You’re viewing a text-only version of this website that uses less data. View the main version of the website including all images and videos.

Take me to the main website

ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਬੋਲੇ ਕੇਜਰੀਵਾਲ, ਜਲੰਧਰ ਤੋਂ ਸਾਬਕਾ ਐੱਮਐੱਲਏ 'ਆਪ' ਵਿੱਚ ਸ਼ਾਮਲ

ਇਸ ਲਾਈਵ ਪੇਜ ਰਾਹੀਂ ਅਸੀਂ ਪੰਜਾਬ, ਭਾਰਤ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਲੈ ਕੇ ਆਵਾਂਗੇ

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ

    • ਸਿੱਖ ਜਥੇਬੰਦੀ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਸਰਬੱਤ ਖ਼ਾਲਸਾ ਦੇ ਨਾਂ ਨਾਲ ਸਾਲ 2015 ਵਿੱਚ ਕੀਤੀ ਗਈ ਇਕੱਤਰਤਾ ਕਾਰਨ ਭਾਈਚਾਰੇ ਵਿੱਚ ਪਾੜ ਪੈ ਗਿਆ ਸੀ। ਅਜੇ ਸਹੀ ਸਮਾਂ ਨਹੀਂ ਸਰਬੱਤ ਖਾਲਸਾ ਸੱਦੇ ਜਾਣ ਦਾ।
    • ਸਾਬਕਾ ਕਾਂਗਰਸੀ ਆਗੂ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
    • ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਤ ਕੰਮ ਕੀਤਾ ਗਿਆ ਹੈ।
    • ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਵਿੱਚ ਦਰਜਨਾਂ ਫ਼ਲਸਤੀਨੀਆਂ ਅਤੇ ਇਜ਼ਰਾਈਲੀ ਪੁਲਿਸ ਵਿਚਾਲੇ ਝੜਪ ਹੋਈ ਹੈ।ਫ਼ਲਸਤੀਨੀਆਂ ਦਾ ਕਹਿਣਾ ਹੈ ਕਿ ਇਜ਼ਰਾਈਲੀ ਪੁਲਿਸ ਵੱਲੋਂ ਕੀਤੀ ਗਈ ਬਲ ਦੀ ਵਰਤੋਂ ਵਿੱਚ 14 ਲੋਕ ਜ਼ਖਮੀ ਹੋਏ ਹਨ।
    • ਭਾਰਤ ਦੇ ਉੱਘੇ ਕਾਰੋਬਾਰੀ ਮੁਕੇਸ਼ ਅੰਬਾਨੀ ਇੱਕ ਵਾਰ ਫ਼ਿਰ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਕੋਲ ਜਾਇਦਾਦ ਕਰੀਬ 83.4 ਕਰੋੜ ਡਾਲਰ ਦੀ ਹੈ।
  2. ਸਰਬੱਤ ਖ਼ਾਲਸਾ ਸੱਦਣ ਦਾ ਅਜੇ ਮਾਹੌਲ ਨਹੀਂ- ਦਲ ਖ਼ਾਲਸਾ

    ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਕਿਹਾ ਹੈ ਕਿ ਇਹ ਮਾਹੌਲ ਨਹੀਂ ਹੈ ਕਿ ਸਰਬੱਤ ਖ਼ਾਲਸਾ ਸੱਦਿਆ ਜਾਵੇ।

    ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ, ‘’ਸਰਬੱਤ ਖ਼ਾਲਸਾ ਦੇ ਨਾਂ ਨਾਲ ਸਾਲ 2015 ਵਿੱਚ ਕੀਤੀ ਗਈ ਇਕੱਤਰਤਾ ਕਾਰਨ ਭਾਈਚਾਰੇ ਵਿੱਚ ਪਾੜ ਪੈ ਗਿਆ ਸੀ। ਅੱਜ ਸਿਆਸੀ ਜਾਂ ਰਾਜਨੀਤਕ ਤੌਰ ਤੇ ਸਿੱਖ ਵੰਡੇ ਹੋਏ ਹਨ ਅਤੇ ਅਜਿਹੀ ਸਥਿਤੀ ਵਿੱਚ ਸਰਬੱਤ ਖ਼ਾਲਸਾ ਸੱਦਣਾ ਠੀਕ ਨਹੀਂ ਹੈ।’’

    ਦੱਸ ਦੇਈਏ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਰਬੱਤ ਖ਼ਾਲਸਾ ਸੱਦਣ ਦੀ ਅਪੀਲ ਕੀਤੀ ਸੀ।

    ਅਜਨਾਲਾ ਹਿੰਸਾ ਮਾਮਲੇ ਵਿੱਚ ਅਮ੍ਰਿਤਪਾਲ ਸਿੰਘ ਉੱਤੇ ਪੁਲਿਸ ਕਰਵਾਈ ਹੋ ਰਹੀ ਹੈ, ਫਿਲਹਾਲ ਉਹ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।

    ਅਮ੍ਰਿਤਪਾਲ ਸਿੰਘ ਨੇ ਵੀਡੀਓ ਸੰਦੇਸ਼ ਰਾਹੀਂ ਇਹ ਅਪੀਲ ਕੀਤੀ ਸੀ।

  3. ਜ਼ੀਰਾ ਸ਼ਰਾਬ ਫੈਕਟਰੀ ਮਾਮਲੇ 'ਚ ਆਈ ਸਰਕਾਰੀ ਰਿਪੋਰਟ, ਜ਼ਮੀਨੀ ਪਾਣੀ 'ਚ ਇਹ ਰਸਾਇਣ ਮਿਲੇ

    ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਮਨਸੂਰਵਾਲ ਕਲਾਂ 'ਚ ਲੱਗੀ ਇੱਕ ਸ਼ਰਾਬ ਫ਼ੈਕਟਰੀ ਖ਼ਿਲਾਫ਼ ਲੋਕਾਂ ਵੱਲੋਂ ਪਿਛਲੇ ਸਾਲ ਤੋਂ ਵਿਰੋਧ-ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

    ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਨਾਲ ਸਬੰਧਤ ਕਰੀਬ 40 ਪਿੰਡਾਂ ਦੇ ਲੋਕਾਂ ਤੋਂ ਇਲਾਵਾ ਵੱਖ-ਵੱਖ ਕਿਸਾਨ ਸੰਗਠਨਾਂ ਦੇ ਕਾਰਕੁਨ ਇਸ ਸ਼ਰਾਬ ਫ਼ੈਕਟਰੀ ਨੂੰ ਬੰਦ ਕਰਵਾਉਣ ਲਈ ਅੜੇ ਹੋਏ ਸਨ।

    ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਫ਼ੈਕਟਰੀ ਦੇ ਪ੍ਰਦੂਸ਼ਣ ਕਾਰਨ ਜ਼ਮੀਨਦੋਜ਼ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਇਸ ਦਾ ਅਸਰ ਉਨ੍ਹਾਂ ਦੀ ਸਿਹਤ ਉੱਤੇ ਪੈ ਰਿਹਾ ਹੈ।

    ਇਸ ਵਿੱਚ ਪੰਜਾਬ ਸਰਕਾਰ ਵਲੋਂ ਇੱਕ ਜਾਂਚ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਦੀ ਰਿਪੋਰਟ ਹੁਣ ਫ਼ਿਰੋਜ਼ਪੁਰ ਡਿਪਟੀ ਕਮਿਸ਼ਨਰ ਕੋਲ ਆ ਗਈ ਹੈ। ਇਸ ਕਮੇਟੀ ਨੇ ਦੀ ਰਿਪੋਰਟ ਵਿੱਚ ਸਭ ਕੁਝ ਠੀਕ ਨਹੀਂ ਆਇਆ ਹੈ, ਜਿਵੇਂ ਕਿ ਪਿਛਲੀ ਕਮੇਟੀ ਦੇ ਰਿਪੋਰਟ ਵਿੱਚ ਆਇਆ ਸੀ।

    ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿਕ ਕਰੋ।

  4. ਸਾਬਕਾ ਕਾਂਗਰਸੀ ਆਗੂ ਸੁਸ਼ੀਲ ਕੁਮਾਰ ਰਿੰਕੂ 'ਆਪ' 'ਚ ਹੋਏ ਸ਼ਾਮਿਲ

    ਸਾਬਕਾ ਕਾਂਗਰਸੀ ਆਗੂ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।

    ਪਾਰਟੀ ਕਨਵੀਨਰ ਅਤੇ ਦਿੱਲੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਤੋਂ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਹੈ।

    ਰਿੰਕੂ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਹਨ।

    ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਦੇ ਐਲਾਨ ਬਾਰੇ ਭਗਵੰਤ ਮਾਨ ਨੇ ਗੱਲ ਕਰਦਿਆਂ ਕਿਹਾ ਕਿ ਪਾਰਟੀ ਬਹੁਤ ਜਲਦੀ ਇਸ 'ਤੇ ਫ਼ੈਸਲਾ ਕਰ ਕੇ ਨਾਮ ਜਨਤਕ ਕਰ ਦੇਵੇਗੀ।

  5. ਪੰਜਾਬ ਦੀ ਕਾਨੂੰਨ-ਵਿਵਸਥਾ ਨਾਲ ਖਿਲਵਾੜ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਕੇਜਰੀਵਾਲ

    ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਤ ਕੰਮ ਕੀਤਾ ਗਿਆ ਹੈ।

    ਉਹ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿੱਚ ਸੀਐੱਮ ਦੀ ਯੋਗਸ਼ਾਲਾ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਪਹੁੰਚੇ ਸਨ।

    ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ, "ਪਿਛਲੇ ਇੱਕ ਮਹੀਨੇ ਤੋਂ ਤੁਸੀਂ ਦੇਖ ਰਹੋ ਕਿ ਕਿਸ ਤਰ੍ਹਾਂ ਬੜੀ ਹੀ ਸਖ਼ਤੀ ਨਾਲ ਭਗਵੰਤ ਮਾਨ ਨੇ ਇਹ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੀ ਸ਼ਾਂਤੀ ਨਾਲ ਜੇਕਰ ਕੋਈ ਵੀ ਖਿਲਵਾੜ ਕਰੇਗਾ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ।"

    "ਪਿਛਲੇ ਇੱਕ ਹਫ਼ਤੇ ਦੌਰਾਨ ਤੁਸੀਂ ਦੇਖਿਆ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਰਾਮਨੌਵੀ ਮੌਕੇ ਦੰਗੇ ਹੋ ਗਏ ਪਰ ਪੰਜਾਬ ਵਿੱਚ ਇੱਕ ਵੀ ਦੰਗਾ ਨਹੀਂ ਹੋਇਆ, ਉੱਥੇ ਸ਼ਾਂਤੀ ਹੈ।"

    "ਜਦੋਂ ਅਸੀਂ ਪੁਰਾਣੀਆਂ ਪਾਰਟੀਆਂ ਤੋਂ ਪੰਜਾਬ ਲਿਆ ਸੀ ਤਾਂ ਉਸ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਨ। ਮੈਂ ਇਹ ਨਹੀਂ ਕਹਾਂਗਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ, ਅਜੇ ਬਹੁਤ ਕੁਝ ਕਰਨਾ ਬਾਕੀ ਹੈ।"

    "ਪਰ ਪਿਛਲੇ ਇੱਕ ਸਾਲ ਅੰਦਰ ਕਾਨੂੰਨ-ਵਿਵਸਥਾ ਨੂੰ ਲੈ ਕੇ ਜਿੰਨਾ ਕੰਮ ਹੋਇਆ ਉਹ ਕਾਫੀ ਹੈ ਅਤੇ ਅਜੇ ਹੋਰ ਵੀ ਕਰਨਾ ਹੈ।"

  6. ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਵਿੱਚ ਦਰਜ਼ਨਾਂ ਫ਼ਲਸਤੀਨੀਆਂ ਤੇ ਇਜ਼ਰਾਈਲੀ ਪੁਲਿਸ ਦਰਮਿਆਨ ਝੜਪ

    ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਵਿੱਚ ਦਰਜਨਾਂ ਫ਼ਲਸਤੀਨੀਆਂ ਅਤੇ ਇਜ਼ਰਾਈਲੀ ਪੁਲਿਸ ਵਿਚਾਲੇ ਝੜਪ ਹੋਈ ਹੈ।

    ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਜਿਨ੍ਹਾਂ ਕੋਲਪਟਾਕੇ, ਡੰਡੇ ਅਤੇ ਪੱਥਰ ਸਨ ਨੇ ਆਪਣੇ ਆਪ ਨੂੰ ਅਲ-ਅਕਸਾ ਮਸਜਿਦ ਅੰਦਰ ਬੰਦ ਕਰ ਲਿਆ ਸੀ, ਜਿਸ ਤੋਂ ਬਾਅਦ ਸਵੇਰੇ ਉਥੇ ਛਾਪੇਮਾਰੀ ਕੀਤੀ ਗਈ।

    ਫ਼ਲਸਤੀਨੀਆਂ ਦਾ ਕਹਿਣਾ ਹੈ ਕਿ ਇਜ਼ਰਾਈਲੀ ਪੁਲਿਸ ਵੱਲੋਂ ਕੀਤੀ ਗਈ ਬਲ ਦੀ ਵਰਤੋਂ ਵਿੱਚ 14 ਲੋਕ ਜ਼ਖਮੀ ਹੋਏ ਹਨ।

    ਇਜ਼ਰਾਈਲੀ ਪੁਲਿਸ ਨੇ ਫ਼ਲਸਤੀਨੀਆਂ ਦੇ ਸਮੂਹ ਨੂੰ ਖਿੰਡਾਉਣ ਲਈ ਸਟਨ ਗ੍ਰੇਨੇਡ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ।

    ਇਸ ਤੋਂ ਬਾਅਦ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਘੱਟੋ-ਘੱਟ ਨੌਂ ਰਾਕੇਟ ਦਾਗ਼ੇ ਗਏ, ਜਿਸ ਕਾਰਨ ਸਡੇਰੋਟ ਦੇ ਨੇੜੇ ਹਵਾਈ ਹਮਲੇ ਦੇ ਅਲਰਟ ਸਾਇਰਨ ਸੁਣਾਈ ਦੇ ਰਹੇ ਹਨ।

    ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਪੰਜ ਰਾਕੇਟ ਰਸਤੇ 'ਚ ਹੀ ਨਸ਼ਟ ਹੋ ਗਏ, ਜਦਕਿ ਬਾਕੀ ਚਾਰ ਰਾਕੇਟ ਖੁੱਲ੍ਹੀਆਂ ਥਾਵਾਂ 'ਤੇ ਸੁੱਟੇ ਗਏ।

    ਅਜੇ ਤੱਕ ਕਿਸੇ ਸਮੂਹ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ਲਈ ਕੱਟੜਪੰਥੀ ਸਮੂਹ ਹਮਾਸ ਦੀ ਸਹਿਮਤੀ ਸੀ।

  7. ਮੁਕੇਸ਼ ਅੰਬਾਨੀ 83.4 ਕਰੋੜ ਡਾਲਰ ਜਾਇਦਾਦ ਨਾਲ, ਇੱਕ ਫ਼ਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ

    ਭਾਰਤ ਦੇ ਉੱਘੇ ਕਾਰੋਬਾਰੀ ਮੁਕੇਸ਼ ਅੰਬਾਨੀ ਇੱਕ ਵਾਰ ਫ਼ਿਰ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

    ਫੋਰਬਸ ਮੈਗਜ਼ੀਨ ਨੇ ਮੰਗਲਵਾਰ ਨੂੰ 2023 ਦੇ ਅਮੀਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ।

    ਉਨ੍ਹਾਂ ਕੁੱਲ ਜਾਇਦਾਦ ਕਰੀਬ 83.4 ਕਰੋੜ ਡਾਲਰ ਦੀ ਹੈ। ਲਿਸਟ ਮੁਤਾਬਕ ਉਹ ਦੁਨੀਆਂ ਦੇ ਨੌਵੇਂ ਨੰਬਰ ਦੇ ਸਭ ਤੋਂ ਅਮੀਰ ਵਿਅਕਤੀ ਵੀ ਹਨ।

  8. ਹਰ ਮਹੀਨੇ ਦੋ ਨੌਜਵਾਨ ਸਭਾਵਾਂ ਹੋਣਗੀਆਂ-ਭਗਵੰਤ ਮਾਨ

    ਪੰਜਾਬ ਦੇ ਮੁੱਖ ਮੰਤਰੀ ਨੇ ਬੁੱਧਵਾਰ ਸਵੇਰੇ ਨੌਜਵਾਨਾਂ ਦੇ ਨਾਮ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਦੇ ਨੌਜਵਾਨ ਪ੍ਰਤੀਭਾ ਨਾਲ ਭਰੇ, ਦ੍ਰਿੜ ਇਰਾਦੇ ਤੇ ਜਨੂੰਨ ਵਾਲੇ ਹਨ। ਪਰ ਮੌਕਿਆਂ ਦੀ ਘਾਟ ਨਾਲ ਜੂਝ ਰਹੇ ਹਨ।

    • ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਸਖ਼ਤ ਮਿਹਨਤ ਨਾਲ ਕਾਮਯਾਬੀ ਹਾਸਿਲ ਕੀਤੀ
    • ਪੰਜਾਬੀ ਨੌਜਵਾਨ ਪੜ੍ਹਾਈ ਤੋਂ ਦੂਰ ਹੋ ਰਹੇ ਹਨ
    • ਪੰਜਾਬ ਵਿੱਚ ਕੰਮ ਸਭਿਆਚਾਰ ਪੈਦਾ ਕਰਨ ਦੀ ਲੋੜ
    • ਸਰਕਾਰ ਨੌਜਵਾਨਾਂ ਦੀ ਆਰਥਿਕ ਮਦਦ ਕਰੇਗੀ
    • ਨੌਜਵਾਨਾਂ ਦੇ ਵਿਚਾਰ ਸੁਣ ਲਈ ਹਰ ਮਹੀਨੇ 2 ਨੋਜਵਾਨ ਸਭਾਵਾਂ ਹੋਣਗੀਆਂ
  9. ਕੋਰੋਨਾਵਾਇਰਸ: ਪੰਜਾਬ ਵਿੱਚ ਇੱਕ ਦਿਨ ’ਚ 73 ਨਵੇਂ ਮਾਮਲੇ ਆਏ ਸਾਹਮਣੇ

    4 ਅਪ੍ਰੈਲ ਨੂੰ ਪੰਜਾਬ ਵਿੱਚ ਕੋਵਿਡ ਦੇ 73 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 396 ਹੋ ਗਈ ਹੈ।

    ਪੰਜਾਬ ਵਾਂਗਹੀ ਪੂਰੇ ਦੇਸ਼ ਵਿੱਚ ਬੀਤੇ ਕਈ ਦਿਨਾਂ ਤੋਂ ਕੋਵਿਡ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੈ ਰਿਹਾ ਹੈ।

    ਕੇਂਦਰੀ ਸਿਹਤ ਮੰਤਰਾਲੇ ਵਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਨੂੰ ਇੱਕ ਦਿਨ ਵਿੱਚ 4477 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 23 ਹਜ਼ਾਰ ਤੋਂ ਵੱਧ ਗਈ ਹੈ।

    ਕੋਵਿਡ ਦੇ ਫ਼ੈਲਾਅ ਦਾ ਕਰਾਨ ਕੋਰੋਨਾਵਾਇਰਸ ਦਾ ਐੱਕਸਬੀਬੀਵੱਨ-16 (XBB1.16) ਵੇਰੀਐਂਟ ਦੱਸਿਆ ਜਾ ਰਿਹਾ ਹੈ।

    ਨਵੇਂ ਵੇਰੀਐਂਟ ਦੇ ਸਭ ਤੋਂ ਵੱਧ ਮਾਮਲੇ ਮਹਾਂਰਾਸ਼ਟਰ ਵਿੱਚ ਦਰਜ ਕੀਤੇ ਗਏ ਹਨ।

  10. ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਪੋਰਨ ਸਟਾਰ ਨਾਲ ਜੁੜੇ ਮਾਮਲੇ 'ਚ ਕੀ ਕੁਝ ਹੋਇਆ

    ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਮੰਗਲਵਾਰ ਨੂੰ ਨਿਊਯਾਰਕ ਦੀ ਇੱਕ ਅਦਾਲਤ ਸਾਹਮਣੇ ਪੇਸ਼ ਹੋਏ। ਉਨ੍ਹਾਂ ਖ਼ਿਲਾਫ਼ 34 ਗੰਭੀਰ ਇਲਜ਼ਾਮ ਲਗਾਏ ਗਏ ਹਨ। ਜਿਨ੍ਹਾਂ ਤੋਂ ਟਰੰਪ ਨੇ ਮੁਕੰਮਲ ਇਨਕਾਰ ਕਰਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

    ਟਰੰਪ ਦੀ ਇਹ ਪੇਸ਼ੀ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਪੋਰਨ ਸਟਾਰ ਸਟੋਰਮੀ ਡੈਨੀਅਲਸ ਨੂੰ ਉਨ੍ਹਾਂ ਦਾ ਮੂੰਹ ਬੰਦ ਰੱਖਣ ਲਈ ਕੀਤੇ ਭੁਗਤਾਨ ਦੇ ਇਲਜ਼ਾਮਾਂ ਦੇ ਮਾਮਲੇ ਵਿੱਚ ਸੀ।

    ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।ਸੁਣਵਾਈ ਤੋਂ ਪਹਿਲਾਂ ਟਰੰਪ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ।

    ਪੇਸ਼ੀ ਤੋਂ ਬਾਅਦ ਟਰੰਪ ਨੇ ਫਲੋਰੀਡਾ ਸਥਿਤ ਆਪਣੀ ਰਿਹਾਇਸ਼ 'ਤੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਦੌਰਾਨ ਟਰੰਪ ਨੇ ਇਕ ਵਾਰ ਫ਼ਿਰ ਦੁਹਰਾਇਆ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹੈ।

    ਟਰੰਪ ਨੇ ਇਹ ਵੀ ਕਿਹਾ ਕਿ "ਸਾਡਾ ਦੇਸ਼ ਨਰਕ ਵੱਲ ਜਾ ਰਿਹਾ ਹੈ। ਦੁਨੀਆ ਪਹਿਲਾਂ ਹੀ ਕਈ ਕਾਰਨਾਂ ਕਰਕੇ ਸਾਡੇ 'ਤੇ ਹੱਸ ਰਹੀ ਹੈ।"

    ਟਰੰਪ ਨੇ ਕਿਹਾ, "ਮੈਂ ਸਿਰਫ਼ ਇੱਕ ਅਪਰਾਧ ਕੀਤਾ ਹੈ, ਅਤੇ ਉਹ ਹੈ ਆਪਣੇ ਦੇਸ਼ ਨੂੰ, ਉਨ੍ਹਾਂ ਲੋਕਾਂ ਤੋਂ ਨਿਡਰ ਹੋ ਕੇ ਬਚਾਉਣਾ ਜੋ ਇਸਨੂੰ ਤਬਾਹ ਕਰਨਾ ਚਾਹੁੰਦੇ ਹਨ।"

    ਡੌਨਾਲਡ ਟਰੰਪ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਦੇ ਵਕੀਲ ਮਾਈਕਲ ਕੋਹੇਨ ਨੇ ਟਰੰਪ ਨਾਲ ਕਥਿਤ ਸਬੰਧਾਂ ਬਾਰੇ ਚੁੱਪ ਰਹਿਣ ਲਈ ਨਿਯਮਾਂ ਦੀ ਉਲੰਘਣਾ ਕਰਦਿਆਂ,2016 ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਸਟੋਰਮੀ ਡੇਨੀਅਲਜ਼ ਨੂੰ 130,000 ਡਾਲਰ ਦਾ ਭੁਗਤਾਨ ਕੀਤਾ ਸੀ।

  11. ਬੀਬੀਸੀ ਪੰਜਾਬੀ ਦੇ LIVE ਪੇਜ 'ਤੇ ਤੁਹਾਡਾ ਸੁਆਗਤ ਹੈ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਪੰਜਾਬ, ਭਾਰਤ ਤੇ ਕੌਮਾਂਤਰੀ ਪੱਧਰ ਤੇ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਵਾਂਗੇ।

    ਤੁਹਾਡੇ ਨਾਲ ਲਾਈਵ ਅਪਡੇਟਸ ਸਾਂਝੀ ਕਰ ਰਹੇ ਹਨ ਬੀਬੀਸੀ ਪੱਤਰਕਾਰ ਦਲੀਪ ਸਿੰਘ ਅਤੇ ਰਾਜਵੀਰ ਕੌਰ।

    ਜੇਕਰ ਤੁਸੀਂ 4 ਅਪਰੈਲ ਦੀਆਂ ਅਪਡੇਟਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸਲਿੰਕ ਉੱਤੇ ਕਲਿੱਕਕਰ ਸਕਦੇ ਹੋ।