ਬਿਆਸ ਦਰਿਆ 'ਚ ਮੱਛੀਆਂ ਤੇ ਹੋਰ ਜੀਵ-ਜੰਤੂ ਮਰੇ

ਤਸਵੀਰ ਸਰੋਤ, Ravinder Singh Robin/BBC
ਬਿਆਸ ਦਰਿਆ 'ਚ ਵੱਡੇ ਪੱਧਰ 'ਤੇ ਮੱਛੀਆਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਜਾਂਚ 'ਚ ਸਾਹਮਣੇ ਆਇਆ ਹੈ ਕਿ ਬਿਆਸ ਦਰਿਆ ਦੇ ਕੰਢੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੀੜੀ ਵਿੱਚ ਸਥਿਤ ਸ਼ੂਗਰ ਮਿਲ ਤੋਂ ਨਿਕਲੇ ਹੋਏ ਸੀਰੇ ਦਾ ਦਰਿਆ ਦੇ ਪਾਣੀ 'ਚ ਘੁੱਲ ਜਾਣਾ ਮੱਛੀਆਂ ਦੇ ਮਰਨ ਦਾ ਕਾਰਨ ਬਣਿਆ ਹੈ।
ਗੁਰਪ੍ਰੀਤ ਸਿੰਘ ਚਾਵਲਾ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਟੀਮ ਨੇ ਚੱਢਾ ਸ਼ੁਗਰ ਐਂਡ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਨੂੰ ਸੀਲ ਕਰ ਦਿੱਤਾ ਹੈ।
ਪ੍ਰਦੂਸ਼ਰਣ ਕੰਟਰੋਲ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਮਿੱਲ ਵੱਲੋਂ ਜੋ ਸੀਰੇ ਲਈ ਰਿਸੀਵਰ ਟੈਂਕ ਬਣਾਏ ਗਏ ਹਨ ਉਹਨਾਂ ਵਿੱਚੋਂ ਸੀਰਾ ਬਿਆਸ ਦਰਿਆ 'ਚ ਜ਼ਮੀਨ ਰਾਹੀਂ ਰਿਸਦਾ ਹੋਇਆ ਮਿੱਲ ਦੇ ਨਜ਼ਦੀਕ ਨਿਕਲ ਰਹੇ ਨਾਲੇ ਰਾਹੀਂ ਬਿਆਸ ਦਰਿਆ ਦੇ ਪਾਣੀ 'ਚ ਘੁੱਲ ਗਿਆ ਸੀ।
ਕੁਲਦੀਪ ਸਿੰਘ ਨੇ ਆਖਿਆ ਕਿ ਇੱਥੇ ਮੌਕੇ 'ਤੇ ਉਹਨਾਂ ਵੱਲੋਂ ਵੀ ਪਹਿਲੀ ਕੋਸ਼ਿਸ਼ ਕੀਤੀ ਹੈ ਕਿ ਇਸ ਸੀਰੇ ਨੂੰ ਰੋਕਿਆ ਜਾਵੇ। ਕੁਲਦੀਪ ਸਿੰਘ ਨੇ ਅੱਗੇ ਕਿਹਾ ਕਿ ਹਾਲਾਂਕਿ ਇਹ ਸੀਰਾ ਖਤਰਨਾਕ ਨਹੀਂ ਹੈ, ਲੇਕਿਨ ਇਸ ਨਾਲ ਮੱਛੀਆਂ ਨੂੰ ਪਾਣੀ ਵਿੱਚ ਆਕਸੀਜਨ ਦੀ ਕਮੀ ਦੇ ਹੋਣ ਤੋਂ ਬਾਅਦ ਮੱਛੀਆਂ ਮਰੀਆਂ ਹਨ।

ਤਸਵੀਰ ਸਰੋਤ, Ravinder Singh Robin/BBC
'ਵੱਧ ਟਾਈਮ ਮਿਲ ਚਲਾਉਣ ਦਾ ਸੀ ਦਬਾਵ'
ਚਢਾ ਸ਼ੂਗਰ ਐਂਡ ਇੰਡਸਟਰੀਜ਼ ਦੇ ਗਰੁੱਪ ਦੇ ਪ੍ਰੈਜ਼ੀਡੈਂਟ ਰਤਨ ਅਨਮੋਲ ਸਿੰਘ ਨੇ ਇਸ ਮਾਮਲੇ 'ਚ ਆਪਣਾ ਪੱਖ ਰੱਖਦੇ ਹੋਏ ਆਖਿਆ ਕਿ ਇਸ ਸਾਲ ਉਹਨਾਂ ਦੀ ਖੰਡ ਮਿੱਲ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਕਿਸਾਨਾਂ ਦਾ ਵੱਧ ਸਮੇਂ ਤਕ ਮਿਲ ਨੂੰ ਚਾਲੂ ਰੱਖਣ ਲਈ ਦਬਾਅ ਸੀ।
ਪਿਛਲੇ ਸਾਲ 85 ਲੱਖ ਕੁਇੰਟਲ ਗੰਨਾ ਪੀੜਿਆ ਸੀ। ਇਸ ਸਾਲ ਉਹ ਵੱਧ ਕੇ 1 ਕਰੋੜੇ 12 ਲੱਖ ਕੁਇੰਟਲ ਪੀੜਿਆ ਗਿਆ।
ਅਨਮੋਲ ਸਿੰਘ ਨੇ ਕਿਹਾ ਕਿ ਆਟੋ ਇਗਨੀਸ਼ਨ ਰਿਐਕਸ਼ਨ ਕਾਰਨ ਜੋ 45 ਡਿਗਰੀ 'ਤੇ ਸੀਰਾ ਸੀ ਉਹ 90 ਡਿਗਰੀ ਤੇ ਚਲਾ ਗਿਆ। ਇਸਦੇ ਬਾਅਦ 16 ਮਈ ਨੂੰ ਸਵੇਰੇ 8 ਵਜੇ ਲਾਵੇ ਦੀ ਤਰ੍ਹਾਂ ਉਹ ਟੈਂਕ ਦੇ ਬਾਹਰ ਰੁੜ੍ਹਨ ਲੱਗ ਪਿਆ ਜਿਸ ਨੂੰ ਮੌਕੇ ਤੇ ਕੰਟਰੋਲ ਕਰਨਾ ਔਖਾ ਸੀ।
ਪਹਿਲਾਂ ਵੀ ਮਰੀਆਂ ਸਨ ਮੱਛੀਆਂ
ਪਾਲ ਸਿੰਘ ਨੌਲੀ ਨੇ ਦੱਸਿਆ ਕਿ ਹਰੀਕੇ ਪੱਤਣ ਵਿੱਚ ਮੱਛੀਆਂ ਮਰਨ ਦੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ। ਇਸ ਤੋਂ ਪਹਿਲਾਂ ਵੀ ਗੰਦਾ ਤੇ ਜ਼ਹਿਰੀਲਾ ਪਾਣੀ ਮੱਛੀਆਂ ਦਾ ਖੌਅ ਬਣ ਚੁੱਕਿਆ ਹੈ।

ਤਸਵੀਰ ਸਰੋਤ, Gurpreet Singh Chawla/BBC
ਕਾਲੀ ਵੇਈਂ ਜਿਹੜੀ ਕਿ ਹਰੀਕੇ ਪੱਤਣ ਵਿੱਚ ਜਾ ਸਮਾਉਂਦੀ ਹੈ ਤੇ ਬਿਆਸ ਦਰਿਆ ਦੀ ਇੱਕ ਸਹਾਇਕ ਨਦੀ ਹੈ ਵਿੱਚ ਪਿਛਲੇ ਤਿੰਨ ਚਾਰ ਸਾਲਾਂ ਤੋਂ ਲਗਾਤਾਰ ਮੱਛੀਆਂ ਮਰਦੀਆਂ ਰਹੀਆਂ ਹਨ।
ਪਰ ਇਨ੍ਹਾਂ ਨੂੰ ਬਚਾਉਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ। ਅਪ੍ਰੈਲ 2012 , 2013 ਤੇ 2015 ਵਿੱਚ ਹਰੀਕੇ ਪੱਤਣ ਦੇ ਆਲੇ-ਦੁਆਲੇ ਦੇ ਜਲ ਸਰੋਤਾਂ ਵਿੱਚ ਵੱਡੇ ਪੱਧਰ 'ਤੇ ਮੱਛੀਆਂ ਮਰੀਆਂ ਸਨ। ਇਹ ਮੱਛੀਆਂ ਆਮ ਤੌਰ 'ਤੇ ਵਿਸਾਖੀ ਦੇ ਨੇੜੇ ਹੀ ਮਰਦੀਆਂ ਰਹੀਆਂ ਹਨ।
ਉਦੋਂ ਇਨ੍ਹਾਂ ਮੱਛੀਆਂ ਦੇ ਮਰਨ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਗਈਆਂ ਸਨ। ਸਰਕਾਰੀ ਵਿਭਾਗ ਕਹਿੰਦੇ ਸਨ ਕਿ ਕਾਲੀ ਨਦੀ ਵਿੱਚ ਮੱਛੀਆਂ ਦੀ ਗਿਣਤੀ ਵੱਧਣ ਕਾਰਨ ਮੱਛੀਆਂ ਆਕਸੀਜਨ ਘੱਟ ਗਈ ਜਿਸ ਕਾਰਨ ਮੱਛੀਆਂ ਮਰੀਆਂ।
ਵਿਭਾਗ ਕਹਿੰਦਾ ਹੈ ਕਿ ਖੇਤਾਂ ਵਿੱਚ ਕੀਟਨਾਸ਼ਕ ਦਵਾਈਆਂ ਦੇ ਕੀਤੇ ਜਾ ਰਹੇ ਛਿੜਕਾਅ ਕਾਰਨ ਅਜਿਹਾ ਵਾਪਰਿਆ ਸੀ ਕਿਉਂਕਿ ਉਨ੍ਹਾਂ ਦੀ ਦਲੀਲ ਸੀ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਖੇਤਾਂ ਵਿੱਚ ਫਸਲਾਂ 'ਤੇ ਛਿੜਕੀਆਂ ਕੀਟਨਾਸ਼ਕ ਦਵਾਈਆਂ ਨਦੀ ਵਿੱਚ ਆ ਜਾਂਦੀਆਂ ਹਨ।
ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਨਦੀ ਵਿੱਚ ਗੰਦੇ ਪਾਣੀਆਂ ਦੀ ਵੱਧ ਮਾਤਰਾ ਕਾਰਨ ਅਜਿਹਾ ਵਾਪਰਿਆ ਸੀ। ਗੰਦੇ ਪਾਣੀਆਂ ਨਾਲ ਆਕਸੀਜਨ ਦੀ ਮਾਤਰਾ ਘਟ ਗਈ ਜਿਸ ਕਾਰਨ ਮੱਛੀਆਂ ਮਰੀਆਂ ਸਨ।












