ਭਾਰਤ ਤੀਜੀ ਵਾਰ ਟੀ-20 ਵਿਸ਼ਵ ਕੱਪ ਚੈਂਪੀਅਨ ਬਣਿਆ, ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਇਆ

ਜਸਪ੍ਰੀਤ ਬੁਮਰਾਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਪ੍ਰੀਤ ਬੁਮਰਾਹ ਚਾਰ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਦਾ ਹੀਰੋ ਬਣੇ
ਪੜ੍ਹਨ ਦਾ ਸਮਾਂ: 7 ਮਿੰਟ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਟੀ-20 ਵਰਲਡ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਜਿੱਤ ਲਿਆ।

ਇਸ ਨਾਲ ਭਾਰਤ ਟੀ-20 ਵਰਲਡ ਕੱਪ ਤੀਜੀ ਵਾਰ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਭਾਰਤ ਨੇ ਨਿਊਜ਼ੀਲੈਂਡ ਅੱਗੇ ਜਿੱਤ ਲਈ 256 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਨਿਊਜ਼ੀਲੈਂਡ ਦੀ ਟੀਮ 19 ਓਵਰਾਂ ਵਿੱਚ 159 ਦੌੜਾਂ ਬਣਾ ਕੇ ਆਲ ਆਉਟ ਹੋ ਗਈ।

ਅਕਸ਼ਰ ਪਟੇਲ ਨੇ ਭਾਰਤ ਨੂੰ ਪਹਿਲਾ ਵਿਕਟ ਦਿੱਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਸ਼ਰ ਪਟੇਲ ਨੇ ਭਾਰਤ ਨੂੰ ਪਹਿਲਾ ਵਿਕਟ ਦਿੱਤਾ

256 ਦੌੜਾਂ ਦੇ ਵੱਡੇ ਟੀਚੇ ਦਾ ਦਬਾਅ ਨਿਊਜ਼ੀਲੈਂਡ ਦੇ ਓਪਨਰਸ ਟਿਮ ਸਾਈਫਰਟ ਅਤੇ ਫਿਨ ਐਲਨ 'ਤੇ ਪਹਿਲੀ ਗੇਂਦ ਤੋਂ ਹੀ ਨਜ਼ਰ ਆਉਣ ਲੱਗਾ। ਹਾਲਾਂਕਿ ਪਹਿਲੇ ਓਵਰ ਦੀ ਪੰਜਵੀਂ ਗੇਂਦ 'ਤੇ ਸ਼ਿਵਮ ਦੁਬੇ ਨੇ ਫਿਨ ਐਲਨ ਦਾ ਕੈਚ ਵੀ ਛੱਡ ਦਿੱਤਾ। ਅਰਸ਼ਦੀਪ ਦੇ ਪਹਿਲੇ ਓਵਰ ਵਿੱਚ ਨਿਊਜ਼ੀਲੈਂਡ ਨੇ ਸਿਰਫ਼ ਚਾਰ ਦੌੜਾਂ ਬਣਾਈਆਂ।

ਪਰ ਦੂਜੇ ਓਵਰ ਵਿੱਚ ਟਿਮ ਸਾਈਫਰਟ ਨੇ ਆਪਣੇ ਤੇਵਰ ਦਿਖਾਏ। ਹਾਰਦਿਕ ਪੰਡਿਆ ਨੇ ਦੂਜੇ ਓਵਰ ਵਿੱਚ 21 ਦੌੜਾਂ ਖਰਚ ਕੀਤੀਆਂ।

ਤੀਸਰੇ ਓਵਰ ਦੀ ਚੌਥੀ ਗੇਂਦ 'ਤੇ ਅਕਸ਼ਰ ਪਟੇਲ ਨੇ ਫਿਨ ਐਲਨ ਨੂੰ ਆਉਟ ਕਰਕੇ ਭਾਰਤ ਨੂੰ ਪਹਿਲੀ ਸਫ਼ਲਤਾ ਦਿਵਾਈ। ਇਸ ਤੋਂ ਬਾਅਦ ਚੌਥੇ ਓਵਰ ਦੀ ਪਹਿਲੀ ਗੇਂਦ 'ਤੇ ਹੀ ਜਸਪ੍ਰੀਤ ਬੁਮਰਾਹ ਨੇ ਰਚਿਨ ਰਵਿੰਦਰ ਨੂੰ ਪੇਵਿਲੀਅਨ ਭੇਜ ਦਿੱਤਾ।

ਅਕਸ਼ਰ ਪਟੇਲ ਨੇ ਤਿੰਨ ਵਿਕਟਾਂ ਲਈਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਸ਼ਰ ਪਟੇਲ ਨੇ ਤਿੰਨ ਵਿਕਟਾਂ ਲਈਆਂ

ਪਾਵਰਪਲੇ ਵਿੱਚ ਨਿਊਜ਼ੀਲੈਂਡ ਨੇ ਤਿੰਨ ਵਿਕਟਾਂ ਗੁਆ ਕੇ ਸਿਰਫ਼ 52 ਦੌੜਾਂ ਹੀ ਬਣਾਈਆਂ। ਇਸ ਦੌਰਾਨ ਟਿਮ ਸਾਈਫਰਟ ਕ੍ਰੀਜ਼ 'ਤੇ ਡਟੇ ਰਹੇ ਅਤੇ 23 ਗੇਂਦਾਂ 'ਤੇ ਆਪਣੀ ਅਰਧ ਸੈਂਕੜਾ ਪੂਰਾ ਕੀਤਾ।

ਪਰ ਅੱਠਵੇਂ ਓਵਰ ਦੀ ਚੌਥੀ ਗੇਂਦ 'ਤੇ ਹਾਰਦਿਕ ਪੰਡਿਆ ਨੇ ਮਾਰਕ ਚੈਪਮੈਨ ਨੂੰ ਪਵੇਲੀਅਨ ਭੇਜ ਦਿੱਤਾ। ਉਨ੍ਹਾਂ ਨੇ ਸਿਰਫ਼ ਤਿੰਨ ਦੌੜਾਂ ਦੀ ਪਾਰੀ ਖੇਡੀ।

ਅਗਲੇ ਓਵਰ ਦੀ ਪਹਿਲੀ ਗੇਂਦ 'ਤੇ ਵਰੁਣ ਚਕਰਵਰਤੀ ਨੇ ਟਿਮ ਸਾਈਫਰਟ ਨੂੰ ਵੀ ਆਉਟ ਕਰ ਦਿੱਤਾ। ਨਿਊਜ਼ੀਲੈਂਡ ਨੇ ਸਿਰਫ਼ 72 ਦੌੜਾਂ 'ਤੇ ਹੀ ਪੰਜ ਵਿਕਟਾਂ ਗੁਆ ਦਿੱਤੀਆਂ।

ਸੰਜੂ ਸੈਮਸਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਜੂ ਸੈਮਸਨ ਨੇ ਟੀ-20 ਵਰਲਡ ਕੱਪ ਵਿੱਚ ਲਗਾਤਾਰ ਤੀਜਾ ਅਰਧ ਸੈਂਕੜਾ

ਇਸ ਤੋਂ ਬਾਅਦ ਕਪਤਾਨ ਮਿਚੇਲ ਸੈਂਟਨਰ ਨੇ ਡੈਰਿਲ ਮਿਚੇਲ ਨਾਲ ਮਿਲ ਕੇ ਨਿਊਜ਼ੀਲੈਂਡ ਦੀ ਪਾਰੀ ਨੂੰ ਅੱਗੇ ਵਧਾਇਆ। ਪਰ 13ਵੇਂ ਓਵਰ ਵਿੱਚ ਅਕਸ਼ਰ ਪਟੇਲ ਨੇ ਇਸ ਪਾਰਟਨਰਸ਼ਿਪ ਨੂੰ ਵੀ ਤੋੜ ਦਿੱਤਾ। ਉਨ੍ਹਾਂ ਨੇ ਡੈਰਿਲ ਮਿਚੇਲ ਨੂੰ ਆਉਟ ਕੀਤਾ। ਦੋਵਾਂ ਵਿਚਕਾਰ ਛੇਵੇਂ ਵਿਕਟ ਲਈ 52 ਦੌੜਾਂ ਦੀ ਪਾਰਟਨਰਸ਼ਿਪ ਬਣੀ।

16ਵੇਂ ਓਵਰ ਵਿੱਚ ਬੁਮਰਾਹ ਨੇ ਤੀਜੀ ਗੇਂਦ 'ਤੇ ਨੀਸ਼ਮ ਅਤੇ ਚੌਥੀ ਗੇਂਦ 'ਤੇ ਹੈਨਰੀ ਨੂੰ ਆਉਟ ਕੀਤਾ। ਬੁਮਰਾਹ ਇੱਥੇ ਨਹੀਂ ਰੁਕੇ ਅਤੇ 18ਵੇਂ ਓਵਰ ਵਿੱਚ ਸੈਂਟਨਰ ਨੂੰ ਵੀ ਬੋਲਡ ਕਰ ਦਿੱਤਾ। ਸੈਂਟਨਰ ਨੇ 43 ਦੌੜਾਂ ਦੀ ਪਾਰੀ ਖੇਡੀ।

ਅਭਿਸ਼ੇਕ, ਸੰਜੂ ਅਤੇ ਕਿਸ਼ਨ ਦੇ ਅਰਧ ਸੈਂਕੜੇ

ਅਭਿਸ਼ੇਕ ਸ਼ਰਮਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਭਿਸ਼ੇਕ ਸ਼ਰਮਾ ਨੇ 18 ਗੇਂਦਾਂ ਉੱਤੇ ਅਰਧ ਸੈਂਕੜਾ ਪੂਰਾ ਕੀਤਾ

ਭਾਰਤ ਵੱਲੋਂ ਓਪਨਿੰਗ ਦੀ ਜ਼ਿੰਮੇਵਾਰੀ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਸੰਭਾਲੀ। ਹਾਲਾਂਕਿ ਭਾਰਤੀ ਓਪਨਰਾਂ ਨੇ ਪਹਿਲੇ ਓਵਰ ਵਿੱਚ ਸੱਤ ਅਤੇ ਦੂਜੇ ਓਵਰ ਵਿੱਚ ਸਿਰਫ਼ ਪੰਜ ਦੌੜਾਂ ਹੀ ਬਣਾਈਆਂ।

ਤੀਸਰੇ ਓਵਰ ਵਿੱਚ ਸੰਜੂ ਅਤੇ ਅਭਿਸ਼ੇਕ ਨੇ ਦੌੜਾਂ ਦੀ ਰਫ਼ਤਾਰ ਵਧਾਉਂਦਿਆਂ 15 ਦੌੜਾਂ ਬਣਾਈਆਂ। ਚੌਥੇ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਅਭਿਸ਼ੇਕ ਸ਼ਰਮਾ ਨੇ ਬਾਊਂਡਰੀ ਸਕੋਰ ਕੀਤਾ। ਚਾਰ ਓਵਰਾਂ ਵਿੱਚ ਹੀ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 50 ਤੋਂ ਪਾਰ ਪਹੁੰਚ ਗਿਆ ਸੀ।

ਟੀ-20 ਵਰਲਡ ਕੱਪ 2026 ਵਿੱਚ ਪਹਿਲੀ ਵਾਰ ਭਾਰਤੀ ਓਪਨਰ ਟੀਮ ਨੂੰ 50 ਦੌੜਾਂ ਤੋਂ ਵੱਧ ਦੀ ਸ਼ੁਰੂਆਤ ਦਿਵਾਉਣ ਵਿੱਚ ਕਾਮਯਾਬ ਹੋਏ ਹਨ। ਟੀ-20 ਵਰਲਡ ਕੱਪ ਦੇ ਫਾਈਨਲ ਵਿੱਚ ਵੀ ਪਹਿਲੀ ਵਾਰ ਕਿਸੇ ਟੀਮ ਨੂੰ 50 ਰਨਾਂ ਦੀ ਓਪਨਿੰਗ ਪਾਰਟਨਰਸ਼ਿਪ ਮਿਲੀ ਹੈ।

ਅਭਿਸ਼ੇਕ ਸ਼ਰਮਾ ਨੇ 18 ਗੇਂਦਾਂ 'ਤੇ ਅਰਧ ਸੈਂਕੜਾ ਪੂਰਾ ਕੀਤਾ। ਪਾਵਰਪਲੇ ਵਿੱਚ ਹੀ ਭਾਰਤ ਦਾ ਸਕੋਰ 92 ਦੌੜਾਂ ਤੱਕ ਪਹੁੰਚ ਗਿਆ। ਟੀ-20 ਵਰਲਡ ਕੱਪ ਦੇ ਇਤਿਹਾਸ ਵਿੱਚ ਇਹ ਪਾਵਰਪਲੇ ਵਿੱਚ ਬਣਿਆ ਸਭ ਤੋਂ ਵੱਡਾ ਸਕੋਰ ਹੈ।

ਹਾਲਾਂਕਿ ਅੱਠਵੇਂ ਓਵਰ ਦੀ ਪਹਿਲੀ ਗੇਂਦ 'ਤੇ ਰਚਿਨ ਰਵਿੰਦ੍ਰਾ ਨੇ ਅਭਿਸ਼ੇਕ ਸ਼ਰਮਾ ਨੂੰ ਆਉਟ ਕਰ ਦਿੱਤਾ। ਉਨ੍ਹਾਂ ਨੇ 21 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ।

ਈਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਨੇ ਦੌੜਾਂ ਦੀ ਰਫ਼ਤਾਰ ਨੂੰ ਹੌਲੀ ਨਹੀਂ ਹੋਣ ਦਿੱਤਾ ਅਤੇ 10 ਓਵਰਾਂ ਵਿੱਚ ਟੀਮ ਦਾ ਸਕੋਰ 127 ਦੌੜਾਂ ਤੱਕ ਪਹੁੰਚ ਗਿਆ।

ਇਸ਼ਾਨ ਕਿਸ਼ਨ ਨੇ 54 ਦੌੜਾਂ ਦੀ ਪਾਰੀ ਖੇਡੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ਼ਾਨ ਕਿਸ਼ਨ ਨੇ 54 ਦੌੜਾਂ ਦੀ ਪਾਰੀ ਖੇਡੀ

ਸੰਜੂ ਸੈਮਸਨ ਨੇ 33 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਸੰਜੂ ਸੈਮਸਨ ਦੀ ਲਗਾਤਾਰ ਤੀਜਾ ਅਰਧ ਸੈਂਕੜਾ ਹੈ। ਉਹ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਅਰਧ ਸੈਂਚਰੀ ਲਗਾਉਣ ਵਾਲੇ ਤੀਜੇ ਖਿਡਾਰੀ ਵੀ ਬਣ ਗਏ ਹਨ।

14ਵੇਂ ਓਵਰ ਦੀਆਂ ਆਖ਼ਰੀ ਤਿੰਨ ਗੇਂਦਾਂ 'ਤੇ ਸੰਜੂ ਸੈਮਸਨ ਨੇ ਰਚਿਨ ਰਵਿੰਦ੍ਰਾ ਖ਼ਿਲਾਫ਼ ਛੱਕਿਆਂ ਦੀ ਹੈਟ੍ਰਿਕ ਲਗਾਈ।

ਈਸ਼ਾਨ ਕਿਸ਼ਨ ਨੇ 23 ਗੇਂਦਾਂ 'ਤੇ ਅਰਧ ਸੈਂਕੜਾ ਪੂਰਾ ਕੀਤਾ। ਦੋਵਾਂ ਦੇ ਵਿਚਕਾਰ ਦੂਜੇ ਵਿਕਟ ਲਈ 45 ਗੇਂਦਾਂ ਵਿੱਚ 100 ਦੌੜਾਂ ਦੀ ਪਾਰਟਨਰਸ਼ਿਪ ਪੂਰੀ ਹੋਈ। 15 ਓਵਰਾਂ ਵਿੱਚ ਹੀ ਭਾਰਤ ਦਾ ਸਕੋਰ 200 ਤੋਂ ਪਾਰ ਹੋ ਗਿਆ ਸੀ।

16ਵੇਂ ਓਵਰ ਵਿੱਚ ਨੀਸ਼ਮ ਨੇ ਤਿੰਨ ਵਿਕਟਾਂ ਲੈ ਕੇ ਨਿਊਜ਼ੀਲੈਂਡ ਦੀ ਵਾਪਸੀ ਕਰਵਾਈ। ਉਨ੍ਹਾਂ ਨੇ ਸੰਜੂ, ਕਿਸ਼ਨ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਆਉਟ ਕੀਤਾ।

ਸੰਜੂ ਸੈਮਸਨ ਨੇ 89 ਅਤੇ ਕਿਸ਼ਨ ਨੇ 54 ਦੌੜਾਂ ਦੀ ਪਾਰੀ ਖੇਡੀ। ਕਪਤਾਨ ਸੂਰਿਆਕੁਮਾਰ ਯਾਦਵ ਪਹਿਲੀ ਹੀ ਗੇਂਦ 'ਤੇ ਖਾਤਾ ਖੋਲ੍ਹੇ ਬਿਨਾਂ ਆਉਟ ਹੋ ਗਏ।

ਹਾਰਦਿਕ ਪੰਡਿਆ ਵੀ ਜ਼ਿਆਦਾ ਦੇਰ ਕ੍ਰੀਜ਼ 'ਤੇ ਨਹੀਂ ਟਿਕ ਸਕੇ ਅਤੇ 13 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਆਉਟ ਹੋ ਗਏ।

ਆਖ਼ਰੀ ਓਵਰ ਵਿੱਚ ਸ਼ਿਵਮ ਦੁਬੇ ਨੇ ਨੀਸ਼ਮ ਖ਼ਿਲਾਫ਼ 24 ਦੌੜਾਂ ਬਣਾਈਆਂ ਅਤੇ ਭਾਰਤ ਦਾ ਸਕੋਰ 255 ਦੌੜਾਂ ਤੱਕ ਪਹੁੰਚਾ ਦਿੱਤਾ। ਸ਼ਿਵਮ ਦੁਬੇ 8 ਗੇਂਦਾਂ ਵਿੱਚ 26 ਦੌੜਾਂ ਬਣਾ ਕੇ ਨਾਬਾਦ ਰਹੇ।

ਸੂਰਿਆ ਕੁਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੁਕਾਬਲਾ ਹੋਇਆ

ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਫਾਈਨਲ ਮੈਚ ਲਈ ਨਿਊਜ਼ੀਲੈਂਡ ਦੀ ਪਲੇਇੰਗ 11 ਵਿੱਚ ਇੱਕ ਬਦਲਾਅ ਕੀਤਾ ਗਿਆ ਹੈ। ਹਾਲਾਂਕਿ ਨਿਊਜ਼ੀਲੈਂਡ ਫਾਈਨਲ ਮੈਚ ਵਿੱਚ ਕਿਸੇ ਵੀ ਆਫ਼ ਸਪਿਨਰ ਤੋਂ ਬਿਨਾਂ ਹੀ ਮੈਦਾਨ ਵਿੱਚ ਉਤਰੀ ਹੈ।

ਕਪਤਾਨ ਸੂਰਿਆਕੁਮਾਰ ਯਾਦਵ ਨੇ ਦੱਸਿਆ ਹੈ ਕਿ ਫਾਈਨਲ ਮੈਚ ਲਈ ਭਾਰਤ ਦੀ ਪਲੇਇੰਗ 11 ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਭਾਰਤ ਦੀ ਪਲੇਇੰਗ 11: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਿਆ, ਸ਼ਿਵਮ ਦੁਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਵਰੁਣ ਚਕਰਵਰਤੀ।

ਨਿਊਜ਼ੀਲੈਂਡ ਦੀ ਪਲੇਇੰਗ 11: ਟਿਮ ਸਾਈਫਰਟ (ਵਿਕਟਕੀਪਰ), ਫਿਨ ਐਲਨ, ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੈਰਿਲ ਮਿਚੇਲ, ਮਿਚੇਲ ਸੈਂਟਨਰ (ਕਪਤਾਨ), ਜਿਮੀ ਨੀਸ਼ਮ, ਮੈਟ ਹੈਨਰੀ, ਲੌਕੀ ਫਰਗੂਸਨ, ਜੈਕਬ ਡਫੀ।

ਟੀ-20 ਵਰਲਡ ਕੱਪ 2026 ਦੀ ਮੇਜ਼ਬਾਨੀ ਭਾਰਤ ਅਤੇ ਸ੍ਰੀਲੰਕਾ ਨੇ ਕੀਤੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀ-20 ਵਰਲਡ ਕੱਪ 2026 ਦੀ ਮੇਜ਼ਬਾਨੀ ਭਾਰਤ ਅਤੇ ਸ੍ਰੀਲੰਕਾ ਨੇ ਕੀਤੀ ਹੈ

ਇਸ ਤੋਂ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਨੂੰ ਟੀ-20 ਸੀਰੀਜ਼ ਵਿੱਚ 4-1 ਨਾਲ ਹਰਾਇਆ ਸੀ, ਪਰ ਦੱਖਣੀ ਅਫਰੀਕਾ ਖ਼ਿਲਾਫ਼ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਦੇ ਮਜ਼ਬੂਤ ਪ੍ਰਦਰਸ਼ਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਹ ਫਾਈਨਲ ਆਸਾਨ ਨਹੀਂ ਹੋਣ ਵਾਲਾ ਹੈ।

ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਕਿਉਂਕਿ ਅਜੇ ਤੱਕ ਕੋਈ ਵੀ ਟੀਮ ਲਗਾਤਾਰ ਦੋ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਨਹੀਂ ਸਕੀ ਹੈ। ਨਾ ਹੀ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲਾ ਦੇਸ਼ ਕਦੇ ਚੈਂਪੀਅਨ ਬਣਿਆ ਹੈ।

ਹਾਲਾਂਕਿ ਭਾਰਤ ਦੀਆਂ ਕੁਝ ਚਿੰਤਾਵਾਂ ਵੀ ਹਨ। ਭਾਰਤ ਦੇ ਓਪਨਰ ਅਭਿਸ਼ੇਕ ਸ਼ਰਮਾ ਟੀ-20 ਵਿਸ਼ਵ ਕੱਪ ਵਿੱਚ ਕਮਾਲ ਨਹੀਂ ਦਿਖਾ ਸਕੇ ਹਨ, ਇਸ ਦੇ ਨਾਲ ਹੀ ਭਾਰਤ ਦੇ ਮੁੱਖ ਸਪਿਨਰ ਵਰੁਨ ਚਕਰਵਤੀ ਇੰਗਲੈਂਡ ਦੇ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ ਵਿੱਚ ਕਾਫ਼ੀ ਮਹਿੰਗੇ ਸਾਬਤ ਹੋਏ ਸਨ। ਵਰੁਨ ਨੇ 4 ਓਵਰਾਂ ਵਿੱਚ 64 ਦੌੜਾਂ ਦਿੱਤੀਆਂ ਸਨ।

ਇਸ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੂੰ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਹਾਰ ਵੀ ਅਹਿਮਦਾਬਾਦ ਦੇ ਮੈਦਾਨ 'ਤੇ ਹੀ ਮਿਲੀ ਸੀ। ਸੁਪਰ 8 ਵਿੱਚ ਦੱਖਣੀ ਅਫਰੀਕਾ ਨੇ 76 ਦੌੜਾਂ ਨਾਲ ਹਰਾਇਆ ਸੀ।

ਟੀ-20 ਵਿਸ਼ਵ ਕੱਪ ਦੀ ਸੁਰੂਆਤ ਤੇ ਸਖਤ ਮੁਕਾਬਲੇ

ਭਾਰਤੀ ਟੀਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੀ ਬੱਲੇਬਾਜ਼ੀ ਵਿੱਚ ਜਿੱਥੇ ਸੰਜੂ ਸੈਮਸਨ ਨੇ ਕਮਾਲ ਕੀਤਾ ਉੱਥੇ ਹੀ ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਨੇ ਆਪਣੇ ਗੇਂਦ ਨਾਲ ਅਹਿਮ ਯੋਗਦਾਨ ਦਿੱਤਾ

ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 2007 ਵਿੱਚ ਹੋਈ ਸੀ। ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਹੋ ਰਿਹਾ 2026 ਦਾ ਵਿਸ਼ਵ ਕੱਪ 10ਵਾਂ ਟੂਰਨਾਮੈਂਟ ਹੈ।

ਟੀ-20 ਕ੍ਰਿਕਟ ਆਪਣੇ ਰੋਮਾਂਚ ਅਤੇ ਤੇਜ਼ ਰਫ਼ਤਾਰ ਲਈ ਜਾਣੀ ਜਾਂਦੀ ਹੈ ਅਤੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕਈ ਅਜਿਹੇ ਫਾਈਨਲ ਰਹੇ ਹਨ ਜੋ ਆਖ਼ਰੀ ਓਵਰ ਤੱਕ ਦਿਲਚਸਪ ਬਣੇ ਰਹੇ।

2007 ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਪਹਿਲਾ ਖ਼ਿਤਾਬ ਜਿੱਤਿਆ। 2016 ਵਿੱਚ ਵੈਸਟ ਇੰਡੀਜ਼ ਨੇ ਕਾਰਲੋਸ ਬ੍ਰੈਥਵੇਟ ਦੇ ਲਗਾਤਾਰ ਚਾਰ ਛੱਕਿਆਂ ਨਾਲ ਇੰਗਲੈਂਡ ਨੂੰ ਹਰਾਇਆ।

2014 ਵਿੱਚ ਸ਼੍ਰੀਲੰਕਾ ਨੇ ਕੁਮਾਰ ਸੰਗਾਕਾਰਾ ਦੀ ਪਾਰੀ ਦੀ ਬਦੌਲਤ ਭਾਰਤ ਨੂੰ ਹਰਾ ਕੇ ਖ਼ਿਤਾਬ ਜਿੱਤਿਆ। 2022 ਵਿੱਚ ਬੈਨ ਸਟੋਕਸ ਦੀ ਅਹਿਮ ਪਾਰੀ ਨਾਲ ਇੰਗਲੈਂਡ ਨੇ ਪਾਕਿਸਤਾਨ ਨੂੰ ਮਾਤ ਦਿੱਤੀ।

2024 ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੁਕਾਬਲੇ ਵਿੱਚ 7 ਦੌੜਾਂ ਨਾਲ ਹਰਾ ਕੇ 17 ਸਾਲ ਬਾਅਦ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ।

ਹੁਣ ਤੱਕ ਭਾਰਤ, ਇੰਗਲੈਂਡ ਅਤੇ ਵੈਸਟ ਇੰਡੀਜ਼ ਨੇ 2-2 ਵਾਰ, ਜਦਕਿ ਆਸਟ੍ਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਨੇ 1-1 ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)