ਪਾਕਿਸਤਾਨ ਨੇ ਕਿਹਾ ਭਾਰਤ ਨੇ ਤਿੰਨ ਫੌਜੀ ਹਵਾਈ ਅੱਡਿਆਂ ’ਤੇ ਮਿਜ਼ਾਇਲ ਹਮਲਾ ਕੀਤਾ, ਅੰਮ੍ਰਿਤਸਰ ’ਚ ਸੁਣਾਈ ਦਿੱਤੇ ਧਮਾਕੇ, ਫੌਜ ਨੇ ਕਿਹਾ 26 ਥਾਂਵਾਂ 'ਤੇ ਡਰੋਨ ਦੇਖੇ ਗਏ

ਭਾਰਤ ਵੱਲੋਂ 32 ਹਵਾਈ ਅੱਡਿਆਂ ਨੂੰ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਸਾਰ

  • ਭਾਰਤ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਸ਼ਾਮ ਨੂੰ ਪਾਕਿਸਤਾਨ ਤੋਂ ਆਏ ਡਰੋਨਜ਼ ਅਤੇ ਮਿਜ਼ਾਇਲਾਂ ਵੱਲੋਂ ਜੰਮੂ, ਉਧਮਪੁਰ ਅਤੇ ਪਠਾਨਕੋਟ ਮਿਲਟਰੀ ਸਟੇਸ਼ਨਾਂ ਉੱਤੇ ਹਮਲਾ ਕੀਤਾ ਗਿਆ।
  • ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਸ ਤੋਂ ਇਨਕਾਰ ਕੀਤਾ ਹੈ।
  • ਪੰਜਾਬ ਵਿੱਚ ਸਕੂਲਾਂ, ਕਾਲਜਾਂ ਨੂੰ ਅਗਲੇ 3 ਦਿਨਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
  • ਵੀਰਵਾਰ ਰਾਤ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਲੈਕਆਊਟ ਵੀ ਕੀਤਾ ਗਿਆ।
  • ਭਾਰਤ ਸਰਕਾਰ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ 6-7 ਮਈ ਦੀ ਦਰਮਿਆਨੀ ਰਾਤ ਨੂੰ 'ਆਪ੍ਰੇਸ਼ਨ ਸਿੰਦੂਰ' ਕੀਤਾ ਸੀ।

ਲਾਈਵ ਕਵਰੇਜ

ਰਿਪੋਰਟ: ਜਸਪਾਲ ਸਿੰਘ ਤੇ ਅਨੁਰੀਤ ਸ਼ਰਮਾ

  1. ਪਾਕਿਸਤਾਨ ਨੇ ਕਿਹਾ, ‘ਭਾਰਤ ਨੇ ਤਿੰਨ ਫੌਜੀ ਅੱਡਿਆਂ 'ਤੇ ਮਿਜ਼ਾਇਲ ਹਮਲਾ ਕੀਤਾ’

    ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ (ਫਾਈਲ ਫੋਟੋ)

    ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਹੈ ਭਾਰਤ ਨੇ ਉਨ੍ਹਾਂ ਦੇ ਤਿੰਨ ਫੌਜੀ ਅੱਡਿਆਂ 'ਤੇ ਮਿਜ਼ਾਇਲ ਨਾਲ ਹਮਲਾ ਕੀਤਾ ਹੈ। ਭਾਰਤ ਨੇ ਅਜੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

    ਸਰਕਾਰੀ ਟੈਲੀਵਿਜ਼ਨ 'ਤੇ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਫੌਜਾਂ "ਪੂਰੀ ਤਰ੍ਹਾਂ ਤਿਆਰ" ਹਨ ਅਤ ''ਇਸਦਾ ਜਵਾਬ'' ਦੇਣਗੀਆਂ।

    ਪਾਕਿਸਤਾਨ ਨੇ ਜਿਨ੍ਹਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ, ਉਨ੍ਹਾਂ ਵਿੱਚੋਂ ਇੱਕ ਰਾਵਲਪਿੰਡੀ ਵਿੱਚ ਨੂਰ ਖਾਨ ਹੈ, ਜਿੱਥੇ ਦੇਸ਼ ਦਾ ਫੌਜੀ ਹੈੱਡਕੁਆਰਟਰ ਹੈ। ਇਹ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।

    ਪਾਕਿਸਤਾਨ ਫੌਜ ਦੇ ਲੈਫਟੀਨੈਂਟ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਭਾਰਤ ਦੀਆਂ ਜ਼ਿਆਦਾਤਰ ਮਿਜ਼ਾਇਲਾਂ ਬੇਅਸਰ ਕਰ ਦਿੱਤੀਆਂ ਹਨ, ਪਰ ਕੁਝ ਇਸ ਸਿਸਟਮ ਤੋਂ ਪਾਰ ਹੋ ਗਈਆਂ।

  2. ਹੁਣ ਤੱਕ ਦਾ ਅਹਿਮ ਘਟਨਾਕ੍ਰਮ

    • ਅੰਮ੍ਰਿਤਸਰ, ਪਠਾਨਕੋਟ ਅਤੇ ਸ਼੍ਰੀਨਗਰ ਵਿੱਚ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਸੁਣੇ ਗਏ, ਜੰਮੂ ਅਤੇ ਪੁੰਛ ਵਿੱਚ ਸਥਿਤੀ ਤਣਾਅਪੂਰਨ
    • ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਇੱਕ ਘਰ ਵਿੱਚ ਕੋਈ ਚੀਜ਼ ਡਿੱਗਣ ਨਾਲ ਲੱਗੀ ਅੱਗ, 3 ਜਣੇ ਜ਼ਖਮੀ, ਔਰਤ ਦੀ ਹਾਲਤ ਗੰਭੀਰ
    • ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਕਰਜ਼ਾ ਮਿਲਿਆ, ਭਾਰਤ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ
    • ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੇਸ਼ ਦੇ ਉੱਤਰੀ-ਪੱਛਮੀ ਹਿੱਸਿਆਂ ਵਿੱਚ 32 ਹਵਾਈ ਅੱਡਿਆਂ ਤੋਂ ਨਾਗਰਿਕ ਉਡਾਣਾਂ 'ਤੇ ਪਾਬੰਦੀ ਲਗਾਈ
    • ਭਾਰਤ ਦੇ ਰੱਖਿਆ ਮੰਤਰਾਲੇ ਨੇ ਕਿਹਾ, ਪਾਕਿਸਤਾਨ ਨੇ ਵੀਰਵਾਰ ਰਾਤ ਨੂੰ 300-400 ਡਰੋਨਾਂ ਨਾਲ ਹਮਲਾ ਕੀਤਾ ਤੇ ਦੇਸ਼ ਵਿੱਚ 26 ਥਾਂਵਾਂ ’ਤੇ ਡਰੋਨ ਦੇਖੇ ਗਏ ਹਨ
    • ਭਾਰਤ ਦੇ ਵਿਦੇਸ਼ ਸਕੱਤਰ ਨੇ ਦੱਸਿਆ ਕਿ ਮੌਜੂਦਾ ਸੁਰੱਖਿਆ ਹਾਲਾਤ ਨੂੰ ਦੇਖਦੇ ਹੋਏ ਕਰਤਾਰਪੁਰ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਰਹੇਗਾ
  3. ਅੰਮ੍ਰਿਤਸਰ, ਪਠਾਨਕੋਟ ਅਤੇ ਸ਼੍ਰੀਨਗਰ ਵਿੱਚ ਇੱਕ ਤੋਂ ਬਾਅਦ ਇੱਕ ਕਈ ਧਮਾਕੇ, ਜੰਮੂ ਅਤੇ ਪੁੰਛ ਵਿੱਚ ਸਥਿਤੀ ਤਣਾਅਪੂਰਨ

    ਭਾਰਤੀ ਫ਼ੌਜ ਦੀ ਇੱਕ ਤਸਵੀਰ

    ਤਸਵੀਰ ਸਰੋਤ, Getty Images

    ਪੰਜਾਬ ਦੇ ਕੁਝ ਸਰਹੱਦੀ ਕਸਬਿਆਂ ਵਿੱਚ ਕਈ ਧਮਾਕੇ ਸੁਣੇ ਗਏ।

    ਪਠਾਨਕੋਟ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਤੇ ਸਾਥੀ ਕੈਮਰਾ ਮੈਨ ਅੰਤਰਿਕਸ਼ ਜੈਨ ਨੇ ਕਈ ਧਮਾਕੇ ਸੁਣੇ ਅਤੇ ਅਸਮਾਨ ਵਿੱਚ ਰੌਸ਼ਨੀ ਦੇਖੀ।

    ਉਨ੍ਹਾਂ ਕਿਹਾ, "ਭਾਰਤੀ ਫ਼ੌਜ ਨੇ ਸੂਚਿਤ ਕੀਤਾ ਹੈ ਕਿ ਡਰੋਨਾਂ ਨਾਲ ਹਮਲੇ ਹੋਏ ਹਨ ਅਤੇ ਉਨ੍ਹਾਂ ਡਰੋਨਾਂ ਨੂੰ ਸੁੱਟਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਰ ਪਾਸੇ ਬਲੈਕਆਊਟ ਹੈ।"

    ਅੰਮ੍ਰਿਤਸਰ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੇ ਕਿਹਾ, "ਸ਼ਹਿਰ ਵਿੱਚ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਸੁਣੇ ਗਏ। ਇਸ ਦੇ ਨਾਲ ਹੀ ਡਰੋਨ ਵੀ ਦੇਖੇ ਗਏ ਅਤੇ ਏਅਰ ਫੋਰਸ ਸਟੇਸ਼ਨ ਦੇ ਨੇੜੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ ਗਈਆਂ।”

    “ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਹੈ ਕਿ ਹੁਣ ਤੱਕ ਇਨ੍ਹਾਂ ਹਮਲਿਆਂ ਵਿੱਚ ਕਿਸੇ ਦੀ ਜਾਨ ਨਹੀਂ ਗਈ ਹੈ।"

    ਇਸ ਦੌਰਾਨ, ਪੁੰਛ ਦੇ ਨੇੜੇ ਸੁਰਨਕੋਟ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਨੇ ਦੱਸਿਆ, "ਕੱਲ੍ਹ ਅਤੇ ਅੱਜ ਪੁੰਛ ਵਿੱਚ ਭਾਰੀ ਗੋਲਾਬਾਰੀ ਹੋਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕੁਝ ਲੋਕ ਜ਼ਖਮੀ ਹੋ ਗਏ। ਹਾਲਾਂਕਿ, ਸੁਰਨਕੋਟ ਸਰਹੱਦ ਤੋਂ ਥੋੜ੍ਹਾ ਦੂਰ ਹੈ ਅਤੇ ਇੱਥੇ ਗੋਲਾਬਾਰੀ ਦਾ ਬਹੁਤਾ ਪ੍ਰਭਾਵ ਨਹੀਂ ਪਿਆ ਹੈ।"

    ਜੰਮੂ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਨੇ ਕਿਹਾ ਕਿ ਸਥਾਨਕ ਲੋਕਾਂ ਦੇ ਮੁਤਾਬਕ, ਉੱਥੇ ਵੀ ਧਮਾਕੇ ਹੋਏ ਹਨ।

    ਉਨ੍ਹਾਂ ਕਿਹਾ, "ਖੇਤਰ ਵਿੱਚ ਚੁੱਪ ਹੈ, ਲੋਕ ਆਪਣੇ ਘਰਾਂ ਵਿੱਚ ਹਨ। ਦਿਨ ਵੇਲੇ ਸਥਿਤੀ ਆਮ ਸੀ। ਲੋਕ ਬਾਜ਼ਾਰਾਂ ਵਿੱਚ ਦੇਖੇ ਗਏ, ਪਰ ਸ਼ਾਮ ਨੂੰ ਸਥਿਤੀ ਤਣਾਅਪੂਰਨ ਹੋ ਗਈ।"

    ਬੀਬੀਸੀ ਪੱਤਰਕਾਰ ਮਾਜਿਦ ਜਹਾਂਗੀਰ, ਜੋ ਸ਼੍ਰੀਨਗਰ ਵਿੱਚ ਮੌਜੂਦ ਹਨ, ਨੇ ਕਿਹਾ, "ਸ਼੍ਰੀਨਗਰ ਅਤੇ ਅਵੰਤੀਪੁਰਾ ਵਿੱਚ ਕਈ ਧਮਾਕੇ ਸੁਣੇ ਗਏ ਹਨ। ਇਸ ਤੋਂ ਇਲਾਵਾ, ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਿਜਲੀ ਨਹੀਂ ਹੈ।"

  4. ਦੇਸ਼ ਵਿੱਚ 26 ਥਾਂਵਾਂ ’ਤੇ ਡਰੋਨ ਦੇਖੇ ਗਏ- ਭਾਰਤੀ ਫ਼ੌਜ

    ਅਣਪਛਾਤੇ ਜਹਾਜ਼ ਦੇ ਪੁਰਜ਼ੇ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, 7 ਮਈ ਨੂੰ ਪੈਮਪੋਰ ਵਿੱਚ ਮਿਲੇ ਇੱਕ ਅਣਪਛਾਤੇ ਜਹਾਜ਼ ਦੇ ਪੁਰਜੇ

    ਭਾਰਤੀ ਫ਼ੌਜ ਵੱਲੋਂ ਅੱਜ ਦੇ ਘਟਨਾਕ੍ਰਮ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਭਾਰਤੀ ਫ਼ੌਜ ਉੱਤਰੀ ਭਾਰਤ ਦੇ ਬਾਰਾਮੂਲਾ ਤੋਂ ਲੈ ਕੇ ਦੱਖਣ ਵਿੱਚ ਭੁਜ ਤੱਕ, ਕੌਮਾਂਤਰੀ ਸਰਹੱਦ ਅਤੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਦੇ ਨਾਲ-ਨਾਲ 26 ਥਾਂਵਾਂ 'ਤੇ ਡਰੋਨ ਦੇਖੇ ਗਏ ਹਨ।

    ਇਨ੍ਹਾਂ ਵਿੱਚ ਸ਼ੱਕੀ ਹਥਿਆਰਬੰਦ ਡਰੋਨ ਸ਼ਾਮਲ ਹਨ ਜੋ ਆਮ ਨਾਗਰਿਕਾਂ ਅਤੇ ਫ਼ੌਜੀ ਟਿਕਾਣਿਆਂ ਲਈ ਸੰਭਾਵੀ ਖ਼ਤਰੇ ਪੈਦਾ ਕਰਦੇ ਹਨ।

    ਜਿਨ੍ਹਾਂ ਥਾਂਵਾਂ ਤੋਂ ਡਰੋਨ ਮਿਲੇ ਹਨ ਉਨ੍ਹਾਂ ਵਿੱਚ ਬਾਰਾਮੂਲਾ, ਸ਼੍ਰੀਨਗਰ, ਅਵੰਤੀਪੁਰਾ, ਨਗਰੋਟਾ, ਜੰਮੂ, ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਲਾਲਗੜ੍ਹ ਜੱਟਾ, ਜੈਸਲਮੇਰ, ਬਾੜਮੇਰ, ਭੁਜ, ਕੁਆਰਬੇਟ ਅਤੇ ਲੱਖੀ ਨਾਲਾ ਸ਼ਾਮਲ ਹਨ।

    ਭਾਰਤੀ ਫ਼ੌਜ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਇੱਕ ਹਥਿਆਰਬੰਦ ਡਰੋਨ ਨੇ ਫਿਰੋਜ਼ਪੁਰ ਦੇ ਇੱਕ ਨਾਗਰਿਕ ਇਲਾਕੇ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਨਤੀਜੇ ਵਜੋਂ ਇੱਕ ਸਥਾਨਕ ਪਰਿਵਾਰ ਦੇ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ।

    ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕੀਤੀ ਗਈ ਹੈ ਅਤੇ ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਸੈਨੀਟਾਈਜ਼ ਕੀਤਾ ਗਿਆ ਹੈ।

    ਭਾਰਤੀ ਹਥਿਆਰਬੰਦ ਫ਼ੌਜਾਂ ਉੱਚ ਪੱਧਰੀ ਚੌਕਸੀ ਰੱਖ ਰਹੀਆਂ ਹਨ ਅਤੇ ਅਜਿਹੇ ਸਾਰੇ ਹਵਾਈ ਖ਼ਤਰਿਆਂ ਨੂੰ ਟਰੈਕ ਕੀਤਾ ਜਾ ਰਿਹਾ ਹੈ ਅਤੇ ਕਾਊਂਟਰ-ਡਰੋਨ ਪ੍ਰਣਾਲੀਆਂ ਦੀ ਵਰਤੋਂ ਕਰਕੇ ਉਨ੍ਹਾਂ ਨਾਲ ਨਜਿੱਠਿਆ ਜਾ ਰਿਹਾ ਹੈ।

    ਸਥਿਤੀ 'ਤੇ ਨੇੜਿਓਂ ਅਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿੱਥੇ ਵੀ ਜ਼ਰੂਰੀ ਹੋਵੇ ਫ਼ੌਰਨ ਕਾਰਵਾਈ ਕੀਤੀ ਜਾ ਰਹੀ ਹੈ।

    ਨਾਗਰਿਕਾਂ, ਖਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਨੂੰ ਘਰ ਦੇ ਅੰਦਰ ਰਹਿਣ, ਬੇਲੋੜੀ ਆਵਾਜਾਈ ਨੂੰ ਸੀਮਤ ਕਰਨ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਜਾਰੀ ਸੁਰੱਖਿਆ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਜਾਰੀ ਕੀਤੀ ਗਈ ਹੈ।

    “ਭਾਵੇਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪਰ ਵਧੇਰੇ ਚੌਕਸੀ ਅਤੇ ਸਾਵਧਾਨੀ ਜ਼ਰੂਰੀ ਹੈ।”

  5. ਕਰਤਾਰਪੁਰ ਕੋਰੀਡੋਰ ਨੇੜੇ ਸੁਣਾਈ ਦਿੱਤੇ ਧਮਾਕੇ

    ਡੀਸੀ ਗੁਰਦਾਸਪੁਰ ਦਲਵਿੰਦਰ ਜੀਤ ਸਿੰਘ

    ਤਸਵੀਰ ਸਰੋਤ, Gurpreet Chawla

    ਤਸਵੀਰ ਕੈਪਸ਼ਨ, ਡੀਸੀ ਗੁਰਦਾਸਪੁਰ ਦਲਵਿੰਦਰ ਜੀਤ ਸਿੰਘ

    ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਕੋਰੀਡੋਰ ਨੇੜਲੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿੱਚ ਆਮ ਲੋਕਾਂ ਨੇ ਰਾਤ ਕਰੀਬ ਸਾਢੇ ਨੌਂ ਵਜੇ ਕੁਝ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ।

    ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਡੀਸੀ ਗੁਰਦਾਸਪੁਰ ਦਲਵਿੰਦਰ ਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਕੁਝ ਡਰੋਨ ਪਾਕਿਸਤਾਨ ਵਾਲੇ ਪਾਸੇ ਤੋਂ ਆਏ ਸਨ ਜਿਨ੍ਹਾਂ ਨੂੰ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤਾ ਹੈ।

    ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਹੁਣ ਤੱਕ 4 ਦੇ ਕਰੀਬ ਹਮਲੇ ਪਾਕਿਸਤਾਨ ਵੱਲੋਂ ਇਸ ਇਲਾਕੇ ਵਿੱਚ ਹੋਏ ਹਨ।

    ਡੀਸੀ ਗੁਰਦਾਸਪੁਰ ਦਲਵਿੰਦਰ ਜੀਤ ਸਿੰਘ ਨੇ ਇਹ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਕਰਤਾਰਪੁਰ ਕੋਰੀਡੋਰ ਨੇੜੇ ਹੋਏ ਸਨ।

  6. ਫਿਰੋਜ਼ਪੁਰ ’ਚ ਘਰ ਉੱਤੇ ਡਿੱਗੀ ਸ਼ੱਕੀ ਚੀਜ਼, ਤਿੰਨ ਜਣੇ ਗੰਭੀਰ ਜਖ਼ਮੀ

    ਜ਼ਿਲ੍ਹਾ ਫਿਰੋਜ਼ਪੁਰ ਦੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਜ਼ਿਲ੍ਹਾ ਫਿਰੋਜ਼ਪੁਰ ਦੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ

    ਫਿਰੋਜ਼ਪੁਰ ਦੇ ਪਿੰਡ ਖਾਈ-ਫੇਮੇ-ਕੇ ਵਿੱਚ ਇੱਕ ਸ਼ੱਕੀ ਚੀਜ਼ ਘਰ ਵਿੱਚ ਖੜ੍ਹੀ ਕਾਰ ਉੱਤੇ ਡਿੱਗਣ ਨਾਲ ਅੱਗ ਲੱਗ ਗਈ ਹੈ।

    ਜ਼ਿਲ੍ਹਾ ਫਿਰੋਜ਼ਪੁਰ ਦੇ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਬਬਾਤ ਕਰਦਿਆਂ ਦੱਸਿਆ ਕਿ ਘਰ ਵਿੱਚ ਕੋਈ ਚੀਜ਼ ਡਿੱਗਣ ਨਾਲ ਅੱਗ ਲੱਗੀ ਹੈ, ਜਿਸ ਵਿੱਚ ਇੱਕ ਔਰਤ, ਉਸ ਦੇ ਪਤੀ ਅਤੇ ਪੁੱਤਰ ਜਖ਼ਮੀ ਹੋਏ ਹਨ।

    ਘਟਨਾ ਦੌਰਾਨ ਜਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਲਖਵਿੰਦਰ ਸਿੰਘ (ਟਰੈਕਟਰ ਮਿਸਤਰੀ) ਅਤੇ ਉਸ ਦੇ ਪੁੱਤ ਮੋਨੂੰ ਅਤੇ ਪਤਨੀ ਵਜੋਂ ਹੋਈ ਹੈ।

    ਨਿੱਜੀ ਹਸਪਤਾਲ ਵਿੱਚ ਭਰਤੀ ਜਖ਼ਮੀਆਂ ਦਾ ਹਾਲ ਜਾਨਣ ਪਹੁੰਚੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੀ ਹਾਲਤ ਕਾਫ਼ੀ ਗੰਭੀਰ ਹੈ, ਉਹ ਅੱਗ ਲੱਗਣ ਨਾਲ ਝੁਲਸ ਗਈ ਹੈ।

    ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਿੱਥੇ ਅੱਗ ਲੱਗਣ ਵਾਲੀ ਚੀਜ਼ ਡਿੱਗੀ ਸੀ, ਉਸ ਇਲਾਕੇ ਦੀ ਨਾਕੇਬੰਦੀ ਕੀਤੀ ਹੋਈ ਹੈ।

    ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਮੁਤਾਬਕ ਫ਼ਿਰੋਜ਼ਪੁਰ ਵਿੱਚ ਕੁਝ ਘੰਟੇ ਪਹਿਲਾਂ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ।

    ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੁਝ ਡਰੋਨਾਂ ਨੂੰ ਫ਼ੌਜ ਵਲੋਂ ਨਸ਼ਟ ਕਰ ਦਿੱਤਾ ਗਿਆ ਹੈ।

    ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ ਨਿੱਜੀ ਹਸਪਤਾਲ ਦੇ ਡਾਕਟਰ ਕਮਲ ਬੱਗੀ ਨੇ ਦੱਸਿਆ, ਤਿੰਨ ਲੋਕ ਜਖ਼ਮੀ ਹੋਏ ਹਨ। ਜਖ਼ਮੀਆਂ ਵਿੱਚ ਔਰਤ ਹੈ ਜੋ ਕਿ ਗੰਭੀਰ ਰੂਪ ਵਿੱਚ ਸੜੀ ਹੈ। ਬਾਕੀ ਦੋ ਦੇ ਜਖ਼ਮੀ ਘੱਟ ਗੰਭੀਰ ਹਨ।

    ''ਤਿੰਨੋਂ ਇੱਕੋ ਪਰਿਵਾਰ ਦੇ ਹਨ। ਅਸੀਂ ਫ਼ੌਰਨ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ।''

  7. ਭਾਰਤ-ਪਾਕਿਸਤਾਨ ਤਣਾਅ: ਜੰਮੂ-ਕਸ਼ਮੀਰ ਦੇ ਇਨ੍ਹਾਂ ਇਲਾਕਿਆਂ ਵਿੱਚ ਮੁੜ ਗੋਲੀਬਾਰੀ ਸ਼ੁਰੂ

    ਸੰਕੇਤਕ ਤਸਵੀਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

    ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ, ਜੰਮੂ-ਕਸ਼ਮੀਰ ਤੋਂ ਇੱਕ ਵਾਰ ਮੁੜ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ।

    ਸ਼੍ਰੀਨਗਰ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਮਾਜਿਦ ਜਹਾਂਗੀਰ ਨੇ ਦੱਸਿਆ ਕਿ ਕੁਪਵਾੜਾ, ਉਰੀ ਅਤੇ ਪੁੰਛ ਦੇ ਕਰਨਾਹ ਅਤੇ ਤੰਗਧਾਰ ਵਿੱਚ ਸ਼ਾਮ 7:20 ਵਜੇ ਦੇ ਕਰੀਬ ਗੋਲਾਬਾਰੀ ਸ਼ੁਰੂ ਹੋਈ।

    ਨਿਊਜ਼ ਏਜੰਸੀ ਏਐੱਨਆਈ ਮੁਤਾਬਕ, "ਉਰੀ ਸੈਕਟਰ ਵਿੱਚ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।"

    ਇਸ ਤੋਂ ਇਲਾਵਾ ਪਠਾਨਕੋਟ ਵਿੱਚ ਮੌਜੂਦ ਬੀਬੀਸੀ ਟੀਮ ਨੇ ਧਮਾਕਿਆਂ ਦੀ ਆਵਾਜ਼ ਸੁਣੀ ਹੈ।

    ਖ਼ਬਰ ਏਜੰਸੀ ਪੀਟੀਆਈ ਨੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਕੀਤਾ ਹੈ ਕਿ ਜੰਮੂ, ਸਾਂਬਾ ਅਤੇ ਪਠਾਨਕੋਟ ਵਿੱਚ ਡਰੋਨ ਦੇਖੇ ਗਏ ਹਨ।

    ਇਸ ਤੋਂ ਪਹਿਲਾਂ, ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇੱਕ ਪ੍ਰੈਸ ਬ੍ਰੀਫਿੰਗ ਵਿੱਚ, ਕਰਨਲ ਸੋਫ਼ੀਆ ਕੁਰੈਸ਼ੀ ਨੇ ਵੀਰਵਾਰ ਰਾਤ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਸੀ।

    ਸੋਫ਼ੀਆ ਕੁਰੈਸ਼ੀ ਨੇ ਕਿਹਾ ਸੀ, "ਪਾਕਿਸਤਾਨੀ ਫ਼ੌਜ ਨੇ ਵੀਰਵਾਰ ਰਾਤ ਨੂੰ ਫ਼ੌਜੀ ਢਾਂਚੇ ਨੂੰ ਨਿਸ਼ਾਨਾ ਬਣਾਇਆ।"

    ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ 300 ਤੋਂ 400 ਡਰੋਨ ਛੱਡੇ ਗਏ ਸਨ।

    ਹਾਲਾਂਕਿ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਹਮਲੇ ਦੀ ਗੱਲ ਤੋਂ ਇਨਕਾਰ ਕੀਤਾ ਹੈ।

  8. ਪੰਜਾਬ ਦੇ ਫਿਰੋਜ਼ਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਸੁਣੇ ਗਏ ਧਮਾਕੇ, ਸੂਬੇ ਭਰ ਵਿੱਚ ਬਲੈਕਆਊਟ

    ਗੁਰਦਾਸਪੁਰ

    ਤਸਵੀਰ ਸਰੋਤ, Gurpreet Singh Chawla/BBC

    ਤਸਵੀਰ ਕੈਪਸ਼ਨ, ਗੁਰਦਾਸਪੁਰ ਵਿੱਚ ਬਲੈਕਆਊਟ ਦੀ ਤਸਵੀਰ

    ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੀ ਰਿਪੋਰਟ ਮੁਤਾਬਕ ਫਿਰੋਜ਼ਪੁਰ ਵਿੱਚ ਲੋਕਾਂ ਨੇ ਤਿੰਨ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ ਹਨ।

    ਫਿਰੋਜ਼ਪੁਰ ਪ੍ਰਸ਼ਾਸ਼ਨ ਦੇ ਇੱਕ ਉੱਚ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਵੀ ਫਿਰੋਜ਼ਪੁਰ ਸਿਟੀ ਵਿੱਚ ਤਿੰਨ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ ਹਨ।

    ਇਸ ਦੌਰਾਨ ਪਠਾਨਕੋਟ ਵਿੱਚ ਮੌਜੂਦ ਬੀਬੀਸੀ ਦੀ ਟੀਮ ਨੇ ਧਮਾਕਿਆਂ ਦੀਆਂ ਕਈ ਅਵਾਜ਼ਾਂ ਸੁਣੀਆਂ ਹਨ।

    ਫਿਰੋਜ਼ਪੁਰ ਅਤੇ ਪਠਾਨਕੋਟ ਤੋਂ ਇਲਾਵਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਬਲੈਕਆਊਟ ਕੀਤਾ ਗਿਆ ਹੈ।

    ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਅੰਮ੍ਰਿਤਸਰ ਵਿੱਚ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ ਗਈਆਂ ਹਨ।

    ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ ਸ਼ਹਿਰ ਦੇ ਤਿਬੜੀ ਕੈਂਟ ਨੇੜੇ ਤਿੰਨ ਧਮਾਕਿਆਂ ਦੀਆਂ ਅਵਾਜਾਂ ਸੁਣੀਆਂ ਗਈਆਂ ਹਨ।

  9. ਜੰਮੂ ਵਿੱਚ ਬਲੈਕ ਆਊਟ, ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ- ਉਮਰ ਅਬਦੁੱਲ੍ਹਾ

    ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਜਾਣਕਾਰੀ ਦਿੱਤੀ ਹੈ ਕਿ ਜੰਮੂ ਵਿੱਚ ਬਲੈਕ ਆਊਟ ਹੋਇਆ ਹੈ ਅਤੇ ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।

    ਉਮਰ ਅਬਦੁੱਲ੍ਹਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਪੋਸਟ ਵਿੱਚ ਲਿਖਿਆ,’’ਜੰਮੂ ਵਿੱਚ ਬਲੈਕ ਆਊਟ ਹੈ, ਪੂਰੇ ਸ਼ਹਿਰ ਵਿੱਚ ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।‘’

    ਇਸ ਤੋਂ ਪਹਿਲਾਂ ਵੀਰਵਾਰ ਦੀ ਰਾਤ ਵੀ ਪਾਕਿਸਤਾਨ ਦੀ ਸਰਹੱਦ ਨਾਲ ਲੱਗਣ ਵਾਲੇ ਜ਼ਿਲ੍ਹਿਆਂ ਵਿੱਚ ਬਲੈਕ ਆਊਟ ਅਤੇ ਗੋਲੀਬਾਰੀ ਦੀਆਂ ਖ਼ਬਰਾਂ ਆਈਆਂ ਸਨ।

    ਉੱਥੇ ਹੀ ਤਣਾਅ ਨੂੰ ਦੇਖਦਿਆਂ ਹੋਇਆ ਅੱਜ ਕਈ ਜ਼ਿਲ੍ਹਿਆਂ ਵਿੱਚ ਸ਼ਾਮ ਤੋਂ ਹੀ ਬਲੈਕ ਆਊਟ ਕੀਤਾ ਗਿਆ ਹੈ।

  10. ਰਾਜਸਥਾਨ: ਪਾਕਿਸਤਾਨ ਨਾਲ ਲੱਗਦੇ ਜ਼ਿਲ੍ਹੇ ਹਾਈ ਅਲਰਟ 'ਤੇ, 12 ਘੰਟੇ ਤੱਕ ਜਾਰੀ ਰਹੇਗਾ ਬਲੈਕਆਊਟ

    ਬਲੈਕਆਊਟ ਤੋਂ ਬਾਅਦ,

    ਤਸਵੀਰ ਸਰੋਤ, Mohan Singh Meena/BBC

    ਤਸਵੀਰ ਕੈਪਸ਼ਨ, ਬਲੈਕਆਊਟ ਦੇ ਐਲਾਨ ਤੋਂ ਬਾਅਦ, ਲੋਕਾਂ ਨੇ ਛੋਟੀਆਂ ਲਾਈਟਾਂ ਨੂੰ ਵੀ ਕੱਪੜੇ ਅਤੇ ਟੇਪ ਨਾਲ ਢੱਕ ਦਿੱਤਾ ਹੈ

    ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ, ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਹਾਈ ਅਲਰਟ 'ਤੇ ਹਨ।

    ਵੀਰਵਾਰ ਦੇਰ ਰਾਤ ਤੱਕ ਜਾਰੀ ਗੋਲਾਬਾਰੀ ਤੋਂ ਬਾਅਦ, ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਬਾੜਮੇਰ ਅਤੇ ਜੈਸਲਮੇਰ ਜ਼ਿਲ੍ਹਿਆਂ ਵਿੱਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

    ਪ੍ਰਸ਼ਾਸਨ ਦੀ ਅਪੀਲ 'ਤੇ, ਬਾੜਮੇਰ ਅਤੇ ਜੈਸਲਮੇਰ ਦੇ ਵਪਾਰੀਆਂ ਨੇ ਸ਼ਾਮ 5 ਵਜੇ ਤੋਂ ਸਾਰੇ ਬਾਜ਼ਾਰ ਅਤੇ ਅਦਾਰੇ ਬੰਦ ਕਰ ਦਿੱਤੇ ਹਨ।

    ਦੋਵਾਂ ਜ਼ਿਲ੍ਹਿਆਂ ਵਿੱਚ ਸ਼ਾਮ 6 ਵਜੇ ਤੋਂ 12 ਘੰਟੇ ਦਾ ਬਲੈਕਆਊਟ ਰਹੇਗਾ। ਸ਼ਨੀਵਾਰ ਸਵੇਰੇ 6 ਵਜੇ ਤੱਕ। ਲੋਕਾਂ ਨੂੰ ਘਰ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ।

    ਬੀਕਾਨੇਰ, ਸ਼੍ਰੀ ਗੰਗਾਨਗਰ ਅਤੇ ਫ਼ਲੋਦੀ ਜ਼ਿਲ੍ਹਿਆਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਬਲੈਕਆਊਟ ਰਹੇਗਾ।

    ਬਾੜਮੇਰ ਵਿੱਚ ਰਾਤ ਭਰ ਵਾਹਨਾਂ ਦੇ ਆਉਣ-ਜਾਣ 'ਤੇ ਪਾਬੰਦੀ ਰਹੇਗੀ।

    ਜਦੋਂ ਕਿ ਰੱਖਿਆ ਖੇਤਰ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਦਾਖਲਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

    ਜੈਸਲਮੇਰ ਵਿੱਚ ਹਰ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

    ਧਾਰਮਿਕ ਜਲੂਸ, ਰੈਲੀਆਂ ਅਤੇ ਪ੍ਰਦਰਸ਼ਨਾਂ ਸਣੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਆਯੋਜਨ 'ਤੇ ਪਾਬੰਦੀ ਹੋਵੇਗੀ।

    ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸ਼ਸ਼ੀ ਕਿਰਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਬਾੜਮੇਰ ਅਤੇ ਜੈਸਲਮੇਰ ਜਾਣ ਵਾਲੀਆਂ ਕਈ ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

    ਜ਼ਿਲ੍ਹਾ ਪ੍ਰਸ਼ਾਸਨ ਨੇ ਜੋਧਪੁਰ ਵਿੱਚ ਬਲੈਕਆਊਟ ਸਬੰਧੀ ਹੁਕਮ ਜਾਰੀ ਕੀਤੇ ਹਨ, ਇੱਥੇ ਰਾਤ 12 ਵਜੇ ਤੋਂ ਸਵੇਰੇ 4 ਵਜੇ ਤੱਕ ਬਲੈਕਆਊਟ ਰਹੇਗਾ।

    ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਸ਼ੁੱਕਰਵਾਰ ਸ਼ਾਮ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਕੈਬਨਿਟ ਮੀਟਿੰਗ ਕੀਤੀ।

    ਮੀਟਿੰਗ ਤੋਂ ਬਾਅਦ ਉਨ੍ਹਾਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬੇ ਦੇ ਪ੍ਰਸ਼ਾਸਨਿਕ ਸਿਸਟਮ ਅਤੇ ਆਫ਼ਤ ਰਾਹਤ ਨਾਲ ਸਬੰਧਤ ਤਿਆਰੀਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਹੈ।

    ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਵਾਧੂ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਬਲੱਡ ਬੈਂਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ।

  11. ਚੰਡੀਗੜ੍ਹ ਵਿੱਚ 7 ਵਜੇ ਪਸਰਿਆ ਸੰਨਾਟਾ, ਪ੍ਰਸ਼ਾਸਨ ਨੇ ਬਾਜ਼ਾਰ ਕਰਵਾਏ ਬੰਦ

    ਚੰਡੀਗੜ੍ਹ
    ਤਸਵੀਰ ਕੈਪਸ਼ਨ, ਚੰਡੀਗੜ੍ਹ ਵਿੱਚ ਸੜਕਾਂ ’ਤੇ 7 ਵਜੇ ਹੀ ਸੁੰਨ ਪਸਰੀ

    ਬੀਬੀਸੀ ਪੱਤਰਕਾਰ ਨਵਜੋਤ ਕੌਰ ਦੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਦੇ ਹੁਕਮਾਂ ਉੱਤੇ 7 ਵਜੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਕਰਵਾ ਦਿੱਤੇ ਗਏ।ਇੱਥੋਂ ਤੱਕ ਕਿ ਘਰਾਂ ਦੇ ਬਾਹਰ ਜੇ ਕੋਈ ਲਾਈਟ ਜਗ ਰਹੀ ਹੈ ਤਾਂ ਇਲਾਕੇ ਵਿੱਚ ਪੈਟਰੋਲਿੰਗ ਕਰ ਰਹੇ ਪੁਲਿਸ ਅਧਿਕਾਰੀ ਉਹ ਬੰਦ ਕਰਵਾ ਰਹੇ ਹਨ।

    ਪ੍ਰਸ਼ਾਸਨ ਵੱਲੋਂ ਅੱਜ ਦੇ ਦਿਨ ਲਈ ਕਮਰਸ਼ੀਅਲ ਮਾਰਿਕਟ, ਮਾਲ ਵਗੈਰਾ ਨੂੰ 7 ਵਜੇ ਬੰਦ ਕਰਨ ਦੇ ਹੁਕਮ ਸਨ। ਸਿਰਫ਼ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ।

    ਪ੍ਰਸ਼ਾਸਨ ਦੀ ਹਦਾਇਤ ਹੈ ਕਿ ਜੇ ਰਾਤ ਨੂੰ ਅਲਰਟ ਆਉਂਦਾ ਹੈ ਤਾਂ ਬੱਤੀਆਂ ਬੰਦ ਕਰ ਦਿੱਤੀਆਂ ਜਾਣ। ਜਰਨੇਟਰ ਜਾਂ ਇਨਵਰਟਰ ਦੀ ਵਰਤੋਂ ਕਰਕੇ ਵੀ ਕੋਈ ਲਾਈਟ ਨਾ ਜਗਾਈ ਜਾਵੇ।

    ਮੋਬਾਇਲ ਦੀ ਫ਼ਲੈਸ਼ ਲਾਈਟ ਵੀ ਬੰਦ ਰੱਖੀ ਜਾਵੇ ਅਤੇ ਬਾਲਕਨੀ ਜਾਂ ਛੱਤ ਉੱਤੇ ਨਾ ਖੜ੍ਹਿਆ ਜਾਵੇ।

    ਇਸੇ ਤਰ੍ਹਾਂ ਮੁਹਾਲੀ ਅਤੇ ਫ਼ਾਜ਼ਿਲਕਾ ਵਿੱਚ ਵੀ ਬਾਜ਼ਾਰ ਬੰਦ ਕਰਵਾਏ ਗਏ ਹਨ।

  12. ਪਾਕਿਸਤਾਨ ਨੇ ਵੀਰਵਾਰ ਰਾਤ ਨੂੰ 300-400 ਡਰੋਨਾਂ ਨਾਲ ਹਮਲਾ ਕੀਤਾ - ਭਾਰਤ

    ਕਰਨਲ ਸੋਫ਼ੀਆ ਕੁਰੈਸ਼ੀ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਕਰਨਲ ਸੋਫ਼ੀਆ ਕੁਰੈਸ਼ੀ

    ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਕੀਤੀ ਗਈ ਪ੍ਰੈੱਸ ਬ੍ਰੀਫਿੰਗ ਵਿੱਚ ਕਰਨਲ ਸੋਫ਼ੀਆ ਕੁਰੈਸ਼ੀ ਨੇ ਵੀਰਵਾਰ ਰਾਤ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਹਮਲਿਆਂ ਬਾਰੇ ਜਾਣਕਾਰੀ ਦਿੱਤੀ।

    ਸੋਫੀਆ ਕੁਰੈਸ਼ੀ ਨੇ ਕਿਹਾ, "ਪਾਕਿਸਤਾਨੀ ਫ਼ੌਜ ਨੇ ਵੀਰਵਾਰ ਰਾਤ ਨੂੰ ਫ਼ੌਜੀ ਢਾਂਚੇ ਨੂੰ ਨਿਸ਼ਾਨਾ ਬਣਾਇਆ।"

    ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ 300 ਤੋਂ 400 ਡਰੋਨ ਛੱਡੇ ਗਏ।

    ਹਾਲਾਂਕਿ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਹਮਲੇ ਦੀ ਗੱਲ ਤੋਂ ਇਨਕਾਰ ਕੀਤਾ।

    ਕਰਨਲ ਸੋਫ਼ੀਆ ਨੇ ਕਿਹਾ, "ਲੇਹ ਤੋਂ ਸਰ ਕਰੀਕ ਤੱਕ 36 ਥਾਂਵਾਂ 'ਤੇ 300-400 ਡਰੋਨਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ।”

    “ਭਾਰਤੀ ਸੁਰੱਖਿਆ ਬਲਾਂ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਡਰੋਨਾਂ ਨੂੰ ਗਤੀਸ਼ੀਲ ਅਤੇ ਗ਼ੈਰ-ਗਤੀਸ਼ੀਲ ਤਰੀਕਿਆਂ ਦੀ ਵਰਤੋਂ ਕਰਕੇ ਮਾਰ ਸੁੱਟਿਆ।"

    "ਇੰਨੇ ਵੱਡੇ ਪੱਧਰ 'ਤੇ ਹਵਾਈ ਘੁਸਪੈਠ ਦਾ ਸੰਭਾਵਿਤ ਉਦੇਸ਼ ਹਵਾਈ ਰੱਖਿਆ ਪ੍ਰਣਾਲੀਆਂ ਦੀ ਜਾਂਚ ਕਰਨਾ ਅਤੇ ਖੂਫ਼ੀਆ ਜਾਣਕਾਰੀ ਇਕੱਠੀ ਕਰਨਾ ਸੀ। ਡਰੋਨ ਦੇ ਮਲਬੇ ਦੀ ਫ਼ੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਡਰੋਨ ਤੁਰਕੀ ਦੇ ਬਣੇ ਹਨ।"

    ਉਨ੍ਹਾਂ ਕਿਹਾ, "ਪਾਕਿਸਤਾਨ ਵਾਲੇ ਪਾਸਿਓਂ ਸਰਹੱਦ 'ਤੇ ਭਾਰੀ ਗੋਲੀਬਾਰੀ ਹੋ ਰਹੀ ਹੈ। ਇਸ ਗੋਲੀਬਾਰੀ ਵਿੱਚ ਕੁਝ ਭਾਰਤੀ ਫ਼ੌਜ ਦੇ ਜਵਾਨ ਮਾਰੇ ਗਏ ਹਨ। ਭਾਰਤ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਇਆ ਹੈ।"

    ਹਾਲਾਂਕਿ, ਕਰਨਲ ਸੋਫ਼ੀਆ ਨੇ ਸਰਹੱਦ 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਮਾਰੇ ਗਏ ਜਾਂ ਜ਼ਖਮੀ ਹੋਏ ਭਾਰਤੀ ਫੌਜੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

    ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜ਼ਾ ਆਸਿਫ਼ ਨੇ ਵੀਰਵਾਰ ਰਾਤ ਨੂੰ ਬੀਬੀਸੀ ਨੂੰ ਦੱਸਿਆ, "ਅਸੀਂ ਇਸ ਤੋਂ ਇਨਕਾਰ ਕਰਦੇ ਹਾਂ, ਅਸੀਂ ਅਜੇ ਤੱਕ ਕੁਝ ਨਹੀਂ ਕੀਤਾ ਹੈ। ਜਦੋਂ ਪਾਕਿਸਤਾਨ ਹਮਲਾ ਕਰੇਗਾ, ਤਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ।"

  13. ਕਰਤਾਰਪੁਰ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਰਹੇਗਾ- ਭਾਰਤੀ ਵਿਦੇਸ਼ ਸਕੱਤਰ

    ਕਰਤਾਰਪੁਰ ਲਾਂਘਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕਰਤਾਰਪੁਰ ਲਾਂਘਾ

    ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਦੀ ਪ੍ਰੈਸ ਬ੍ਰੀਫ਼ਿੰਗ ਵਿੱਚ ਦੱਸਿਆ ਕਿ ਮੌਜੂਦਾ ਸੁਰੱਖਿਆ ਕਾਰਨਾਂ ਨੂੰ ਹਾਲਾਤ ਨੂੰ ਦੇਖਦੇ ਹੋਏ ਕਰਤਾਰਪੁਰ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਰਹੇਗਾ।

    ਉਨ੍ਹਾਂ ਕਿਹਾ ਕਿ ਜਦੋਂ ਵੀ ਸੇਵਾਵਾਂ ਬਹਾਲ ਕੀਤੇ ਜਾਣ ਬਾਰੇ ਵਿਭਾਗ ਵਲੋਂ ਅਗਾਉਂ ਜਾਣਕਾਰੀ ਦਿੱਤੀ ਜਾਵੇਗੀ, ਉਹ ਸਾਂਝੀ ਕੀਤੀ ਜਾਵੇਗੀ।

    ਜ਼ਿਕਰਯੋਗ ਹੈ ਕਿ 7 ਮਈ ਨੂੰ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਕਰਤਾਰਪੁਰ ਜਾਣ ਲਈ ਪਹੁੰਚੇ ਕਈ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਸੀ ਜਿਨ੍ਹਾਂ ਨੂੰ ਦਰਸ਼ਨ ਕੀਤੇ ਬਿਨ੍ਹਾਂ ਵਾਪਸ ਪਰਤਣਾ ਪਿਆ ਸੀ।

    7 ਮਈ ਨੂੰ 491 ਲੋਕਾਂ ਨੂੰ ਕਰਤਾਰਪੁਰ ਜਾਣ ਦੀ ਮਨਜ਼ੂਰੀ ਮਿਲੀ ਸੀ, ਪਰ ਜਿਹੜੇ ਸ਼ਰਧਾਲੂ ਉੱਥੇ ਪਹੁੰਚੇ ਸਨ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।

  14. 'ਆਉਣ ਵਾਲੇ ਦਿਨਾਂ ਵਿੱਚ ਸਾਨੂੰ ਨਵੇਂ ਬੰਕਰਾਂ ਦੀ ਲੋੜ ਪਵੇਗੀ'- ਮਨੋਜ ਸਿਨਹਾ

    ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ

    ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਜੰਮੂ-ਕਸ਼ਮੀਰ ਦੇ ਉਰੀ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ, ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਨਵੇਂ ਬੰਕਰਾਂ ਦੀ ਲੋੜ ਹੈ।

    ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨੋਜ ਸਿਨਹਾ ਨੇ ਕਿਹਾ , "ਸਾਡੀ ਫੌਜ ਦਾ ਮਨੋਬਲ ਬਹੁਤ ਉੱਚਾ ਹੈ। ਭਾਰਤੀ ਫੌਜ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।"

    ਉਨ੍ਹਾਂ ਕਿਹਾ, "ਜੰਮੂ-ਕਸ਼ਮੀਰ ਪ੍ਰਸ਼ਾਸਨ ਇੰਤਜ਼ਾਮ ਕਰ ਰਿਹਾ ਹੈ ਤਾਂ ਜੋ ਇੱਥੋਂ ਦੇ ਆਮ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।"

    ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਕਿਹਾ, "ਮੈਂ ਸਰਹੱਦ (ਭਾਰਤ-ਪਾਕਿਸਤਾਨ ਕੰਟਰੋਲ ਰੇਖਾ) 'ਤੇ ਉਸ ਪਿੰਡ ਗਿਆ ਜਿੱਥੇ ਨੁਕਸਾਨ ਹੋਇਆ ਹੈ। ਜਿਹੜੇ ਜ਼ਖਮੀ ਹਨ ਅਤੇ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਦਿੱਤੀ ਗਈ ਹੈ।”

    “ਜੋ ਨੁਕਸਾਨ ਹੋਇਆ ਹੈ, ਉਸਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਲੋੜਵੰਦਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ।"

    ਮਨੋਜ ਸਿਨਹਾ ਨੇ ਕਿਹਾ, "ਨਵੇਂ ਬੰਕਰਾਂ ਦੀ ਲੋੜ ਹੈ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਬੰਕਰ ਬਣਾਏ ਵੀ ਜਾਣਗੇ।"

  15. ਭਾਰਤ-ਪਾਕਿਸਤਾਨ ਤਣਾਅ ਦੌਰਾਨ ਸਰਹੱਦੀ ਜ਼ਿਲ੍ਹਿਆਂ ਲਈ ਐਡਵਾਇਜ਼ਰੀ ਜਾਰੀ, ਦਿੱਤੇ ਗਏ ਇਹ ਹੁਕਮ

    ਡਰੋਨ ਦੀ ਸੰਕੇਤਕ ਤਸਵੀਰ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਡਰੋਨ ਦੀ ਸੰਕੇਤਕ ਤਸਵੀਰ

    ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ, ਕਈ ਸਰਹੱਦੀ ਜ਼ਿਲ੍ਹਿਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

    ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਚੰਡੀਗੜ੍ਹ ਦੀਆਂ ਸਾਰੀਆਂ ਦੁਕਾਨਾਂ ਅੱਜ ਯਾਨਿ ਸ਼ੁੱਕਰਵਾਰ ਸ਼ਾਮ 7 ਵਜੇ ਤੱਕ ਬੰਦ ਕਰਨੀਆਂ ਪੈਣਗੀਆਂ।

    ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ,"ਚੰਡੀਗੜ੍ਹ ਵਿੱਚ ਰੈਸਟੋਰੈਂਟਾਂ ਸਣੇ ਸਾਰੀਆਂ ਦੁਕਾਨਾਂ ਅੱਜ, 9 ਮਈ, 2025 ਨੂੰ ਸ਼ਾਮ 7 ਵਜੇ ਤੱਕ ਬੰਦ ਕਰਨੀਆਂ ਪੈਣਗੀਆਂ।"

    ਹਾਲਾਂਕਿ, ਚੰਡੀਗੜ੍ਹ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਹੁਕਮ ਮੈਡੀਕਲ ਦੁਕਾਨਾਂ 'ਤੇ ਲਾਗੂ ਨਹੀਂ ਹੋਣਗੇ।

    ਇਸ ਦੌਰਾਨ, ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਟਵਿੱਟਰ 'ਤੇ ਲਿਖਿਆ , "ਇਸ ਮਹੀਨੇ ਦੀ 15 ਤਰੀਕ ਤੱਕ ਗੁਜਰਾਤ ਵਿੱਚ ਕਿਸੇ ਵੀ ਸਮਾਗਮ ਵਿੱਚ ਪਟਾਕੇ ਜਾਂ ਡਰੋਨ ਦੀ ਇਜਾਜ਼ਤ ਨਹੀਂ ਹੋਵੇਗੀ। ਕ੍ਰਿਪਾ ਕਰਕੇ ਸਹਿਯੋਗ ਦਿਓ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।"

    ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।

    ਬਾੜਮੇਰ ਦੇ ਜ਼ਿਲ੍ਹਾ ਕੁਲੈਕਟਰ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਬਿਆਨ ਮੁਤਾਬਕ, ਬਾੜਮੇਰ ਵਿੱਚ ਡਰੋਨ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਹੈ। ਸਾਰੇ ਡਰੋਨ ਧਾਰਕਾਂ ਨੂੰ ਅੱਜ (ਸ਼ੁੱਕਰਵਾਰ) ਆਪਣੇ ਡਰੋਨ ਸਬੰਧਤ ਪੁਲਿਸ ਸਟੇਸ਼ਨਾਂ ਵਿੱਚ ਜਮ੍ਹਾ ਕਰਵਾਉਣੇ ਪੈਣਗੇ।

    ਬਿਆਨ ਮੁਤਾਬਕ, ਅੱਜ ਤੋਂ ਦੋ ਮਹੀਨਿਆਂ ਲਈ ਬਾੜਮੇਰ ਵਿੱਚ ਪਟਾਕੇ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

  16. ਭਾਰਤ-ਪਾਕਿਸਤਾਨ ਤਣਾਅ: ਇੰਡੀਗੋ ਨੇ ਕਈ ਸ਼ਹਿਰਾਂ ਲਈ ਉਡਾਣਾਂ ਰੱਦ ਕੀਤੀਆਂ, ਕਿਹੜੇ ਸ਼ਹਿਰ ਸ਼ਾਮਲ ਹਨ

    ਇੰਡੀਗੋ ਏਅਰਲਾਈਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇੰਡੀਗੋ ਏਅਰਲਾਈਨ ਨੇ ਸ੍ਰੀਨਗਰ, ਜੰਮੂ, ਅੰਮ੍ਰਿਤਸਰ, ਲੇਹ, ਚੰਡੀਗੜ੍ਹ, ਧਰਮਸ਼ਾਲਾ, ਬੀਕਾਨੇਰ, ਜੋਧਪੁਰ, ਕਿਸ਼ਨਗੜ੍ਹ ਅਤੇ ਰਾਜਕੋਟ ਦੀਆਂ ਉਡਾਨਾਂ ਰੱਦ ਕੀਤੀਆਂ ਹਨ

    ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ, ਇੰਡੀਗੋ ਏਅਰਲਾਈਨਜ਼ ਨੇ 10 ਸ਼ਹਿਰਾਂ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ।

    ਇੰਡੀਗੋ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਤੁਹਾਡੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।

    ਏਅਰਲਾਈਨਾਂ ਨੇ ਕਿਹਾ ਕਿ ਹਵਾਈ ਅੱਡੇ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਣ ਕਾਰਨ ਯਾਤਰੀਆਂ ਨੂੰ ਸੁਰੱਖਿਆ ਜਾਂਚ ਅਤੇ ਹੋਰ ਰਸਮੀ ਕਾਰਵਾਈਆਂ ਲਈ ਆਮ ਨਾਲੋਂ ਵੱਧ ਸਮਾਂ ਲੱਗ ਸਕਦਾ ਹੈ।

    ਮੌਜੂਦਾ ਸਥਿਤੀ ਦੇ ਕਾਰਨ, 10 ਸ਼ਹਿਰਾਂ ਲਈ ਉਡਾਣਾਂ 10 ਮਈ 2025, 23:59 ਵਜੇ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।

    ਇੰਡੀਗੋ ਨੇ ਜਿਨ੍ਹਾਂ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ ਕੀਤੀਆਂ ਹਨ, ਉਨ੍ਹਾਂ ਵਿੱਚ ਸ੍ਰੀਨਗਰ, ਜੰਮੂ, ਅੰਮ੍ਰਿਤਸਰ, ਲੇਹ, ਚੰਡੀਗੜ੍ਹ, ਧਰਮਸ਼ਾਲਾ, ਬੀਕਾਨੇਰ, ਜੋਧਪੁਰ, ਕਿਸ਼ਨਗੜ੍ਹ ਅਤੇ ਰਾਜਕੋਟ ਸ਼ਾਮਲ ਹਨ।

  17. ਦਿ ਵਾਇਰ ਨੂੰ ਬਲਾਕ ਕੀਤਾ ਗਿਆ, ਵੈੱਬਸਾਈਟ ਨੇ ਇਸ ਨੂੰ 'ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ' ਕਰਾਰ ਦਿੱਤਾ

    ਦਿ ਵਾਇਰ ਵਲੋਂ ਜਾਰੀ ਜਾਣਕਾਰੀ

    ਤਸਵੀਰ ਸਰੋਤ, @thewire_in/X

    ਵੈੱਬਸਾਈਟ ਦਿ ਵਾਇਰ ਨੇ ਰਿਪੋਰਟ ਦਿੱਤੀ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਦੀ ਵੈੱਬਸਾਈਟ ਨੂੰ ਬਲਾਕ ਕਰ ਦਿੱਤਾ ਹੈ।

    ਐਕਸ 'ਤੇ ਆਪਣੇ ਪਾਠਕਾਂ ਲਈ ਇੱਕ ਪੋਸਟ ਵਿੱਚ, ਵੈੱਬਸਾਈਟ ਨੇ ਲਿਖਿਆ , "ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ thewire.in ਵੈੱਬਸਾਈਟ ਨੂੰ ਬਲਾਕ ਕਰ ਦਿੱਤਾ ਹੈ।"

    "ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ ਦਾ ਕਹਿਣਾ ਹੈ ਕਿ ਇਹ ਕਾਰਵਾਈ ਸੂਚਨਾ ਤਕਨਾਲੋਜੀ ਐਕਟ, 2000 ਦੇ ਤਹਿਤ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਹੁਕਮਾਂ ਮੁਤਾਬਕ ਕੀਤੀ ਗਈ ਹੈ।"

    ਦਿ ਵਾਇਰ ਦਾ ਕਹਿਣਾ ਹੈ ਕਿ ਇਹ ਪ੍ਰੈੱਸ ਦੀ ਆਜ਼ਾਦੀ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ।

    "ਅਸੀਂ ਇਸ 'ਬੇਤੁਕੀ ਸੈਂਸਰਸ਼ਿਪ' ਦੀ ਨਿੰਦਾ ਕਰਦੇ ਹਾਂ, ਖਾਸ ਕਰਕੇ ਅਜਿਹੇ ਸਮੇਂ ਜਦੋਂ ਨਿਰਪੱਖ, ਸੱਚੀ ਅਤੇ ਤਰਕਪੂਰਨ ਪੱਤਰਕਾਰੀ ਭਾਰਤ ਲਈ ਬਹੁਤ ਜ਼ਰੂਰੀ ਹੈ।"

    "ਅਸੀਂ ਇਸ ਮਨਮਾਨੀ ਅਤੇ ਅਸਪੱਸ਼ਟ ਹੁਕਮ ਨੂੰ ਚੁਣੌਤੀ ਦੇਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਾਂ।"

  18. ਉਮਰ ਅਬਦੁੱਲ੍ਹਾ ਨੇ ਪਾਕਿਸਤਾਨ 'ਤੇ ਲਗਾਏ ਇਹ ਇਲਜ਼ਾਮ, ਬੰਦੂਕਾਂ ਚੁੱਪ ਕਰਾਉਣ ਦੀ ਦਿੱਤੀ ਸਲਾਹ

    ਮੁੱਖ ਮੰਤਰੀ ਉਮਰ ਅਬਦੁੱਲਾ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਪਾਕਿਸਤਾਨ ਨੂੰ 'ਆਪਣੀਆਂ ਬੰਦੂਕਾਂ ਚੁੱਪ ਕਰਾਉਣ' ਦੀ ਸਲਾਹ ਦਿੱਤੀ ਹੈ

    ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ 'ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਪਾਕਿਸਤਾਨ 'ਤੇ ਸਥਿਤੀ ਵਿਗਾੜਨ ਦਾ ਇਲਜ਼ਾਮ ਲਗਾਇਆ ਹੈ।

    ਉਨ੍ਹਾਂ ਨੇ ਪਾਕਿਸਤਾਨ ਨੂੰ ਆਪਣੀਆਂ ਬੰਦੂਕਾਂ ਚੁੱਪ ਕਰਾਉਣ ਦੀ ਸਲਾਹ ਦਿੱਤੀ ਹੈ।

    ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਅਬਦੁੱਲ੍ਹਾ ਨੇ ਕਿਹਾ, "ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ (ਪਾਕਿਸਤਾਨ) ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਉਨ੍ਹਾਂ ਨੇ ਜੰਮੂ ਸ਼ਹਿਰ 'ਤੇ ਡਰੋਨ ਹਮਲੇ ਕੀਤੇ।”

    “ਮੈਨੂੰ ਨਹੀਂ ਲੱਗਦਾ ਕਿ 1971 ਦੀ ਜੰਗ ਤੋਂ ਬਾਅਦ ਜੰਮੂ ਸ਼ਹਿਰ ਨੂੰ ਕਦੇ ਵੀ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੋਵੇ।"

    "ਪਰ ਸਾਡੇ ਸੁਰੱਖਿਆ ਬਲਾਂ ਨੂੰ ਸਿਹਰਾ ਜਾਂਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਸਾਰੇ ਡਰੋਨਾਂ ਨੂੰ ਬੇਅਸਰ ਕਰ ਦਿੱਤਾ ਅਤੇ ਇੱਕ ਵੀ ਡਰੋਨ ਨਿਸ਼ਾਨੇ ਤੱਕ ਨਹੀਂ ਪਹੁੰਚ ਸਕਿਆ।"

    ਉਨ੍ਹਾਂ ਕਿਹਾ, "ਹਾਲਾਂਕਿ, ਉਨ੍ਹਾਂ (ਪਾਕਿਸਤਾਨ) ਨੇ ਕਸ਼ਮੀਰ ਦੇ ਅਨੰਤਨਾਗ ਵਿੱਚ ਅਸਲਾ ਡਿਪੂ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿੱਚ ਵੀ ਅਸਫ਼ਲ ਰਹੇ।"

    ਮੁੱਖ ਮੰਤਰੀ ਨੇ ਦਾਅਵਾ ਕੀਤਾ, "ਅਸੀਂ ਇਹ ਸਥਿਤੀ ਨਹੀਂ ਪੈਦਾ ਕੀਤੀ, ਪਹਿਲਗਾਮ ਵਿੱਚ ਸਾਡੇ ਲੋਕਾਂ 'ਤੇ ਹਮਲਾ ਕੀਤਾ ਗਿਆ, ਬੇਕਸੂਰ ਲੋਕ ਮਾਰੇ ਗਏ। ਸਾਨੂੰ ਇਸਦਾ ਜਵਾਬ ਦੇਣਾ ਪਿਆ।"

    ਉਨ੍ਹਾਂ ਕਿਹਾ, "ਪਾਕਿਸਤਾਨ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਵਿੱਚ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸਫਲਤਾ ਮਿਲੇਗੀ। ਇਹ ਬਿਹਤਰ ਹੋਵੇਗਾ ਕਿ ਉਹ ਆਪਣੀਆਂ ਬੰਦੂਕਾਂ ਚੁੱਪ ਕਰਾ ਦੇਣ।"

    "ਕੱਲ੍ਹ ਰਾਤ ਜੋ ਹੋਇਆ, ਇਹ ਸਪੱਸ਼ਟ ਹੈ ਕਿ ਉਹ ਆਪਣੇ ਵੱਲੋਂ ਇਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਅਜਿਹੀ ਸਥਿਤੀ ਵਿੱਚ ਉਨ੍ਹਾਂ (ਪਾਕਿਸਤਾਨ) ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ।"

  19. ਸਿੰਧੂ ਜਲ ਸਮਝੌਤੇ 'ਤੇ ਵਿਸ਼ਵ ਬੈਂਕ ਦੇ ਪ੍ਰੈਜ਼ੀਡੈਂਟ ਅਜੈ ਬੰਗਾ ਨੇ ਬੈਂਕ ਦੇ ਰੋਲ 'ਤੇ ਦਿੱਤਾ ਸਪੱਸ਼ਟੀਕਰਨ

    ਅਜੈ ਬੰਗਾ (ਫਾਈਲ ਫੋਟੋ)

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਜੈ ਬੰਗਾ (ਫਾਈਲ ਫੋਟੋ)

    ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਹੋਏ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਹੈ।

    ਇਸ ਨੂੰ ਲੈ ਕੇ ਪਾਕਿਸਤਾਨ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਨੂੰ ਵਿਸ਼ਵ ਬੈਂਕ ਕੋਲ ਲੈ ਕੇ ਜਾਣਗੇ ਪਰ ਹੁਣ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ।

    ਸੀਐਨਬੀਸੀ ਨੂੰ ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ "ਸਾਨੂੰ ਉਨ੍ਹਾਂ ਲੋਕਾਂ ਦੀਆਂ ਫੀਸਾਂ ਇੱਕ ਟਰੱਸਟ ਫੰਡ ਰਾਹੀਂ ਅਦਾ ਕਰਨੀਆਂ ਪੈਣਗੀਆਂ ਜੋ ਸੰਧੀ ਦੇ ਬਣਨ ਵੇਲੇ ਬੈਂਕ ਵਿੱਚ ਸਥਾਪਤ ਕੀਤਾ ਗਿਆ ਸੀ। ਇਹੀ ਸਾਡੀ ਭੂਮਿਕਾ ਹੈ। ਇਸ ਤੋਂ ਅੱਗੇ ਸਾਡੀ ਕੋਈ ਭੂਮਿਕਾ ਨਹੀਂ ਹੈ।''

    ਬੰਗਾ ਨੇ ਕਿਹਾ, "ਇਹ ਉਨ੍ਹਾਂ ਦਾ ਫੈਸਲਾ ਹੈ, ਪਰ ਬੈਂਕ ਨੂੰ ਨਵੇਂ ਬਦਲਾਅ ਬਾਰੇ ਦੋਵਾਂ ਸਰਕਾਰਾਂ ਤੋਂ ਰਸਮੀ ਤੌਰ 'ਤੇ ਕੋਈ ਜਾਣਕਾਰੀ ਨਹੀਂ ਮਿਲੀ ਹੈ।''

    ਉਨ੍ਹਾਂ ਅੱਗੇ ਕਿਹਾ, "ਸੰਧੀ ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ, ਜਿਸ ਤਹਿਤ ਇਸ ਨੂੰ ਮੁਅੱਤਲ ਕੀਤਾ ਜਾ ਸਕੇ। ਇਸ ਨੂੰ ਜਾਂ ਤਾਂ ਖਤਮ ਕੀਤਾ ਜਾ ਸਕਦਾ ਜਾਂ ਕਿਸੇ ਹੋਰ (ਸਮਝੌਤੇ) ਰਾਹੀਂ ਬਦਲਿਆ ਜਾ ਸਕਦਾ ਹੈ, ਅਤੇ ਇਸ ਦੇ ਲਈ ਦੋਵਾਂ ਦੇਸ਼ਾਂ ਨੂੰ ਸਹਿਮਤ ਹੋਣਾ ਚਾਹੀਦਾ ਹੈ।''

    ਉਨ੍ਹਾਂ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਸੰਧੀ ਨਾਲ ਸਬੰਧਤ ਮੁੱਦਿਆਂ 'ਤੇ ਅਸਹਿਮਤ ਹਨ, ਤਾਂ ਬੈਂਕ ਇੱਕ ਨਿਰਪੱਖ ਮਾਹਰ ਜਾਂ ਸਾਲਸੀ ਅਦਾਲਤ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਵਿੱਚ ਮਦਦ ਕਰਦਾ ਹੈ - ਕਿਸੇ ਦਾ ਪੱਖ ਜਾਂ ਖੁਦ ਫੈਸਲੇ ਲਏ ਬਿਨਾਂ।

  20. ਭਾਰਤ-ਪਾਕਿਸਤਾਨ ਤਣਾਅ ਦੇ ਦਰਮਿਆਨ ਆਈਪੀਐੱਲ 2025 ਇੱਕ ਹਫ਼ਤੇ ਲਈ ਮੁਲਤਵੀ

    ਆਈਪੀਐੱਲ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਹੋਣ ਵਾਲਾ ਆਈਪੀਐੱਲ ਮੈਚ ਅੱਧ ਵਿਚਕਾਰ ਹੀ ਰੱਦ ਕਰ ਦਿੱਤਾ ਗਿਆ ਸੀ

    ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਯਾਨਿ ਕਿ ਆਈਪੀਐੱਲ ਨੂੰ ਇੱਕ ਹਫ਼ਤੇ ਲਈ ਰੋਕ ਦਿੱਤਾ ਗਿਆ ਹੈ।

    ਆਈਪੀਐੱਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ।

    ਪੋਸਟ ਵਿੱਚ ਕਿਹਾ ਗਿਆ ਹੈ , "ਆਈਪੀਐੱਲ 2025 ਨੂੰ ਫ਼ੌਰਨ ਪ੍ਰਭਾਵ ਨਾਲ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।"

    ਵੀਰਵਾਰ ਨੂੰ ਜੰਮੂ ਅਤੇ ਪਠਾਨਕੋਟ ਵਿੱਚ ਰੈੱਡ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਹੋਣ ਵਾਲਾ ਆਈਪੀਐੱਲ ਮੈਚ ਅੱਧ ਵਿਚਕਾਰ ਹੀ ਰੱਦ ਕਰ ਦਿੱਤਾ ਗਿਆ ਸੀ।

    ਇਸ ਤੋਂ ਪਹਿਲਾਂ, ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਕਿਹਾ ਸੀ ਕਿ ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) ਦੇ ਬਾਕੀ ਮੈਚ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਣਗੇ।

    ਪੀਐੱਸਐੱਲ ਵਿੱਚ ਅਜੇ ਅੱਠ ਮੈਚ ਖੇਡੇ ਜਾਣੇ ਸਨ, ਜੋ ਕਿ ਰਾਵਲਪਿੰਡੀ, ਮੁਲਤਾਨ ਅਤੇ ਲਾਹੌਰ ਵਿੱਚ ਹੋਣੇ ਸਨ, ਪਰ ਹੁਣ ਇਹ ਮੈਚ ਯੂਏਈ ਵਿੱਚ ਹੋਣਗੇ।