ਅਮਰੀਕਾ ਵਿੱਚ ਜਾਰੀ ਮੁਜ਼ਾਹਰਿਆਂ ਵਿਚਾਲੇ ਇੱਕ ਸਵਾਲ, 'ਨਸਲਵਾਦ ਮੁੱਕੇਗਾ ਕਦੋਂ?'

ਵੀਡੀਓ ਕੈਪਸ਼ਨ, ਅਮਰੀਕਾ ਵਿੱਚ ਜਾਰੀ ਮੁਜ਼ਾਹਰਿਆਂ ਵਿਚਾਲੇ ਇੱਕ ਸਵਾਲ, 'ਨਸਲਵਾਦ ਮੁੱਕੇਗਾ ਕਦੋਂ?'

ਅਮਰੀਕਾ ਵਿੱਚ ਜਾਰੀ ਮੁਜ਼ਾਹਰਿਆਂ ਵਿਚਾਲੇ ਇੱਕ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ: "ਨਸਲਵਾਦ ਮੁੱਕੇਗਾ ਕਦੋਂ?"

ਕਈ ਸਾਲਾਂ ਤੋਂ ਕਈ ਘਟਨਾਵਾਂ ਦੇ ਬਾਅਦ ਹੁਣ ਮਿਨੀਐਪੋਲਿਸ ਵਿੱਚ ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦਾ ਪੁਲਿਸ ਹੱਥੋਂ ਕਥਿਤ ਕਤਲ ਹੋਇਆI ਜਦੋਂ ਲੋਕ ਇਕੱਠੇ ਹੋਏ ਤਾਂ ਇਹ ਯਾਦ, ਦੁੱਖ ਤੇ ਗੁੱਸੇ ਦਾ ਇਜ਼ਹਾਰ ਸੀI

ਉਸ ਦੇ ਭਰਾ ਨੇ ਇੱਕ ਅਪੀਲ ਵੀ ਕੀਤੀ, ਕਿ ਪ੍ਰਦਰਸ਼ਨਾਂ ਵਿੱਚ ਹੋ ਰਹੀ ਹਿੰਸਾ ਨੂੰ ਰੋਕਿਆ ਜਾਵੇI

ਇੱਕ ਹਫ਼ਤੇ ਤੋਂ ਚੱਲ ਰਹੇ ਮੁਜ਼ਾਹਰੇ ਸ਼ੁਰੂਆਤ ਵਿੱਚ ਹਿੰਸਕ ਨਹੀਂ ਸਨ ਪਰ ਮੁਜ਼ਾਹਰਾਕਾਰੀਆਂ ਨੇ ਰਾਤ ਦੇ ਕਰਫ਼ਿਊ ਨੂੰ ਮੰਨਣੋਂ ਇਨਕਾਰ ਕਰ ਦਿੱਤਾ ਹੈI

ਪੁਲਿਸ ਤੇ ਸੁਰੱਖਿਆ ਬਲ ਇੱਥੇ ਮੁਜ਼ਾਹਰਾਕਾਰੀਆਂ ਉੱਤੇ ਹਥੌੜੇ ਵਾਂਗ ਵਰ੍ਹੇ ਨੇ, ਇਸੇ ਨੇ ਪੁਲਿਸ ਦੇ ਵਤੀਰੇ ਉੱਤੇ ਮੁੜ ਸਵਾਲ ਖੜ੍ਹੇ ਕੀਤੇ ਹਨI ਇਸ ਦੇ ਕੇਂਦਰ ਵਿੱਚ ਇਹ ਵੀਡੀਓ ਹੈ ਜਿਸ ਵਿੱਚ ਮੌਤ ਕੈਦ ਹੈ ਜੌਰਜ ਕਹਿ ਰਿਹਾ ਹੈ 'ਮੈਨੂੰ ਸਾਹ ਨਹੀਂ ਆ ਰਿਹਾ' (I Can't Breathe), ਜੋ ਹੁਣ ਇੱਕ ਕੌੜੇ ਸੱਚ ਦਾ ਨਾਅਰਾ ਬਣ ਗਿਆ ਹੈI

ਪੁਲਿਸ ਅਫ਼ਸਰ ਡੈਰੇਕ ਸ਼ਾਵਿਨ ਉੱਤੇ ਹੁਣ ਕਤਲ ਦਾ ਮਾਮਲਾ ਤਾਂ ਦਰਜ ਹੋ ਗਿਆ ਹੈ ਪਰ ਉਸ ਉੱਤੇ ਪਹਿਲਾਂ ਹੀ 17 ਵਾਰੀ ਮਾੜੇ ਵਤੀਰੇ ਦੇ ਇਲਜ਼ਾਮ ਲੱਗ ਚੁੱਕੇ ਸਨI

ਸਰਕਾਰੀ ਰਿਪੋਰਟ ਕਹਿੰਦੀ ਹੈ ਕਿ ਧੌਣ ਉੱਤੇ ਗੋਡਾ ਮੌਤ ਦਾ ਸਿੱਧਾ ਕਾਰਨ ਨਹੀਂ ਬਣਿਆ ਪਰ ਇੱਕ ਗੈਰ-ਸਰਕਾਰੀ ਰਿਪੋਰਟ ਵੀ ਆਈ ਹੈ ਜੋ ਕਹਿੰਦੀ ਹੈ ਕਿ ਸਾਹ ਘੁਟਣ ਕਰਕੇ ਮੌਤ ਹੋਈ ਅਤੇ ਇਹ ਕਤਲ ਦਾ ਮਾਮਲਾ ਹੈI ਇਸ ਸਭ ਵਿਚਾਲੇ ਕੁਝ ਸੁਰੱਖਿਆ ਕਰਮੀ ਲੋਕਾਂ ਦੇ ਨਾਲ ਖੜ੍ਹਨ ਦਾ ਫ਼ੈਸਲਾ ਕਰ ਰਹੇ ਹਨ ਪਰ ਰਾਸ਼ਟਰਪਤੀ ਵੱਲੋਂ ਅਜਿਹਾ ਕੁਝ ਨਹੀਂ ਨਜ਼ਰ ਆਇਆI

ਡੌਨਲਡ ਟਰੰਪ ਨੇ ਤਾਂ ਕਿਹਾ ਹੈ ਕਿ ਮੁਜ਼ਾਹਰਾਕਾਰੀਆਂ ਉੱਤੇ ਦਬਿਸ਼ ਦਿਓ, "ਦਬਿਸ਼ ਨਾ ਦਿੱਤੀ ਤਾਂ ਸੁਰੱਖਿਆ ਬਲ ਬੇਵਕੂਫ ਲੱਗਣਗੇ"I

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)