ਸਿੰਘੂ ਬਾਰਡਰ 'ਤੇ ਕਤਲ ਹੋਏ ਲਖਬੀਰ ਦੀ ਭੈਣ ਨਾਲ ਆਖਰੀ ਗੱਲਬਾਤ

ਵੀਡੀਓ ਕੈਪਸ਼ਨ, ਸਿੰਘੂ ਬਾਰਡਰ 'ਤੇ ਕਤਲ ਹੋਏ ਲਖਬੀਰ ਦੀ ਭੈਣ ਨਾਲ ਆਖਰੀ ਗੱਲਬਾਤ

ਸਿੰਘੂ ਬਾਰਡਰ 'ਤੇ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਨੂੰ ਘਟਨਾ 'ਤੇ ਯਕੀਨ ਕਰਨਾ ਔਖਾ ਹੈ। ਤਰਨ ਤਾਰਨ ਦੇ ਪਿੰਡ ਚੀਮਾ ਕਲਾਂ ਵਿੱਚ ਲਖਬੀਰ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਸ਼ੁੱਕਰਵਾਰ ਸਵੇਰੇ ਲਖਬੀਰ ਦਾ ਕਤਲ ਕਰ ਦਿੱਤਾ ਗਿਆ। ਨਿਹੰਗ ਸਿੱਖਾਂ ਦਾ ਇਲਜ਼ਾਮ ਹੈ ਕਿ ਲਖਬੀਰ ਨੇ ਪਵਿੱਤਰ ਸਰਬਲੋਹ ਗ੍ਰੰਥ ਦੀ ਬੇਅਦਬੀ ਕੀਤੀ।

ਬੇਅਦਬੀ ਦੀ ਇਸ ਕਥਿਤ ਘਟਨਾ ਦੇ ਪ੍ਰਤੀਕਰਮ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਹੱਥ ਪੈਰ ਵੱਢ ਕੇ ਕਤਲ ਕੀਤੇ ਗਏ ਲਖਬੀਰ ਦੀ ਲਾਸ਼ ਪੁਲਿਸ ਬੈਰੀਕੇਡ ਨਾਲ ਲਮਕਾਈ ਗਈ ਸੀ । ਸੋਸ਼ਲ ਮੀਡੀਆ 'ਤੇ ਇਸ ਘਟਨਾ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ

ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਸ਼ੁੱਕਰਵਾਰ ਤੜਕੇ ਹੋਏ ਕਤਲ ਦੇ ਮਾਮਲੇ 'ਚ ਇੱਕ ਨਿਹੰਗ ਸਿੱਖ ਦੀ ਗ੍ਰਿਫ਼ਤਾਰੀ ਹੋਈ। ਸੋਨੀਪਤ ਪੁਲਿਸ ਨੇ ਸ਼ੁੱਕਰਵਾਰ ਦੇਰ ਸ਼ਾਮ ਸਰਬਜੀਤ ਸਿੰਘ ਨਾਮੀ ਨਿਹੰਗ ਸਿੱਖ ਨੂੰ ਗ੍ਰਿਫ਼ਤਾਰ ਕੀਤਾ। ਦੇਰ ਸ਼ਾਮ ਸਰਬਜੀਤ ਦੀ ਗ੍ਰਿਫ਼ਤਾਰੀ ਮਗਰੋਂ ਪੁਲਿਸ ਨੇ ਉਸ ਦਾ ਮੈਡੀਕਲ ਵੀ ਕਰਵਾਇਆ। ਸਰਬਜੀਤ ਸਿੰਘ ਦਾ ਪੁਲਿਸ ਨੂੰ 7 ਦਿਨਾਂ ਦਾ ਰਿਮਾਂਡ ਮਿਲਿਆ ਹੈ।

ਇੱਕ ਸਾਲ ਹੋਣ ਨੂੰ ਆਇਆ ਹੈ ਉਦੋਂ ਦੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਤਿੰਨੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਹਨ। ਸਰਕਾਰ ਤੇ ਕਿਸਾਨ ਸੰਗਠਨਾਂ ਵਿਚਾਲੇ ਕਈ ਗੇੜ ਦੀਆਂ ਬੈਠਕਾਂ ਦੇ ਬਾਵਜੂਦ ਹੱਲ ਨਹੀਂ ਨਿਕਲਿਆ। ਕਿਸਾਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਜਦਕਿ ਸਰਕਾਰ ਕਾਨੂੰਨਾਂ 'ਚ ਸੋਧ ਦੀ ਗੱਲ ਕਹਿ ਰਹੀ ਹੈ।

ਵੀਡੀਓ- ANI

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)