਖੀ ਅਬਦੁੱਲ ਹਾਮਿਦ ਬਦੋਰ ਨੇ ਦੱਸਿਆ ਕਿ ਮਲੇਸ਼ੀਆ ਪ੍ਰਸ਼ਾਸਨ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਰਿਹਾ ਹੈ।

    ਮਨੁੱਖੀ ਅਧਿਕਾਰ ਸਮੂਹਾਂ ਦੇ ਅਨੁਸਾਰ ਸ਼ੁੱਕਰਵਾਰ ਨੂੰ ਮੁੱਖ ਸ਼ਹਿਰ ਕੁਆਲਾਲੰਪੁਰ ਵਿੱਚ ਇੱਕ ਛਾਪੇ ਦੌਰਾਨ 700 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਵਿੱਚ ਮਿਆਂਮਾਰ ਤੋਂ ਆਏ ਕਿਸ਼ੋਰ ਅਤੇ ਰੋਹਿੰਗਿਆ ਸ਼ਰਨਾਰਥੀ ਸ਼ਾਮਲ ਸਨ।

    ਬਰਨਾਮਾ ਖ਼ਬਰ ਏਜੰਸੀ ਨੂੰ ਪੁਲਿਸ ਮੁਖੀ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਖੁੱਲ੍ਹ ਕੇ ਘੁੰਮਣ ਨਹੀਂ ਦੇ ਸਕਦੇ ਕਿਉਂਕਿ ਜੇ ਉਹ ਪਛਾਣ ਦੇ ਸਥਾਨ ਛੱਡ ਜਾਂਦੇ ਹਨ ਤਾਂ ਉਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਲ ਹੋਵੇਗਾ।"

    ਮਲੇਸ਼ੀਆ ਵਿੱਚ 105 ਨਵੇਂ ਕੋਰੋਨਾਵਾਇਰਸ ਦੇ ਕੇਸਾਂ ਦਾ ਪਤਾ ਚੱਲਿਆ, ਜਿਸ ਤੋਂ ਬਾਅਦ ਦੇਸ ਵਿਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 6,176 ਹੋ ਗਈ ਹੈ।

    Coronavirus

    ਤਸਵੀਰ ਸਰੋਤ, Reuters

  18. ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ, ਮਿਸ਼ੇਲ ਰੋਬਰਟਸ, ਬੀਬੀਸੀ ਪੱਤਰਕਾਰ

    ਕੀ ਤੁਹਾਨੂੰ ਵੀ ਆਮ ਦਿਨਾਂ ਨਾਲੋਂ ਘੱਟ ਚੀਜ਼ਾਂ ਦੇ ਸੁਆਦ ਬਾਰੇ ਪਤਾ ਲੱਗ ਰਿਹਾ ਹੈ? ਜਾਂ ਫਿਰ ਕਿਸੇ ਵੀ ਚੀਜ਼ ਦੀ ਸੁਗੰਧ ਬਾਰੇ ਬਹੁਤਾ ਨਹੀਂ ਪਤਾ ਲੱਗ ਰਿਹਾ?

    ਜੇਕਰ ਤੁਹਾਡੇ ਸੁੰਘਣ ਜਾਂ ਸੁਆਦ ਵਿੱਚ ਕੋਈ ਕਮੀ ਆਈ ਹੈ ਤਾਂ ਇੱਕ ਵਾਰ ਚੈੱਕ ਜ਼ਰੂਰ ਕਰਵਾ ਲਵੋ। ਯੂਕੇ ਦੇ ਖੋਜਕਾਰਾਂ ਅਨੁਸਾਰ ਇਨ੍ਹਾਂ ਲੱਛਣਾਂ ਦੇ ਹੋਣ 'ਤੇ ਕੋਰੋਨਾਵਾਇਰਸ ਹੋ ਸਕਦਾ ਹੈ।

    ਲੰਡਨ ਦੇ ਕਿੰਗਜ਼ ਕਾਲਜ ਦੀ ਟੀਮ ਨੇ 4 ਲੱਖ ਤੋਂ ਵੱਧ ਲੋਕਾਂ ਦੇ ਲੱਛਣਾਂ ਦਾ ਇੱਕ ਐਪ ਰਾਹੀਂ ਵਿਸ਼ਲੇਸ਼ਣ ਕੀਤਾ। ਇਹ ਸਾਰੇ ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੇ ਸ਼ੱਕੀ ਸਨ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ
  19. ਏਸ਼ੀਆ ਅਤੇ ਆਸਟਰੇਲੀਆ ਵਿੱਚ ਕੀ ਚੱਲ ਰਿਹਾ ਹੈ?

    ਏਸ਼ੀਆ ਅਤੇ ਆਸਟਰੇਲੀਆ ਵਿੱਚ ਕੋਰੋਨਾਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ ਖਾਸ ਅਪਡੇਟ ..

    ਆਸਟਰੇਲੀਆ - ਬ੍ਰੌਡਕਾਸਟਰ ਏਬੀਸੀ ਦੀ ਰਿਪੋਰਟ ਦੇ ਅਨੁਸਾਰ, ਆਸਟਰੇਲੀਆ ਵਿੱਚ 40 ਲੱਖ ਤੋਂ ਵੱਧ ਲੋਕਾਂ ਨੇ 'ਕੌਨਟੈਕਟ ਟਰੇਸਿੰਗ ਐਪ' ਨੂੰ ਡਾਊਨਲੋਡ ਕੀਤਾ ਹੈ। ਪਰ ਇਸ ਐਪ ਵਲੋਂ ਜੋ ਵੀ ਜਾਣਕਾਰੀ ਇਕੱਠੀ ਕੀਤੀ ਗਈ ਹੈ, ਉਹ ਉਪਲਬਧ ਨਹੀਂ ਹੈ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਹੈ ਕਿ 'ਕੋਵਿਡ ਸੇਫ' ਨਾਮ ਦੀ ਇੱਕ ਐਪ ਪਾਬੰਦੀਆਂ ਨੂੰ ਘੱਟ ਕਰਨ ਦੀ ਇਕ 'ਟਿਕਟ' ਹੈ।

    ਸਿੰਗਾਪੁਰ - ਸਿੰਗਾਪੁਰ ਨੇ ਪਾਬੰਦੀਆਂ 'ਚ ਢਿੱਲ ਦੇਣ ਲਈ ਇੱਕ ਸਮਾਂ ਸਾਰਣੀ ਘੋਸ਼ਿਤ ਕੀਤੀ ਹੈ। ਰਵਾਇਤੀ ਚੀਨੀ ਦਵਾਈ ਪ੍ਰੈਕਟਿਸ਼ਨਰ ਮੰਗਲਵਾਰ ਤੋਂ ਕੁਝ ਗਤੀਵਿਧੀਆਂ ਕਰ ਸਕਦੇ ਹਨ। ਹੇਅਰ ਡ੍ਰੈਸਰ ਅਤੇ ਲਾਂਡਰੀ ਵਰਗੀਆਂ ਸੇਵਾਵਾਂ 12 ਮਈ ਤੋਂ ਸ਼ੁਰੂ ਹੋਣਗੀਆਂ। ਸਿੰਗਾਪੁਰ ਵਿੱਚ 17,500 ਤੋਂ ਵੱਧ ਲਾਗ ਦੇ ਮਾਮਲੇ ਹਨ ਅਤੇ 16 ਲੋਕਾਂ ਦੀ ਮੌਤ ਹੋ ਗਈ ਹੈ।

    ਥਾਈਲੈਂਡ - ਥਾਈਲੈਂਡ ਵਿੱਚ ਕੋਵਿਡ -19 ਦੇ ਛੇ ਹੋਰ ਕੇਸ ਪਾਏ ਗਏ ਹਨ, ਜਿਸ ਤੋਂ ਬਾਅਦ ਲਾਗਾਂ ਦੀ ਕੁੱਲ ਸੰਖਿਆ 2,966 ਹੋ ਗਈ ਹੈ। ਇਸ ਦੇ ਨਾਲ ਹੀ ਇੱਥੇ ਮੌਤਾਂ ਦਾ ਅੰਕੜਾ ਸਿਰਫ 54 ਹੈ।

    corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੋਰੋਨਾਵਾਇਰਸ - ਏਸ਼ੀਆ ਅਤੇ ਆਸਟਰੇਲੀਆ ਵਿਚ ਕੀ ਚਲ ਰਿਹਾ ਹੈ?
  20. ਬ੍ਰੇਕਿੰਗ – ਮੋਗਾ 'ਚ 4 ਆਸ਼ਾ ਵਰਕਰ ਆਈਆਂ ਕੋਰੋਨਾ ਪੌਜ਼ੀਟਿਵ

    ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਦੀ ਰਿਪੋਰਟ: ਮੋਗਾ ਵਿੱਚ 22 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਨ੍ਹਾਂ ਮਰੀਜਾਂ ਵਿੱਚ ਚਾਰ ਆਸ਼ਾ ਵਰਕਰ ਵੀ ਸ਼ਾਮਲ ਹਨ।

    ਇਨ੍ਹਾਂ ਆਸ਼ਾ ਵਰਕਰਾਂ ਤੋਂ ਬਿਨਾਂ ਬਾਕੀ ਦੇ 18 ਮਰੀਜ਼ ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂ ਹੀ ਹਨ।

    ਮੋਗਾ ਦੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਪੌਜ਼ੀਟਿਵ ਕੇਸਾਂ ਵਾਲੇ ਲੋਕ ਪਹਿਲਾਂ ਹੀ ਇਕਾਂਤਵਾਸ ਕੀਤੇ ਹੋਏ ਹਨ ਤੇ ਬਾਕੀ ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

    ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜ਼ਿਲ੍ਹਾ ਮੋਗਾ 'ਚੋਂ ਕੁੱਲ 903 ਲੋਕਾਂ ਦੇ ਕੋਰੋਨਾਵਾਇਰਸ ਟੈਸਟ ਲੈਬ ਵਿੱਚ ਭੇਜੇ ਗਏ ਸਨ, ਜਿਨਾਂ 'ਚੋਂ 529 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। 337 ਰਿਪੋਰਟਾਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੇ।

    corona
    ਤਸਵੀਰ ਕੈਪਸ਼ਨ, ਸੰਕਤੇਕ ਤਸਵੀਰ