ਪਾਕਿਸਤਾਨ ਦੀ ਹਾਕੀ ਟੀਮ ਦੇ ਕਪਤਾਨ ਅਜਿਹਾ ਕਿਉਂ ਬੋਲੇ, 'ਆਸਟ੍ਰੇਲੀਆ 'ਚ ਅਸੀਂ ਭਾਂਡੇ ਮਾਂਜੇ ਅਤੇ ਬਾਥਰੂਮ ਧੋਤੇ, ਖਾਣਾ ਵੀ ਪਕਾਉਣਾ ਪਿਆ'?

ਤਸਵੀਰ ਸਰੋਤ, Getty Images
"ਆਸਟ੍ਰੇਲੀਆ 'ਚ ਕੌਮੀ ਟੀਮ ਦੇ ਖਿਡਾਰੀਆਂ ਤੋਂ ਰਸੋਈ, ਬਰਤਨ, ਕੱਪੜੇ ਅਤੇ ਬਾਥਰੂਮ ਸਾਫ ਕਰਵਾਏ ਜਾਂਦੇ ਸਨ, ਅਸੀਂ ਆਪਣਾ ਖਾਣਾ ਖੁਦ ਬਣਾਉਂਦੇ ਸੀ ਅਤੇ ਸੜਕਾਂ 'ਤੇ ਰਹਿੰਦੇ ਸੀ...ਬਰਤਨ ਧੋਣ ਅਤੇ ਸਫਾਈ ਕਰਵਾਉਣ ਤੋਂ ਬਾਅਦ ਖਿਡਾਰੀ ਮੈਚ 'ਚ ਕਿਹੋ ਜਿਹਾ ਪ੍ਰਦਰਸ਼ਨ ਕਰਨਗੇ ?"
ਪਾਕਿਸਤਾਨ ਦੀ ਕੌਮੀ ਹਾਕੀ ਟੀਮ ਦੇ ਕਪਤਾਨ ਇਮਾਦ ਬੱਟ ਨੇ ਆਸਟ੍ਰੇਲੀਆ ਤੋਂ ਪਰਤਣ 'ਤੇ ਲਾਹੌਰ ਹਵਾਈ ਅੱਡੇ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੱਤਾ ਹੈ।
ਪ੍ਰੋ ਹਾਕੀ ਲੀਗ ਵਿੱਚ ਆਸਟ੍ਰੇਲੀਆ 'ਚ ਲਗਾਤਾਰ ਹਾਰ ਤੋਂ ਬਾਅਦ ਪਾਕਿਸਤਾਨੀ ਹਾਕੀ ਟੀਮ ਬੁੱਧਵਾਰ ਸਵੇਰੇ ਘਰ ਪਰਤ ਆਈ।
ਹਵਾਈ ਅੱਡੇ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ ਕਪਤਾਨ ਇਮਾਦ ਬੱਟ ਨੇ ਪਾਕਿਸਤਾਨੀ ਹਾਕੀ ਫੈਡਰੇਸ਼ਨ ਖਿਲਾਫ਼ ਗੰਭੀਰ ਇਲਜ਼ਾਮ ਲਗਾਏ ਅਤੇ ਕਿਹਾ ਕਿ ਉਹ ਮੌਜੂਦਾ ਟੀਮ ਪ੍ਰਬੰਧਨ ਨਾਲ ਅੱਗੇ ਨਹੀਂ ਵੱਧ ਸਕਦੇ।
ਦੂਜੇ ਪਾਸੇ ਹਾਕੀ ਟੀਮ ਦੇ ਕੋਚ ਨੇ ਪ੍ਰਬੰਧਨ 'ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਪੁੱਛਿਆ, "ਅਚਾਨਕ ਅਜਿਹਾ ਕੀ ਹੋਇਆ ਕਿ ਹੁਣ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਅਸੀਂ ਇਸ ਪ੍ਰਬੰਧਨ ਨਾਲ ਕੰਮ ਨਹੀਂ ਕਰਨਾ ਚਾਹੁੰਦੇ ?"
ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆ ਵਿੱਚ ਖੇਡ ਰਹੀ ਪਾਕਿਸਤਾਨੀ ਹਾਕੀ ਟੀਮ ਦੇ ਖਿਡਾਰੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਹ ਖਾਣਾ ਬਣਾਉਂਦੇ ਅਤੇ ਭਾਂਡੇ ਧੋਂਦੇ ਨਜ਼ਰ ਆ ਰਹੇ ਹਨ। ਕਈ ਤਸਵੀਰਾਂ ਵਿੱਚ ਉਹ ਬੈਗ ਦੇ ਨਾਲ ਸੜਕ ਕੰਢੇ ਬੈਠੇ ਹੋਏ ਵੀ ਨਜ਼ਰ ਆ ਰਹੇ ਹਨ।
ਮੀਡੀਆ ਰਿਪੋਰਟਸ ਮੁਤਾਬਕ, ਮਾੜੇ ਇੰਤਜ਼ਾਮਾਂ ਅਤੇ ਕਥਿਤ ਤੌਰ 'ਤੇ ਪੈਸਿਆਂ ਦੀ ਕਮੀ ਕਾਰਨ ਆਸਟ੍ਰੇਲੀਆ ਵਿੱਚ ਪਾਕਿਸਤਾਨੀ ਟੀਮ ਨੂੰ ਰਿਹਾਇਸ਼ ਅਤੇ ਖਾਣ-ਪੀਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਮੰਗਲਵਾਰ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਹਾਕੀ ਟੀਮ ਦੇ ਕਪਤਾਨ ਨੇ ਕੀ ਕਿਹਾ ?
ਬੁੱਧਵਾਰ ਸਵੇਰੇ ਲਾਹੌਰ ਹਵਾਈ ਅੱਡੇ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ ਕੌਮੀ ਟੀਮ ਦੇ ਕਪਤਾਨ ਇਮਾਦ ਬੱਟ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਮਾੜੇ ਹਾਲਾਤਾਂ ਨੂੰ ਦਰਸਾਉਣ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਸਹੀ ਹਨ।
ਹਾਲਾਂਕਿ ਬੀਬੀਸੀ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਿਆ ਹੈ।
ਕਪਤਾਨ ਇਮਾਦ ਬੱਟ ਨੇ ਕਿਹਾ, "ਆਸਟ੍ਰੇਲੀਆ 'ਚ ਕੌਮੀ ਖਿਡਾਰੀਆਂ ਤੋਂ ਰਸੋਈ, ਬਰਤਨ, ਕੱਪੜੇ ਅਤੇ ਬਾਥਰੂਮ ਸਾਫ਼ ਕਰਵਾਏ ਜਾਂਦੇ ਸਨ। ਅਸੀਂ ਆਪਣਾ ਖਾਣਾ ਖੁਦ ਪਕਾਉਂਦੇ ਸੀ ਅਤੇ ਸੜਕਾਂ 'ਤੇ ਰਹਿੰਦੇ ਸੀ।"
ਉਨ੍ਹਾਂ ਕਿਹਾ, " ਜਦੋਂ ਅਸੀਂ ਇਸ ਬਾਬਤ ਪਾਕਿਸਤਾਨੀ ਖੇਡ ਬੋਰਡ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੀਮ ਦੇ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਅਸੀਂ ਪਾਕਿਸਤਾਨ ਹਾਕੀ ਫੈਡਰੇਸ਼ਨ ਨੂੰ ਲੋੜੀਂਦਾ ਪੈਸਾ ਉਪਲੱਬਧ ਕਰਵਾ ਦਿੱਤਾ ਸੀ ਪਰ ਜਦੋਂ ਮੈਂ ਟੀਮ ਪ੍ਰਬੰਧਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖੇਡ ਬੋਰਡ ਨੇ ਲੋੜੀਂਦੇ ਅਤੇ ਪੂਰੇ ਪੈਸੇ ਮੁਹੱਈਆ ਨਹੀਂ ਕਰਵਾਏ ਹਨ।"

ਤਸਵੀਰ ਸਰੋਤ, Hockey Pakistan
ਕਪਤਾਨ ਇਮਾਦ ਬੱਟ ਨੇ ਕਿਹਾ, " ਮੈਨੂੰ ਨਹੀਂ ਪਤਾ ਕਿ ਪਾਕਿਸਤਾਨ ਖੇਡ ਬੋਰਡ ਗਲਤ ਹੈ ਜਾਂ ਪਾਕਿਸਤਾਨ ਹਾਕੀ ਫੈਡਰੇਸ਼ਨ ਪ੍ਰਸ਼ਾਸਨ ਪਰ ਅਸੀਂ ਜਾਣਦੇ ਹਾਂ ਕਿ ਸਾਡੀ ਟੀਮ ਦੇ ਪ੍ਰਬੰਧਨ ਨੇ ਬਹੁਤ ਝੂਠ ਬੋਲਿਆ ਹੈ।"
ਉਨ੍ਹਾਂ ਨੇ ਟੀਮ ਪ੍ਰਬੰਧਨ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ,"ਮੈਂ ਕਿਸੇ ਤੋਂ ਨਹੀਂ ਡਰਦਾ। ਟੀਮ ਪ੍ਰਬੰਧਨ ਨੇ ਖਿਡਾਰੀਆਂ ਨਾਲ ਵੱਖਰੇ-ਵੱਖਰੇ ਤੌਰ 'ਤੇ ਮੁਲਾਕਾਤ ਕੀਤੀ ਅਤੇ ਇੱਥੋਂ ਤੱਕ ਕਿ ਹਰ ਖਿਡਾਰੀ ਤੋਂ ਪੁੱਛਿਆ ਕਿ ਉਹ ਕਪਤਾਨ ਇਮਾਦ ਬੱਟ ਦੇ ਨਾਲ ਹੈ ਜਾਂ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਨਾਲ।"
ਪਾਕਿਸਤਾਨੀ ਹਾਕੀ ਫੈਡਰੇਸ਼ਨ ਜਾਂ ਖੇਡ ਬੋਰਡ ਵੱਲੋਂ ਅਜੇ ਤੱਕ ਇਨ੍ਹਾਂ ਇਲਜ਼ਾਮਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਇਮਾਦ ਬੱਟ ਨੇ ਕਿਹਾ, "ਆਸਟ੍ਰੇਲੀਆ ਪਹੁੰਚਣ ਤੋਂ ਬਾਅਦ, ਖਿਡਾਰੀ 13 ਤੋਂ 14 ਘੰਟੇ ਤੱਕ ਓਪੇਰਾ ਸਟ੍ਰੀਟ 'ਤੇ ਲਵਾਰਿਸ ਲੋਕਾਂ ਵਾਂਗ ਭਟਕਦੇ ਰਹੇ। ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ। ਹਾਕੀ ਟੀਮ ਦੀਆਂ ਸੜਕ 'ਤੇ ਬੈਠਿਆਂ ਦੀਆਂ ਜੋ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਉਹ ਸਾਰੀਆਂ ਸੱਚ ਹਨ।"
ਉਨ੍ਹਾਂ ਕਿਹਾ, "ਪੰਜ ਦਿਨਾਂ ਅੰਦਰ ਵਿਸ਼ਵ ਕੱਪ ਕੁਆਲੀਫਾਇੰਗ ਰਾਊਂਡ ਸ਼ੁਰੂ ਹੋਣ ਵਾਲਾ ਹੈ, ਜੋ ਪਾਕਸਿਤਾਨ ਹਾਕੀ ਫੈਡਰੇਸ਼ਨ ਅਤੇ ਕੌਮੀ ਟੀਮ ਦੋਹਾਂ ਲਈ ਇੱਕ ਮਹੱਤਵਪੂਰਨ ਇਵੈਂਟ ਹੈ। ਹੁਣ ਕਿਉਂਕਿ ਸਾਡੇ ਕੋਲ ਬਹੁਤ ਘੱਟ ਸਮਾਂ ਹੈ ਇਸ ਲਈ ਅਸੀਂ ਮੌਜੂਦਾ ਟੀਮ ਪ੍ਰਬੰਧਨ ਨਾਲ ਅੱਗੇ ਨਹੀਂ ਵੱਧ ਸਕਦੇ।"
ਹਾਕੀ ਟੀਮ ਦੇ ਕਪਤਾਨ ਇਮਾਦ ਬੱਟ ਨੇ ਕਿਹਾ, "ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਜਲਦ ਤੋਂ ਜਲਦ ਇਸ ਗੱਲ ਦਾ ਨੋਟਿਸ ਲੈਣ ਕਿ ਕੌਮੀ ਹਾਕੀ ਟੀਮ ਦੇ ਖਿਡਾਰੀਆਂ ਨਾਲ ਅਜਿਹਾ ਵਤੀਰਾ ਕਿਉਂ ਕੀਤਾ ਗਿਆ।"
ਗੌਰਤਲਬ ਹੈ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਸ ਕਥਿਤ ਕੁਪ੍ਰਬੰਧਨ ਦਾ ਨੋਟਿਸ ਲਿਆ ਅਤੇ ਜਾਂਚ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਮਾੜੇ ਪ੍ਰਬੰਧਾਂ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ 'ਤੇ ਅਜਿਹੇ ਕਈ ਹੋਰ ਵੀਡੀਓ ਵੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਲਾਹੌਰ ਹਵਾਈ ਅੱਡੇ 'ਤੇ ਕੌਮੀ ਟੀਮ ਦੇ ਸਵਾਗਤ ਲਈ ਕੋਈ ਮੌਜੂਦ ਨਹੀਂ ਸੀ ਅਤੇ ਨਾ ਹੀ ਟਰਾਂਸਪੋਰਟ ਲਈ ਕੋਈ ਵਿਵਸਥਾ ਉਪਲੱਬਧ ਸੀ।
ਮੁੱਖ ਕੋਚ ਨੇ ਕੀ ਕਿਹਾ ?
ਪਾਕਿਸਤਾਨੀ ਹਾਕੀ ਟੀਮ ਦੇ ਮੁੱਖ ਕੋਚ ਤਾਹਿਰ ਜ਼ਮਾਂ ਦਾ ਕਹਿਣਾ ਹੈ ਕਿ ਕੱਲ੍ਹ ਤੱਕ ਟੀਮ ਪ੍ਰਬੰਧਨ ਦੇ ਪ੍ਰਦਰਸ਼ਨ ਦੀ ਸ਼ਲਾਘਾ ਹੋ ਰਹੀ ਸੀ ਅਤੇ ਟੀਮ ਲਗਾਤਾਰ ਸੁਧਾਰ ਕਰ ਰਹੀ ਸੀ ਪਰ ਹਾਲ ਦੇ ਦਿਨਾਂ 'ਚ ਸਾਹਮਣੇ ਆਈਆਂ ਗੱਲਾਂ ਦੀ ਜਾਣਕਾਰੀ ਉਨ੍ਹਾਂ ਨੂੰ ਮੀਡੀਆ ਜ਼ਰੀਏ ਹੀ ਮਿਲੀਆਂ ਹਨ।
ਉਨ੍ਹਾਂ ਨੇ ਪੁੱਛਿਆ ਕਿ ਅਚਾਨਕ ਅਜਿਹਾ ਕੀ ਹੋਇਆ ਕਿ ਉਹ ਪ੍ਰਬੰਧਨ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ।
ਹਾਕੀ ਸਟੇਡੀਅਮ ਵਿੱਚ ਹੋਰ ਕੋਚਾਂ ਮੁਹੰਮਦ ਉਸਮਾਨ ਅਤੇ ਜੀਸ਼ਾਨ ਅਸ਼ਰਫ਼ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤਾਹਿਰ ਜ਼ਮਾਂ ਨੇ ਕਿਹਾ ਕਿ ਕੁਝ ਛਿਪੇ ਹੋਏ ਮਕਸਦ ਹਨ, ਜਿਨ੍ਹਾਂ ਨੂੰ ਮੁੱਦਿਆਂ ਨੂੰ ਸੁਲਝਾਉਣ ਅਤੇ ਮਾਮਲਿਆਂ ਨੂੰ ਸਹੀ ਦਿਸ਼ਾ 'ਚ ਲੈ ਕੇ ਜਾਣ ਲਈ ਸਾਹਮਣੇ ਲਿਆਉਣ ਦੀ ਲੋੜ ਹੈ।
ਉਨ੍ਹਾਂ ਕਿਹਾ, "ਪਾਕਿਸਤਾਨੀ ਹਾਕੀ ਅੱਗੇ ਵਧ ਰਹੀ ਹੈ। ਹਾਰ ਖੇਡ ਦਾ ਹਿੱਸਾ ਹੈ ਪਰ ਖਿਡਾਰੀਆਂ ਨੂੰ ਮਿਲ ਰਹੇ ਕੌਮਾਂਤਰੀ ਤਜਰਬੇ, ਵਿਸ਼ੇਸ਼ ਤੌਰ 'ਤੇ ਸੈਲਫ ਟ੍ਰੇਨਿੰਗ ਦੀ ਪ੍ਰਕਿਰਿਆ ਦਾ ਕੋਈ ਬਦਲ ਨਹੀਂ ਹੈ।"
ਖਿਡਾਰੀਆਂ ਵਿਚਾਲੇ ਕਥਿਤ ਗੁੱਟਬਾਜ਼ੀ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਕਦੇ-ਕਦੇ ਮੁਸ਼ਕਿਲ ਹਾਲਾਤਾਂ ਵਿੱਚ ਕੁਝ ਗੱਲਾਂ ਆਪਣੇ ਆਪ ਸਪੱਸ਼ਟ ਹੋ ਜਾਂਦੀਆਂ ਹਨ।
ਤਾਹਿਰ ਜ਼ਮਾਂ ਨੇ ਕਿਹਾ, "ਇਹ ਕਹਿਣਾ ਕਿ ਪੈਸੇ ਨਹੀਂ ਸਨ, ਟੀਮ ਭਟਕ ਗਈ ਸੀ, ਬਾਹਰ ਕੱਢ ਦਿੱਤਾ ਸੀ...ਇਸ ਤਰ੍ਹਾਂ ਦੀਆਂ ਗੱਲਾਂ ਗਲਤਬਿਆਨੀਆਂ ਹਨ। ਬੱਚੇ ਇਮਮਿਚਿਓਰਿਟੀ (ਬਚਕਾਨੀਆਂ ਗੱਲਾਂ) ਦਿਖਾ ਰਹੇ ਹਨ।"
ਪ੍ਰਬੰਧਨ ਦੇ ਖਿਲਾਫ ਬਿਆਨ ਦੇਣ ਵਾਲੇ ਖਿਡਾਰੀਆਂ 'ਤੇ ਕਾਰਵਾਈ ਬਾਰੇ ਪੁੱਛੇ ਜਾਣ 'ਤੇ ਤਾਹਿਰ ਜ਼ਮਾਂ ਨੇ ਕਿਹਾ ਕਿ ਸਥਿਤੀ 'ਤੇ ਇੱਕ ਵਿਸਥਾਰਤ ਰਿਪੋਰਟ ਪਾਕਿਸਤਾਨ ਹਾਕੀ ਫੈਡਰੇਸ਼ਨ ਨੂੰ ਸੌਂਪ ਦਿੱਤੀ ਗਈ ਹੈ ਅਤੇ ਹੁਣ ਫੈਡਰੇਸ਼ਨ ਨੂੰ ਇਸ ਸਬੰਧ ਵਿੱਚ ਫੈਸਲਾ ਲੈਣਾ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਅਤੇ ਭਵਿੱਖ ਵਿੱਚ ਮੀਡੀਆ ਨਾਲ ਗੱਲਬਾਤ ਦੇ ਸਬੰਧ ਵਿੱਚ ਸਾਰੇ ਸਬੰਧਤ ਵਿਅਕਤੀਆਂ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਤਾਹਿਰ ਜ਼ਮਾਂ ਨੇ ਕਿਹਾ, "ਨਿੱਜੀ ਤੌਰ 'ਤੇ ਮੇਰਾ ਮੰਨਣਾ ਹੈ ਕਿ ਅਨੁਸ਼ਾਸਨ ਜ਼ਰੂਰੀ ਹੈ। ਅਧਿਕਾਰੀਆਂ ਅਤੇ ਖਿਡਾਰੀਆਂ ਸਾਰਿਆਂ ਲਈ ਇਹ ਜ਼ਰੂਰੀ ਹੋਣਾ ਚਾਹੀਦਾ ਹੈ।"

ਤਸਵੀਰ ਸਰੋਤ, Hockey Pakistan
"ਇਹ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ"
ਲਾਹੌਰ ਹਵਾਈ ਅੱਡੇ 'ਤੇ ਆਪਣੇ ਨਿੱਜੀ ਵਾਹਨਾਂ ਅਤੇ ਟੈਕਸੀਆਂ ਨਾਲ ਘਰ ਪਰਤ ਰਹੇ ਕੌਮੀ ਹਾਕੀ ਟੀਮ ਦੇ ਖਿਡਾਰੀਆਂ ਦੇ ਵੀਡੀਓ ਐਕਸ 'ਤੇ ਵਾਇਰਲ ਹਨ।
ਅਦਨਾਨ ਜਾਕਿਰ ਨਾਂਅ ਦੇ ਇੱਕ ਉਪਭੋਗਤਾ ਨੇ ਕੌਮੀ ਹਾਕੀ ਟੀਮ ਦੇ ਖਿਡਾਰੀਆਂ ਦੇ ਕੁਝ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "ਮੈਨੂੰ ਉਮੀਦ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਇਸ 'ਤੇ ਸ਼ਰਮ ਆਵੇਗੀ ਅਤੇ ਉਹ ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐੱਚਐੱਫ) ਖਿਲਾਫ਼ ਸਖ਼ਤ ਕਾਰਵਾਈ ਕਰਨਗੇ। ਇਸ ਵਾਰ ਕੋਈ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਦਹਾਕਿਆਂ ਤੋਂ ਹੁੰਦਾ ਆ ਰਿਹਾ।"
ਪਾਕਿਸਤਾਨ ਹਾਕੀ ਟੀਮ ਦੇ ਕਪਤਾਨ ਦੇ ਹਾਲੀਆ ਬਿਆਨ ਅਤੇ ਹਾਕੀ ਫੈਡਰੇਸ਼ਨ 'ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਸਾਬਕਾ ਖਿਡਾਰੀ ਫੈਸਲ ਇਕਬਾਲ ਨੇ ਵੀ ਐਕਸ 'ਤੇ ਲਿਖਿਆ, "ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਕਰਦਾਤਿਆਂ ਦਾ ਪੈਸਾ ਕਿੱਥੇ ਖ਼ਰਚ ਹੋ ਰਿਹਾ ਹੈ, ਕੀ ਇਹ ਹਾਕੀ ਦੇ ਵਿਕਾਸ ਲਈ ਹੈ।"
ਉਨ੍ਹਾਂ ਇਲਜ਼ਾਮ ਲਗਾਇਆ, "ਪਾਕਿਸਤਾਨ ਵਿੱਚ ਹਾਕੀ ਦੇ ਪਤਨ ਦਾ ਅਸਲ ਕਾਰਨ ਭ੍ਰਿਸ਼ਟਾਚਾਰ ਹੈ। ਹਾਕੀ ਟੀਮ ਦੇ ਖਿਡਾਰੀਆਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ।"
ਇੱਕ ਯੂਜ਼ਰ ਨੇ ਲਿਖਿਆ, "ਜਦੋਂ ਪਾਕਸਿਤਾਨ ਖੇਡ ਬੋਰਡ ਨੇ ਟੀਮ ਦੇ ਵਿਦੇਸ਼ੀ ਦੌਰੇ ਦੇ ਪ੍ਰਬੰਧ ਲਈ ਭਾਰੀ ਰਕਮ ਦਿੱਤੀ ਸੀ ਤਾਂ ਖਿਡਾਰੀ ਉੱਥੇ ਖਰਾਬ ਹਾਲਾਤਾਂ 'ਚ ਕਿਉਂ ਰਹਿ ਰਹੇ ਸਨ? ਉਹ ਪੈਸਾ ਕਿੱਥੇ ਗਿਆ?"
ਉਮਰ ਫਾਰੁਖ਼ ਨਾਂਅ ਦੇ ਇੱਕ ਹੋਰ ਐਕਸ ਯੂਜ਼ਰ ਨੇ ਪਾਕਿਸਤਾਨ ਹਾਕੀ ਟੀਮ ਬਾਰੇ ਗੱਲ ਕਰਦੇ ਹੋਏ ਕਿਹਾ, "ਆਸਟ੍ਰੇਲੀਆ ਵਿੱਚ ਪਾਕਿਸਤਾਨੀ ਹਾਕੀ ਖਿਡਾਰੀਆਂ ਦੀ ਸਥਿਤੀ ਸਾਹਮਣੇ ਆਉਣ ਤੋਂ ਬਾਅਦ ਇਹ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਸਿਸਟਮ ਨੂੰ ਕਿੰਨੀ ਲਾਪਰਵਾਹੀ ਨਾਲ ਚਲਾਇਆ ਜਾ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



































