ਲਾਪਰਵਾਹ ਨੌਜਵਾਨ ਤੋਂ ਰਾਸ਼ਟਰ ਪਿਤਾ ਤੱਕ
ਮਹਾਤਮਾ ਗਾਂਧੀ ਦੀ ਜੀਵਨ ਯਾਤਰਾ

ਸਿਆਸਤਦਾਨ

ਮੋਹਨਦਾਸ ਕਰਮਚੰਦ ਗਾਂਧੀ ਨੂੰ ਮਹਾਤਮਾ ਕਿਹਾ ਜਾਂਦਾ ਹੈ। ਉਹ ਇੱਕ ਕੁਸ਼ਲ ਸਿਆਸਤਦਾਨ ਸਨ, ਜਿਨ੍ਹਾਂ ਨੇ ਅੰਗਰੇਜ਼ੀ ਰਾਜ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਦੀ ਲੜਾਈ ਲੜੀ ਅਤੇ ਗਰੀਬ ਭਾਰਤੀਆਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ।
ਉਨ੍ਹਾਂ ਦੁਆਰਾ ਸਿਖਾਏ ਅਹਿੰਸਕ ਵਿਰੋਧ ਦੇ ਸਬਕ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
ਆਓ ਜਾਣਦੇ ਹਾਂ ਕਿ ਅਹਿੰਸਾ ਅਤੇ ਸ਼ਾਂਤੀ ਦਾ ਪਾਠ ਪੜ੍ਹਾਉਣ ਵਾਲੇ, ਜੋ ਖ਼ੁਦ ਇੱਕ ਅਮੀਰ ਖਾਨਦਾਨ ਨਾਲ ਸੰਬੰਧ ਰੱਖਦੇ ਸੀ, ਕਿਵੇਂ ਭਾਰਤ ਦੇ ਗਰੀਬਾਂ ਦਾ ਨੁਮਾਇੰਦਾ ਬਣੇ।

1869: ਇੱਕ ਅਮੀਰ ਪਰਿਵਾਰ ਵਿੱਚ ਜਨਮ
ਉਨ੍ਹਾਂ ਦੇ ਪਿਤਾ ਕਰਮਚੰਦ ਗਾਂਧੀ, ਪੋਰਬੰਦਰ ਦੇ ਰਾਜਾ ਦੇ ਦੀਵਾਨ ਸਨ।
ਬਚਪਨ ਵਿੱਚ ਹੀ ਉਨ੍ਹਾਂ ਦੀ ਮਾਂ ਨੇ ਅਹਿੰਸਾ ਦੀ ਸਿੱਖਿਆ ਦਿੱਤੀ

ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਉੱਤਰ ਪੱਛਮੀ ਭਾਰਤ ਦੀ ਪੋਰਬੰਦਰ ਰਿਆਸਤ ਵਿੱਚ ਹੋਇਆ ਸੀ।
ਉਨ੍ਹਾਂ ਦਾ ਪਰਿਵਾਰ ਕਾਫੀ ਅਮੀਰ ਸੀ। ਮੋਹਨਦਾਸ ਕਰਮਚੰਦ ਗਾਂਧੀ ਦੇ ਪਿਤਾ, ਕਰਮਚੰਦ (ਤਸਵੀਰ ਵਿੱਚ) ਪੋਰਬੰਦਰ ਰਿਆਸਤ ਦੇ ਰਾਜੇ ਦੇ ਦਰਬਾਰ ਵਿੱਚ ਦੀਵਾਨ ਸਨ।
ਉਨ੍ਹਾਂ ਦੀ ਮਾਂ ਧਾਰਮਿਕ ਬਿਰਤੀ ਵਾਲੀ ਸੀ, ਜੋ ਅਕਸਰ ਪੂਜਾ-ਪਾਠ ਦੇ ਲਈ ਮੰਦਿਰ ਜਾਂਦੀ ਤੇ ਵਰਤ ਰੱਖਦੀ ਸੀ।
ਮਾਂ ਨੇ ਮੋਹਨਦਾਸ ਨੂੰ ਹਿੰਦੂ ਪਰੰਪਰਾਵਾਂ ਅਤੇ ਨੈਤਿਕਤਾ ਦਾ ਪਾਠ ਪੜ੍ਹਾਇਆ।
ਉਨ੍ਹਾਂ ਨੇ ਗਾਂਧੀ ਨੂੰ ਹਮੇਸ਼ਾ ਸ਼ਾਕਾਹਾਰੀ ਰਹਿਣ ਦੀ ਹਿਦਾਇਤ ਦਿੱਤੀ। ਆਪਣੀ ਮਾਂ ਤੋਂ ਬੱਚੇ ਮੋਹਨ ਨੇ ਧਾਰਮਿਕ ਸਹਿਣਸ਼ੀਲਤਾ, ਸਧਾਰਨ ਰਹਿਣ-ਸਹਿਣ ਅਤੇ ਅਹਿੰਸਾ ਦੀ ਸਿੱਖਿਆ ਵੀ ਪ੍ਰਾਪਤ ਕੀਤੀ।

1883: ਇੱਕ ਬਾਗੀ ਨੌਜਵਾਨ
ਗਾਂਧੀ ਹਾਲੇ ਮਹਾਤਮਾ ਬਣਨ ਤੋਂ ਬਹੁਤ ਦੂਰ ਸਨ
ਪੋਰਬੰਦਰ ਤੋਂ ਬਾਹਰ, ਉਹ ਪਹਿਲੀ ਵਾਰ ਪੜ੍ਹਨ ਲਈ ਰਾਜਕੋਟ ਗਏ

ਬੱਚਿਆਂ ਨੂੰ ਚੰਗੀ ਤਰ੍ਹਾਂ ਪਾਲਣ-ਪੋਸਣ ਦੇ ਇਰਾਦੇ ਨਾਲ, ਮੋਹਨਦਾਸ ਦੇ ਪਿਤਾ ਆਪਣੇ ਪਰਿਵਾਰ ਨੂੰ ਪੋਰਬੰਦਰ ਤੋਂ ਰਾਜਕੋਟ ਲੈ ਆਏ। ਇੱਥੇ ਚੰਗੀ ਪੜ੍ਹਾਈ ਦਾ ਇੰਤਜ਼ਾਮ ਸੀ ਅਤੇ ਮੋਹਨਦਾਸ ਨੂੰ ਅੰਗਰੇਜ਼ੀ ਵੀ ਸਿਖਾਈ ਗਈ।
13 ਵਰ੍ਹਿਆਂ ਦੀ ਉਮਰ ਵਿੱਚ ਮੋਹਨਦਾਸ ਗਾਂਧੀ ਦਾ ਵਿਆਹ ਕਸਤੂਰਬਾ ਨਾਲ ਹੋਇਆ। ਉਹ ਰਾਜਕੋਟ ਦੀ ਵਸਨੀਕ ਸੀ ਤੇ ਵਿਆਹ ਵੇਲੇ ਕਸਤੂਰਬਾ, ਮੋਹਨਦਾਸ ਤੋਂ ਇੱਕ ਸਾਲ ਵੱਡੀ ਭਾਵ ਕਿ ਉਹ 14 ਸਾਲ ਦੀ ਸੀ। ਉਸ ਦੌਰ ਵਿੱਚ ਮੋਹਨਦਾਸ ਗਾਂਧੀ ਇੱਕ ਬਾਗੀ ਨੌਜਵਾਨ ਸੀ।
ਪਰਿਵਾਰ ਦੀ ਪਰੰਪਰਾ ਦੇ ਉਲਟ, ਮੋਹਨਦਾਸ ਕਰਮਚੰਦ ਗਾਂਧੀ ਨੇ ਚੋਰੀ ਕਰਨਾ, ਸ਼ਰਾਬ ਪੀਣਾ ਅਤੇ ਮਾਸ ਖਾਣਾ ਵੀ ਸ਼ੁਰੂ ਕਰ ਦਿੱਤਾ ਸੀ। ਫਿਰ ਵੀ, ਉਸ ਉਮਰੇ ਮੋਹਨਦਾਸ ਦੇ ਅੰਦਰ ਆਪਣੇ ਆਪ ਨੂੰ ਸੁਧਾਰਨ ਦੀ ਇੱਛਾ ਸੀ। ਹਰੇਕ ਕੰਮ ਤੋਂ ਬਾਅਦ, ਜੋ ਉਨ੍ਹਾਂ ਦੀਆਂ ਨਜ਼ਰਾਂ 'ਚ ਪਾਪ ਸੀ, ਉਹ ਉਸ ਦਾ ਪਛਤਾਵਾ ਕਰਦੇ ਸਨ। ਉਨ੍ਹਾਂ ਆਪਣੀ ਪੁਸਤਕ 'ਸੱਚ ਦੇ ਪ੍ਰਯੋਗ' ਵਿੱਚ ਇਨ੍ਹਾਂ ਸਾਰੀਆਂ ਗੱਲਾਂ ਦਾ ਬੜੇ ਹੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ।
ਜਦੋਂ ਮੋਹਨਦਾਸ ਕਰਮਚੰਦ ਗਾਂਧੀ ਦੇ ਪਿਤਾ ਬਿਸਤਰੇ 'ਤੇ ਪਏ ਆਪਣੇ ਆਖਰੀ ਸਾਹ ਲੈ ਰਹੇ ਸਨ, ਉਦੋਂ ਮੋਹਨਦਾਸ ਉਨ੍ਹਾਂ ਨੂੰ ਛੱਡ ਕੇ ਆਪਣੀ ਪਤਨੀ ਦੇ ਕੋਲ ਚਲੇ ਗਏ ਤੇ ਉਸੇ ਸਮੇਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਘਟਨਾ ਮਗਰੋਂ ਗਾਂਧੀ ਨੂੰ ਆਪਣੇ ਵਤੀਰੇ 'ਤੇ ਬੜਾ ਅਫ਼ਸੋਸ ਹੋਇਆ। ਜਦੋਂ ਉਨ੍ਹਾਂ ਦਾ ਪਹਿਲਾ ਬੱਚਾ ਜਨਮ ਤੋਂ ਥੋੜ੍ਹੀ ਦੇਰ ਬਾਅਦ ਹੀ ਮਰ ਗਿਆ ਤਾਂ ਗਾਂਧੀ ਨੇ ਇਸ ਨੂੰ ਆਪਣੇ ਪਾਪਾਂ ਦੇ ਲਈ ਈਸ਼ਵਰ ਦੀ ਸਜ਼ਾ ਮੰਨਿਆ ਸੀ।
ਆਪਣੇ ਪਿਤਾ ਦੀ ਮੌਤ ਵੇਲੇ ਉਨ੍ਹਾਂ ਕੋਲ ਨਾ ਹੋਣ ਬਾਰੇ ਗਾਂਧੀ ਨੇ ਕਿਹਾ ਸੀ, "ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਆਪਣੇ ਆਪ ਨੂੰ ਬਦਕਿਸਮਤ ਮੰਨਿਆ। ਮੈਂ ਆਪਣੇ ਪਿਤਾ ਦੇ ਕਮਰੇ ਵੱਲ ਦੌੜਿਆ। ਜਦੋਂ ਮੈਂ ਉਨ੍ਹਾਂ ਨੂੰ ਦੇਖਿਆ ਤਾਂ ਮੈਂ ਸੋਚਿਆ ਕਿ ਜੇ ਮੇਰੇ 'ਤੇ ਵਾਸਨਾ ਭਾਰੂ ਨਾ ਹੋਈ ਹੁੰਦੀ ਤਾਂ ਮੇਰੇ ਪਿਤਾ ਦੀ ਮੌਤ ਮੇਰੀਆਂ ਬਾਹਾਂ 'ਚ ਹੋਈ ਹੁੰਦੀ।"

1888- ਲੰਦਨ 'ਚ ਕਾਨੂੰਨ ਦੀ ਪੜ੍ਹਾਈ
ਵਕਾਲਤ ਦੀ ਪੜ੍ਹਾਈ ਦੌਰਾਨ ਵੈਸਟਰਨ ਡਾਂਸ ਸਿੱਖਣ ਦੀ ਕੋਸ਼ਿਸ਼
ਮਾਂ ਨਾਲ ਕੀਤੇ ਵਾਅਦੇ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਅਤੇ ਮਾਸਾਹਾਰੀ ਖਾਣਾ ਨਹੀਂ ਖਾਧਾ

ਮੋਹਨਦਾਸ ਗਾਂਧੀ, ਬੰਬਈ ਦੇ ਭਾਵਨਗਰ ਕਾਲਜ ਵਿੱਚ ਪੜ੍ਹ ਰਹੇ ਸਨ ਪਰ ਉਹ ਉੱਥੇ ਖੁਸ਼ ਨਹੀਂ ਸਨ। ਉਦੋਂ ਹੀ ਉਨ੍ਹਾਂ ਨੂੰ ਲੰਦਨ ਦੇ ਪ੍ਰਸਿੱਧ ਇਨਰ ਟੈਂਪਲ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਦੀ ਪੇਸ਼ਕਸ਼ ਹੋਈ।
ਪਰਿਵਾਰ ਦੇ ਬਜ਼ੁਰਗਾਂ ਨੇ ਮੋਹਨਦਾਸ ਨੂੰ ਸਮਝਾਇਆ ਕਿ ਜੇ ਉਹ ਵਿਦੇਸ਼ ਪੜ੍ਹਨ ਗਿਆ ਤਾਂ ਉਸ ਨੂੰ ਬਿਰਾਦਰੀ 'ਚੋਂ ਬੇਦਖ਼ਲ ਕਰ ਦਿੱਤਾ ਜਾਵੇਗਾ। ਪਰ ਵੱਡਿਆਂ ਦੇ ਇਤਰਾਜ਼ ਨੂੰ ਨਜ਼ਰਅੰਦਾਜ਼ ਕਰਦਿਆਂ ਗਾਂਧੀ ਆਪਣੀ ਉਚੇਰੀ ਪੜ੍ਹਾਈ ਦੇ ਲਈ ਲੰਦਨ ਚਲੇ ਗਏ।
ਲੰਦਨ ਵਿੱਚ ਮੋਹਨਦਾਸ ਗਾਂਧੀ ਪੂਰੀ ਤਰ੍ਹਾਂ ਪੱਛਮੀ ਰੰਗ-ਢੰਗ ਵਿੱਚ ਰੰਗੇ ਗਏ। ਪਰ ਉਸ ਵੇਲੇ ਲੰਦਨ ਵਿੱਚ ਚੱਲ ਰਹੇ ਸ਼ਾਕਾਹਾਰੀ ਅੰਦੋਲਨ ਵਿੱਚ ਉਨ੍ਹਾਂ ਨੂੰ ਭਾਈਚਾਰਕ ਸਾਂਝ ਦਿਖਾਈ ਦਿੱਤੀ ਤੇ ਉਹ ਉਸ ਨਾਲ ਜੁੜ ਗਏ। ਇਸ ਦੇ ਨਾਲ ਹੀ ਲੰਦਨ ਦੀ ਥਿਓਸੋਫੀਕਲ ਸੁਸਾਇਟੀ ਤੋਂ ਵੀ ਉਨ੍ਹਾਂ ਨੂੰ ਆਪਣੇ ਬਚਪਨ ਵਿੱਚ ਮਿਲੀਆਂ ਹਿੰਦੂ ਮਾਨਤਾਵਾਂ ਨਾਲ ਫਿਰ ਤੋਂ ਜੁੜਨ ਦੀ ਪ੍ਰੇਰਨਾ ਮਿਲੀ, ਜੋ ਮੋਹਨਦਾਸ ਨੂੰ ਉਨ੍ਹਾਂ ਦੀ ਮਾਂ ਨੇ ਸਿਖਾਈਆਂ ਸਨ।
ਸ਼ਾਕਾਹਾਰੀ ਭੋਜਨ, ਸ਼ਰਾਬ ਤੋਂ ਤੌਬਾ ਅਤੇ ਜਿਨਸੀ ਸੰਬੰਧਾਂ ਤੋਂ ਵਿੱਥ ਬਣਾ ਕੇ ਮੋਹਨਦਾਸ ਦੁਬਾਰਾ ਆਪਣੀਆਂ ਜੜ੍ਹਾਂ ਵੱਲ ਪਰਤਣ ਲੱਗੇ। ਥਿਓਸੋਫੀਕਲ ਸੁਸਾਇਟੀ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਵਿਸ਼ਵੀ ਭਾਈਚਾਰੇ ਦਾ ਸਿਧਾਂਤ ਬਣਾਇਆ, ਜਿਸ ਵਿੱਚ ਸਾਰੇ ਮਨੁੱਖਾਂ ਅਤੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਬਰਾਬਰੀ ਦਾ ਦਰਜਾ ਦੇਣ ਦਾ ਸੁਪਨਾ ਸੰਜੋਇਆ ਹੋਇਆ ਸੀ।

1893: ਬੈਰਿਸਟਰ ਦੱਖਣੀ ਅਫ਼ਰੀਕਾ ਲਈ ਰਵਾਨਾ
ਭਾਰਤ ਵਿੱਚ ਵਕਾਲਤ ਕਾਮਯਾਬ ਨਹੀਂ ਰਹੀ
ਇੱਕ ਗੁਜਰਾਤੀ ਵਪਾਰੀ ਦਾ ਮੁਕੱਦਮਾ ਲੜਨ ਲਈ ਅਫ਼ਰੀਕਾ ਗਏ

ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਮੋਹਨਦਾਸ ਗਾਂਧੀ ਭਾਰਤ ਵਾਪਸ ਆ ਗਏ ਤੇ ਵਕਾਲਤ ਕਰਨ ਲੱਗੇ। ਉਹ ਆਪਣਾ ਪਹਿਲਾ ਮੁਕੱਦਮਾ ਹਾਰ ਗਏ। ਇਸ ਦੌਰਾਨ ਉਨ੍ਹਾਂ ਨੂੰ ਇੱਕ ਅੰਗਰੇਜ਼ ਅਧਿਕਾਰੀ ਦੇ ਘਰੋਂ ਬਾਹਰ ਕੱਢ ਦਿੱਤਾ ਗਿਆ।
ਇਸ ਘਟਨਾ ਤੋਂ ਬੇਹੱਦ ਨਮੋਸ਼ੀ ਭਰੇ ਮੋਹਨਦਾਸ ਗਾਂਧੀ ਨੂੰ ਦੱਖਣੀ ਅਫ਼ਰੀਕਾ ਵਿੱਚ ਕੰਮ ਕਰਨ ਦੀ ਪੇਸ਼ਕਸ਼ ਹੋਈ, ਜਿਸ ਨੂੰ ਉਨ੍ਹਾਂ ਝੱਟ ਹੀ ਸਵੀਕਾਰ ਕਰ ਲਿਆ।
ਦੱਖਣੀ ਅਫ਼ਰੀਕਾ ਵਿੱਚ ਜਦੋਂ ਉਹ ਰੇਲ ਦੇ ਪਹਿਲੇ ਦਰਜੇ ਦੇ ਡੱਬੇ ਵਿੱਚ ਯਾਤਰਾ ਕਰ ਰਹੇ ਸਨ, ਤਾਂ ਮੋਹਨਦਾਸ ਗਾਂਧੀ ਨੂੰ ਇੱਕ ਅੰਗਰੇਜ਼ ਨੇ ਸਾਮਾਨ ਸਣੇ ਡੱਬੇ 'ਚੋਂ ਬਾਹਰ ਸੁੱਟ ਦਿੱਤਾ। ਦੱਖਣੀ ਅਫ਼ਰੀਕਾ ਵਿੱਚ ਰਹਿ ਰਹੇ ਭਾਰਤੀਆਂ ਨਾਲ ਹੋ ਰਹੇ ਅਣ-ਮਨੁੱਖੀ ਵਰਤਾਰੇ ਅਤੇ ਵਿਤਕਰੇ ਦੇ ਖਿਲਾਫ਼ ਉਨ੍ਹਾਂ ਉੱਥੇ ਇੰਡੀਅਨ ਕਾਂਗਰਸ ਦੀ ਸਥਾਪਨਾ ਕੀਤੀ। ਇਸ ਦੇ ਨਾਲ ਹੀ ਉੱਥੋਂ ਦੇ ਨਟਾਲ ਸੂਬੇ ਵਿੱਚ ਗਾਂਧੀ ਨੇ ਭਾਰਤੀਆਂ ਨੂੰ ਬਾਕੀ ਸਮਾਜ ਤੋਂ ਵੱਖ ਰੱਖਣ ਦੇ ਖਿਲਾਫ਼ ਲੜਾਈ ਸ਼ੁਰੂ ਕਰ ਦਿੱਤੀ।
ਦੱਖਣੀ ਅਫ਼ਰੀਕਾ ਵਿੱਚ ਭਾਰਤੀ ਲੋਕਾਂ ਦੇ ਹੱਕਾਂ ਲਈ ਛੇੜੇ ਇਸ ਸੰਘਰਸ਼ ਦੌਰਾਨ ਹੀ ਗਾਂਧੀ ਨੇ ਸਵੈ-ਸ਼ੁੱਧਤਾ ਅਤੇ ਸੱਤਿਆਗ੍ਰਹਿ ਵਰਗੇ ਸਿਧਾਂਤਾਂ ਦੇ ਪ੍ਰਯੋਗ ਕਰਨੇ ਵੀ ਸ਼ੁਰੂ ਕੀਤੇ, ਜੋ ਉਨ੍ਹਾਂ ਦੇ ਅਹਿੰਸਾ ਦੇ ਵਿਆਪਕ ਵਿਚਾਰ ਦਾ ਹਿੱਸਾ ਸਨ।
ਇਸੇ ਸਮੇਂ ਦੌਰਾਨ ਗਾਂਧੀ ਨੇ ਬ੍ਰਹਮਚਾਰਿਆ ਦਾ ਪ੍ਰਣ ਲਿਆ ਅਤੇ ਚਿੱਟੀ ਧੋਤੀ ਪਾਉਣੀ ਸ਼ੁਰੂ ਕਰ ਦਿੱਤੀ, ਜਿਸ ਨੂੰ ਹਿੰਦੂ ਪਰੰਪਰਾ ਵਿੱਚ ਸੋਗ ਵੇਲੇ ਦਾ ਪਹਿਨਾਵਾ ਮੰਨਿਆ ਜਾਂਦਾ ਹੈ।



युवा गांधी की ये तस्वीर साल 1883 की है.
युवा गांधी की ये तस्वीर साल 1883 की है.
1914: ਦੱਖਣੀ ਅਫ਼ਰੀਕਾ ਵਿੱਚ ਕਾਮਯਾਬੀ
ਨਸਲੀ ਵਿਤਕਰੇ ਵਿਰੁੱਧ ਖੋਲ੍ਹਿਆ ਮੋਰਚਾ
ਰੇਲ ਦੇ ਪਹਿਲੇ ਦਰਜੇ ਦੇ ਡੱਬੇ 'ਚੋਂ ਕੱਢੇ ਜਾਣ ਬਾਅਦ ਜ਼ਿੰਦਗੀ ਨੇ ਨਵਾਂ ਮੋੜ ਲਿਆ

1913 ਵਿੱਚ ਮੋਹਨਦਾਸ ਗਾਂਧੀ ਨੇ ਦੱਖਣੀ ਅਫ਼ਰੀਕਾ 'ਚ ਵਸਦੇ ਭਾਰਤੀਆਂ 'ਤੇ ਲਗਾਏ 3 ਪੌਂਡ ਦੇ ਟੈਕਸ ਦੇ ਵਿਰੁੱਧ ਅੰਦੋਲਨ ਸ਼ੁਰੂ ਕੀਤਾ।
ਇਸ ਅੰਦੋਲਨ ਦੌਰਾਨ ਪਹਿਲੀ ਵਾਰ ਮੋਹਨਦਾਸ ਗਾਂਧੀ ਨੇ ਦੱਖਣੀ ਅਫ਼ਰੀਕਾ ਵਿੱਚ ਕੰਮ ਕਰ ਰਹੇ ਭਾਰਤੀ ਕਾਮਿਆਂ, ਖਣਨ ਮਜ਼ਦੂਰਾਂ ਅਤੇ ਖੇਤੀਬਾੜੀ ਮਜ਼ਦੂਰਾਂ ਨੂੰ ਇਕਜੁੱਟ ਕੀਤਾ ਅਤੇ ਉਨ੍ਹਾਂ ਦੇ ਆਗੂ ਬਣ ਗਏ।
ਪਿਛਲੇ ਕਈ ਵਰ੍ਹਿਆਂ ਦੇ ਆਪਣੇ ਸੰਘਰਸ਼ ਦੇ ਬਲਬੂਤੇ, ਮੋਹਨਦਾਸ ਗਾਂਧੀ ਨੇ 2221 ਲੋਕਾਂ ਨਾਲ ਨਟਾਲ ਤੋਂ ਟ੍ਰਾਂਸਵਾਲ ਤੱਕ ਰੋਸ-ਮਾਰਚ ਕੱਢਣ ਦਾ ਫੈਸਲਾ ਕੀਤਾ। ਇਸ ਨੂੰ ਉਨ੍ਹਾਂ ਸਿਵਲ ਨਾ-ਫੁਰਮਾਨੀ ਦਾ ਨਾਂ ਦਿੱਤਾ।
ਇਸ ਯਾਤਰਾ ਦੌਰਾਨ ਗਾਂਧੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਨੌਂ ਮਹੀਨੇ ਕੈਦ ਦੀ ਸਜ਼ਾ ਹੋਈ ਪਰ ਉਨ੍ਹਾਂ ਦੁਆਰਾ ਸ਼ੁਰੂ ਕੀਤੀ ਹੜਤਾਲ ਹੋਰ ਵੀ ਫੈਲ ਗਈ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਦੀ ਅੰਗਰੇਜ਼ੀ ਹਕੂਮਤ ਨੂੰ ਭਾਰਤੀਆਂ 'ਤੇ ਲਾਇਆ ਟੈਕਸ ਵਾਪਸ ਲੈਣਾ ਪਿਆ ਅਤੇ ਗਾਂਧੀ ਨੂੰ ਵੀ ਮਜਬੂਰਨ ਜੇਲ੍ਹ ‘ਚੋਂ ਰਿਹਾਅ ਕਰਨਾ ਪਿਆ।
ਦੱਖਣੀ ਅਫ਼ਰੀਕਾ ਵਿੱਚ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਗਾਂਧੀ ਦੀ ਇਸ ਜਿੱਤ ਦਾ ਇੰਗਲੈਂਡ ਦੀਆਂ ਅਖ਼ਬਾਰਾਂ ਨੇ ਖੂਬ ਪ੍ਰਚਾਰ ਕੀਤਾ। ਇਸ ਸਫ਼ਲਤਾ ਤੋਂ ਬਾਅਦ ਗਾਂਧੀ, ਕੌਮਾਂਤਰੀ ਪੱਧਰ 'ਤੇ ਪ੍ਰਸਿੱਧ ਹੋ ਗਏ।
1915: ਭਾਰਤ ਵਾਪਸੀ

ਦੱਖਣੀ ਅਫ਼ਰੀਕਾ ਵਿੱਚ ਆਪਣੇ ਅੰਦੋਲਨ ਦੀ ਸਫ਼ਲਤਾ ਮਗਰੋਂ ਮੋਹਨਦਾਸ ਗਾਂਧੀ ਇੱਕ ਜੇਤੂ ਦੇ ਤੌਰ 'ਤੇ ਭਾਰਤ ਪਰਤੇ।ਭਾਰਤ ਆਉਣ ਤੋਂ ਬਾਅਦ, ਮੋਹਨਦਾਸ ਗਾਂਧੀ ਅਤੇ ਕਸਤੂਰਬਾ ਨੇ ਫੈਸਲਾ ਕੀਤਾ ਕਿ ਉਹ ਰੇਲਵੇ ਦੇ ਤੀਜੇ ਦਰਜੇ ਦੇ ਡੱਬੇ ਵਿੱਚ ਪੂਰੇ ਭਾਰਤ ਦੀ ਯਾਤਰਾ ਕਰਨਗੇ।
ਇਸ ਭਾਰਤ ਯਾਤਰਾ ਦੌਰਾਨ ਗਾਂਧੀ ਨੇ ਆਪਣੇ ਦੇਸ਼ ਦੀ ਗਰੀਬੀ ਅਤੇ ਲੋਕਾਂ ਨੂੰ ਦੇਖਿਆ ਤਾਂ ਉਨ੍ਹਾਂ ਦੇ ਮਨ ਨੂੰ ਬੜੀ ਠੇਸ ਪੁੱਜੀ। ਇਸੇ ਸਮੇਂ ਦੌਰਾਨ ਗਾਂਧੀ ਨੇ ਅੰਗਰੇਜ਼ੀ ਹਕੂਮਤ ਦੁਆਰਾ ਪਾਸ ਕੀਤੇ ਗਏ ਕਾਲੇ ਕਾਨੂੰਨ, ਰੌਲਟ ਐਕਟ ਦਾ ਵਿਰੋਧ ਕਰਨ ਦਾ ਐਲਾਨ ਕੀਤਾ।
ਇਸ ਕਾਨੂੰਨ ਦੇ ਤਹਿਤ ਸਰਕਾਰ ਨੂੰ ਇਹ ਤਾਕਤ ਮਿਲ ਗਈ ਸੀ ਕਿ ਉਹ ਕਿਸੇ ਵੀ ਨਾਗਰਿਕ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਸੁੱਟ ਸਕਦੀ ਸੀ।
ਮੋਹਨਦਾਸ ਗਾਂਧੀ ਦੇ ਕਹਿਣ 'ਤੇ ਦੇਸ਼ ਭਰ ਦੇ ਹਜ਼ਾਰਾਂ ਲੋਕ ਇਸ ਕਾਨੂੰਨ ਵਿਰੁੱਧ ਸੜਕਾਂ 'ਤੇ ਉਤਰ ਆਏ। ਸਾਰੇ ਸ਼ਹਿਰਾਂ 'ਚ ਰੋਸ ਮੁਜ਼ਾਹਰੇ ਕੀਤੇ ਗਏ।
ਪਰ ਇਸ ਦੌਰਾਨ ਬਹੁਤ ਸਾਰੀਆਂ ਥਾਵਾਂ 'ਤੇ ਹਿੰਸਾ ਭੜਕ ਗਈ। ਅੰਮ੍ਰਿਤਸਰ ਵਿੱਚ ਜਨਰਲ ਡਾਇਰ ਨੇ 20 ਹਜ਼ਾਰ ਲੋਕਾਂ ਦੀ ਭੀੜ 'ਤੇ ਗੋਲੀਆਂ ਚਲਵਾਈਆਂ, ਜਿਸ ਵਿੱਚ ਚਾਰ ਸੌ ਤੋਂ ਵੱਧ ਲੋਕ ਮਾਰੇ ਗਏ ਅਤੇ 1300 ਤੋਂ ਵੱਧ ਲੋਕ ਜ਼ਖਮੀ ਹੋਏ।
ਇਸ ਕਤਲੇਆਮ ਤੋਂ ਬਾਅਦ ਗਾਂਧੀ ਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਦਾ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਹੈ।

1921: ਭਾਰਤ ਦੀ ਆਜ਼ਾਦੀ ਦੇ ਲਈ ਸੰਘਰਸ਼

ਆਪਣੀ ਵੱਧਦੀ ਲੋਕਪ੍ਰਿਅਤਾ ਕਾਰਨ ਗਾਂਧੀ, ਹੁਣ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਮੁੱਖ ਚਿਹਰਾ ਬਣ ਗਏ ਸਨ। ਉਹ ਅੰਗਰੇਜ਼ੀ ਹਕੂਮਤ ਤੋਂ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੇ ਵੀ ਆਗੂ ਬਣ ਗਏ।
ਇਸ ਸੰਘਰਸ਼ ਦੇ ਲਈ ਗਾਂਧੀ ਨੇ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਆਮ ਲੋਕਾਂ ਵਿੱਚ ਲੋਕਪ੍ਰਿਆ ਬਣਾਇਆ। ਇਸ ਤੋਂ ਪਹਿਲਾਂ ਕਾਂਗਰਸ ਅਮੀਰ ਭਾਰਤੀਆਂ ਦਾ ਹੀ ਇੱਕ ਸਮੂਹ ਹੁੰਦੀ ਸੀ।
ਗਾਂਧੀ ਨੇ ਧਾਰਮਿਕ ਸਹਿਣਸ਼ੀਲਤਾ ਅਤੇ ਸਾਰੇ ਧਰਮਾਂ ਦੀ ਆਜ਼ਾਦੀ ਦੇ ਅਧਾਰ 'ਤੇ ਭਾਰਤ ਲਈ ਆਜ਼ਾਦੀ ਦੀ ਮੰਗ ਕੀਤੀ।ਗਾਂਧੀ ਦੇ ਅਹਿੰਸਕ ਅੰਦੋਲਨ ਦੀ ਅਪੀਲ 'ਤੇ ਹੋਣ ਵਾਲੇ ਰੋਸ-ਮੁਜ਼ਾਹਰਿਆਂ ਨੂੰ ਭਾਰਤੀ ਸਮਾਜ ਦੇ ਸਾਰੇ ਵਰਗਾਂ ਅਤੇ ਧਰਮਾਂ ਦੀ ਹਿਮਾਇਤ ਮਿਲਣ ਲੱਗੀ।
ਉਨ੍ਹਾਂ ਲੋਕਾਂ ਅੱਗੇ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਅਸਹਿਯੋਗ ਅੰਦੋਲਨ ਸ਼ੁਰੂ ਕਰਨ ਦੀ ਅਪੀਲ ਕੀਤੀ। ਗਾਂਧੀ ਦੀ ਅਪੀਲ 'ਤੇ ਭਾਰਤ ਦੇ ਲੋਕਾਂ ਨੇ ਬ੍ਰਿਟਿਸ਼ ਮਾਲ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੇ ਜਵਾਬ ਵਿੱਚ ਬ੍ਰਿਟਿਸ਼ ਸਰਕਾਰ ਨੇ ਗਾਂਧੀ ਨੂੰ ਦੇਸ਼-ਧ੍ਰੋਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਨੂੰ ਦੋ ਸਾਲ ਜੇਲ੍ਹ ਵਿੱਚ ਰੱਖਿਆ ਗਿਆ।
ਜਦੋਂ ਇੱਕ ਅਖ਼ਬਾਰ ਨੇ ਗਾਂਧੀ 'ਤੇ ਪਾਖੰਡ ਦਾ ਦੋਸ਼ ਲਾਇਆ ਤਾਂ ਉਨ੍ਹਾਂ ਨੇ ਕਿਹਾ, ‘ਮੈਂ ਭਾਰਤ ਦਾ ਦੇਸੀ ਲਿਬਾਸ ਪਹਿਨਦਾ ਹਾਂ, ਕਿਉਂਕਿ ਇਹ ਭਾਰਤੀ ਹੋਣ ਦਾ ਸਭ ਤੋਂ ਸੌਖਾ ਅਤੇ ਕੁਦਰਤੀ ਤਰੀਕਾ ਹੈ।’

1930: ਆਜ਼ਾਦੀ ਦੇ ਲਈ ਨਮਕ ਯਾਤਰਾ

ਅੰਗਰੇਜ਼ੀ ਹਕੂਮਤ ਦੇ ਲਈ ਹੁਣ ਗਾਂਧੀ ਦੇ ਅੰਦੋਲਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨਾ ਸੰਭਵ ਨਹੀਂ ਸੀ।ਇਸ ਲਈ ਬ੍ਰਿਟਿਸ਼ ਸਰਕਾਰ ਨੇ ਭਾਰਤ ਦੇ ਰਾਜਨੀਤਕ ਭਵਿੱਖ ਬਾਰੇ ਗੱਲਬਾਤ ਕਰਨ ਲਈ ਲੰਦਨ ਵਿੱਚ ਇੱਕ ਗੋਲਮੇਜ਼ ਕਾਨਫ਼ਰੰਸ ਰੱਖੀ।
ਪਰ ਇਸ ਚਰਚਾ ਤੋਂ ਅੰਗਰੇਜ਼ਾਂ ਨੇ ਸਾਰੇ ਭਾਰਤੀਆਂ ਨੂੰ ਦੂਰ ਹੀ ਰੱਖਿਆ।

ਇਸ ਤੋਂ ਗਾਂਧੀ ਬਹੁਤ ਨਾਰਾਜ਼ ਹੋਏ। ਉਨ੍ਹਾਂ ਨੇ ਅੰਗਰੇਜ਼ਾਂ ਦੇ ਨਮਕ ਕਾਨੂੰਨ ਦੇ ਖਿਲਾਫ਼ ਅੰਦੋਲਨ ਸ਼ੁਰੂ ਕਰ ਦਿੱਤਾ। ਉਸ ਵੇਲੇ ਦੇ ਬ੍ਰਿਟਿਸ਼ ਕਾਨੂੰਨ ਮੁਤਾਬਿਕ, ਭਾਰਤੀ ਨਾਗਰਿਕ ਨਾ ਤਾਂ ਨਮਕ ਇਕੱਠਾ ਕਰ ਸਕਦੇ ਸਨ ਤੇ ਨਾ ਹੀ ਵੇਚ ਸਕਦੇ ਸਨ।
ਇਸ ਕਾਰਨ ਭਾਰਤੀਆਂ ਨੂੰ ਅੰਗਰੇਜ਼ਾਂ ਕੋਲੋਂ ਭਾਰੀ ਕੀਮਤ 'ਤੇ ਨਮਕ ਖਰੀਦਣਾ ਪੈਂਦਾ ਸੀ। ਗਾਂਧੀ ਨੇ ਸੈਂਕੜੇ ਲੋਕਾਂ ਦੀ ਭੀੜ ਨਾਲ ਦਾਂਡੀ ਯਾਤਰਾ ਕੱਢੀ ਅਤੇ ਅੰਗਰੇਜ਼ੀ ਸ਼ਾਸਨ ਦੇ ਪ੍ਰਤੀਕਾਤਮਕ ਵਿਰੋਧ ਦੇ ਤੌਰ 'ਤੇ ਨਮਕ ਬਣਾ ਕੇ ਕਾਨੂੰਨ ਤੋੜਿਆ।ਇਸ ਸਾਰੀ ਕਵਾਇਦ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਗਾਂਧੀ ਸਰੋਜਿਨੀ ਨਾਇਡੂ ਦੇ ਨਾਲ ਨਮਕ ਯਾਤਰਾ ਦੇ ਦੌਰਾਨ
ਗਾਂਧੀ ਸਰੋਜਿਨੀ ਨਾਇਡੂ ਦੇ ਨਾਲ ਨਮਕ ਯਾਤਰਾ ਦੇ ਦੌਰਾਨ
ਗਾਂਧੀ ਦਾ ਅੰਦੋਲਨ ਬਹੁਤ ਫੈਲ ਗਿਆ ਸੀ। ਹਜ਼ਾਰਾਂ ਲੋਕਾਂ ਨੇ ਅੰਗਰੇਜ਼ੀ ਸਰਕਾਰ ਨੂੰ ਟੈਕਸ ਦੇਣ ਤੋਂ ਮਨ੍ਹਾ ਕਰ ਦਿੱਤਾ।ਆਖਿਰਕਾਰ ਬ੍ਰਿਟਿਸ਼ ਸਰਕਾਰ ਨੂੰ ਝੁਕਣਾ ਪਿਆ। ਇਸ ਤੋਂ ਬਾਅਦ ਗਾਂਧੀ ਗੋਲਮੇਜ਼ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਲੰਦਨ ਰਵਾਨਾ ਹੋ ਗਏ।
ਨਮਕ ਸੱਤਿਆਗ੍ਰਹਿ ਦੌਰਾਨ ਇੱਕ ਮੁੱਠੀ ਨਮਕ ਬਣਾਉਂਦੇ ਹੋਇਆਂ ਗਾਂਧੀ ਨੇ ਕਿਹਾ ਸੀ, ‘ਇਸ ਇੱਕ ਮੁੱਠੀ ਨਮਕ ਨਾਲ ਮੈਂ ਬ੍ਰਿਟਿਸ਼ ਸਾਮਰਾਜ ਦੀਆਂ ਜੜ੍ਹਾਂ ਹਿਲਾ ਰਿਹਾ ਹਾਂ।’
1931: ਲੰਦਨ ਦੀ ਗੋਲਮੇਜ਼ ਕਾਨਫ਼ਰੰਸ

ਗਾਂਧੀ ਲੰਦਨ ਵਿੱਚ ਹੋ ਰਹੀ ਗੋਲਮੇਜ਼ ਕਾਨਫ਼ਰੰਸ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਕਲੌਤੇ ਨੁਮਾਇੰਦੇ ਸਨ।
ਭਾਰਤੀ ਪਹਿਨਾਵੇ ਵਿੱਚ ਲੰਦਨ ਦੀ ਇਸ ਕਾਨਫ਼ਰੰਸ ਵਿੱਚ ਪਹੁੰਚ ਕੇ ਉਨ੍ਹਾਂ ਨੇ ਭਾਰਤ ਦਾ ਇੱਕ ਸ਼ਕਤੀਸ਼ਾਲੀ ਅਕਸ ਪੇਸ਼ ਕੀਤਾ। ਪਰ ਗੋਲਮੇਜ਼ ਕਾਨਫ਼ਰੰਸ ਗਾਂਧੀ ਦੇ ਲਈ ਅਸਫ਼ਲ ਰਹੀ।
ਬ੍ਰਿਟਿਸ਼ ਸਾਮਰਾਜ, ਭਾਰਤ ਨੂੰ ਆਜ਼ਾਦ ਕਰਨ ਲਈ ਰਾਜ਼ੀ ਨਹੀਂ ਸੀ। ਨਾਲ ਹੀ, ਮੁਸਲਮਾਨ, ਸਿੱਖ ਅਤੇ ਹੋਰ ਭਾਰਤੀ ਨੁਮਾਇੰਦੇ ਗਾਂਧੀ ਦੇ ਨਾਲ ਨਹੀਂ ਸਨ। ਬ੍ਰਿਟਿਸ਼ ਹਕੂਮਤ ਇਸ ਤਰ੍ਹਾਂ ਨਹੀਂ ਸੀ ਸੋਚਦੀ ਕਿ ਗਾਂਧੀ ਸਾਰੇ ਭਾਰਤੀਆਂ ਦੀ ਨੁਮਾਇੰਦਗੀ ਕਰਦੇ ਸਨ।
ਹਾਲਾਂਕਿ ਗਾਂਧੀ ਨੂੰ ਬ੍ਰਿਟਿਸ਼ ਬਾਦਸ਼ਾਹ ਜਾਰਜ (ਪੰਜਵੇਂ) ਨੂੰ ਮਿਲਣ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਗਾਂਧੀ ਨੇ ਲੰਕਾਸ਼ਾਇਰ ਵਿੱਚ ਮਿੱਲ ਦੇ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ।
ਇਨ੍ਹਾਂ ਜਨਤਕ ਸਭਾਵਾਂ ਕਾਰਨ ਗਾਂਧੀ ਨੂੰ ਕਾਫੀ ਪ੍ਰਸਿੱਧੀ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੀ ਰਾਸ਼ਟਰਵਾਦੀ ਮੰਗ ਲਈ, ਬ੍ਰਿਟਿਸ਼ ਜਨਤਾ ਦੀ ਹਮਦਰਦੀ ਵੀ ਹਾਸਲ ਕੀਤੀ।
ਗਾਂਧੀ ਦੀ ਇਸ ਬ੍ਰਿਟੇਨ ਯਾਤਰਾ ਬਾਰੇ ਸ਼ਕਤੀਸ਼ਾਲੀ ਬ੍ਰਿਟਿਸ਼ ਸਿਆਸੀ ਆਗੂ ਵਿੰਸਟਨ ਚਰਚਿਲ ਨੇ ਕਿਹਾ ਸੀ, ‘ਇਹ ਬਹੁਤ ਡਰਾਉਣਾ ਅਤੇ ਘਿਣਾਉਣਾ ਹੈ ਕਿ ਸ਼੍ਰੀ ਗਾਂਧੀ ਜੋ ਕਿ ਦੇਸ਼-ਧ੍ਰੋਹੀ ਅਤੇ ਔਸਤ ਦਰਜੇ ਦੇ ਇੱਕ ਵਕੀਲ ਨੇ, ਹੁਣ ਆਪਣੀ ਨੁਮਾਇਸ਼ ਇੱਕ ਫ਼ਕੀਰ ਵਜੋਂ ਕਰ ਰਹੇ ਨੇ।’

1942: ਗਾਂਧੀ ਦਾ 'ਅੰਗਰੇਜ਼ੋ ਭਾਰਤ ਛੱਡੋ' ਅੰਦੋਲਨ

ਗੋਲਮੇਜ਼ ਕਾਨਫ਼ਰੰਸ ਵਿੱਚ ਆਪਣੀ ਅਸਫ਼ਲਤਾ ਤੋਂ ਬਾਅਦ ਗਾਂਧੀ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ। ਪਾਰਟੀ ਦੇ ਅੰਦਰ ਉਹ ਹਾਸ਼ੀਏ 'ਤੇ ਚਲੇ ਗਏ ਸਨ।
ਜਦੋਂ ਚਰਚਿਲ ਨੇ ਨਾਜ਼ੀਆਂ ਦੇ ਖਿਲਾਫ਼ ਜੰਗ ਵਿੱਚ ਭਾਰਤ ਨੂੰ ਬ੍ਰਿਟੇਨ ਦਾ ਸਮਰਥਨ ਕਰਨ ਲਈ ਕਿਹਾ ਤਾਂ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਉਦੋਂ ਤੱਕ ਨਾਜ਼ੀਆਂ ਖਿਲਾਫ਼ ਜੰਗ ਵਿੱਚ ਬ੍ਰਿਟੇਨ ਦਾ ਸਮਰਥਨ ਨਹੀਂ ਕਰਨਾ ਚਾਹੀਦਾ, ਜਦੋਂ ਤੱਕ ਭਾਰਤੀ ਆਪਣੇ ਹੀ ਘਰ 'ਚ ਗ਼ੁਲਾਮ ਹਨ।
ਹੁਣ ਗਾਂਧੀ ਨੇ ਬ੍ਰਿਟਿਸ਼ ਹਕੂਮਤ ਖਿਲਾਫ਼ ਇੱਕ ਨਵੇਂ ਅਹਿੰਸਕ ਅੰਦੋਲਨ ‘ਅੰਗਰੇਜ਼ੋ ਭਾਰਤ ਛੱਡੋ’ ਦੀ ਸ਼ੁਰੂਆਤ ਕੀਤੀ।ਅੰਦੋਲਨ ਦੀ ਸ਼ੁਰੂਆਤ ਵਿੱਚ ਹੀ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਕਸਤੂਰਬਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਗਾਂਧੀ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਪੂਰੇ ਦੇਸ਼ ਵਿੱਚ ਹਿੰਸਕ ਅੰਦੋਲਨ ਸ਼ੁਰੂ ਹੋ ਗਏ। ਪਰ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਝੁਕਣ ਲਈ ਤਿਆਰ ਨਹੀਂ ਸੀ।
ਜੇਲ੍ਹ ਵਿੱਚ ਹੀ ਕਸਤੂਰਬਾ ਦੀ ਮੌਤ ਹੋ ਗਈ। ਇਸ ਦੇ ਕਈ ਮਹੀਨਿਆਂ ਬਾਅਦ 1944 ਵਿੱਚ ਗਾਂਧੀ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ।
ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਤੋਂ ਪਹਿਲਾਂ ਗਾਂਧੀ ਨੇ ਕਿਹਾ ਸੀ, ‘ਜਾਂ ਤਾਂ ਅਸੀਂ ਭਾਰਤ ਨੂੰ ਆਜ਼ਾਦ ਕਰਾਈਏ ਜਾਂ ਇਸ ਕੋਸ਼ਿਸ਼ 'ਚ ਆਪਣੇ ਆਪ ਨੂੰ ਕੁਰਬਾਨ ਕਰ ਦੇਈਏ, ਪਰ ਅਸੀਂ ਕਿਸੇ ਵੀ ਕੀਮਤ 'ਤੇ ਗੁਲਾਮੀ ਦੀ ਜ਼ਿੰਦਗੀ ਜਿਊਣ ਲਈ ਤਿਆਰ ਨਹੀਂ ਹਾਂ।’

1947: ਭਾਰਤ ਨੂੰ ਆਜ਼ਾਦੀ ਮਿਲੀ

ਭਾਰਤੀਆਂ ਵਿੱਚ ਅਜ਼ਾਦੀ ਦੀ ਮੰਗ ਦਿਨੋ-ਦਿਨ ਵੱਧਦੀ ਹੀ ਜਾ ਰਹੀ ਸੀ। ਜਿਸ ਦੇ ਸਿੱਟੇ ਵਜੋਂ ਮਜਬੂਰ ਹੋ ਕੇ ਬ੍ਰਿਟਿਸ਼ ਸਰਕਾਰ ਨੇ ਭਾਰਤ ਦੀ ਆਜ਼ਾਦੀ ਬਾਰੇ ਚਰਚਾ ਕਰਨੀ ਸ਼ੁਰੂ ਕੀਤੀ।
ਪਰ ਇਸ ਦਾ ਉਹ ਨਤੀਜਾ ਨਹੀਂ ਨਿਕਲਿਆ ਜਿਸ ਦੇ ਲਈ ਗਾਂਧੀ ਇੰਨੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ। ਮਾਊਂਟਬੇਟਨ ਯੋਜਨਾ ਦੇ ਤਹਿਤ ਭਾਰਤ ਦੀ ਵੰਡ ਕੀਤੀ ਗਈ ਅਤੇ ਭਾਰਤ ਤੇ ਪਾਕਿਸਤਾਨ ਨਾਂ ਦੇ ਦੋ ਆਜ਼ਾਦ ਮੁਲਕ ਬਣਾਏ ਗਏ।
ਬਟਵਾਰਾ ਧਾਰਮਿਕ ਆਧਾਰ 'ਤੇ ਹੋਇਆ ਸੀ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਪਰ ਇਕਜੁੱਟ ਦੇਸ਼ ਦਾ ਗਾਂਧੀ ਦਾ ਸੁਪਨਾ ਪੂਰਾ ਨਾ ਹੋਇਆ।
ਵੰਡ ਤੋਂ ਬਾਅਦ ਵੱਡੇ ਪੱਧਰ 'ਤੇ ਕਤਲੇਆਮ ਅਤੇ ਖੂਨ-ਖਰਾਬਾ ਹੋਇਆ। ਤਕਰੀਬਨ ਇੱਕ ਕਰੋੜ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ। ਇਸ ਗੱਲੋਂ ਦੁਖੀ ਗਾਂਧੀ ਦਿੱਲੀ ਛੱਡ ਕੇ ਕਲਕੱਤਾ ਰਵਾਨਾ ਹੋ ਗਏ ਤਾਂ ਕਿ ਹਿੰਸਾ ਨੂੰ ਰੋਕ ਕੇ ਉੱਥੇ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ।
1948: ਗਾਂਧੀ ਦੀ ਹੱਤਿਆ

ਦੇਸ਼ ਦੀ ਵੰਡ ਦੇ ਸਿੱਟੇ ਵਜੋਂ ਜ਼ਬਰਦਸਤ ਹਿੰਸਾ ਹੋਈ। ਕਲਕੱਤੇ ਤੋਂ ਗਾਂਧੀ ਦਿੱਲੀ ਵਾਪਸ ਆ ਗਏ ਤਾਂ ਕਿ ਇਥੇ ਰਹਿੰਦੇ ਉਨ੍ਹਾਂ ਮੁਸਲਮਾਨਾਂ ਦੀ ਰਾਖੀ ਕਰ ਸਕਣ, ਜਿਨ੍ਹਾਂ ਨੇ ਪਾਕਿਸਤਾਨ ਜਾਣ ਦੀ ਬਜਾਏ, ਭਾਰਤ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਸੀ। ਗਾਂਧੀ ਨੇ ਇਨ੍ਹਾਂ ਮੁਸਲਮਾਨਾਂ ਦੇ ਹੱਕਾਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਇੱਕ ਦਿਨ ਜਦੋਂ ਉਹ ਦਿੱਲੀ ਦੇ ਬਿਰਲਾ ਹਾਊਸ ਵਿੱਚ ਇੱਕ ਪ੍ਰਾਰਥਨਾ ਸਭਾ ਲਈ ਜਾ ਰਹੇ ਸੀ ਤਾਂ ਉਨ੍ਹਾਂ 'ਤੇ ਇੱਕ ਹਿੰਦੂ ਕੱਟੜਪੰਥੀ ਨੇ ਹਮਲਾ ਕਰ ਦਿੱਤਾ। ਗਾਂਧੀ ਦੇ ਸੀਨੇ 'ਚ ਤਿੰਨ ਗੋਲੀਆਂ ਮਾਰੀਆਂ ਗਈਆਂ।
ਹਿੰਦੂ ਕੱਟੜਪੰਥੀਆਂ ਦੇ ਗੜ੍ਹ ਵਿੱਚ ਗਾਂਧੀ ਦੀ ਮੌਤ ਦਾ ਜਸ਼ਨ ਮਨਾਇਆ ਗਿਆ, ਪਰ ਜ਼ਿਆਦਾਤਰ ਭਾਰਤੀਆਂ ਦੇ ਲਈ ਉਨ੍ਹਾਂ ਦੀ ਮੌਤ ਇੱਕ ਭਾਰੀ ਨੁਕਸਾਨ ਸੀ। ਦਿੱਲੀ ਵਿੱਚ ਜਦੋਂ ਮਹਾਤਮਾ ਗਾਂਧੀ ਦੀ ਅੰਤਿਮ ਯਾਤਰਾ ਨਿਕਲੀ ਤਾਂ ਦਸ ਲੱਖ ਤੋਂ ਵੱਧ ਲੋਕ ਇਸ ਵਿੱਚ ਸ਼ਾਮਿਲ ਹੋਏ ਸਨ।
ਯਮੁਨਾ ਦੇ ਕਿਨਾਰੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਅਹਿੰਸਾ ਅਤੇ ਸ਼ਾਂਤੀ ਦਾ ਪਾਠ ਪੜ੍ਹਾਉਣ ਵਾਲੇ ਇਸ ਸ਼ਖਸ ਦੀ ਮੌਤ ਦਾ ਦੁੱਖ, ਪੂਰੀ ਦੁਨੀਆ ਦੇ ਲੋਕਾਂ ਵਿੱਚ ਮਹਿਸੂਸ ਕੀਤਾ ਗਿਆ।
ਗਾਂਧੀ ਆਪਣੇ ਜਿਊਂਦੇ ਹੋਇਆਂ ਇਕਜੁੱਟ ਭਾਰਤ ਦਾ ਸੁਪਨਾ ਸਾਕਾਰ ਹੁੰਦਿਆਂ ਨਾ ਦੇਖ ਸਕੇ।
ਮੌਤ ਦੇ ਬਾਰੇ ਖੁਦ ਮਹਾਤਮਾ ਗਾਂਧੀ ਨੇ ਕਿਹਾ ਸੀ, ‘ਮੌਤ ਦੌਰਾਨ ਜ਼ਿੰਦਗੀ ਆਪਣਾ ਸੰਘਰਸ਼ ਜਾਰੀ ਰੱਖਦੀ ਹੈ। ਝੂਠ ਦੇ ਵਿਚਕਾਰ ਸੱਚ ਵੀ ਅਡੋਲ ਖੜ੍ਹਾ ਰਹਿੰਦਾ ਹੈ। ਚੌਹੀਂ ਪਾਸੀਂ ਪੱਸਰੇ ਹਨ੍ਹੇਰੇ ਵਿੱਚ ਵੀ ਰੌਸ਼ਨੀ ਚਮਕਦੀ ਰਹਿੰਦੀ ਹੈ।’

ਸਕ੍ਰਿਪਟ - ਡੇਵਿਡ ਹਾਰਡੀਮੇਨ, ਇਤਿਹਾਸਕਾਰ
ਸ਼ਾਰਟਹੈਂਡ - ਪਵਨ ਸਿੰਘ ਅਤੁਲ
ਤਸਵੀਰਾਂ - ਗੈਟੀ ਇਮੇਜਿਜ਼
ਚਿਤਰਨ - ਨਿਕਿਤਾ ਦੇਸ਼ਪਾਂਡੇ