ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਕਤਲ ਮਾਮਲੇ ’ਚ SIT ਦਾ ਗਠਨ, ਜਾਣੋ ਕਿਉਂ ਮਿਲਿਆ ਸੀ ਸ਼ੌਰਿਆ ਚੱਕਰ
ਸ਼ੌਰਿਆ ਚੱਕਰ ਵਿਜੇਤਾ ਬਲਵਿੰਦਰ ਸਿੰਘ ਦਾ ਸ਼ੁੱਕਰਵਾਰ 16 ਅਕੂਤਬਰ ਸਵੇਰੇ ਅਣਪਛਾਤੇ ਹਮਲਾਵਰਾਂ ਨੇ ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਇਲਾਕੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।
ਪੁਲਿਸ ਅਨੁਸਾਰ ਦੋ ਹਮਲਾਵਰ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਸਨ ਤੇ ਘਰ ਦੇ ਲਾਗੇ ਦਫ਼ਤਰ ਵਿੱਚ ਬੈਠੇ ਬਲਵਿੰਦਰ ਸਿੰਘ ਨੂੰ ਉਨ੍ਹਾਂ ਨੇ ਆਪਣਾ ਨਿਸ਼ਾਨਾ ਬਣਾਇਆ।
ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ 90ਵਿਆਂ ਦੀ ਸ਼ੁਰੂਆਤ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਕਰਨ ਲਈ ਜਾਣਿਆ ਜਾਂਦਾ ਹੈ। ਭਾਰਤ ਸਰਕਾਰ ਦੀ ਵੈਬਸਾਈਟ ਅਨੁਸਾਰ ਅੱਤਵਾਦੀਆਂ ਦਾ ਵਿਰੋਧ ਕਰਨ ਲਈ 1990 ਤੋਂ ਲੈ ਕੇ 1993 ਤੱਕ ਬਲਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਉੱਤੇ 16 ਹਮਲੇ ਹੋਏ ਸਨ। 30 ਸਤੰਬਰ 1990 ਵਿੱਚ ਹੋਏ ਇੱਕ ਹਮਲੇ ਵਿੱਚ ਤਾਂ 200 ਦੇ ਕਰੀਬ ਅੱਤਵਾਦੀਆਂ ਨੇ ਬਲਵਿੰਦਰ ਸਿੰਘ ਦੇ ਘਰ ਨੂੰ ਘੇਰ ਲਿਆ ਸੀ ਤੇ 5 ਘੰਟਿਆਂ ਦੀ ਮੁਠਭੇੜ ਮਗਰੋਂ ਅੱਤਵਾਦੀਆਂ ਨੂੰ ਪਿੱਛੇ ਹਟਣਾ ਪਿਆ ਸੀ।
ਇਸ ਘਟਨਾ ਨੂੰ ਮੁੱਖ ਰੱਖਦਿਆਂ ਸਾਲ 1993 ਵਿੱਚ ਉਨ੍ਹਾਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸ਼ੁਭਮ ਕੌਲ)