ਦਿੱਲੀ ਚੋਣ ਨਤੀਜੇ: ਦਿੱਲੀ ਚੋਣ ਨਤੀਜੇ: ਬੀਜੇਪੀ ਨੇ ਜਿੱਤੀਆਂ 48 ਸੀਟਾਂ, ਆਮ ਆਦਮੀ ਪਾਰਟੀ 22 ’ਤੇ ਸਿਮਟੀ

5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਸੀ, ਜਿਸਦੇ ਅੱਜ ਨਤੀਜੇ ਐਲਾਨੇ ਜਾ ਚੁੱਕੇ ਹਨ

ਸਾਰ

  • ਭਾਜਪਾ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ।
  • ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।
  • 5 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਈਆਂ ਸਨ।
  • ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਮੁੱਖ ਪਾਰਟੀਆਂ ਹਨ।

ਲਾਈਵ ਕਵਰੇਜ

ਜਸਪਾਲ ਸਿੰਘ ਤੇ ਬਰਿੰਦਰ ਸਿੰਘ

  1. ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ

    ਭਾਜਪਾ ਵਰਕਰ

    ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਸਪਸ਼ਟ ਬਹੁਮਤ ਹਾਸਲ ਕੀਤਾ ਹੈ। ਦਿੱਲੀ ਚੋਣਾਂ ਦੇ ਨਤੀਜਿਆਂ ਬਾਰੇ ਆਪਣੀ ਲਾਈਵ ਕਵਰੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ।

    ਪੇਸ਼ ਹੈ ਅੱਜ ਦੇ ਕਵਰੇਜ ਦੀਆਂ ਖ਼ਾਸ ਗੱਲਾਂ:

    • ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 48 ਸੀਟਾਂ ਜਿੱਤੀਆਂ ਤੇ ਆਮ ਆਦਮੀ ਪਾਰਟੀ 22 ਸੀਟਾਂ ਜਿੱਤ ਸਕੀ।
    • ਭਾਜਪਾ ਨੂੰ 45.56% ਵੋਟਾਂ ਹਾਸਲ ਹੋਈਆਂ ਜਦਕਿ ਆਮ ਆਦਮੀ ਪਾਰਟੀ ਨੂੰ 43.57% ਵੋਟਾਂ ਹਾਸਲ ਹੋਈਆਂ।
    • ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਸੀਟ ਨਹੀਂ ਬਚਾਅ ਸਕੇ। ਉਨ੍ਹਾਂ ਨੂੰ ਭਾਜਪਾ ਦੇ ਪਰਵੇਸ਼ ਵਰਮਾ ਨੇ ਚਾਰ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।
    • ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਤੇ ਸੌਰਭ ਭਾਰਦਵਾਜ ਵੀ ਆਪਣੀ ਸੀਟ ਹਾਰ ਗਏ।
    • ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਕਾਲਕਾਜੀ ਤੋਂ ਆਪਣੀ ਸੀਟ ਫਸਵੇਂ ਮੁਕਾਬਲੇ ਮਗਰੋਂ ਜਿੱਤ ਲਈ ਹੈ।
  2. ਪੀਐੱਮ ਮੋਦੀ ਨੇ ਕਿਹਾ- ‘ਰਾਜਨੀਤੀ ਬਦਲਣ ਵਾਲੇ ਕੱਟੜ ਬੇਈਮਾਨ ਨਿਕਲੇ’

    ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿੱਤ ਮਿਲਣ ਤੋਂ ਬਾਅਦ ਪੀਐੱਮ ਮੋਦੀ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਹੈ।

    ਪੀਐੱਮ ਮੋਦੀ ਨੇ ਕਿਹਾ, “ਆਪਦਾ ਵਾਲੇ ਇਹ ਕਹਿ ਕੇ ਰਾਜਨੀਤੀ ਵਿੱਚ ਆਏ ਸੀ ਕਿ ਅਸੀਂ ਰਾਜਨੀਤੀ ਬਦਲ ਦੇਵਾਂਗੇ ਪਰ ਇਹ ਕੱਟਰ ਬੇਈਮਾਨ ਨਿਕਲੇ।”

    “ਜਿਸ ਪਾਰਟੀ ਦਾ ਜਨਮ ਹੀ ਭ੍ਰਿਸ਼ਟਾਚਾਰ ਖਤਮ ਕਰਨ ਦੇ ਮੁੱਦੇ ਨਾਲ ਹੋਇਆ ਉਹ ਖੁਦ ਹੀ ਭ੍ਰਿਸ਼ਟਾਚਾਰੀ ਨਿਕਲੇ। ਇਹ ਦਿੱਲੀ ਦੇ ਭਰੋਸੇ ਨਾਲ ਧੋਖਾ ਸੀ। ਸ਼ਰਾਬ ਘੁਟਾਲਾ ਨੇ ਦਿੱਲੀ ਨੂੰ ਬਦਨਾਮ ਕੀਤਾ।”

    ਪੀਐੱਮ ਮੋਦੀ ਨੇ ਕਾਂਗਰਸ ’ਤੇ ਵੀ ਗੱਲ ਕੀਤੀ।

    ਉਨ੍ਹਾਂ ਕਿਹਾ, “ਜਨਤਾ ਨੇ ਕਾਂਗਰਸ ਨੂੰ ਵੀ ਸਖ਼ਤ ਸੰਦੇਸ਼ ਦਿੱਤਾ ਹੈ। ਦਿੱਲੀ ਚੋਣ ਵਿੱਚ ਕਾਂਗਰਸ ਨੇ ਜ਼ੀਰੋ ਦੀ ਡਬਲ ਹੈਟਰਿਕ ਲਗਾਈ ਹੈ। ਦੇਸ਼ ਦੀ ਰਾਜਧਾਨੀ ਵਿੱਚ ਦੇਸ਼ ਦੀ ਪੁਰਾਣੀ ਪਾਰਟੀ ਦਾ ਖਾਤਾ ਨਹੀਂ ਖੁੱਲ ਰਿਹਾ ਹੈ। ਇਹ ਖੁਦ ਨੂੰ ਹਾਰ ਦਾ ਗੋਲਡ ਮੈਡਲ ਦੇ ਰਹੇ ਹਨ।”

    ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ
  3. ਹੁਣ ਪੰਜਾਬੀਆਂ ਦੀ ਨਜ਼ਰ ਮੋਦੀ ਜੀ ਉਪਰ ਹੈ: ਸੁਨੀਲ ਜਾਖੜ

    ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੀ ਬਹੁਮਤ ਉਪਰ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਐਕਸ ਉਪਰ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।

    ਜਾਖੜ ਨੇ ਲਿਖਿਆ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਦਿੱਲੀ ਨੂੰ ਆਪ ਤੋਂ ਛੁਟਕਰਾ ਦਿਵਾਉਣ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਪ੍ਰਧਾਨ ਜੇਪੀ ਨੱਢਾ ਸਣੇ ਭਾਜਪਾ ਦੇ ਸਾਰੇ ਵਰਕਰਾਂ ਨੂੰ ਵਧਾਈ। ਜਿਨ੍ਹਾਂ ਦੀ ਮਿਹਨਤ ਨਾਲ ਦਿੱਲੀ ਵਿੱਚ 27 ਸਾਲਾਂ ਬਾਅਦ ਕਮਲ ਖਿੜ੍ਹਿਆ ਹੈ।”

    “ਹੁਣ ਪੰਜਾਬ ਨੂੰ ਆਪ ਤੋਂ ਮੁਕਤ ਕਰਨ ਦਾ ਜ਼ਿੰਮਾ ਵੀ ਪ੍ਰਧਾਨ ਮੰਤਰੀ ਜੀ ਨੂੰ ਉਠਾਣਾ ਹੋਵੇਗਾ। ਪੰਜਾਬੀਆਂ ਦੀ ਨਜ਼ਰ ਹੁਣ ਮੋਦੀ ਜੀ ਉਪਰ ਹੈ, ਕਦੋਂ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਵਿੱਚ ਮੌਜੂਦ ਡਰ ਦਾ ਮਾਹੌਲ ਖਤਮ ਹੋਵੇਗਾ ਅਤੇ ਲੋਕ ਅਮਨ ਸ਼ਾਂਤੀ ਨਾਲ ਰਹਿ ਪਾਉਣਗੇ।”

    ਸੁਨੀਲ ਜਾਖੜ

    ਤਸਵੀਰ ਸਰੋਤ, ge

    ਤਸਵੀਰ ਕੈਪਸ਼ਨ, ਸੁਨੀਲ ਜਾਖੜ
  4. ‘ਆਪ’ ਨੇ ਜਿਵੇਂ ਦਿੱਲੀ ਤਬਾਹ ਕੀਤੀ ਓਵੇਂ ਪੰਜਾਬ ਤਬਾਹ ਕਰ ਦਿੱਤਾ: ਸੁਖਬੀਰ ਬਾਦਲ

    ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

    ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਮੈਂ ਦਿੱਲੀ ਦੀ ਜਨਤਾ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਇਹ ਪਾਰਟੀ ‘ਝੂਠ’ ’ਤੇ ਨਿਰਭਰ ਬਣੀ, ਇਸ ਨੇ ਹੋਰ ਸੂਬਿਆਂ ਵਿੱਚ ‘ਝੂਠ ਬੋਲ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਸਰਕਾਰ ਬਣਾਈ।”

    ਉਨ੍ਹਾਂ ਅੱਗੇ ਕਿਹਾ, “‘ਆਪ’ ਨੇ ਜਿਵੇਂ ਦਿੱਲੀ ਤਬਾਹ ਕੀਤੀ ਓਵੇਂ ਪੰਜਾਬ ਤਬਾਹ ਕਰ ਦਿੱਤਾ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਕੋਈ ਦੀਨ-ਇਮਾਨ ਨਹੀਂ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਜਿੰਨੀ ਜਲਦੀ ਇਨ੍ਹਾਂ ਤੋਂ ਖਿਹੜਾ ਛੁਟੇਗਾ, ਉਨੀ ਜਲਦੀ ਪੰਜਾਬ ਬਦਲੇਗਾ।”

    ਸੁਖਬੀਰ ਸਿੰਘ ਬਾਦਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ
  5. ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਹਾਰੇ, ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਜਿੱਤੇ

    ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਹਾਰੇ

    ਤਸਵੀਰ ਸਰੋਤ, Gett

    ਤਸਵੀਰ ਕੈਪਸ਼ਨ, ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਹਾਰੇ

    ਆਮ ਆਦਮੀ ਪਾਰਟੀ ਦੇ ਮਨੀਸ਼ ਸਿਸੋਦੀਆ ਜੰਗਪੁਰਾ ਸੀਟ ਤੋਂ ਮਹਿਜ਼ 675 ਵੋਟਾਂ ਨਾਲ ਹਾਰ ਗਏ ਹਨ। ਇਸ ਸੀਟ ਤੋਂ ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹ ਨੇ ਜਿੱਤ ਦਰਜ ਕੀਤੀ ਹੈ।

    ਕਾਂਗਰਸ ਨੇ ਇਸ ਸੀਟ ਤੋਂ ਫ਼ਰਹਾਦ ਸੂਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਹ ਤੀਜੇ ਨੰਬਰ ਉੱਤੇ ਰਹੇ ਹਨ।

  6. ਇਹ ਜਿੱਤ ਦਾ ਸਮਾਂ ਨਹੀਂ, ਜੰਗ ਦਾ ਸਮੇਂ ਹੈ ਤੇ ਭਾਜਪਾ ਖ਼ਿਲਾਫ਼ ਜੰਗ ਜਾਰੀ ਰਹੇਗੀ: ਆਤਿਸ਼ੀ

    ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਾਲਕਾਜੀ ਹਲਕੇ ਤੋਂ ਉਮੀਦਵਾਰ ਆਤਿਸ਼ੀ ਨੇ ਆਪਣੀ ਜਿੱਤ ਕਬੂਲਦਿਆਂ ਕਾਲਕਾਜੀ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।

    ਉਨ੍ਹਾਂ ਕਿਹਾ, “ਮੈਂ ਕਾਲਕਾਜੀ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੇਰੇ ਉਪਰ ਭਰੋਸਾ ਦਿਖਾਇਆ। ਮੈਂ ਆਪਣੀ ਪੂਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ‘ਬਾਹੂਬਲ’, ਗੁੰਡਾਗਰਦੀ ਤੇ ਕੁੱਟਮਾਰ ਦਾ ਸਾਹਮਣਾ ਕਰਦੇ ਹੋਏ ਜ਼ਮੀਨੀ ਪੱਧਰ ਉਪਰ ਮਿਹਨਤ ਕੀਤੀ ਅਤੇ ਜਨਤਾ ਤੱਕ ਪਹੁੰਚੇ। ਬਾਕੀ ਦਿੱਲੀ ਨੇ ਜੋ ਫਤਵਾ ਦਿੱਤਾ ਹੈ ਉਹ ਸਾਨੂੰ ਸਵਿਕਾਰ ਹੈ।”

    ਆਤਿਸ਼ੀ ਨੇ ਅੱਗੇ ਕਿਹਾ, “ਮੈਂ ਆਪਣੀ ਸੀਟ ਜਿੱਤੀ ਹੈ ਪਰ ਇਹ ਜਿੱਤ ਦਾ ਸਮਾਂ ਨਹੀਂ ਹੈ, ਇਹ ਜੰਗ ਦਾ ਹੀ ਸਮੇਂ ਹੈ ਤੇ ਭਾਜਪਾ ਦੇ ਦੀ ਗੁੰਡਗਰਦੀ ਤੇ ਤਾਨਾਸ਼ਾਹੀ ਖ਼ਿਲਾਫ਼ ਜੰਗ ਜਾਰੀ ਰਹੇਗੀ। ‘ਆਪ’ ਹਮੇਸ਼ਾ ਗਲਤ ਦੇ ਖ਼ਿਲਾਫ਼ ਲੜੀ ਹੈ ਤੇ ਲੜਦੀ ਰਹੇਗੀ ਤੇ ਆਮ ਆਦਮੀ ਪਾਰਟੀ ਦਾ ਸੰਘਰਸ਼ ਦਿੱਲੀ ਅਤੇ ਦੇਸ਼ ਦੇ ਲੋਕਾਂ ਲਈ ਕਦੇ ਖਤਮ ਨਹੀਂ ਹੋਵੇਗਾ।”

    ਆਤਿਸ਼ੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਤਿਸ਼ੀ
  7. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਲੋਕਾਂ ਦਾ ਕੀਤਾ ਧੰਨਵਾਦ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਲਿਖਿਆ,“ਜਨ ਸ਼ਕਤੀ ਸਰਵਉੱਚ ਹੈ! ਵਿਕਾਸ ਦੀ ਜਿੱਤ, ਚੰਗੇ ਸ਼ਾਸਨ ਦੀ ਜਿੱਤ।”

    “ਮੈਂ ਦਿੱਲੀ ਦੇ ਆਪਣੇ ਭੈਣਾਂ ਅਤੇ ਭਰਾਵਾਂ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਭਾਜਪਾ ਨੂੰ ਸ਼ਾਨਦਾਰ ਇਤਿਹਾਸਕ ਫ਼ਤਵਾ ਸੁਣਾਇਆ।”

    “ਅਸੀਂ ਨਿਮਰ ਅਤੇ ਸਨਮਾਨਿਤ ਮਹਿਸੂਸ ਕਰਦੇ ਹਾਂ।”

    ਉਨ੍ਹਾਂ ਲਿਖਿਆ,“ਇਹ ਸਾਡੀ ਗਾਰੰਟੀ ਹੈ ਕਿ ਅਸੀਂ ਦਿੱਲੀ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ, ਲੋਕਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਕਰਾਂਗੇ ਅਤੇ ਇਹ ਯਕੀਨੀ ਬਣਵਾਂਗੇ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਦਿੱਲੀ ਦੀ ਪ੍ਰਮੁੱਖ ਭੂਮਿਕਾ ਹੋਵੇ।”

  8. ਰਵਨੀਤ ਬਿੱਟੂ ਨੇ ਕਿਹਾ ਦਿੱਲੀ ਦੇ ਲੋਕਾਂ ਨੇ ਮੁੜ ਰਚਿਆ ਇਤਿਹਾਸ

    ਰਵਨੀਤ ਬਿੱਟੂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰਵਨੀਤ ਬਿੱਟੂ

    ਰਵਨੀਤ ਸਿੰਘ ਬਿੱਟੂ ਨੇ ਦਿੱਲੀ ਵਿੱਚ ਭਾਜਪਾ ਦੀ ਜਿੱਤ ਬਾਰੇ ਐਕਸ ’ਤੇ ਇੱਕ ਪੋਸਟ ਸਾਂਝੀ ਕੀਤੀ ਹੈ।

    ਉਨ੍ਹਾਂ ਲਿਖਿਆ,“ਦਿੱਲੀ ਵਿੱਚ ਇਤਿਹਾਸ ਮੁੜ ਲਿਖਿਆ ਗਿਆ! 27 ਸਾਲਾਂ ਬਾਅਦ, ਜਨਤਾ ਨੇ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਵਿਚਾਰ ਨੂੰ ਗਲ਼ੇ ਲਗਾ ਕੇ ਭਾਜਪਾ ਨੂੰ ਸ਼ਾਨਦਾਰ ਤਰੀਕੇ ਨਾਲ ਜਿਤਾਇਆ ਹੈ।"

    ਉਨ੍ਹਾਂ ਲਿਖਿਆ,“ਇਹ ਜਿੱਤ ਵਿਸ਼ਵਾਸ, ਵਿਕਾਸ ਅਤੇ ਸੁਨਿਹਰੇ ਭਵਿੱਖ ਦਾ ਪ੍ਰਮਾਣ ਹੈ। ਧੰਨਵਾਦ, ਦਿੱਲੀ!”

  9. ਲੋਕਾਂ ਦਾ ਫੈਸਲਾ ਸਿਰ- ਮੱਥੇ: ਅਰਵਿੰਦ ਕੇਜਰੀਵਾਲ

    ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, Arvind KejriwalX

    ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ

    ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਵੀਡੀਓ ਪੋਸਟ ਵਿੱਚ ਕਿਹਾ, “ਅੱਜ ਦਿੱਲੀ ਚੋਣਾਂ ਦੇ ਨਤੀਜੇ ਆਏ ਹਨ। ਜਨਤਾ ਦਾ ਫ਼ੈਸਲਾ ਅਸੀਂ ਪੂਰੀ ਨਿਮਰਤਾ ਨਾਲ ਸਵਿਕਾਰ ਕਰਦੇ ਹਾਂ।”

    “ਮੈਂ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ। ਇਸ ਦੇ ਨਾਲ ਹੀ ਮੈਂ ਆਸ ਕਰਦਾ ਹਾਂ ਕਿ ਜਿਸ ਉਮੀਦ ਨਾਲ ਲੋਕਾਂ ਨੇ ਉਨ੍ਹਾਂ ਨੂੰ ਬਹੁਮਤ ਦਿੱਤਾ ਹੈ ਉਹ ਲੋਕਾਂ ਦੀਆਂ ਉਨ੍ਹਾਂ ਆਸਾਂ ਉੱਤੇ ਪੂਰਾ ਉਤਰਣਗੇ।”

    “ਪਿਛਲੇ 10 ਸਾਲਾਂ ਵਿੱਚ ਜਨਤਾ ਨੇ ਸਾਨੂੰ ਜੋ ਮੌਕਾ ਦਿੱਤਾ ਅਸੀਂ ਉਸ ਵਿੱਚ ਬਹੁਤ ਸਾਰੇ ਕੰਮ ਕੀਤੇ। ਸਿੱਖਿਆ, ਸਿਹਤ, ਪਾਣੀ ਵਰਗੇ ਖੇਤਰਾਂ ਵਿੱਚ ਕੰਮ ਕਰਕੇ ਲੋਕਾਂ ਦੀ ਜ਼ਿੰਦਗੀ ਵਿੱਚ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਅਤੇ ਦਿੱਲੀ ਦੇ ਜਨਤਕ ਢਾਂਚੇ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ।”

    “ਹੁਣ ਜਨਤਾ ਦੇ ਫ਼ੈਸਲੇ ਤੋਂ ਬਾਅਦ ਅਸੀਂ ਇੱਕ ਉਸਾਰੂ ਵਿਰੋਧੀ ਪਾਰਟੀ ਦਾ ਰੋਲ ਨਿਭਾਉਣ ਦੇ ਨਾਲ-ਨਾਲ ਸਮਾਜ ਸੇਵਾ, ਜਨਤਾ ਦੇ ਸੁੱਖ-ਦੁੱਖ ਵਿੱਚ ਕੰਮ ਆਵਾਂਗੇ।”

    “ਅਸੀਂ ਸਿਆਸਤ ਵਿੱਚ ਸੱਤਾ ਲਈ ਨਹੀਂ ਆਏ ਸੀ। ਬਲਕਿ ਸਿਆਸਤ ਨੂੰ ਲੋਕਾਂ ਦੇ ਸੁੱਖ-ਦੁੱਖ ਵਿੱਚ ਕੰਮ ਆਉਣ ਦਾ ਮੌਕਾ ਮੰਨਦੇ ਹਾਂ।”

    “ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ, ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਚੋਣ ਲੜੀ।”

  10. ਅਮਿਤ ਸ਼ਾਹ ਨੇ ਕਿਹਾ, 'ਦਿੱਲੀ ਦੇ ਲੋਕਾਂ ਨੇ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਨਕਾਰਿਆ'

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

    ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਲੀਡ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਵਾਰ-ਵਾਰ ਝੂਠੇ ਵਾਅਦਿਆਂ ਨਾਲ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ।

    ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਜਨਤਾ ਨੇ ਗੰਦੀ ਯਮੁਨਾ, ਪੀਣ ਵਾਲੇ ਗੰਦੇ ਪਾਣੀ, ਟੁੱਟੀਆਂ ਸੜਕਾਂ, ਓਵਰਫਲੋ ਹੁੰਦੇ ਸੀਵਰੇਜ ਅਤੇ ਹਰ ਗਲੀ ਵਿੱਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਆਪਣੀਆਂ ਵੋਟਾਂ ਨਾਲ ਹੁੰਗਾਰਾ ਦਿੱਤਾ ਹੈ।"

    ਅਮਿਤ ਸ਼ਾਹ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ, "ਦਿੱਲੀ ਦੇ ਲੋਕਾਂ ਨੇ ਝੂਠ, ਧੋਖੇ ਅਤੇ ਭ੍ਰਿਸ਼ਟਾਚਾਰ ਦੇ ਸ਼ੀਸ਼ੇ ਦੇ ਮਹਿਲ ਨੂੰ ਤਬਾਹ ਕਰ ਦਿੱਤਾ ਹੈ ਅਤੇ ਦਿੱਲੀ ਨੂੰ 'ਆਪ'-ਦਾ' ਤੋਂ ਮੁਕਤ ਕਰਨ ਦਾ ਕੰਮ ਕਰ ਦਿੱਤਾ ਹੈ।"

    "ਦਿੱਲੀ ਨੇ ਵਾਅਦੇ ਤੋੜਨ ਵਾਲਿਆਂ ਨੂੰ ਅਜਿਹਾ ਸਬਕ ਸਿਖਾਇਆ ਹੈ ਕਿ ਇਹ ਦੇਸ਼ ਭਰ ਵਿੱਚ ਜਨਤਾ ਨਾਲ ਝੂਠੇ ਵਾਅਦੇ ਕਰਨ ਵਾਲਿਆਂ ਲਈ ਇੱਕ ਮਿਸਾਲ ਕਾਇਮ ਕਰੇਗਾ। ਇਹ ਦਿੱਲੀ ਵਿੱਚ ਵਿਕਾਸ ਅਤੇ ਵਿਸ਼ਵਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।"

  11. ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਰਾਜੌਰੀ ਗਾਰਡਨ ਸੀਟ ਤੋਂ ਜਿੱਤੇ

    ਮਨਜਿੰਦਰ ਸਿੰਘ ਸਿਰਸਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਨਜਿੰਦਰ ਸਿੰਘ ਸਿਰਸਾ

    ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ 64,132 ਵੋਟਾਂ ਨਾਲ ਜਿੱਤ ਗਏ ਹਨ।ਉਨ੍ਹਾਂ ਨੇ ਆਮ ਆਦਮੀ ਆਦਮੀ ਪਾਰਟੀ ਦੇ ਉਮੀਦਵਾਰ ਧਨਵਤੀ ਚੰਡੇਲਾ ਨੂੰ 18,190 ਸੀਟਾਂ ਨਾਲ ਹਰਾਇਆ।

    ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਤੋਂ ਬਾਅਦ ਐਕਸ ਉੱਤੇ ਪੋਸਟ ਸਾਂਝੀ ਕਰਕੇ ਸਾਰਿਆਂ ਦਾ ਧੰਨਵਾਦ ਕੀਤਾ।

    ਸਿਰਸਾ ਨੇ ਲਿਖਿਆ, “ਦਿੱਲੀ ਵਿੱਚ ਤੁਫ਼ਾਨੀ ਜਿੱਤ, ਵਾਹਿਗੁਰੂ ਦੇ ਆਸ਼ਿਰਵਾਦ ਅਤੇ ਲੋਕਾਂ ਦੇ ਸਮਰਥਨ ਨਾਲ ਮੈਂ 18,190 ਵੋਟਾਂ ਨਾਲ ਜਿੱਤ ਗਿਆ ਹਾਂ।”

    “ਮੈਂ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇ ਪੀ ਨੱਡਾ ਨੂੰ ਸਮਰਪਿਤ ਕਰਦੇ ਹਾਂ, ਜਿਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਨੇ ਦਿੱਲੀ ਅਤੇ ਦੇਸ਼ ਨੂੰ ਮਜ਼ਬੂਤ ​​ਕੀਤਾ ਹੈ। ਸਾਰਿਆਂ ਦਾ ਦਿਲੀ ਧੰਨਵਾਦ।”

  12. ਮਨੀਸ਼ ਸਿਸੋਦੀਆ ਨੇ ਕਿਹਾ- ਜੰਗਪੁਰਾ ਸੀਟ ਤੋਂ 600 ਵੋਟਾਂ ਨਾਲ ਹਾਰੇ

    ਮਨੀਸ਼ ਸਿਸੋਦੀਆ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਨੀਸ਼ ਸਿਸੋਦੀਆ ਨੇ ਹਾਰ ਮੰਨੀ

    ਮਨੀਸ਼ ਸਿਸੋਦੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਅਸੀਂ ਸਾਰੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ। ਜੰਗਪੁਰਾ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ, ਮੁਹੱਬਤ ਤੇ ਸਨਮਾਨ ਦਿੱਤਾ, ਪਰ ਕਰੀਬ 600 ਵੋਟਾਂ ਨਾਲ ਅਸੀਂ ਹਾਰ ਗਏ।”

    ਉਨ੍ਹਾਂ ਭਾਜਪਾ ਉਮੀਦਵਾਰ ਨੂੰ ਵਧਾਈ ਦਿੰਦਿਆਂ ਕਿਹਾ, “ਜਿੱਤਣ ਵਾਲੇ ਉਮੀਦਵਾਰ ਨੂੰ ਮੈਂ ਵਧਾਈ ਦਿੰਦਾ ਹਾਂ। ਆਸ ਹੈ ਉਹ ਜੰਗਪੁਰਾ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ।”

    ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਮੁਕਾਬਲੇ ਭਾਜਪਾ ਦੇ ਤਰਵਿੰਦਰ ਸਿੰਘ ਨੇ ਚੋਣ ਲੜੀ ਹੈ। ਕਾਂਗਰਸ ਦੇ ਫਰਹਾਦ ਸੂਰੀ ਤੀਜੇ ਨੰਬਰ ਉੱਤੇ ਰਹੇ।

  13. ਰੁਝਾਨਾਂ ਦੇ ਹਿਸਾਬ ਨਾਲ 'ਭਾਜਪਾ-ਆਪ' ਨੂੰ ਕਿੰਨਾ ਵੋਟ ਫੀਸਦ ਮਿਲਿਆ

    ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਗਿਣਤੀ ਜਾਰੀ ਹੈ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ 40 ਤੋਂ ਵੱਧ ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

    ਦਿੱਲੀ ਵਿੱਚ ਸਰਕਾਰ ਚਲਾ ਰਹੀ ਪਾਰਟੀ ਇਸ ਵੇਲੇ 27 ਸੀਟਾਂ ਉੱਤੇ ਅੱਗੇ ਹੈ। ਕਾਂਗਰਸ ਕਿਸੇ ਵੀ ਸੀਟ ਉੱਤੇ ਖਾਤਾ ਨਹੀਂ ਖੋਲ ਸਕੀ।

    ਵੋਟ ਫੀਸਦ ਦੀ ਗੱਲ ਕੀਤੀ ਜਾਵੇ ਤਾਂ ਸਵੇਰ 11.30 ਵਜੇ ਦੇ ਰੁਝਾਨਾਂ ਦੇ ਹਿਸਾਬ ਨਾਲ ਭਾਜਪਾ ਨੂੰ 46.92 ਫੀਸਦ ਵੋਟ ਮਿਲ ਰਹੇ ਹਨ ਜਦਕਿ ‘ਆਪ’ ਨੂੰ 43.38 ਫੀਸਦ ਵੋਟ ਮਿਲੇ ਹਨ।

    ਕਾਂਗਰਸ ਨੂੰ 6.61 ਫੀਸਦ ਵੋਟ ਮਿਲ ਰਹੇ ਹਨ, ਪਰ ਉਹ ਸੀਟ ਵਿੱਚ ਤਬਦੀਲ ਹੁੰਦੇ ਨਹੀਂ ਦਿਖ ਰਹੇ।

    ਹਾਲਾਂਕਿ ਇਹ ਸਾਰੇ ਅੰਕੜੇ ਸ਼ੁਰੂਆਤੀ ਰੁਝਾਨਾਂ ਉੱਤੇ ਅਧਾਰਿਤ ਹਨ ਤੇ ਅਜੇ ਕਈ ਰਾਊਂਡ ਹੋਣੇ ਬਾਕੀ ਹਨ।

    ਭਾਜਪਾ
  14. ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਪਿੱਛੇ, ਮਨੀਸ਼ ਸਿਸੋਦੀਆ ਗਾਂਧੀ ਨਗਰ ਸੀਟ ਤੋਂ ਅੱਗੇ

    ਆਪ ਦੇ ਆਤਿਸ਼ੀ ਅਤੇ ਕਾਂਗਰਸ ਦੇ ਅਲਕਾ ਲਾਂਬਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕਾਲਕਾਜੀ ਸੀਟ ਤੋਂ 'ਆਪ' ਦੇ ਆਤਿਸ਼ੀ ਅਤੇ ਕਾਂਗਰਸ ਦੇ ਅਲਕਾ ਲਾਂਬਾ ਦੋਵੇਂ ਪਿੱਛੇ ਚੱਲ ਰਹੇ ਹਨ

    ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ ਇੱਕ ਵਾਰ ਫ਼ਿਰ 400 ਤੋਂ ਵੱਧ ਸੀਟਾਂ ਨਾਲ ਪਿੱਛੇ ਹੋ ਗਏ ਹਨ। ਇਸ ਸੀਟ ਤੋਂ ਭਾਜਪਾ ਦੇ ਪਰਵੇਸ਼ ਵਰਮਾ ਅੱਗੇ ਚੱਲ ਰਹੇ ਹਨ।

    ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਅੱਗੇ ਚੱਲ ਰਹੇ ਹਨ ਅਤੇ ਕਾਲਕਾਜੀ ਸੀਟ ਤੋਂ ਕਾਂਗਰਸ ਦੇ ਅਲਕਾ ਲਾਂਬਾ ਅਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੂੰ ਪਛਾੜ ਕੇ ਭਾਜਪਾ ਦੇ ਰਮੇਸ਼ ਬਿਧੂੜੀ ਅੱਗੇ ਚੱਲ ਰਹੇ ਹਨ।

  15. ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਦਾ ਦਿਨ ਕੈਮਰੇ ਦੀ ਨਜ਼ਰ ਤੋਂ

    ਸਾਗਰ ਸੌਰਭ
    ਤਸਵੀਰ ਕੈਪਸ਼ਨ, ਆਪ ਹਮਾਇਤੀ ਸਾਗਰ ਸੁਬੋਧ ਝਾਅ ਪੁਣੇ ਤੋਂ ਦਿੱਲੀ ਪਾਰਟੀ ਦਾ ਸਮਰਥਨ ਕਰਨ ਆਏ ਹਨ
    ਭਾਜਪਾ ਦੇ ਦਿੱਲੀ ਦਫ਼ਤਰ
    ਤਸਵੀਰ ਕੈਪਸ਼ਨ, ਰੁਝਾਨ ਆਉਣ ਤੋਂ ਬਾਅਦ ਭਾਜਪਾ ਦੇ ਦਿੱਲੀ ਦਫ਼ਤਰ ਦੇ ਬਾਹਰ ਜਸ਼ਨ ਦਾ ਮਾਹੌਲ ਹੈ
    ਭਾਜਪਾ ਹਮਾਇਤੀ
    ਤਸਵੀਰ ਕੈਪਸ਼ਨ, ਭਾਜਪਾ ਹਮਾਇਤੀ
    ਭਾਜਪਾ ਹਮਾਇਤੀ
    ਤਸਵੀਰ ਕੈਪਸ਼ਨ, ਭਾਜਪਾ ਹਮਾਇਤੀ
    ਕਾਂਗਰਸ ਦਫ਼ਤਰ
    ਤਸਵੀਰ ਕੈਪਸ਼ਨ, ਸ਼ੁਰੂਆਤੀ ਰੁਝਾਨਾਂ ਮੁਤਾਬਕ ਕਾਂਗਰਸ ਹਾਲੇ ਤੱਕ ਇੱਕ ਵੀ ਸੀਟ ’ਤੇ ਜਿੱਤ ਵੱਲ ਨਹੀਂ ਵੱਧ ਰਹੀ ਹੈ
    ਦਫ਼ਤਰ ਦੇ ਬਾਹਰ ਦਾ ਮਾਹੌਲ
    ਤਸਵੀਰ ਕੈਪਸ਼ਨ, ਆਪ ਦਫ਼ਤਰ ਦੇ ਬਾਹਰ ਦਾ ਮਾਹੌਲ
  16. 'ਆਪ' ਦਫਤਰ ਬਾਹਰ ਕੀ ਹੈ ਮਾਹੌਲ

    ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਪਿੱਛੇ ਚੱਲ ਰਹੀ ਹੈ । ਆਮ ਆਦਮੀ ਪਾਰਟੀ ਦੇ ਦਿੱਲੀ ਦਫ਼ਤਰ ਦੇ ਬਾਹਰ ਦਾ ਮਾਹੌਲ ਦਿਖਾ ਰਹੇ ਨੇ ਬੀਬੀਸੀ ਪੱਤਰਕਾਰ ਅਵਤਾਰ ਸਿੰਘ। ਵੇਖਣ ਲਈ ਲਿੰਕ ਉੱਤੇ ਕਲਿੱਕ ਕਰੋ।

  17. ਦਿੱਲੀ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ ਤੋਂ ਬਾਅਦ ਭਾਜਪਾ ਦਫ਼ਤਰ ਦੇ ਬਾਹਰ ਦਾ ਮਾਹੌਲ

    ਦਿੱਲੀ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ 'ਚ ਭਾਜਪਾ ਅੱਗੇ ਚੱਲ ਰਹੀ ਹੈ। ਭਾਜਪਾ ਦਫ਼ਤਰ ਬਾਹਰੋਂ ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਲਾਈਵ ਤਸਵੀਰਾਂ ਦਿਖਾ ਰਹੇ ਹਨ। ਵੇਖਣ ਲਈ ਲਿੰਕ ਉੱਤੇ ਕਲਿੱਕ ਕਰੋ।

  18. ਅਰਵਿੰਦ ਕੇਜਰੀਵਾਲ ਅੱਗੇ ਤੇ ਆਤਿਸ਼ੀ ਪਿੱਛੇ

    ਅਰਵਿੰਦ ਕੇਜਰੀਵਾਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਰਵਿੰਦ ਕੇਜਰੀਵਾਲ 200 ਤੋਂ ਵੱਧ ਸੀਟਾਂ ਨਾਲ ਅੱਗੇ ਚੱਲ ਰਹੇ ਹਨ।

    ਨਵੀਂ ਦਿੱਲੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ 200 ਤੋਂ ਵੱਧ ਸੀਟਾਂ ਨਾਲ ਅੱਗੇ ਹੋ ਗਏ ਹਨ।

    ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਸਿਸੋਦੀਆ ਦਿੱਲੀ ਦੇ ਜੰਗਪੁਰਾ ਤੋਂ ਅੱਗੇ ਚੱਲ ਰਹੇ ਹਨ।

    ਦੂਜੇ ਪਾਸੇ ਕਾਲਕਾਜੀ ਸੀਟ ਤੋਂ ਮੁੱਖ ਮੰਤਰੀ ਆਤਿਸ਼ੀ ਪਿੱਛੇ ਚੱਲ ਰਹੇ ਹਨ। ਕਾਲਕਾਜੀ ਵਿੱਚ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਅੱਗੇ ਚੱਲ ਰਹੇ ਹਨ।

  19. ਨਵੀਂ ਦਿੱਲੀ ਸੀਟ ਤੋਂ ਭਾਜਪਾ ਦੇ ਪਰਵੇਸ਼ ਵਰਮਾ ਅੱਗੇ, ਅਰਵਿੰਦ ਕੇਜਰੀਵਾਲ ਪਿੱਛੇ

    ਪਰਵੇਸ਼ ਵਰਮਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਜਪਾ ਨੇ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਪਰਵੇਸ਼ ਵਰਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ।

    ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ, ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅੱਗੇ ਚੱਲ ਰਹੇ ਹਨ।

    ਆਮ ਆਦਮੀ ਪਾਰਟੀ ਨੇ ਨਵੀਂ ਦਿੱਲੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

    ਇਸ ਦੇ ਨਾਲ ਹੀ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

    ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਏ ਜ਼ਿਆਦਾਤਰ ਐਗਜ਼ਿਟ ਪੋਲਾਂ ਵਿੱਚ, ਭਾਜਪਾ ਨੂੰ ਲੀਡ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।

    ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ।

  20. ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ

    ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।

    ਸਵੇਰੇ 8.30 ਵਜੇ ਤੱਕ, ਆਮ ਆਦਮੀ ਪਾਰਟੀ 29 ਸੀਟਾਂ 'ਤੇ ਅੱਗੇ ਹੈ, ਜਦੋਂ ਕਿ ਭਾਜਪਾ 24 ਸੀਟਾਂ 'ਤੇ ਅੱਗੇ ਹੈ।

    ਇਸ ਤੋਂ ਇਲਾਵਾ ਕਾਂਗਰਸ ਇੱਕ ਸੀਟ 'ਤੇ ਅੱਗੇ ਹੈ।

    ਦਿੱਲੀ ਵਿੱਚ 70 ਵਿਧਾਨ ਸਭਾ ਸੀਟਾਂ ਹਨ ਅਤੇ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 36 ਸੀਟਾਂ ਦੀ ਲੋੜ ਹੁੰਦੀ ਹੈ।

    ਆਮ ਆਦਮੀ ਪਾਰਟੀ