ਸਾਡੇ ਨਾਲ ਜੁੜਨ ਲਈ ਧੰਨਵਾਦ
ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਸਮਾਪਤ ਕਰਦੇ ਹਾਂ। ਸਾਡੇ ਨਾਲ ਅੱਜ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ।
10 ਮਈ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਅਤੇ ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਹੋਈ ਸੀ।
ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਸਮਾਪਤ ਕਰਦੇ ਹਾਂ। ਸਾਡੇ ਨਾਲ ਅੱਜ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ।

ਤਸਵੀਰ ਸਰੋਤ, ANI
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਇਹ ਨਿਆਂਪਾਲਿਕਾ ਹੈ ਜੋ ਹੁਣ ਤੱਕ ਲੋਕਤੰਤਰ ਨੂੰ ਬਚਾਉਂਦੀ ਆ ਰਹੀ ਹੈ।
ਉਨ੍ਹਾਂ ਕਿਹਾ, ''ਇਹ ਲੋਕ ਨਿਆਂਪਾਲਿਕਾ 'ਤੇ ਹਮਲਾ ਕਰ ਰਹੇ ਹਨ। ਮੈਂ ਦੇਸ਼ ਨੂੰ ਸੰਵਿਧਾਨ ਅਤੇ ਨਿਆਂਪਾਲਿਕਾ ਦੇ ਨਾਲ ਖੜ੍ਹੇ ਹੋਣ ਲਈ ਕਹਿੰਦਾ ਹਾਂ।”
ਇਮਰਾਨ ਖਾਨ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਜਿੰਨੀਆਂ ਵੀ ਸਰਕਾਰੀ ਇਮਾਰਤਾਂ ਸਾੜੀਆਂ ਗਈਆਂ, ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਉਹ (ਸਰਕਾਰ) ਜਾਂਚ ਕਰੇ। ਮੈਂ ਚਾਹੁੰਦਾ ਹਾਂ ਕਿ ਚੀਫ਼ ਜਸਟਿਸ ਜਾਂਚ ਕਰਨ।”
ਉਨ੍ਹਾਂ ਸਰਕਾਰ 'ਤੇ ਚੋਣਾਂ ਤੋਂ ਭੱਜਣ ਦਾ ਇਲਜ਼ਾਮ ਲਾਉਂਦਿਆਂ ਕਿਹਾ, 'ਜੋ ਲੋਕਤੰਤਰ ਚਾਹੁੰਦੇ ਹਨ, ਉਹ ਤਣਾਅ ਨਹੀਂ ਚਾਹੁੰਦੇ। ਉਹ ਚੋਣਾਂ ਤੋਂ ਭੱਜ ਰਹੇ ਹਨ।”
ਲਾਹੌਰ ਤੋਂ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਇਮਰਾਨ ਖਾਨ ਨੇ ਕਿਹਾ, “ਮੈਨੂੰ ਕੱਲ੍ਹ ਤੋਂ ਖ਼ਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਮੈਂ ਤੱਥ ਇਕੱਠੇ ਕਰ ਰਿਹਾ ਸੀ ਕਿ ਕੀ ਹੋਇਆ? ਮੇਰੀਆਂ ਰੈਲੀਆਂ ਵਿੱਚ ਪਰਿਵਾਰ ਆਉਂਦੇ ਹਨ। ਔਰਤਾਂ ਆਉਂਦੀਆਂ ਹਨ। ਅਸੀਂ ਹਿੰਸਾ ਕਿਉਂ ਚਾਹਾਂਗੇ?”
ਇਸਲਾਮਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਅਲ-ਕਾਦਿਰ ਟਰੱਸਟ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੋ ਹਫਤਿਆਂ ਲਈ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।
ਨੈਸ਼ਨਲ ਅਕਾਂਉਟੀਬਿਲਟੀ ਬਿਊਰੋ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਅਲ-ਕਾਦਿਰ ਟਰੱਸਟ ਮਾਮਲੇ 'ਚ ਇਸਲਾਮਾਬਾਦ ਹਾਈ ਕੋਰਟ ਦੇ ਅਹਾਤੇ ਤੋਂ ਗ੍ਰਿਫਤਾਰ ਕੀਤਾ ਸੀ।
ਇਮਰਾਨ ਖਾਨ ਨੂੰ ਦੋ ਦਿਨ ਤੱਕ ਹਿਰਾਸਤ 'ਚ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਉਹਨਾਂ ਨੂੰ ਪੁਲਿਸ ਲਾਈਨ ਦੇ ਗੈਸਟ ਹਾਊਸ 'ਚ ਨਿਆਂਇਕ ਹਿਰਾਸਤ ਅੰਦਰ ਰੱਖਣ ਦੇ ਹੁਕਮ ਦਿੱਤੇ ਸਨ।

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿਧਾਨ ਸਭਾ ਵਿੱਚ ਜਿੱਤ ਦੀ ਕਾਂਗਰਸ ਨੂੰ ਵਧਾਈ ਦਿੱਤੀ ਹੈ।
ਟਵਿੱਟਰ 'ਤੇ ਉਨ੍ਹਾਂ ਨੇ ਕਿਹਾ, "ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਦੀ ਕਾਂਗਰਸ ਨੂੰ ਵਧਾਈ। ਜਨਤਾ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।"
ਉਨ੍ਹਾਂ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਮਰਥਨ ਦੇਣ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post

ਤਸਵੀਰ ਸਰੋਤ, Prabhu Dayal/BBC
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ‘ਆਪ’ ਵਰਕਰਾਂ ਅਤੇ ਕਿਸਾਨਾਂ ਵੱਲੋਂ ਸ਼ਨੀਵਾਰ ਨੂੰ ਵਿਰੋਧ ਕੀਤਾ ਗਿਆ।
ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨੇ ਦੱਸਿਆ ਕਿ ਮਨੋਹਰ ਲਾਲ ਖੱਟਰ ਸਿਰਸਾ ਦੇ ਪਿੰਡ ਖੈਰੇਕਾਂ ’ਚ ਜਨ-ਸੰਵਾਦ ਪ੍ਰੋਗਰਾਮ ਕਰ ਰਹੇ ਸਨ।
‘ਆਪ’ ਵਰਕਰਾਂ ਦਾ ਕਹਿਣਾ ਸੀ ਕਿ ਉਹ ਲੋਕਾਂ ਦੀਆਂ ਪੈਨਸ਼ਨਾਂ ਸਮੇਤ ਹੋਰ ਮੰਗਾਂ ਨੂੰ ਮੁੱਖ ਮੰਤਰੀ ਕੋਲ ਉਠਾਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ।
ਹਾਲਾਂਕਿ, ਮੁੱਖ ਮੰਤਰੀ ਦਾ ਵਿਰੋਧ ਕਰਨ ਆਏ ਕਿਸਾਨਾਂ ਨੂੰ ਸਮਝਾ ਕੇ ਇੱਕ ਵਾਰ ਸ਼ਾਂਤ ਕਰ ਦਿੱਤਾ ਗਿਆ।
ਈ-ਟੇਂਡਰਿੰਗ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਦਾ ਵਿਰੋਧ ਕਰਨ ਦੇ ਮੱਦੇਨਜ਼ਰ ਕਈ ਸਰਪੰਚਾਂ ਨੂੰ ਪਿੰਡਾਂ ’ਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ।
ਰਹਿਆਣਾ ਵਿੱਚ ਸਰਪੰਚ ਸਰਕਾਰ ਦੀ ਈ-ਟੇਂਡਰਿੰਗ ਸਕੀਮ ਦਾ ਵਿਰੋਧ ਕਰ ਰਹੇ ਹਨ।

ਤਸਵੀਰ ਸਰੋਤ, Getty Images
ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਜਿੱਤ ਦੇ ਵੱਲ ਵੱਧ ਰਹੀ ਹੈ।
ਕਾਂਗਰਸ ਨੇ ਹੁਣ ਤੱਕ ਆਏ 224 ਸੀਟਾਂ ਵਿੱਚੋਂ 200 ਸੀਟਾਂ ਦੇ ਨਤੀਜਿਆਂ ਮੁਤਾਬਕ 122 ਸੀਟਾਂ ਜਿੱਤੀਆਂ ਹਨ।
ਹਾਲਾਂਕਿ, ਸੱਤਾਧਾਰੀ ਪਾਰਟੀ, ਭਾਰਤੀ ਜਨਤਾ ਪਾਰਟੀ ਨੂੰ 56 ਸੀਟਾਂ ਹੀ ਮਿਲੀਆਂ ਹਨ।
ਇਸ ਦੇ ਨਾਲ ਹੀ ਜਨਤਾ ਦਲ (ਸੈਕੂਲਰ) ਨੇ 18 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।

ਤਸਵੀਰ ਸਰੋਤ, ECI
ਦੂਜੇ ਪਾਸੇ ਆਜਾਦ ਉਮੀਦਵਾਰਾਂ ਨੇ 2 ਸੀਟਾਂ ਅਤੇ ਹੋਰਾਂ ਪਾਰਟੀਆਂ ਨੇ ਵੀ 2 ਸੀਟਾਂ ਉਪਰ ਜਿੱਤ ਹਾਸਿਲ ਕੀਤੀ ਹੈ।
ਫਿਲਹਾਲ 24 ਸੀਟਾਂ ਦੇ ਨਤੀਜੇ ਹਾਲੇ ਬਾਕੀ ਹਨ।
ਕਰਨਾਟਕ ਵਿਧਾਨ ਸਭਾ ਚੋਣਾਂ ਲਈ 10 ਤਾਰੀਕ ਨੂੰ ਵੋਟਾਂ ਪਈਆਂ ਸਨ।

ਤਸਵੀਰ ਸਰੋਤ, ANI
ਕਾਂਗਰਸ ਨੇਤਾ ਪ੍ਰਿੰਯਕਾ ਗਾਂਧੀ ਨੇ ਕਿਹਾ ਹੈ ਕਿ ਕਰਨਾਟਕ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ‘ਧਿਆਨ ਭਟਕਾਉਣ ਵਾਲੀ ਰਾਜਨੀਤੀ ਨਹੀਂ ਚੱਲੇਗੀ।’
ਪ੍ਰਿੰਯਕਾ ਗਾਂਧੀ ਨੇ ਕਿਹਾ, “ਅਸੀਂ ਕੁਝ ਵਾਅਦੇ ਕੀਤੇ ਹਨ, ਇਹਨਾਂ ਨੂੰ ਪੂਰਾ ਕਰਨ ਲਈ ਅਸੀਂ ਕੰਮ ਕਰਨਾ ਹੈ। ਜਨਤਾ ਨੂੰ ਇਹ ਦਿਖਾਉਣਾ ਹੈ ਕਿ ਇੱਕ ਅਲੱਗ ਤਰ੍ਹਾਂ ਦੀ ਨਵੀਂ ਰਾਜਨੀਤੀ ਇਸ ਦੇਸ਼ ਵਿੱਚ ਉੱਭਰ ਸਕਦੀ ਹੈ ਜੋ ਵਿਕਾਸ ਦੀ ਗੱਲ ਕਰੇ ਅਤੇ ਲੋਕਾਂ ਦੇ ਮੁੱਦਿਆਂ ਉਪਰ ਅਧਾਰਿਤ ਹੋਵੇ।”
ਉਨ੍ਹਾਂ ਕਿਹਾ ਕਿ 91 ਵਿਧਾਨ ਸਭਾ ਸੀਟਾਂ 75 ਫੀਸਦੀ ਕਾਂਗਰਸ ਨੇ ਜਿੱਤੀਆਂ ਹਨ ਜਿਨ੍ਹਾਂ ਥਾਵਾਂ ’ਤੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨਿਕਲੀ ਸੀ।
ਖ਼ਬਰ ਏਜੰਸੀ ਏਐਨਆਈ ਮੁਤਾਬਕ, "ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਜੁੜੇ ਸਵਾਲ ਤੇ ਉਨ੍ਹਾਂ ਨੇ ਕਿਹਾ ਦੇਖੋ ਜਿਵੇਂ ਮੈਂ ਕਿਹਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਸੀਂ ਜਨਤਾ ਦੇ ਸਾਹਮਣੇ ਕੁਝ ਗਾਰੰਟੀ ਲੈ ਕੇ ਗਏ, ਅਸੀਂ ਉਨ੍ਹਾਂ ਨੂੰ ਪੂਰਾ ਕਰਨਾ ਹੈ। ਅਸੀਂ ਜਨਤਾ ਦੇ ਲਈ ਕੰਮ ਕਰਨਾ ਹੈ। ਅੱਗੇ ਜਨਤਾ ਹੀ ਦੱਸੇਗੀ ਕੀ ਹੋਣਾ ਹੈ।"

ਤਸਵੀਰ ਸਰੋਤ, Getty Images
ਜਲੰਧਰ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਰ ਕਬੂਸ ਕੀਤੀ ਹੈ।
ਇਹ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤੀ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ’ਤੇ ਲਿਖਿਆ, “ਅਸੀਂ ਲੋਕਾਂ ਦੇ ਫ਼ਤਵੇ ਨੂੰ ਨਿਮਰਤਾ ਸਹਿਤ ਸਵੀਕਾਰ ਕਰਦੇ ਹਾਂ। ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਵਰਕਰ ਸਾਹਿਬਾਨਾਂ, ਵਲੰਟੀਅਰਾਂ, ਸਮਰਥਕਾਂ ਦਾ ਉਹਨਾਂ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਕੀਤੀ ਸਖ਼ਤ ਮਿਹਨਤ ਅਤੇ ਯਤਨਾਂ ਲਈ ਬਹੁਤ-ਬਹੁਤ ਧੰਨਵਾਦ।”
ਉਨ੍ਹਾਂ ਕਿਹਾ, “ਮੈਂ ਸੁਸ਼ੀਲ ਰਿੰਕੂ ਜੀ ਅਤੇ ਆਪ ਪਾਰਟੀ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ।”

ਤਸਵੀਰ ਸਰੋਤ, Getty Images
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ’ਤੇ ਵਧਾਈ ਦਿੱਤੀ ਹੈ।
ਐੱਮਕੇ ਸਟਾਲਿਨ ਨੇ ਇੱਕ ਟਵੀਟ ਵਿੱਚ ਕਿਹਾ, "ਕਰਨਾਟਕ ਵਿੱਚ ਜਿੱਤ ਲਈ ਕਾਂਗਰਸ ਨੂੰ ਵਧਾਈ। ਭਰਾ ਰਾਹੁਲ ਗਾਂਧੀ ਨੂੰ ਸੰਸਦ ਤੋਂ ਬੇਇਨਸਾਫੀ ਨਾਲ ਅਯੋਗ ਠਹਿਰਾਉਣਾ, ਸਿਆਸੀ ਵਿਰੋਧੀਆਂ ਦੇ ਖਿਲਾਫ ਜਾਂਚ ਏਜੰਸੀਆਂ ਨੂੰ ਲਗਾਉਣਾ, ਹਿੰਦੀ ਥੋਪਣਾ ਅਤੇ ਹਰ ਥਾਂ ਭ੍ਰਿਸ਼ਟਾਚਾਰ, ਕੁਝ ਉਹ ਮੁੱਦੇ ਹਨ ਜੋ ਇਸ ਚੋਣ ਵਿੱਚ ਕਰਨਾਟਕ ਦੇ ਲੋਕਾਂ ਦੇ ਦਿਲਾਂ ਅਤੇ ਦਿਮਾਗ ਵਿੱਚ ਰਹੇ। ਉਨ੍ਹਾਂ ਨੇ ਭਾਜਪਾ ਨੂੰ ਸਬਕ ਸਿਖਾਇਆ ਹੈ।
ਉਨ੍ਹਾਂ ਲਿਖਿਆ, "ਆਓ 2024 ਦੀਆਂ ਚੋਣਾਂ ਜਿੱਤਣ ਲਈ ਮਿਲ ਕੇ ਕੰਮ ਕਰੀਏ ਅਤੇ ਇੱਕ ਵਾਰ ਫਿਰ ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨਕ ਮੁੱਲਾਂ ਨੂੰ ਬਹਾਲ ਕਰੀਏ।"

ਤਸਵੀਰ ਸਰੋਤ, ANI
ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਹੈ ਕਿ ਉਹ ਜਲੰਧਰ ਦੇ ਏਅਰਪੋਰਟ ਅਤੇ ਸੜਕਾਂ ਸਮੇਤ ਹੋਰ ਮੁੱਦੇ ਨੂੰ ਚੁੱਕਣਗੇ।
ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ, “ਅਸੀਂ ਸਿਰਫ਼ 11 ਮਹੀਨਿਆਂ ਦਾ ਹੀ ਨਹੀਂ ਸਗੋਂ ਅਗਲੇ 5 ਸਾਲਾਂ ਦਾ ਵੀ ਵੀਜ਼ਨ ਲੈ ਕੇ ਚੱਲਾਂਗੇ। ਜਲੰਧਰ ਵਿੱਚ ਸਮਾਰਟ ਸਿਟੀ ਅਤੇ ਕੇਂਦਰ ਦੇ ਕਈ ਪ੍ਰਾਜੈਕਟ ਬੰਦ ਪਏ ਹਨ। ਮੈਂ ਇਹਨਾਂ ਨੂੰ ਜਲਦ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਾਂਗਾ।”
ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਜਦੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਤਾਂ ਵੱਖ-ਵੱਖ ਪਾਰਟੀਆਂ ਨੇ ਘਟੀਆ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਨੇ ਪਿਆਰ ਦਾ ਸਬੂਤ ਦਿੱਤਾ ਹੈ।”
ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਪਾਰਟੀ ਨੇ ਜੋ ਗਰੰਟੀਆਂ ਦਿੱਤੀਆਂ ਸੀ, ਅਸੀਂ ਉਹਨਾਂ ਨੂੰ ਇੱਕ-ਇੱਕ ਕਰਕੇ ਪੂਰੀਆਂ ਕਰ ਰਹੇ ਹਾਂ। ਇਹਨਾਂ ਸਾਰੀਆਂ ਗਰੰਟੀਆਂ ਉਪਰ ਜਲੰਧਰ ਦੇ ਲੋਕਾਂ ਨੇ ਮੋਹਰ ਲਗਾਈ ਹੈ।”

ਤਸਵੀਰ ਸਰੋਤ, ANI
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ ਬੋਲਦਿਆਂ ਕਿਹਾ, “ਅਸੀਂ ਨਫ਼ਰਤ ਅਤੇ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਇਹ ਚੋਣ ਨਹੀਂ ਲੜੀ ਸੀ। ਅਸੀਂ ਮੁਹੱਬਤ ਨਾਲ ਦਿਲ ਖੋਲ ਕੇ ਇਹ ਚੋਣ ਲੜੀ ਸੀ।”
ਰਾਹੁਲ ਗਾਂਧੀ ਨੇ ਕਿਹਾ, “ਕਰਨਾਟਕ ਦੀ ਜਨਤਾ ਨੇ ਦਿਖਾਇਆ ਕਿ ਮੁਹੱਬਤ ਇਸ ਦੇਸ਼ ਨੂੰ ਚੰਗੀ ਲੱਗਦੀ ਹੈ।”
ਉਨ੍ਹਾਂ ਕਿਹਾ, “ਕਰਨਾਟਕ ਵਿੱਚ ਨਫ਼ਰਤ ਦਾ ਬਜ਼ਾਰ ਬੰਦ ਹੋਇਆ ਹੈ ਅਤੇ ਮੁਹੱਬਤ ਦੀਆਂ ਦੁਕਾਨਾਂ ਖੁੱਲੀਆਂ ਹਨ।”
ਕਾਂਗਰਸ ਆਗੂ ਨੇ ਕਿਹਾ, “ਸਭ ਤੋਂ ਪਹਿਲਾਂ ਇਹ ਕਰਨਾਟਕ ਦੀ ਜਨਤਾ ਦੀ ਜਿੱਤ ਹੈ। ਚੋਣਾਂ ਵਿੱਚ ਅਸੀਂ ਲੋਕਾਂ ਨਾਲ 5 ਵਾਅਦੇ ਕੀਤੇ ਸਨ। ਅਸੀਂ ਇਹਨਾਂ ਵਾਅਦਿਆਂ ਨੂੰ ਪਹਿਲੇ ਦਿਨ, ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਪੂਰਾ ਕਰਾਂਗੇ।”

ਤਸਵੀਰ ਸਰੋਤ, Raghav Chada/Twitter
ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਬਣਦੀ ਦੇਖ ਕੇ ਆਮ ਆਦਮੀ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਜਲੰਧਰ ਵਾਸੀਆਂ ਲਈ ਇੱਕ ਟਵੀਟ ਕੀਤਾ ਹੈ।
ਉਨ੍ਹਾਂ ਲਿਖਿਆ,“ਨਾਨਕੇ ਜਲੰਧਰ ਵਾਲਿਆਂ ਨੇ ਅੱਜ ਦਾ ਦਿਨ ਮੇਰੇ ਲਈ ਹੋਰ ਵੀ ਖ਼ਾਸ ਬਣਾ ਦਿੱਤਾ।”

ਤਸਵੀਰ ਸਰੋਤ, Getty Images
ਨਵੀਂ ਦਿੱਲੀ ਤੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਲੋਕ ਸਭਾ ਵਿੱਚ ਜੋ ਜ਼ਿਮਨੀ ਚੋਣਾਂ ਦੇ ਨਤੀਜੇ ਆਏ, ਉਹ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਸਵਿਕਾਰ ਕਰਨ ਦਾ ਸੁਨੇਹਾ ਦਿੰਦੇ ਹਨ
ਅਸੀਂ ਧਰਮ ਜਾਂ ਜਾਤ-ਪਾਤ ਦੀ ਸਿਆਸਤ ਨਹੀਂ ਕਰਦੇ। ਬਲਕਿ ਮੁਹੱਲਾ ਕਲੀਨਿਕਾਂ, ਸਕੂਲਾਂ, ਮੁਫ਼ਤ ਬਿਜਲੀ ਦੀ ਗੱਲ ਕਰ ਰਹੇ ਸੀ।
ਅਸੀਂ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਨਾਲ ਉਨ੍ਹਾਂ ਦੀ ਭਲਾਈ ਦੀ ਗੱਲ ਕਰ ਰਹੇ ਸਨ।
ਅਰਵਿੰਦ ਕੇਜਰੀਵਾਲ ਨੇ ਜੋ ਕਾਫ਼ਲਾ ਸ਼ੁਰੂ ਕੀਤਾ ਸੀ ਉਹ ਅੱਜ ਕੌਮੀ ਪਾਰਟੀ ਦਾ ਰੂਪ ਧਾਰਨ ਕਰ ਚੁੱਕਿਆ ਹੈ।

ਤਸਵੀਰ ਸਰੋਤ, ANI
ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਲਗਭਗ ਤੈਅ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਬਹੁਮਤ ਵੱਲ ਹਨ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਿਤ ਕੀਤਾ।
ਉਨ੍ਹਾਂ ਦੇ ਸੰਬੋਧਨ ਦੀਆਂ ਮੁੱਖ ਗੱਲਾਂ-
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਲਗਭਗ ਸਾਫ਼ ਹੋ ਗਏ ਹਨ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਬਹੁਮਤ ਮਿਲੀ ਹੈ। ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਸਿੰਘ ਨੂੰ 156440 ਵੋਟਾਂ ਮਿਲੀਆਂ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਆਪਣੀ ਹਾਰ ਦੇ ਤੌਰ ਉੱਤੇ ਸਵੀਕਾਰ ਕੀਤਾ ਤੇ ਲੋਕਾਂ ਦਾ ਧੰਨਵਾਦ ਕੀਤਾ।

ਤਸਵੀਰ ਸਰੋਤ, AKALI DAL

ਤਸਵੀਰ ਸਰੋਤ, AKALI DAL
ਕਰਨਾਟਕ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਕਾਂਗਰਸ ਦੀ ਲੀਡ ਨੇ ਵਰਕਰਾਂ ’ਚ ਜਸ਼ਨ ਦਾ ਮਾਹੌਲ ਸਿਰਜ ਦਿੱਤਾ ਹੈ।
224 ਸੀਟਾਂ ਵਾਲੀ ਇਸ ਵਿਧਾਨ ਸਭਾ ਵਿੱਚ 10 ਮਈ ਨੂੰ ਵੋਟਾਂ ਪਈਆਂ ਸਨ।
ਕਾਂਗਰਸ ਦੇ ਦਿੱਲੀ ਦਫ਼ਤਰ ਵਿੱਚ ਵੀ ਚੋਣ ਨਤੀਜਿਆਂ ਨੂੰ ਦੇਖ ਕੇ ਵਰਕਰਾਂ ਵਿੱਚ ਉਤਸ਼ਾਹ ਦਿਖ ਰਿਹਾ ਹੈ।
(ਵੀਡੀਓ - ਏਐੱਨਆਈ, ਐਡਿਟ - ਰਾਜਨ ਪਪਨੇਜਾ)
ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜਿਆਂ ’ਚ ‘ਆਪ’ ਦੇ ਸੁਸ਼ੀਲ ਕੁਮਾਰ ਰਿੰਕੂ ਲੀਡ ਕਰ ਰਹੇ ਹਨ।
ਪਾਰਟੀ ਵਰਕਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ।
ਕਾਂਗਰਸ ਐੱਮਪੀ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ’ਤੇ 10 ਮਈ ਨੂੰ ਚੋਣਾਂ ਹੋਈਆਂ ਸਨ।
(ਵੀਡੀਓ - ਪ੍ਰਦੀਪ ਸ਼ਰਮਾ, ਅਰਵਿੰਦ ਛਾਬੜਾ, ਏਐੱਨਆਈ ਐਡਿਟ - ਰਾਜਨ ਪਪਨੇਜਾ)

ਕਰਨਾਟਕ ਵਿਧਾਨ ਸਭਾ ਚੋਣਾਂ ਲਈ 10 ਤਾਰੀਕ ਨੂੰ ਵੋਟਾਂ ਪਈਆਂ ਸਨ। ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਚੱਲ ਰਹੀ ਹੈ।
ਰੁਝਾਨਾਂ ਮੁਤਾਬਕ ਕਾਂਗਰਸ ਜਿੱਤ ਵੱਲ ਵੱਧਦੀ ਨਜ਼ਰ ਆ ਰਹੀ ਹੈ।
ਹੁਣ ਤੱਕ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆ ਹਨ, ਸੰਖੇਪ ਵਿੱਚ ਜਾਨਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਤਸਵੀਰ ਸਰੋਤ, ANI
ਜਲੰਧਰ ਲੋਕ ਸਭਾ ਸੀਟ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਆਪਣੇ ਨਜ਼ਦੀਕੀ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਤੋਂ 52 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਦੁਪਿਹਰ 12 ਵਜੇ ਤੱਕ ਗਿਣੀਆਂ ਗਈਆਂ ਵੋਟਾਂ ਵਿੱਚ ਸੁਸ਼ੀਲ ਰਿੰਕੂ ਨੂੰ 275188 ਅਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 223188 ਵੋਟਾਂ ਮਿਲੀਆਂ ਹਨ।
ਵੋਟਾਂ ਦੇ ਫ਼ਰਕ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ।
ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਇਕਬਾਲ ਸਿੰਘ ਅਟਵਾਲ ਨੂੰ ਹੁਣ ਤੱਕ 130495 ਵੋਟਾਂ ਮਿਲੀਆਂ ਹਨ।
ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸੁੱਖੀ ਨੂੰ 140586 ਵੋਟਾਂ ਮਿਲੀਆਂ ਹਨ।

ਤਸਵੀਰ ਸਰੋਤ, ANI
ਸ਼ਿਵਸੇਨਾ ਆਗੂ ਸੰਜੇ ਰਾਉਤ ਨੇ ਕਿਹਾ ਹੈ ਕਿ, “ਕਰਨਾਟਕ ਵਿੱਚ ਭਾਜਪਾ ਬਜਰੰਗ ਬਲੀ ਦੇ ਪ੍ਰਕੋਪ ਨਾਲ ਹਾਰ ਰਹੀ ਹੈ।”
ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਰਾਉਤ ਨੇ ਕਿਹਾ ਹੈ ਕਿ ਸ਼੍ਰੀ ਰਾਮ ਅਤੇ ਬਜਰੰਗ ਬਲੀ ਕਰਨਾਟਕ ਵਿੱਚ ਸੱਚ ਦੇ ਨਾਲ ਰਹੇ ਹਨ।
ਉਨ੍ਹਾਂ ਕਿਹਾ, "ਕਰਨਾਟਕ ਵਿੱਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਹਾਰ ਹੋਈ ਹੈ। ਭਾਜਪਾ ਦੀ ਗੱਲ ਬਾਅਦ ਵਿੱਚ।"
ਕਰਨਾਟਕ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੇ ਪੱਧਰ ਉੱਤੇ ਪ੍ਰਚਾਰ ਕੀਤਾ ਅਤੇ ਹਰ ਹੀਲਾ ਕੀਤਾ ਸੀ।
ਸੰਜੇ ਰਾਉਤ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਕਰਨਾਟਕ ਚੋਣਾਂ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਲਿਆ ਸੀ ਅਤੇ ਜਦੋਂ ਉਨ੍ਹਾਂ ਨੂੰ ਹਾਰ ਹੁੰਦੀ ਨਜ਼ਰ ਆਈ ਉਨ੍ਹਾਂ ਨੇ ਬਜਰੰਗ ਬਲੀ ਨੂੰ ਚੋਣ ਪ੍ਰਚਾਰ 'ਚ ਉਤਾਰ ਦਿੱਤਾ ਸੀ।
ਸੰਜੇ ਰਾਉਤ ਨੇ ਕਿਹਾ, "2024 ਵਿੱਚ ਉਹੀ ਕੁਝ ਹੋਵੇਗਾ ਜੋ ਹੁਣ ਕਰਨਾਟਕ ਵਿੱਚ ਹੋਇਆ ਹੈ।"