ਅਸੀਂ ਪੰਜਾਬ ਦੀਆਂ ਜ਼ਿਮਨੀ ਚੋਣਾਂ, ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਲਾਈਵ ਪੇਜ ਇੱਥੇ ਹੀ ਸਮਾਪਤ ਕਰਦੇ ਹਾਂ। ਬੀਬੀਸੀ ਪੰਜਾਬੀ ਨਾਲ ਜੁੜਨ ਲਈ ਤੁਹਾਡਾ ਧੰਨਵਾਦ।
ਪੰਜਾਬ ਜ਼ਿਮਨੀ ਚੋਣ: ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਤੋਂ ‘ਆਪ’ ਜਿੱਤੀ, ਬਰਨਾਲਾ ਤੋਂ ਕਾਂਗਰਸ ਜੇਤੂ ਰਹੀ
ਪੰਜਾਬ ਦੀਆਂ ਚਾਰ ਸੀਟਾਂ, ਮਹਾਰਾਸ਼ਟਰ ਤੇ ਝਾਰਖੰਡ ਦੀਆਂ ਵਿਧਾਨ ਸਭਾ ਸੀਟਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ।
ਸਾਰ
- ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਵਿੱਚੋਂ 'ਆਪ' ਨੇ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀਆਂ ਜ਼ਿਮਨੀ ਚੋਣਾਂ ਜਿੱਤੀਆਂ ।
- ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੇ ਜਿੱਤ ਹਾਸਿਲ ਕੀਤੀ।
- ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀਆਂ 94 ਸੀਟਾਂ ਹੋਈਆਂ।
- ਮਹਾਰਾਸ਼ਟਰ ਵਿਧਾਨ ਸਭਾ ਵਿੱਚ ਬੀਜੇਪੀ ਦਾ ਗਠਜੋੜ ਅੱਗੇ।
- ਝਾਰਖੰਡ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜੇਐੱਮਐੱਮ ਅੱਗੇ।
- ਪੰਜਾਬ ਤੋਂ ਇਲਾਵਾ 13 ਹੋਰ ਸੂਬਿਆਂ ਦੀਆਂ 44 ਵਿਧਾਨ ਸਭਾ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਦੇ ਨਤੀਜੇ ਵੀ ਐਲਾਨੇ ਜਾ ਰਹੇ ਹਨ।
ਲਾਈਵ ਕਵਰੇਜ
ਰਿਪੋਰਟ: ਅਵਤਾਰ ਸਿੰਘ ਅਤੇ ਬਰਿੰਦਰ ਸਿੰਘ
ਮਹਾਰਾਸ਼ਟਰ ਤੇ ਝਾਰਖੰਡ ਚੋਣ: ਮੋਦੀ ਨੇ ਫ਼ਿਰ ਕਿਹਾ, ‘ਏਕ ਹੈਂ ਤੋ ਸੇਫ ਹੈਂ’

ਤਸਵੀਰ ਸਰੋਤ, @BJP4India
ਤਸਵੀਰ ਕੈਪਸ਼ਨ, ਪੀਐਮ ਮੋਦੀ ਨੇ ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਮਹਾਰਾਸ਼ਟਰ ਅਤੇ ਝਾਰਖੰਡ ਦੇ ਚੋਣ ਨਤੀਜਿਆਂ ਤੋਂ ਬਾਅਦ ਪੀਐਮ ਮੋਦੀ ਨੇ ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ‘ਏਕ ਹੈਂ ਤੋ ਸੇਫ ਹੈਂ’, ਅੱਜ ਦੇਸ਼ ਦਾ ਮਹਾਮੰਤਰ ਬਣ ਗਿਆ ਹੈ।
ਉਨ੍ਹਾਂ ਕਿਹਾ, ''ਮੈਂ ਦੇਸ਼ ਦੇ ਸਾਰੇ ਭਾਜਪਾ ਅਤੇ ਐਨਡੀਏ ਵਰਕਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਏਕਨਾਥ ਸ਼ਿੰਦੇ, ਦੇਵੇਂਦਰ ਫਡਨਵੀਸ ਅਤੇ ਅਜੀਤ ਪਵਾਰ ਦੀ ਪ੍ਰਸ਼ੰਸਾ ਕਰਦਾ ਹਾਂ।’’
ਪੀਐਮ ਮੋਦੀ ਨੇ ਵੱਖ-ਵੱਖ ਸੂਬਿਆਂ 'ਚ ਹੋਈਆਂ ਜ਼ਿਮਨੀ ਚੋਣਾਂ 'ਤੇ ਵੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਭਾਜਪਾ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਵਿੱਚ ਭਾਰੀ ਸਮਰਥਨ ਮਿਲਿਆ ਹੈ।"
ਅੰਮ੍ਰਿਤਾ ਵੜਿੰਗ ਨੇ ਆਪਣੀ ਹਾਰ ਨੂੰ ਔਰਤਾਂ ਦੀ ਹਾਰ ਦੱਸਿਆ

ਤਸਵੀਰ ਸਰੋਤ, Amrita Warring/FB
ਤਸਵੀਰ ਕੈਪਸ਼ਨ, ਗਿੱਦੜਬਾਹਾ ਤੋਂ ‘ਆਪ’ ਦੇ ਉਮੀਦਵਾਰ ਡਿੰਪੀ ਢਿੱਲੋਂ ਜੇਤੂ ਰਹੇ ਹਨ ਗਿੱਦੜਬਾਹਾ ਦੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਅੰਮ੍ਰਿਤਾ ਵੜਿੰਗ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਕੀਤੀ ਹੈ।
ਇਸ ਮੌਕੇ ਅੰਮ੍ਰਿਤਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਆਪਣੀ ਹਾਰ ’ਤੇ ਇੱਕ ਮਲਾਲ ਵੀ ਜ਼ਾਹਿਰ ਕੀਤਾ ਹੈ।
ਅੰਮ੍ਰਿਤਾ ਵੜਿੰਗ ਨੇ ਕਿਹਾ,“ਮੈਨੂੰ ਇਸ ਗੱਲ ਦਾ ਮਲਾਲ ਹੈ ਕਿ 78 ਸਾਲਾਂ ਬਾਅਦ ਇਥੋਂ ਕਿਸੇ ਔਰਤ ਨੂੰ ਟਿਕਟ ਮਿਲੀ ਸੀ ਪਰ ਅਫਸੋਸ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਹਾਰ ਸਾਰੀਆਂ ਔਰਤਾਂ ਦੀ ਹਾਰ ਹੈ।”
ਮਹਾਰਾਸ਼ਟਰ ਵਿੱਚ ਨਵੇਂ ਮੁੱਖ ਮੰਤਰੀ ਦੇ ਸਵਾਲ ’ਤੇ ਕੀ ਬੋਲੇ ਏਕਨਾਥ ਸ਼ਿੰਦੇ

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਏਕਨਾਥ ਸ਼ਿੰਦੇ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਮਹਾਯੁਤੀ ਗੱਠਜੋੜ 225 ਸੀਟਾਂ ਉਪਰ ਅੱਗੇ ਚੱਲ ਰਿਹਾ ਹੈ।
ਹੁਣ ਤੱਕ ਦੇ ਰੁਝਾਨ ਦੇਖੀਏ ਤਾਂ ਮਹਾਰਾਸ਼ਟਰ ਵਿੱਚ ਮਹਾਯੁਤੀ ਦੀ ਸਰਕਾਰ ਬਣਦੀ ਦਿਖ ਰਹੀ ਹੈ। ਇਸ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਆਗੂ ਏਕਨਾਸ਼ ਸ਼ਿੰਦੇ ਨੇ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਕਿਹਾ,“ਅੱਜ ਮੈਂ ਮਹਾਰਾਸ਼ਟਰ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਜਿੱਤ ਇਤਿਹਾਸਕ ਹੈ। ਮੈਂ ਕਿਹਾ ਸੀ ਕਿ ਮਹਾਯੁਤੀ ਨੂੰ ਭਾਰੀ ਬਹੁਮਤ ਮਿਲੇਗਾ। ਮੈਂ ਆਪਣੀਆਂ ਲਾਡਲੀਆਂ ਭੈਣਾਂ, ਲਾਡਲੇ ਕਿਸਾਨਾਂ ਅਤੇ ਸਾਰੇ ਵਰਗਾਂ ਦਾ ਧੰਨਵਾਦ ਕਰਦਾ ਹਾਂ।”
ਮੁੱਖ ਮੰਤਰੀ ਕੌਣ ਬਣੇਗਾ, ਇਸ ਸਵਾਲ ਦੇ ਜਵਾਬ ਵਿੱਚ ਏਕਨਾਥ ਸ਼ਿੰਦੇ ਨੇ ਕਿਹਾ,“ਪਹਿਲਾਂ ਫਾਇਨਲ ਨਤੀਜੇ ਆਉਣ ਦਿਓ। ਇਸ ਤੋਂ ਬਾਅਦ ਤਿੰਨਾਂ ਪਾਰਟੀਆਂ ਦੇ ਪ੍ਰਮੁੱਖ ਲੋਕ ਬੈਠਣਗੇ। ਜਿਵੇਂ ਅਸੀਂ ਇਕੱਠਿਆਂ ਨੇ ਚੋਣ ਲੜੀ, ਉਸੇ ਤਰ੍ਹਾਂ ਨਾਲ ਬੈਠ ਕੇ ਇਹ ਫ਼ੈਸਲਾ ਵੀ ਕਰਾਂਗੇ।”
ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਤੋਂ ‘ਆਪ’ ਜਿੱਤੀ

ਤਸਵੀਰ ਕੈਪਸ਼ਨ, ਡੇਰਾ ਬਾਬਾ ਨਾਨਕ ਤੋਂ ਜ਼ਿਮਨੀ ਚੋਣ ਜੇਤੂ ਗੁਰਦੀਪ ਰੰਧਾਵਾ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਹੋਈਆਂ ਜ਼ਿਮਨੀ ਚੋਣਾਂ ਵਿੱਚੋ 3 ਹਲਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤੇ ਹਨ।
ਇਨ੍ਹਾਂ ਜ਼ਿਮਨੀ ਚੋਣਾਂ 'ਚ ਸਭ ਤੋਂ ਅਹਿਮ ਸੀਟ ਰਹੀ ਗਿੱਦੜਬਾਹਾ ਦੇ ਨਾਲ-ਨਾਲ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੇ ਲੋਕਾਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਥਾਪੜਾ ਦਿੱਤਾ ਹੈ।
ਗਿੱਦੜਬਾਹਾ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 21,801 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ।
ਉਨ੍ਹਾਂ ਨੇ ਇਹ ਜਿੱਤ ਦਰਜ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਤੇ ਗਿੱਦੜਬਾਹਾ ਤੋਂ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਹਰਾਇਆ ਹੈ ਜਿਨ੍ਹਾਂ ਨੂੰ 49,675 ਵੋਟਾਂ ਪਾਈਆਂ ਹਨ।
ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ 12,227 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ।
ਡੇਰਾ ਬਾਬਾ ਨਾਨਕ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 5,699 ਵੋਟਾਂ ਨਾਲ ਜਿੱਤ ਗਏ ਹਨ।
ਗੁਰਦੀਪ ਰੰਧਾਵਾ ਨੇ ਪਹਿਲੇ ਸਥਾਨ 'ਤੇ ਰਹਿੰਦਿਆਂ 59,044 ਵੋਟਾਂ ਹਾਸਿਲ ਕੀਤੀਆਂ ਹਨ।
ਇਸ ਤੋਂ ਇਲਾਵਾ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ 53,322 ਵੋਟਾਂ ਮਿਲੀਆਂ ਹਨ।
ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ 6449 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ।
ਵਾਇਨਾਡ ਸੀਟ ਤੋਂ ਪ੍ਰਿਅੰਕਾ ਗਾਂਧੀ 2.25 ਲੱਖ ਤੋਂ ਵੱਧ ਵੋਟਾਂ ਨਾਲ ਅੱਗੇ, ਨੰਦੇੜ ਸਾਹਿਬ ਤੋਂ ਕੌਣ ?

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਵਾਇਨਾਡ ਸੀਟ 'ਤੇ ਪ੍ਰਿਅੰਕਾ ਗਾਂਧੀ ਅੱਗੇ ਹਨ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਉਮੀਦਵਾਰ ਪ੍ਰਿਅੰਕਾ ਗਾਂਧੀ 2 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।
ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਸੀਪੀਆਈ ਉਮੀਦਵਾਰ ਸਤਿਆਨ ਮੋਕੇਰੀ ਕਰੀਬ 1 ਲੱਖ ਵੋਟਾਂ ਨਾਲ ਦੂਜੇ ਸਥਾਨ 'ਤੇ ਅਤੇ ਭਾਜਪਾ ਉਮੀਦਵਾਰ ਨਵਿਆ ਹਰੀਦਾਸ 2.57 ਲੱਖ ਵੋਟਾਂ ਨਾਲ ਤੀਜੇ ਸਥਾਨ 'ਤੇ ਹਨ।
ਰਾਹੁਲ ਗਾਂਧੀ ਦੇ ਵਾਇਨਾਡ ਸੀਟ ਛੱਡਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਇੱਥੋਂ ਜ਼ਿਮਨੀ ਚੌਣ ਲੜੀ ਹੈ।
ਇਸ ਸਾਲ ਜੂਨ ਵਿੱਚ ਹੋਈਆਂ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਵਾਇਨਾਡ ਸੀਟ ਤੋਂ 3 ਲੱਖ 64 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕਰਵਾਈ ਸੀ।
ਵਾਇਨਾਡ ਤੋਂ ਇਲਾਵਾ ਮਹਾਰਾਸ਼ਟਰ ਦੀ ਨੰਦੇੜ ਲੋਕ ਸਭਾ ਸੀਟ 'ਤੇ ਵੀ ਜ਼ਿਮਨੀ ਚੋਣ ਹੋਈ ਹੈ।
ਇਸ ਸੀਟ 'ਤੇ ਭਾਜਪਾ ਉਮੀਦਵਾਰ ਸੰਤੋਕਰਾਓ ਹੰਬਰਡੇ ਲਗਭਗ 2600 ਵੋਟਾਂ ਦੇ ਫ਼ਰਕ ਨਾਲ ਪਹਿਲੇ ਸਥਾਨ 'ਤੇ ਹਨ। ਇੱਥੇ ਕਾਂਗਰਸ ਦੇ ਰਵਿੰਦਰ ਚਵਾਨ ਵਸੰਤਰਾਓ ਦੂਜੇ ਸਥਾਨ 'ਤੇ ਚੱਲ ਰਹੇ ਹਨ।
ਦਿਨ-ਬ-ਦਿਨ ਬੁਲੰਦੀਆਂ ਛੂਹ ਰਹੀ ਹੈ 'ਆਪ': ਭਗਵੰਤ ਮਾਨ

ਤਸਵੀਰ ਸਰੋਤ, X/Bhagwant Mann
ਤਸਵੀਰ ਕੈਪਸ਼ਨ, 'ਆਪ' ਚਾਰ ਵਿੱਚੋਂ 1 ਸੀਟ ਜਿੱਤ ਚੁੱਕੀ ਹੈ ਅਤੇ 2 ਹੋਰ ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜ਼ਿਮਨੀ ਚੋਣਾਂ ਦੀ ਵਧਾਈ ਦਿੰਦੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡਿਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਐਕਸ 'ਤੇ ਉਨ੍ਹਾਂ ਲਿਖਿਆ, "ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ। ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਦਿਨ-ਬ-ਦਿਨ ਬੁਲੰਦੀਆਂ ਛੂਹ ਰਹੀ ਹੈ।"
"ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਾਂ।”
“ਜ਼ਿਮਨੀ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ। ਸਭ ਨੂੰ ਬਹੁਤ-ਬਹੁਤ ਮੁਬਾਰਕਾਂ।"
ਚੱਬੇਵਾਲ 'ਚ 'ਆਪ' ਨੇ ਮਾਰੀ ਬਾਜ਼ੀ

ਤਸਵੀਰ ਸਰੋਤ, FB/Dr. Raj Kumar chabbewal
ਤਸਵੀਰ ਕੈਪਸ਼ਨ, ਇਸ਼ਾਂਕ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਹਨ ਪੰਜਾਬ ਦੀਆਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਚੱਬੇਵਾਲ ਤੋਂ ਜਿੱਤ ਹਾਸਲ ਕੀਤੀ ਹੈ।
ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਇਸ਼ਾਂਕ ਕੁਮਾਰ ਚੱਬੇਵਾਲ ਨੇ 28 ਹਜ਼ਾਰ ਤੋਂ ਵੱਧ ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ।
ਇਸ਼ਾਂਕ ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਹਨ।
ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਫੇਸਬੁੱਕ ਪੋਸਟ 'ਚ ਲਿਖਿਆ, "ਅੱਜ ਜੋ ਮਾਣ ਅਜਿਹੇ ਭਰਵੇਂ ਹੁੰਗਾਰੇ ਨਾਲ ਤੁਸੀਂ ਸਾਰਿਆਂ ਨੇ ਮੈਨੂੰ ਬਖਸ਼ਿਆ ਹੈ ਉਸ ਲਈ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ…ਤੁਹਾਡਾ ਇਹ ਫਤਵਾ ਸਾਡੇ ਵਲੋਂ ਹਲਕੇ ਵਿਚ ਕੀਤੇ ਗਏ ਕੰਮਾਂ ਨੂੰ ਤੁਹਾਡੀ ਪ੍ਰਵਾਨਗੀ ਹੈ ਅਤੇ ਇਸ ਨੂੰ ਸਿਰ-ਮੱਥੇ ਲੈਂਦਿਆਂ, ਅਸੀਂ ਅਗਾਂਹ ਵੀ ਹਲਕੇ ਦੇ ਵਿਕਾਸ ਲਈ ਤਨਦੇਹੀ ਨਾਲ ਸੰਪੂਰਨ ਸਮਰਪਣ ਭਾਵਨਾ ਨਾਲ ਕੰਮ ਕਰਣ ਲਈ ਆਪਣੀ ਵਚਨਬੱਧਤਾ ਇੱਕ ਵਾਰ ਫਿਰ ਦੁਹਰਾਉਂਦੇ ਹਾਂ"
ਬਰਨਾਲਾ 'ਚ ਕਾਂਗਰਸ ਨੇ ਦਰਜ ਕੀਤੀ ਜਿੱਤ

ਤਸਵੀਰ ਸਰੋਤ, Kuldeep Singh Dhillon/FB
ਤਸਵੀਰ ਕੈਪਸ਼ਨ, ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਦਰਜ ਕੀਤੀ ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਦੇ ਮੁਤਾਬਕ ਹਲਕਾ ਬਰਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 2,157 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਲਗਭਗ 3,000 ਵੋਟਾਂ ਦੇ ਫ਼ਰਕ ਨਾਲ ਦੂਜੇ ਸਥਾਨ 'ਤੇ ਰਹੇ।
ਜਦੋਂਕਿ ਤੀਜੇ ਸਥਾਨ ਲਈ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋ ਅਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਦਰਮਿਆਨ ਮਹਿਜ਼ 500 ਦੇ ਕਰੀਬ ਵੋਟਾਂ ਦਾ ਫ਼ਰਕ ਰਿਹਾ। ਢਿੱਲੋ ਨੇ 16,963 ਅਤੇ ਬਾਠ ਨੇ 16,059 ਵੋਟ ਹਾਸਲ ਕੀਤੇ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ 7,032 ਨਾਲ ਪੰਜਵੇਂ ਸਥਾਨ 'ਤੇ ਰਹੇ।
ਗਿੱਦੜਬਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ 'ਚ ਅੱਗੇ ਕੌਣ ?
ਜ਼ਿਮਨੀ ਚੋਣਾਂ ਦੇ ਆ ਰਹੇ ਤਾਜ਼ਾ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਚਾਰ ਵਿੱਚੋ 3 ਸੀਟਾਂ 'ਤੇ ਅੱਗੇ ਹੈ।
ਬਰਨਾਲਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੇ ਬਾਕੀ 3 ਸੀਟਾਂ 'ਤੇ ਲੀਡ ਕਾਇਮ ਕੀਤੀ ਹੋਈ ਹੈ।
ਗਿੱਦੜਬਾਹਾ 'ਚ ਗਿਣਤੀ ਦੇ ਪੰਜਵੇ ਗੇੜ ਤੋਂ ਬਾਅਦ ਆਮ ਆਦਮੀ ਪਾਰਟੀ 27,901 ਵੋਟਾਂ ਨਾਲ ਪਹਿਲੇ ਸਥਾਨ 'ਤੇ ਹੈ, ਦੂਜੇ ਸਥਾਨ 'ਤੇ 19,927 ਵੋਟਾਂ ਨਾਲ ਕਾਂਗਰਸ ਅਤੇ 5,706 ਵੋਟਾਂ ਨਾਲ ਭਾਜਪਾ ਤੀਜੇ ਸਥਾਨ 'ਤੇ ਹੈ।
ਚੱਬੇਵਾਲ 'ਚ 12 ਰਾਉਂਡ ਹੋ ਚੁੱਕੇ ਹਨ। ਇੱਥੇ ਆਮ ਆਦਮੀ ਪਾਰਟੀ 25,000 ਤੋਂ ਵੱਧ ਵੋਟਾਂ ਦੇ ਨਾਲ ਅੱਗੇ ਹੈ।
ਉੱਧਰ ਡੇਰਾ ਬਾਬਾ ਨਾਨਕ 'ਚ 15 ਰਾਉਂਡ ਪੂਰੇ ਹੋ ਚੁਕੇ ਹਨ, ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ 4,000 ਤੋਂ ਵੱਧ ਵੋਟਾਂ ਨਾਲ ਅੱਗੇ ਹਨ।

ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਤੀਜੇ ਨੰਬਰ ਉੱਤੇ

ਤਸਵੀਰ ਸਰੋਤ, Kuldeep singh Dhillon/fb
ਤਸਵੀਰ ਕੈਪਸ਼ਨ, ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 15604 ਵੋਟਾਂ ਨਾਲ ਅੱਗੇ ਹਨ। ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਮੁਤਾਬਕ ਬਰਨਾਲਾ ਹਲਕੇ ਵਿੱਚ ਆਮ ਆਦਮੀ ਪਾਰਟੀ ਤੋਂ ਅੱਗੇ ਕਾਂਗਰਸ ਅਤੇ ਭਾਜਪਾ ਚਲ ਰਹੇ ਹਨ।
ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 15604 ਵੋਟਾਂ ਨਾਲ ਅੱਗੇ ਹਨ।
ਬੀਜੇਪੀ ਦੇ ਕੇਵਲ ਸਿੰਘ ਢਿੱਲੋਂ 12729 ਵੋਟਾਂ ਨਾਲ ਦੂਜੇ ਨੰਬਰ ਉੱਤੇ ਹਨ।
ਆਪ ਦੇ ਹਰਿੰਦਰ ਸਿੰਘ ਧਾਲੀਵਾਲ 12703 ਵੋਟਾਂ ਨਾਲ ਤੀਜੇ ਨੰਬਰ ਉੱਤੇ ਹਨ।
ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 9901 ਵੋਟਾਂ ਮਿਲੀਆਂ ਹਨ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੋਬਿੰਦ ਸਿੰਘ ਸੰਧੂ ਨੂੰ 4058 ਵੋਟਾਂ ਪਈਆਂ ਹਨ।
ਡੇਰਾ ਬਾਬਾ ਨਾਨਕ 'ਚ ਵੱਡਾ ਉਲਟਫੇਰ, 'ਆਪ" ਕਾਂਗਰਸ ਤੋਂ ਅੱਗੇ

ਤਸਵੀਰ ਸਰੋਤ, Gurpreet Chawla
ਤਸਵੀਰ ਕੈਪਸ਼ਨ, ਗੁਰਦੀਪ ਰੰਧਾਵਾ ਨੇ 3992 ਵੋਟਾਂ ਦੀ ਲੀਡ ਬਣਾ ਲਈ ਹੈ ਡੇਰਾ ਬਾਬਾ ਨਾਨਕ ਵਿੱਚ 14ਵੇਂ ਗੇੜ ਦੀ ਗਿਣਤੀ ਹੋ ਚੁੱਕੀ ਹੈ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਆਮ ਆਦਮੀ ਪਾਰਟੀ ਉਮੀਦਵਾਰ ਗੁਰਦੀਪ ਰੰਧਾਵਾ ਨੇ ਕਾਂਗਰਸ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ ਪਛਾੜ ਦਿੱਤਾ ਹੈ।
ਆਮ ਉਮੀਦਵਾਰ ਗੁਰਦੀਪ ਰੰਧਾਵਾ 3992 ਵੋਟਾਂ ਦੀ ਲੀਡ ਲੈ ਗਏ ਹਨ। ਉਹਨਾਂ ਨੂੰ 47912 ਵੋਟਾਂ ਪੈ ਗਈਆਂ ਹਨ।
ਜਦਕਿ ਕਾਂਗਰਸ ਦੇ ਜਤਿੰਦਰ ਕੌਰ 43920 ਵੋਟਾਂ ਨਾਲ ਦੂਜੇ ਨੰਬਰ ਉੱਤੇ ਚਲ ਰਹੇ ਹਨ।
ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ 5559 ਵੋਟਾਂ ਨਾਲ ਤੀਜੇ ਨੰਬਰ ਉੱਤੇ ਹੀ ਹਨ।
ਮਹਾਰਾਸ਼ਟਰ ਅਤੇ ਝਾਰਖੰਡ ਚੋਣਾਂ: ਹੁਣ ਤੱਕ ਦੇ ਰੁਝਾਨਾਂ ਵਿੱਚ ਕੌਣ ਅੱਗੇ ਅਤੇ ਕੌਣ ਪਿੱਛੇ?

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸਵੇਰੇ 10 ਵਜੇ ਤੱਕ ਆਏ ਰੁਝਾਨਾਂ ਮੁਤਾਬਕ ਜੇਐੱਮਐੱਮ ਝਾਰਖੰਡ 'ਚ ਅੱਗੇ ਹੈ ਮਹਾਰਾਸ਼ਟਰ ਦੀਆਂ 288 ਅਤੇ ਝਾਰਖੰਡ ਦੀਆਂ 81 ਸੀਟਾਂ 'ਤੇ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।
ਦੋਵਾਂ ਸੂਬਿਆਂ ਤੋਂ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਵੋਟਾਂ ਦੀ ਗਿਣਤੀ ਹੁੰਦੇ ਹੋਏ ਦੋ ਘੰਟੇ ਹੋ ਚੁੱਕੇ ਹਨ ਅਤੇ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਮਹਾਯੁਤੀ ਗਠਜੋੜ 184 ਸੀਟਾਂ 'ਤੇ ਅੱਗੇ ਹੈ।
ਜਦਕਿ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ 84 ਸੀਟਾਂ 'ਤੇ ਅੱਗੇ ਹੈ। ਇਸ ਤੋਂ ਇਲਾਵਾ ਹੋਰ ਪਾਰਟੀਆਂ 20 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।
ਝਾਰਖੰਡ 'ਚ ਭਾਜਪਾ ਅਤੇ ਉਨ੍ਹਾਂ ਦੇ ਸਹਿਯੋਗੀ ਦਲ 34 ਸੀਟਾਂ 'ਤੇ ਅੱਗੇ ਹਨ। ਜੇਐੱਮਐੱਮ ਅਤੇ ਉਨ੍ਹਾਂ ਦੇ ਸਹਿਯੋਗੀ 45 ਸੀਟਾਂ 'ਤੇ ਅੱਗੇ ਹਨ।
ਜਦਕਿ ਬਾਕੀ ਪਾਰਟੀਆਂ 2 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।
ਡਿੰਪੀ ਢਿੱਲੋਂ ਨੇ ਰੁਝਾਨਾਂ ਬਾਰੇ ਕੀ ਕਿਹਾ

ਤਸਵੀਰ ਸਰੋਤ, Hardeep Singh Dimpy Dhillon/fb
ਤਸਵੀਰ ਕੈਪਸ਼ਨ, ਡਿੰਪੀ ਢਿੱਲੋਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਗਿੱਦੜਬਾਹਾ ਸੀਟ ਤੋਂ ਅੱਗੇ ਚਲ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਡਿੰਪੀ ਢਿੱਲੋਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ, "ਵੋਟਾਂ ਦੀ ਗਿਣਤੀ ਚੱਲ ਰਹੀ ਹੈ, ਜਿੰਨੇ ਮਰਜ਼ੀ ਤੁਸੀਂ ਵਿਸ਼ਵਾਸ ਨਾਲ ਭਰੇ ਹੋਵੋ ਫੇਰ ਵੀ ਡਰ ਤਾਂ ਹੁੰਦਾ ਹੀ ਹੈ, ਜਦੋਂ ਤੱਕ 10,000 ਤੋਂ ਜ਼ਿਆਦਾ ਲੀਡ ਨਹੀਂ ਮਿਲਦੀ ਉਦੋਂ ਤੱਕ ਕੁੱਝ ਨਹੀਂ ਕਿਹਾ ਜਾ ਸਕਦਾ।"
ਡੇਰਾ ਬਾਬਾ ਨਾਨਕ 'ਚ ਕਾਂਗਰਸ ਅੱਗੇ

ਤਸਵੀਰ ਸਰੋਤ, Jatinder Kaur Randhawa/fb
ਤਸਵੀਰ ਕੈਪਸ਼ਨ, ਹੁਣ ਤੱਕ ਜਤਿੰਦਰ ਕੌਰ ਨੂੰ 21108 ਵੋਟਾਂ ਪਈਆਂ ਹਨ ਡੇਰਾ ਬਾਬਾ ਨਾਨਕ ਵਿੱਚ ਛੇਵੇਂ ਗੇੜ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ ਰੰਧਾਵਾ 1693 ਵੋਟਾਂ ਨਾਲ ਅੱਗੇ ਚਲ ਰਹੇ ਹਨ।
ਜਤਿੰਦਰ ਕੌਰ ਸੁਖਜਿੰਦਰ ਰੰਧਾਵਾ ਦੀ ਪਤਨੀ ਹਨ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਜਤਿੰਦਰ ਕੌਰ ਨੂੰ 21108 ਵੋਟਾਂ ਪਈਆਂ ਹਨ ਆਪ ਦੇ ਗੁਰਦੀਪ ਸਿੰਘ ਰੰਧਾਵਾ ਨੂੰ 19415 ਵੋਟਾਂ ਜਦਕਿ ਭਾਜਪਾ ਉਮੀਦਵਾਰ ਰਵੀ ਕਰਨ ਸਿੰਘ ਕਾਹਲੋਂ ਨੂੰ 2535 ਮਿਲੀਆਂ ਹਨ।
ਵਾਇਨਾਡ ਜ਼ਿਮਨੀ ਚੋਣਾ: ਪ੍ਰਿਅੰਕਾ ਗਾਂਧੀ ਅੱਗੇ

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਵਾਇਨਾਡ ਸੀਟ 'ਤੇ ਪ੍ਰਿਅੰਕਾ ਗਾਂਧੀ ਅੱਗੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਕਾਂਗਰਸ ਉਮੀਦਵਾਰ ਪ੍ਰਿਅੰਕਾ ਗਾਂਧੀ ਕਰੀਬ 25 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੀ ਹੈ।
ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਸੀਪੀਆਈ ਉਮੀਦਵਾਰ ਸਤਿਆਨ ਮੋਕੇਰੀ ਦੂਜੇ ਸਥਾਨ 'ਤੇ ਅਤੇ ਭਾਜਪਾ ਉਮੀਦਵਾਰ ਨਵਿਆ ਹਰੀਦਾਸ ਤੀਜੇ ਸਥਾਨ 'ਤੇ ਹਨ।
ਰਾਹੁਲ ਗਾਂਧੀ ਦੇ ਵਾਇਨਾਡ ਸੀਟ ਛੱਡਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਇੱਥੋਂ ਆਪਣੀ ਪਹਿਲੀ ਸਿਆਸੀ ਚੋਣ ਲੜੀ ਹੈ।
ਪੰਜਾਬ ਜ਼ਿਮਨੀ ਚੋਣਾਂ: ਪਹਿਲੇ ਰੁਝਾਨਾਂ 'ਚ ਕੌਣ ਅੱਗੇ

ਤਸਵੀਰ ਕੈਪਸ਼ਨ, ਗਿੱਦੜਬਾਹਾ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਅੱਗੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਪਹਿਲੀ ਗੇੜ ਦੇ ਰੁਝਾਨਾਂ ਮੁਤਾਬਕ ਚੱਬੇਵਾਲ ਸੀਟ 'ਤੋਂ ਆਮ ਆਦਮੀ ਪਾਰਟੀ 4233 ਵੋਟਾਂ ਨਾਲ ਅੱਗੇ ਹੈ
ਗਿੱਦੜਬਾਹਾ ਸੀਟ 'ਤੇ ਦੂਜੇ ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਅੱਗੇ ਹੈ।ਡੇਰਾ ਬਾਬਾ ਨਾਨਕ 'ਚ ਕਾਂਗਰਸ ਅੱਗੇ ਹੈ ਪਰ ਟੱਕਰ ਫਸਵੀਂ ਹੈ।
ਝਾਰਖੰਡ ਵਿਧਾਨ ਸਭਾ ਚੋਣਾਂ: ਮੁੱਖ ਮੁਕਾਬਲਾ ਇੰਡੀਆ ਗਠਜੋੜ ਅਤੇ ਐੱਨਡੀਏ ਵਿਚਾਲੇ

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਪਹਿਲੇ ਗੇੜ ਦੇ ਰੁਝਾਨ ਸਵੇਰੇ 10 ਵਜੇ ਤੱਕ ਆਉਣੇ ਸ਼ੁਰੂ ਹੋ ਜਾਣਗੇ ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਸਰਕਾਰ ਬਣਾਉਣ ਲਈ 41 ਸੀਟਾਂ ਦੀ ਲੋੜ ਹੈ।
ਝਾਰਖੰਡ ਵਿਧਾਨ ਸਭਾ ਚੋਣ ਨਤੀਜਿਆਂ ਦੇ ਅਪਡੇਟ ਇੱਥੇ ਦੇਖੋ।
ਝਾਰਖੰਡ ਵਿੱਚ ਹੇਮੰਤ ਸੋਰੇਨ ਦੀ ਅਗਵਾਈ ਵਿੱਚ ਪਿਛਲੇ ਪੰਜ ਸਾਲਾਂ ਤੋਂ ਇੰਡੀਆ ਗੱਠਜੋੜ ਦੀ ਸਰਕਾਰ ਸੀ।
ਇੱਥੇ ਵੋਟਾਂ ਦੋ ਪੜਾਵਾਂ ਵਿੱਚ 13 ਅਤੇ 20 ਨਵੰਬਰ ਨੂੰ ਪਈਆਂ ਸਨ। ਮੁੱਖ ਮੁਕਾਬਲਾ ਭਾਰਤ ਗਠਜੋੜ ਅਤੇ ਐੱਨਡੀਏ ਵਿਚਾਲੇ ਹੈ।
ਮਹਾਗਠਜੋੜ ਵਿੱਚ ਝਾਰਖੰਡ ਮੁਕਤੀ ਮੋਰਚਾ ਤੋਂ ਇਲਾਵਾ ਕਾਂਗਰਸ, ਰਾਸ਼ਟਰੀ ਜਨਤਾ ਦਲ ਅਤੇ ਖੱਬੀਆਂ ਪਾਰਟੀਆਂ ਹਨ।
ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਵਿੱਚ ਏਜੇਐੱਸਯੂ, ਜੇਡੀਯੂ ਅਤੇ ਐੱਲਜੇਪੀ ਸ਼ਾਮਲ ਹਨ।
ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਦੇ ਨਤੀਜੇ ਅੱਜ

ਤਸਵੀਰ ਸਰੋਤ, Getty
ਤਸਵੀਰ ਕੈਪਸ਼ਨ, ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਲਈ ਵੋਟਾਂ 20 ਨਵੰਬਰ ਨੂੰ ਪਈਆਂ ਸਨ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਦੇ ਨਤੀਜੇ ਆਉਣਗੇ, ਸਰਕਾਰ ਬਣਾਉਣ ਲਈ ਬਹੁਮਤ ਅੰਕੜਾ 145 ਸੀਟਾਂ ਦਾ ਹੈ।
ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜਿਆਂ ਦੇ ਅਪਡੇਟ ਇੱਥੇ ਦੇਖੋ।
ਮਹਾਰਾਸ਼ਟਰ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਐੱਨਡੀਏ ਦੀ ਸਰਕਾਰ ਸੀ।
ਇੱਥੇ ਮੁੱਖ ਮੁਕਾਬਲਾ ਛੇ ਵੱਖ-ਵੱਖ ਪਾਰਟੀਆਂ ਵਾਲੇ ਦੋ ਗਠਜੋੜਾਂ ਮਹਾਵਿਕਾਸ ਅਗਾੜੀ ਅਤੇ ਮਹਾਯੁਤੀ ਵਿਚਕਾਰ ਹੈ।
ਤੀਜਾ ਗਠਜੋੜ ਬਹੁਜਨ ਵੰਚਿਤ ਅਗਾੜੀ ਹੈ। ਇਸ ਤੋਂ ਇਲਾਵਾ ਇੱਥੇ ਕਈ ਬਾਗ਼ੀ ਉਮੀਦਵਾਰ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿੱਚ ਹਨ।
ਅੰਮ੍ਰਿਤਾ ਵੜਿੰਗ, ਮਨਪ੍ਰੀਤ ਸਿੰਘ ਬਾਦਲ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਸਣੇ ਜਾਣੋ ਕੌਣ-ਕੌਣ ਚੋਣ ਮੈਦਾਨ ਵਿੱਚ

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ, ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ।
ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਚੁੱਕੀ ਹੈ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਤੋਂ ਚੁਣੇ ਹੋਏ ਵਿਧਾਇਕ ਮੀਤ ਹੇਅਰ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ ਅਤੇ ਰਾਜ ਕੁਮਾਰ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇਹ ਸੀਟਾਂ ਖਾਲੀ ਹੋਈਆਂ ਸਨ।
ਚੋਣ ਮੈਦਾਨ ਵਿੱਚ ਕਾਂਗਰਸ ਨੇ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ, ਚੱਬੇਵਾਲ ਤੋਂ ਰਣਜੀਤ ਕੁਮਾਰ, ਗਿੱਦੜਬਾਹਾ ਤੋਂ ਅੰਮ੍ਰਿਤਾ ਵੜਿੰਗ ਅਤੇ ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ।
ਆਮ ਆਦਮੀ ਪਾਰਟੀ ਨੇ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਬਰਨਾਲਾ ਤੋਂ ਹਰਿੰਦਰ ਸਿੰਘ ਧਾਲੀਵਾਲ, ਚੱਬੇਵਾਲ ਤੋਂ ਡਾਕਟਰ ਇਸ਼ਾਂਕ ਕੁਮਾਰ ਅਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।
ਭਾਜਪਾ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ, ਬਰਨਾਲਾ ਤੋਂ ਕੇਵਲ ਢਿੱਲੋਂ ਤੇ ਡੇਰਾ ਬਾਬਾ ਨਾਨਕ ਤੋਂ ਰਵੀ ਕਰਨ ਕਾਹਲੋਂ ਨੂੰ ਉਮੀਦਵਾਰ ਐਲਾਨਿਆ ਹੈ। ਚੱਬੇਵਾਲ ਤੋਂ ਸੋਹਨ ਸਿੰਘ ਠੰਡਲ ਨੂੰ ਮੈਦਾਨ ਵਿੱਚ ਹਨ।
ਸ਼੍ਰੋਮਣੀ ਅਕਾਲੀ ਦਲ ਇਸ ਚੋਣ ਦੰਗਲ ਤੋਂ ਬਾਹਰ ਹੈ।
