
ਐਲ ਸਲਵਾਡੋਰ ਦੀ ਗੁਪਤ ਜੇਲ੍ਹ ਦੀ ਕਹਾਣੀ
ਐਂਜਲਿਕਾ ਨੂੰ ਪਹਿਲਾਂ ਹੀ ਪਤਾ ਸੀ ਕਿ ਉਸ ਦਾ ਲਾਪਤਾ ਪਤੀ ਡਾਰਵਿਨ ਕਿੱਥੇ ਹੈ। ਪਰ ਸਰਕਾਰ ਦੁਆਰਾ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਅਧਿਕਾਰਤ ਫੁਟੇਜ ਨੇ ਉਸ ਦੇ ਸ਼ੱਕ ਦੀ ਪੁਸ਼ਟੀ ਕੀਤੀ।
ਬੜੀ ਮਿਹਨਤ ਨਾਲ, ਫਰੇਮ ਦਰ ਫਰੇਮ ਸਕ੍ਰੋਲ ਕਰਦੇ ਹੋਏ, ਉਸਨੇ ਉਸਨੂੰ 25 ਮਿੰਟ ਦੀ ਫੁਟੇਜ ਵਿੱਚ ਆਪਣੇ ਸੈੱਲ ਦੇ ਸਾਥੀ ਨਾਲ ਹੱਥ ਮਿਲਾਉਂਦੇ ਹੋਏ ਦੇਖਿਆ। ਉਸਨੇ ਵੀਡਿਓ ਨੂੰ ਰੋਕਿਆ, ਪਿੱਛੇ ਕੀਤਾ ਅਤੇ ਫੁਟੇਜ ਦੀ ਦੁਬਾਰਾ ਜਾਂਚ ਕੀਤੀ।
ਹਾਲਾਂਕਿ ਉਸ ਦਾ ਸਿਰ ਮੁੰਨਿਆ ਹੋਇਆ ਸੀ, ਅਤੇ ਉਸ ਨੇ ਨਿਯਮਤ ਚਿੱਟੇ ਸ਼ਾਰਟਸ ਤੋਂ ਇਲਾਵਾ ਕੁਝ ਨਹੀਂ ਪਹਿਨਿਆ ਹੋਇਆ ਸੀ, ਉਸ ਨੂੰ ਕੋਈ ਸ਼ੱਕ ਨਹੀਂ ਸੀ ਕਿ ਇਹ ਵਿਅਕਤੀ ਡਾਰਵਿਨ ਤੋਂ ਇਲਾਵਾ ਕੋਈ ਹੋਰ ਹੋ ਸਕਦਾ ਹੈ, ਜਿਸਨੂੰ ਉਸ ਨੇ 11 ਮਹੀਨੇ ਪਹਿਲਾਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਹੀਂ ਵੇਖਿਆ ਸੀ।
ਇਹ ਉਸਦਾ ਪਹਿਲਾ ਸਬੂਤ ਸੀ ਕਿ ਉਸਨੂੰ ਐਲ ਸਲਵਾਡੋਰ ਦੀ ਬਦਨਾਮ ਵੱਡੀ-ਜੇਲ, ਸੈਂਟਰ ਫਾਰ ਦਿ ਕਨਫਾਈਨਮੈਂਟ ਆਫ ਟੈਰੋਰਿਜ਼ਮ (ਸੀਕੌਟ) ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ, ਜਿਸ ਨੂੰ ਜਨਵਰੀ ਵਿੱਚ ਦੇਸ਼ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਦੁਆਰਾ ਰਾਜਧਾਨੀ ਸੈਨ ਸਲਵਾਡੋਰ ਦੇ ਪੂਰਬ ਵੱਲ ਟੇਕੋਲੁਕਾ ਵਿੱਚ 74 ਕਿਲੋਮੀਟਰ (46 ਮੀਲ) ਦੱਖਣ ਵਿੱਚ ਖੋਲ੍ਹਿਆ ਗਿਆ ਸੀ।

ਸੀਕੌਟ ਰਾਸ਼ਟਰਪਤੀ ਬੁਕੇਲ ਦੀ ਕੁਖਿਆਤ "ਗੈਂਗਾਂ ਵਿਰੁੱਧ ਲੜਾਈ" ਦਾ ਪ੍ਰਤੀਕ ਬਣ ਗਿਆ ਹੈ, ਜਿਸ ਬਾਰੇ ਦੇਸ਼ ਦੇ ਸੁਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਮਾਰਚ 2022 ਵਿੱਚ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 68,000 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਅਜਿਹੇ ਹਜ਼ਾਰਾਂ ਸਲਵਾਡੋਰ ਵਾਸੀ ਹਨ ਜਿਨ੍ਹਾਂ ਨੇ ਮਹੀਨਿਆਂ ਤੋਂ ਨਜ਼ਰਬੰਦ ਕੀਤੇ ਆਪਣੇ ਅਜ਼ੀਜ਼ਾਂ/ਰਿਸ਼ਤੇਦਾਰਾਂ ਬਾਰੇ ਕੋਈ ਸੂਹ ਪ੍ਰਾਪਤ ਨਹੀਂ ਕੀਤੀ ਹੈ, ਅਤੇ ਜੋ ਐਂਜਲਿਕਾ ਵਾਂਗ ਉਨ੍ਹਾਂ ਵੀਡੀਓ, ਤਸਵੀਰਾਂ ਵਿੱਚ ਲੱਭੇ ਹਨ ਜਾਂ ਉਨ੍ਹਾਂ ਲੋਕਾਂ ਦੇ ਮਾਮਲੇ ਵਿੱਚ ਜਿਨ੍ਹਾਂ ਦੇ ਅਜ਼ੀਜ਼ ਘੱਟ ਸੁਰੱਖਿਆ ਵਾਲੀਆਂ ਜੇਲ੍ਹਾਂ ਵਿੱਚ ਹਨ, ਉਹ ਜੇਲ੍ਹ ਦੀਆਂ ਕੰਧਾਂ ਵਿੱਚ ਛੋਟੀਆਂ ਛੋਟੀਆਂ ਮੋਰੀਆਂ ਵਿੱਚੋਂ ਉਨ੍ਹਾਂ ਨੂੰ ਝਾਤੀ ਮਾਰ ਕੇ ਲੱਭਦੇ ਹਨ।
ਪਰ ਰਾਸ਼ਟਰਪਤੀ ਬੁਕੇਲੇ ਦੀ ਐਮਰਜੈਂਸੀ ਦੀ ਸਥਿਤੀ, ਇੱਕ ਅਜਿਹੇ ਦੇਸ਼ ਵਿੱਚ ਘਰੇਲੂ ਤੌਰ 'ਤੇ ਬਹੁਤ ਮਸ਼ਹੂਰ ਹੈ ਜੋ ਦੁਨੀਆ ਵਿੱਚ ਸਭ ਤੋਂ ਵੱਧ ਹਿੰਸਕ ਬਣ ਗਿਆ ਸੀ। ਜਨਵਰੀ ਵਿੱਚ 1,200 ਨਾਗਰਿਕਾਂ ਦੇ ਇੱਕ ਸੀਆਈਡੀ ਗੈਲਪ ਸਰਵੇਖਣ ਵਿੱਚ 92% ਲੋਕ ਆਪਣੇ ਇਸ ਨੇਤਾ ਪ੍ਰਤੀ "ਅਨੁਕੂਲ ਰਾਏ" ਰੱਖਦੇ ਹਨ।
ਰਾਸ਼ਟਰਪਤੀ ਦੀ ਅਜਿਹੀ ਸਵੀਕਾਰਤਾ ਨੂੰ ਕਾਫ਼ੀ ਹੱਦ ਤੱਕ ਉਨ੍ਹਾਂ ਦੇ ਪ੍ਰਸ਼ਾਸਨ ਦੇ ਸੱਤਾ ਸੰਭਾਲਣ ਤੋਂ ਬਾਅਦ ਰਿਕਾਰਡ ਕੀਤੇ ਕਤਲਾਂ ਵਿੱਚ ਭਾਰੀ ਗਿਰਾਵਟ ਤੋਂ ਬਲ ਮਿਲਿਆ ਹੈ। ਬਹੁਤ ਸਾਰੇ ਸਲਵਾਡੋਰ ਵਾਸੀ ਇਸ ਤਬਦੀਲੀ 'ਤੇ ਜ਼ੋਰ ਦਿੰਦੇ ਹਨ, ਖਾਸ ਤੌਰ 'ਤੇ ਉਨ੍ਹਾਂ ਇਲਾਕਿਆਂ ਵਿੱਚ ਜੋ ਪਹਿਲਾਂ ਅਜਿਹੇ ਗੈਂਗਾਂ ਦੁਆਰਾ ਨਿਯੰਤਰਿਤ ਸਨ, ਜੋ ਸਥਾਨਕ ਆਬਾਦੀ ਨੂੰ ਇਸ ਆਦਰਸ਼ ਵਾਕ ਨਾਲ ਡਰਾਉਣ ਦੀ ਕੋਸ਼ਿਸ਼ ਕਰਦੇ ਸਨ: "ਦੇਖੋ, ਸੁਣੋ, ਚੁੱਪ ਕਰੋ"। ਹੁਣ ਨਿਵਾਸੀ ਬਿਨਾਂ ਕਿਸੇ ਪਰੇਸ਼ਾਨੀ ਜਾਂ ਬਦਲੇ ਦੇ ਡਰ ਤੋਂ ਗੈਂਗਾਂ ਦੇ ਖੇਤਰ ਦੀਆਂ ਸੀਮਾਵਾਂ ਨੂੰ ਪਾਰ ਕਰ ਸਕਦੇ ਹਨ।
ਐਲ ਸਲਵਾਡੋਰ ਦੀ ਸਰਕਾਰ ਦਾ ਕਹਿਣਾ ਹੈ ਕਿ ਸੀਕੌਟ 40,000 ਤੱਕ ਕੈਦੀ ਰੱਖ ਸਕਦਾ ਹੈ ਜੋ ਵਿਸ਼ੇਸ਼ ਤੌਰ 'ਤੇ ਦੋ ਵਿਰੋਧੀ ਗੈਂਗਾਂ - ਮਾਰਾ ਸਲਵਾਟਰੂਚਾ (ਐੱਮਐੱਸ -13) ਅਤੇ ਬੈਰੀਓ 18 ਦੇ ਉੱਚ-ਰੈਂਕ ਦੇ ਮੈਂਬਰ ਹੋਣਗੇ - ਜਿਨ੍ਹਾਂ ਦੀ ਲੜਾਈ ਦੇ ਕਾਰਨ ਐਲ ਸਲਵਾਡੋਰ ਵਿੱਚ ਦਹਾਕਿਆਂ ਤੱਕ ਦਹਿਸ਼ਤ ਅਤੇ ਖੂਨ-ਖਰਾਬਾ ਹੋਇਆ ਹੈ।
ਬੀਬੀਸੀ ਨੂੰ ਵਾਰ-ਵਾਰ ਸੀਕੌਟ ਤੱਕ ਪਹੁੰਚ ਤੋਂ ਇਨਕਾਰ ਕੀਤਾ ਗਿਆ ਹੈ, ਪਰ ਸਰਕਾਰ ਅਤੇ ਮੀਡੀਆ ਆਊਟਲੈਟਸ ਦੁਆਰਾ ਸਾਂਝੇ ਕੀਤੇ ਗਏ ਵੀਡੀਓਜ਼ ਅਤੇ ਤਸਵੀਰਾਂ ਦੀ ਵਰਤੋਂ ਕਰਕੇ ਜੇਲ੍ਹ ਦੇ ਵੇਰਵੇ ਦੁਬਾਰਾ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੂੰ ਜੇਲ੍ਹ ਦੇ ਖੁੱਲ੍ਹਣ ਤੋਂ ਪਹਿਲਾਂ ਇਸ ਤੱਕ ਪਹੁੰਚ ਪ੍ਰਦਾਨ ਕੀਤੀ ਗਈ ਸੀ; ਸਲਵਾਡੋਰ ਦੇ ਅਧਿਕਾਰੀਆਂ ਨਾਲ ਇੰਟਰਵਿਊ ਅਤੇ ਜੇਲ੍ਹ ਦੇ ਨਿਰਮਾਣ ਵਿੱਚ ਸ਼ਾਮਲ ਇੱਕ ਇੰਜੀਨੀਅਰ ਦੁਆਰਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਸਤਾਵੇਜ਼ ਸਾਡੇ ਨਾਲ ਸਾਂਝੇ ਕੀਤੇ ਗਏ ਸਨ। ਇਸ ਸਭ ਦੇ ਆਧਾਰ ’ਤੇ ਇਸ ਨੂੰ ਦੁਬਾਰਾ ਤਿਆਰ ਕੀਤਾ ਗਿਆ ਹੈ।

ਸੀਕੌਟ ਵਿੱਚ 256 ਸੈੱਲ ਹਨ।

ਜੇਕਰ ਕੋਈ ਨਵਾਂ ਬਲਾਕ ਨਹੀਂ ਬਣਾਇਆ ਗਿਆ ਹੈ ਤਾਂ ਹਰੇਕ ਸੈੱਲ ਵਿੱਚ ਸਮਰੱਥਾ 40,000 ਕੈਦੀਆਂ 'ਤੇ 156 ਕੈਦੀ ਰਹਿਣਗੇ

ਬੈੱਡ ਸਿਰਫ਼ ਇੱਕ ਆਮ ਧਾਤ ਦੀ ਪਲੇਟ ਹੈ ਜਿਸ ’ਤੇ ਕੋਈ ਗੱਦਾ ਨਹੀਂ ਹੈ।

ਛੱਤ ਹੀਰੇ ਦੇ ਆਕਾਰ ਦੀ ਜਾਲੀ ਹੈ, ਇਸ ਦੇ ਸੁਰਾਖ ਗਾਰਡਾਂ ਨੂੰ ਕੈਦੀਆਂ 'ਤੇ ਨਜ਼ਰ ਰੱਖਣ ਦੇ ਸਮਰੱਥ ਬਣਾਉਂਦੇ ਹਨ, ਅਤੇ ਜਾਲੀ ਕੈਦੀਆਂ ਨੂੰ ਇਸ ’ਤੇ ਲਟਕਣ ਤੋਂ ਰੋਕਣ ਲਈ ਤਿੱਖੀ ਧਾਤ ਅਜਿਹੀ ਬਣਾਈ ਹੋਈ ਹੈ।

ਹਰੇਕ ਕੋਠੜੀ ਵਿੱਚ ਕੈਦੀਆਂ ਲਈ ਆਪਣੇ ਕੱਪੜੇ ਧੋਣ ਅਤੇ ਆਪਣੇ ਆਪ ਦੀ ਸਾਫ਼ ਸਫ਼ਾਈ ਕਰਨ ਲਈ ਦੋ ਬੇਸਿਨ ਹਨ ਅਤੇ ਦੋ ਪਖਾਨੇ ਜਿਨ੍ਹਾਂ ਵਿੱਚ ਕਿਸੇ ਤਰ੍ਹਾਂ ਦੇ ਪਰਦੇ ਦੀ ਵੀ ਅਣਹੋਂਦ ਹੈ।

ਸਾਰਾ ਸਾਲ ਗਰਮ ਤਾਪਮਾਨ ਅਤੇ ਜ਼ਿਆਦਾ ਨਮੀ ਦੇ ਬਾਵਜੂਦ ਇੱਥੇ ਕੋਈ ਖਿੜਕੀਆਂ, ਪੱਖੇ ਜਾਂ ਏਅਰ ਕੰਡੀਸ਼ਨਰ ਨਹੀਂ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਦੀ ਸਿਰਫ਼ ਔਨਲਾਈਨ ਸੁਣਵਾਈ ਜਾਂ ਇਕਾਂਤ ਕੈਦ ਲਈ ਆਪਣੇ ਸੈੱਲ ਤੋਂ ਜਾ ਸਕਦੇ ਹਨ।
ਹਰੇਕ ਕੈਦੀ ਦੀ ਸਾਂਝੀ ਕੋਠੜੀ ਵਿੱਚ ਕਿੰਨੀਂ ਥਾਂ ਹੋਵੇਗੀ ਇਹ ਅਜੇ ਰਾਜ਼ ਹੈ। ਬੀਬੀਸੀ ਮੁੰਡੋ ਦੁਆਰਾ ਵੇਖੀਆਂ ਗਈਆਂ ਯੋਜਨਾਵਾਂ ਦਰਸਾਉਂਦੀਆਂ ਹਨ ਕਿ ਹਰੇਕ ਸੈੱਲ 7.4m x 12.3m, ਜਾਂ 91.02 ਵਰਗ ਮੀਟਰ ਹੈ - ਇਸ ਸਮਰੱਥਾ 'ਤੇ ਹਰੇਕ ਵਿਅਕਤੀ ਨੂੰ 0.58 ਵਰਗ ਥਾਂ ਮਿਲਦੀ ਹੈ। ਜਦੋਂ ਕਿ ਰੈੱਡ ਕਰਾਸ ਅੰਤਰਰਾਸ਼ਟਰੀ ਮਿਆਰ ਮੁਤਾਬਕ ਸਾਂਝੇ ਸੈੱਲ ਵਿੱਚ ਪ੍ਰਤੀ ਕੈਦੀ 3.4 ਵਰਗ ਮੀਟਰ ਦੀ ਸਿਫ਼ਾਰਸ਼ ਕਰਦਾ ਹੈ।
ਐਲ ਸਲਵਾਡੋਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਨਹੀਂ ਹੈ ਕਿ ਸੀਕੌਟ ਦੇ ਕੈਦੀਆਂ ਨੂੰ ਕਦੇ ਰਿਹਾਅ ਕੀਤਾ ਜਾਵੇਗਾ।

ਇਹ ਸਪੱਸ਼ਟ ਨਹੀਂ ਹੈ ਕਿ ਇਸ ਸਮੇਂ ਸੀਕੌਟ ਵਿੱਚ ਕਿੰਨੇ ਕੈਦੀ ਬੰਦ ਹਨ। ਅਧਿਕਾਰੀਆਂ ਨੇ ਹੁਣ ਤੱਕ ਇੱਥੇ ਸ਼ਿਫਟ ਕੀਤੇ ਗਏ ਸਿਰਫ਼ ਦੋ ਗਰੁੱਪਾਂ ਦਾ ਜਨਤਕ ਤੌਰ 'ਤੇ ਐਲਾਨ ਕੀਤਾ ਹੈ ਜਿਨ੍ਹਾਂ ਵਿੱਚ ਹਰੇਕ ਵਿੱਚ 2,000 ਕੈਦੀ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਕੋਈ ਬਾਹਰੀ ਮਨੋਰੰਜਨ ਸਥਾਨ ਨਹੀਂ ਹੈ, ਅਤੇ ਕਿਸੇ ਵੀ ਪਰਿਵਾਰਕ ਮੈਂਬਰ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਹੈ। ਇਹ ਕੈਦੀਆਂ ਦੇ ਅਧਿਕਾਰਾਂ ਬਾਰੇ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ।

ਸੀਕੌਟ ਵਿੱਚ ਕੈਦ ਲਈ ਮਾਪਦੰਡ ਜਨਤਕ ਨਹੀਂ ਕੀਤੇ ਗਏ ਹਨ, ਅਤੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਕੈਦੀ ਨਵੇਂ ਹਿਰਾਸਤ ਵਿੱਚ ਲਏ ਗਏ ਹਨ ਜਾਂ ਦੂਜੀਆਂ ਜੇਲ੍ਹਾਂ ਤੋਂ ਇਨ੍ਹਾਂ ਨੂੰ ਇੱਥੇ ਸ਼ਿਫਟ ਕੀਤਾ ਗਿਆ ਹੈ।

ਇਸ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ ਕਿ ਕੈਦੀਆਂ ਨੂੰ ਕਿਵੇਂ ਖੁਆਇਆ ਜਾਂਦਾ ਹੈ ਜਾਂ ਉਨ੍ਹਾਂ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ। ਰਸੋਈ, ਡਾਇਨਿੰਗ ਰੂਮ, ਦੁਕਾਨ ਜਾਂ ਹਸਪਤਾਲ ਦੀਆਂ ਸਹੂਲਤਾਂ ਬਾਰੇ ਕੋਈ ਯੋਜਨਾਵਾਂ ਜਾਂ ਫੋਟੋਆਂ ਸਾਂਝੀਆਂ ਨਹੀਂ ਕੀਤੀਆਂ ਗਈਆਂ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਕੌਟ ਵਿੱਚ ਅਤਿ ਆਧੁਨਿਕ ਸੁਰੱਖਿਆ ਪ੍ਰਣਾਲੀ ਹੈ - ਐਂਟਰੀ ਸਕੈਨਿੰਗ ਸਿਸਟਮ ਨਾਲ ਹੈ, ਇੱਕ ਵਿਸ਼ਾਲ ਨਿਗਰਾਨੀ ਨੈੱਟਵਰਕ ਹੈ ਅਤੇ ਹਥਿਆਰਾਂ ਨਾਲ ਸੁਸੱਜਿਤ ਕਮਰਾ ਹੈ।
ਸੰਯੁਕਤ ਰਾਸ਼ਟਰ ਦੀ ਤਸ਼ੱਦਦ ਦੀ ਰੋਕਥਾਮ ਲਈ ਉਪ ਕਮੇਟੀ ਦੇ ਸਾਬਕਾ ਮੈਂਬਰ ਮਿਗੁਏਲ ਸਰੇ ਨੇ ਬੀਬੀਸੀ ਨੂੰ ਦੱਸਿਆ, ‘‘ਜੇਲ੍ਹ ਇੱਕ ਕੰਕਰੀਟ ਅਤੇ ਸਟੀਲ ਦਾ ਟੋਆ ਹੈ ਜਿੱਥੇ ਰਸਮੀ ਤੌਰ ’ਤੇ ਮੌਤ ਦੀ ਸਜ਼ਾ ਨੂੰ ਲਾਗੂ ਕੀਤੇ ਬਿਨਾਂ ਲੋਕਾਂ ਨੂੰ ਮਰਨ ਲਈ ਛੱਡਿਆ ਗਿਆ ਹੈ।’’
ਜ਼ਕਾਟੇਕੋਲੁਕਾ ਸ਼ਹਿਰ ਦੇ ਇੱਕ ਸੀਨੀਅਰ ਜੱਜ ਅਤੇ ਰਾਸ਼ਟਰਪਤੀ ਬੁਕੇਲੇ ਦੇ ਐਮਰਜੈਂਸੀ ਸ਼ਾਸਨ ਦੀ ਖੁੱਲ੍ਹੇਆਮ ਆਲੋਚਨਾ ਕਰਨ ਵਾਲੇ ਕੁਝ ਮੈਜਿਸਟਰੇਟਾਂ ਵਿੱਚੋਂ ਇੱਕ ਐਂਟੋਨੀਓ ਦੁਰਾਨ ਇਸ ਗੱਲ ਨਾਲ ਸਹਿਮਤ ਹਨ।
ਉਹ ਕਹਿੰਦੇ ਹਨ, “ਕਾਨੂੰਨ ਦੇ ਸ਼ਾਸਨ ਤਹਿਤ ਕੰਮ ਕਰਨ ਵਾਲੇ ਰਾਜ ਵਿੱਚ ਆਜ਼ਾਦੀ ਤੋਂ ਵੰਚਿਤ ਕਰਨਾ ਸਜ਼ਾ ਹੈ। ਅਪਰਾਧੀ ਨੂੰ ਉਸਦੀ ਆਜ਼ਾਦੀ ਤੋਂ ਵੰਚਿਤ ਕਰਕੇ ਸਜ਼ਾ ਦਿੱਤੀ ਜਾ ਰਹੀ ਹੈ।’’
“ਪਰ ਇੱਥੇ ਇਹ ਸਮਝਿਆ ਜਾਂਦਾ ਹੈ ਕਿ ਉਸ ਦੀ ਆਜ਼ਾਦੀ ਇਸ ਲਈ ਖੋਹੀ ਗਈ ਹੈ ਤਾਂਕਿ ਉਸ ਨੂੰ ਜੇਲ੍ਹ ਦੇ ਅੰਦਰ ਸਜ਼ਾ ਮਿਲ ਸਕੇ। ਅਤੇ ਇਹ ਨਾ ਸਿਰਫ਼ ਗਲਤ ਹੈ, ਸਗੋਂ ਅਪਰਾਧਿਕ ਵੀ ਹੈ। ਇਹ ਤਸ਼ੱਦਦ ਹੈ।’’
ਐਲ ਸਲਵਾਡੋਰ ਦੀ ਸਰਕਾਰ ਸੀਕੌਟ ਨੂੰ ਆਪਣੇ ਕੈਦੀਆਂ ਲਈ ਇੱਕ ਅੰਤਿਮ ਪੜਾਅ ਦੇ ਰੂਪ ਵਿੱਚ ਦੇਖਦੀ ਹੈ।
ਨਿਆਂ ਅਤੇ ਜਨਤਕ ਸੁਰੱਖਿਆ ਮੰਤਰੀ ਗੁਸਤਾਵੋ ਵਿਲਾਟੋਰੋ ਨੇ ਮਈ ਵਿੱਚ ਬੀਬੀਸੀ ਦੇ ਵਿਲ ਗ੍ਰਾਂਟ ਨੂੰ ਦੱਸਿਆ,‘‘ਸਾਡੀ ਸਲਵਾਡੋਰਾਂ ਨਾਲ ਵਚਨਬੱਧਤਾ ਹੈ ਕਿ ਉਹ (ਸੀਕੌਟ ਕੈਦੀ) ਕਦੇ ਵੀ ਭਾਈਚਾਰਿਆਂ ਵਿੱਚ ਵਾਪਸ ਨਹੀਂ ਆਉਣਗੇ। ਅਤੇ ਅਸੀਂ ਇਹ ਯਕੀਨੀ ਬਣਾਉਣ ਜਾ ਰਹੇ ਹਾਂ ਕਿ ਅਸੀਂ (ਉਨ੍ਹਾਂ ਵਿਰੁੱਧ) ਲੋੜੀਂਦੇ ਕੇਸ ਬਣਾਈਏ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕਦੇ ਵਾਪਸ ਨਾ ਆਉਣ।’’
ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਲਈ ਸੀਕੌਟ ਨਿਆਂ ਲਈ ਬਣਾਏ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਸਮਾਰਕ ਦੀ ਪ੍ਰਤੀਨਿਧਤਾ ਕਰਦਾ ਹੈ। ਸਾਡੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।’’
ਮਈ ਵਿੱਚ ਰਾਸ਼ਟਰਪਤੀ ਬੁਕੇਲੇ ਦੀ ਇੱਕ ਟਿੱਪਣੀ ਇਸ ਵਚਨਬੱਧਤਾ ਨੂੰ ਦੁੱਗਣਾ ਕਰਦੀ ਹੋਈ ਪ੍ਰਤੀਤ ਹੁੰਦੀ ਹੈ।
ਉਨ੍ਹਾਂ ਨੇ ਟਵੀਟ ਕੀਤਾ, ‘‘ਸਾਰੇ ‘ਮਨੁੱਖੀ ਅਧਿਕਾਰ’ ਐੱਨਜੀਓ ਨੂੰ ਦੱਸ ਦਿਓ ਕਿ ਅਸੀਂ ਇਨ੍ਹਾਂ ਖੂਨੀ ਕਾਤਲਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਸਫ਼ਾਇਆ ਕਰਨ ਜਾ ਰਹੇ ਹਾਂ, ਅਸੀਂ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟਾਂਗੇ ਅਤੇ ਉਹ ਕਦੇ ਵੀ ਬਾਹਰ ਨਹੀਂ ਆਉਣਗੇ’’
ਇਹ ਪਤਾ ਨਹੀਂ ਹੈ ਕਿ ਸੀਕੌਟ ਦੇ ਕੈਦੀਆਂ ਵਿੱਚੋਂ ਕਿੰਨੇ - ਜੇ ਕੋਈ ਹਨ, ਉਨ੍ਹਾਂ ਵਿੱਚੋਂ ਕਿੰਨੇ ਕੈਦੀਆਂ ਨੂੰ ਹੁਣ ਤੱਕ ਉਨ੍ਹਾਂ ਅਪਰਾਧਾਂ ਲਈ ਰਸਮੀ ਤੌਰ 'ਤੇ ਦੋਸ਼ੀ ਠਹਿਰਾਇਆ ਗਿਆ ਹੈ ਜਿਨ੍ਹਾਂ ਲਈ ਉਨ੍ਹਾਂ 'ਤੇ ਦੋਸ਼ ਲਗਾਏ ਗਏ ਹਨ।
ਬੀਬੀਸੀ ਨੇ ਐਲ ਸਲਵਾਡੋਰ ਦੀ ਸਰਕਾਰ ਨੂੰ ਪੁੱਛਿਆ ਕਿ ਜੇਲ੍ਹ ਵਿੱਚ ਕੌਣ ਹਨ ਅਤੇ ਉਨ੍ਹਾਂ ਨੂੰ ਕਿਸ ਆਧਾਰ 'ਤੇ ਇੱਥੇ ਲਿਆਂਦਾ ਗਿਆ, ਇਨ੍ਹਾਂ ਵਿੱਚੋਂ 40,0000 ਲੋਕਾਂ ਨੂੰ ਕਿਵੇਂ ਰੱਖਿਆ ਜਾਏਗਾ, ਅਤੇ ਕੈਦੀਆਂ ਦੇ ਰਿਸ਼ਤੇਦਾਰਾਂ ਕੋਲ ਉਨ੍ਹਾਂ ਨੂੰ ਇੱਥੇ ਸ਼ਿਫਟ ਕਰਨ ਦੀ ਪੁਸ਼ਟੀ ਕਿਉਂ ਨਹੀਂ ਕੀਤੀ ਗਈ, ਪਰ ਸਾਨੂੰ ਇਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ।

ਕੁਝ ਹਫ਼ਤੇ ਪਹਿਲਾਂ, ਬੀਬੀਸੀ ਜੇਲ੍ਹ ਦੇ ਜਿੰਨਾ ਨੇੜੇ ਹੋ ਸਕਦਾ ਸੀ, ਪਹੁੰਚ ਗਿਆ।
ਖੇਤਰ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਨੇ ਸਾਨੂੰ ਬਦਨਾਮ ਜੇਲ੍ਹ ਵਿੱਚ ਬੰਦ ਮੈਕਸੀਕਨ ਡਰੱਗ ਮਾਫੀਆ ਦਾ ਹਵਾਲਾ ਦਿੰਦੇ ਹੋਏ ਦੱਸਿਆ, "ਇਥੋਂ ਤੱਕ ਕਿ ਏਲ ਚਾਪੋ ਵੀ ਉੱਥੋਂ ਬਚ ਕੇ ਭੱਜ ਨਹੀਂ ਸਕਦਾ।’’ ਜੋ ਪਹਿਲਾਂ ਕਿਸੇ ਬਹੁਤ ਸੁਰੱਖਿਅਤ ਜੇਲ੍ਹ ਤੋਂ ਭੱਜ ਚੁੱਕਾ ਹੈ।

ਜੇਲ੍ਹ ਕੰਪਲੈਕਸ ਲਗਭਗ 23 ਹੈਕਟੇਅਰ (57 ਏਕੜ) ਵਿੱਚ ਫੈਲਿਆ ਹੋਇਆ ਹੈ।

ਇਸ ਵਿੱਚ 32 ਸੈੱਲਾਂ ਦੇ ਨਾਲ ਅੱਠ ਬਲਾਕ ਹਨ।

ਇਹ ਜਾਲ ਦੇ ਘੇਰੇ ਦੀ ਵਾੜ ਦੋ ਸੈੱਟ ਹਨ ਜੋ ਪੂਰੀ ਤਰ੍ਹਾਂ ਬਿਜਲੀਕ੍ਰਿਤ ਹਨ, ਅਤੇ ਦੋ ਮਜ਼ਬੂਤ ਕੰਕਰੀਟ ਦੀਆਂ ਕੰਧਾਂ ਸੁਰੱਖਿਆ ਦੇ ਅਧੀਨ ਹਨ। ਬਾਹਰੀ ਕੰਧ ਦਾ ਘੇਰਾ 2.1 ਕਿਲੋਮੀਟਰ ਹੈ। ਅਤੇ ਇੱਥੇ 19 ਵਾਚਟਾਵਰ ਹਨ।
ਪੁਲਿਸ ਕਰਮਚਾਰੀ ਨੇ ਮੰਨਿਆ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਉਸ ਦੀ ਜ਼ਿੰਦਗੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ।
‘‘ਪਹਿਲਾਂ, ਮੇਰਾ ਸਾਰਾ ਸਮਾਂ ਗੈਂਗ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਣ ਵਿੱਚ ਬੀਤ ਜਾਂਦਾ ਸੀ ਜੋ ਜੋਖਮਾਂ ਨਾਲ ਭਰਪੂਰ ਹੁੰਦਾ ਸੀ। ਹੁਣ ਮੈਂ ਚੌਕੀਆਂ ’ਤੇ ਦਿਨ ਬਿਤਾਉਂਦਾ ਹਾਂ, ਅਤੇ ਕਦੇ-ਕਦਾਈਂ ਕੌਫ਼ੀ ਪੀਣ ਲਈ ਵੀ ਸਮਾਂ ਕੱਢ ਲੈਂਦਾ ਹਾਂ।’’
ਪਹਿਲਾਂ ਗੈਂਗਾਂ ਦੇ ਕੰਟਰੋਲ ਵਿੱਚ ਰਹਿਣ ਵਾਲੇ ਆਲੇ ਦੁਆਲੇ ਦੇ ਵਸਨੀਕ ਵਿਸ਼ੇਸ਼ ਤੌਰ 'ਤੇ ਰਾਸ਼ਟਰਪਤੀ ਬੁਕੇਲੇ ਦੀ ਨੀਤੀ ਦੇ ਸਮਰਥਕ ਪ੍ਰਤੀਤ ਹੁੰਦੇ ਹਨ।
ਸੈਨ ਸਲਵਾਡੋਰ ਦੇ ਬਾਹਰੀ ਇਲਾਕੇ ਲਾ ਕੈਂਪਨੇਰਾ ਵਿੱਚ ਰਹਿਣ ਵਾਲੇ ਡੇਨਿਸ ਨੇ ਬੀਬੀਸੀ ਨੂੰ ਦੱਸਿਆ, ‘‘ਰਾਸ਼ਟਰਪਤੀ ਦੇ ਅਜਿਹਾ ਕਰਨ ਤੋਂ ਪਹਿਲਾਂ ਤੱਕ ਇਹ ਜਗ੍ਹਾ ਬਿਲਕੁਲ ਵੀ ਸੁਰੱਖਿਅਤ ਨਹੀਂ ਸੀ।’’
‘‘ਮੈਨੂੰ ਲੱਗਦਾ ਹੈ ਕਿ ਇਹ ਸ਼ਾਸਨ (ਐਮਰਜੈਂਸੀ) ਸਭ ਤੋਂ ਵਧੀਆ ਫੈਸਲਾ ਸੀ ਜੋ ਲਿਆ ਜਾ ਸਕਦਾ ਸੀ ਅਤੇ ਇਹ ਸਾਡਾ ਹੁਣ ਤੱਕ ਦਾ ਸਭ ਤੋਂ ਵਧੀਆ ਰਾਸ਼ਟਰਪਤੀ ਹੈ।’’
ਉਸਦਾ ਮੂਡ 23 ਸਾਲ ਦੀ ਮਾਰੀਆ ਤੋਂ ਬਿਲਕੁਲ ਅਲੱਗ ਹੈ ਜਿਸ ਨਾਲ ਸਾਡੀ ਮੁਲਾਕਾਤ ਸੀਕੌਟ ਤੋਂ ਕੁਝ ਹੀ ਦੂਰੀ ’ਤੇ ਐਲ ਮਨਿਆਡੇਰੋ ਸਥਿਤ ਉਸ ਦੇ ਘਰ ਵਿੱਚ ਹੋਈ ਸੀ। ਉਸ ਦੀ ਮਾਂ ਦੇ ਸਾਥੀ ਨੂੰ ਜਿਸ ਨੇ ਜੇਲ੍ਹ ਦੇ ਨਿਰਮਾਣ ’ਤੇ ਛੇ ਮਹੀਨੇ ਤੱਕ ਕੰਮ ਕੀਤਾ, ਉਸ ਨੂੰ "ਗੈਰ-ਕਾਨੂੰਨੀ ਸੰਗਤ" ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਾਰੀਆ ਹੁਣ ਜ਼ਿਆਦਾ ਬਾਹਰ ਜਾਣ ਦਾ ਜੋਖਮ ਨਹੀਂ ਲੈਂਦੀ। ਉਹ ਕਹਿੰਦੀ ਹੈ, ਉਸ ਦੀ ਸਹੇਲੀ ਜੈਸਿਕਾ ਜੋ ਤਿੰਨ ਸਾਲ ਦੀ ਬੱਚੀ ਦੀ ਮਾਂ ਹੈ, ਨੂੰ ਵੀ ਪੁਲਿਸ ਐਮਰਜੈਂਸੀ ਵਿਵਸਥਾ ਤਹਿਤ ਚੁੱਕ ਕੇ ਲੈ ਗਈ ਹੈ।
ਉਹ ਕਹਿੰਦੀ ਹੈ, ‘‘ਅਜਿਹਾ ਲੱਗਦਾ ਹੈ ਕਿ ਅਲ ਸਲਵਾਡੋਰ ਵਿੱਚ ਹੁਣ ਜਵਾਨ ਹੋਣਾ ਇੱਕ ਅਪਰਾਧ ਹੈ।’’
ਬੀਬੀਸੀ ਨੇ ਅਖੌਤੀ "ਅਪਵਾਦ ਦੀ ਸਥਿਤੀ" ਸ਼ਾਸਨ ਦੇ ਅਧੀਨ ਨਜ਼ਰਬੰਦ ਕੀਤੇ ਗਏ ਕੈਦੀਆਂ ਦੇ ਦਰਜਨਾਂ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਸਾਰਿਆਂ ਨੇ ਇੱਕ ਸਮਾਨ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਿਨਾਂ ਤਲਾਸ਼ੀ ਜਾਂ ਗ੍ਰਿਫ਼ਤਾਰੀ ਵਾਰੰਟ ਦਿਖਾਏ ਨਜ਼ਰਬੰਦੀ ਕੇਂਦਰਾਂ ਜਾਂ ਜੇਲ੍ਹਾਂ ਵਿੱਚ ਲਿਜਾਇਆ ਗਿਆ, ਅਤੇ ਫਿਰ ਦਰਜਨਾਂ ਹੋਰ ਨਜ਼ਰਬੰਦਾਂ ਦੇ ਨਾਲ ਸਮੂਹ ਔਨਲਾਈਨ ਸੁਣਵਾਈ ਦੇ ਅਧੀਨ ਕੀਤਾ ਗਿਆ। ਉਨ੍ਹਾਂ ਸੁਣਵਾਈਆਂ ਵਿੱਚ ਜੱਜ ਮੁਕੱਦਮੇ ਤੋਂ ਪਹਿਲਾਂ ਨਜ਼ਰਬੰਦੀ ਦਾ ਆਦੇਸ਼ ਦਿੱਤਾ, ਜਦੋਂ ਕਿ ਸਰਕਾਰੀ ਵਕੀਲ ਦਾ ਦਫ਼ਤਰ ਜਾਂਚ ਕਰਦਾ ਹੈ ਅਤੇ ਰਸਮੀ ਦੋਸ਼ ਦਾਇਰ ਕਰਨ ਦਾ ਫੈਸਲਾ ਕਰਦਾ ਹੈ। ਇਹ ਇੱਕ ਪ੍ਰਕਿਰਿਆ ਹੈ ਜੋ ਮਹੀਨਿਆਂ, ਇੱਥੋਂ ਤੱਕ ਕਿ ਸਾਲਾਂ ਤੱਕ ਚੱਲ ਸਕਦੀ ਹੈ।

ਸੈਨ ਸਲਵਾਡੋਰ ਵਿੱਚ ਜੇਲ੍ਹ ਦੀ ਕੰਧ ਵਿੱਚੋਂ ਦੇਖਦੇ ਹੋਏ ਬੱਚੇ
ਅਲ ਸਲਵਾਡੋਰ ਦੀ ਮੁੱਢਲੀ ਮਨੁੱਖੀ ਅਧਿਕਾਰ ਐੱਨਜੀਓ ਕ੍ਰਿਸਟੋਸਲ ਦੀ ਮਈ ਵਿੱਚ ਇੱਕ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਸੀ ਕਿ ਇਨ੍ਹਾਂ ਉਪਾਵਾਂ ਦੇ ਪਹਿਲੇ ਸਾਲ ਵਿੱਚ ਦੇਸ਼ ਦੀਆਂ ਹੋਰ ਜੇਲ੍ਹਾਂ ਵਿੱਚ ਤਸ਼ੱਦਦ, ਕੁੱਟਮਾਰ ਜਾਂ ਸਿਹਤ ਸੰਭਾਲ ਦੀ ਘਾਟ ਕਾਰਨ ਦਰਜਨਾਂ ਕੈਦੀਆਂ ਦੀ ਮੌਤ ਹੋ ਗਈ ਹੈ।
ਸਰਕਾਰ ਨੇ ਇਸ ਰਿਪੋਰਟ 'ਤੇ ਜਨਤਕ ਤੌਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪਰ 24 ਮਈ ਨੂੰ ਅਹੁਦਾ ਸੰਭਾਲਣ ਵਾਲੇ ਦੇਸ਼ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਆਂਦਰੇਸ ਗੁਜ਼ਮੈਨ ਕੈਬਲੇਰੋ ਨੇ ਉਸ ਮਹੀਨੇ ਇੱਕ ਮੀਡੀਆ ਸਮਾਗਮ ਦੌਰਾਨ ਮੰਨਿਆ ਕਿ ਇਹ ਰਿਪੋਰਟ ‘‘ਚਿੰਤਾਜਨਕ’’ ਹੈ।
ਉਨ੍ਹਾਂ ਨੇ ਕਿਹਾ, ‘‘ਜਦੋਂ ਜੇਲ੍ਹ ਦੀ ਆਬਾਦੀ ਦੋ ਜਾਂ ਤਿੰਨ ਗੈਂਗਾਂ, ਜਾਂ ਤਿੰਨ ਸਮੂਹਾਂ ਤੋਂ ਬਣੀ ਹੋਈ ਹੁੰਦੀ ਹੈ, ਜੋ ਇੱਕ ਦੂਜੇ ਨਾਲ ਬਹੁਤ ਖਾਰ ਖਾਂਦੇ ਹਨ, ਤਾਂ ਇਸ ਦੇ ਨਤੀਜੇ ਕਾਰਨ ਮੌਤਾਂ ਵਿੱਚ ਵਾਧਾ ਹੋ ਸਕਦਾ ਹੈ। ਇਨ੍ਹਾਂ ਮੌਤਾਂ ਦੇ ਕਾਰਨਾਂ ਦੀ ਸਮੀਖਿਆ ਹਰ ਕੇਸ ਦੇ ਆਧਾਰ ’ਤੇ ਕੀਤੀ ਜਾਣੀ ਚਾਹੀਦੀ ਹੈ।’’
ਕ੍ਰਿਸਟੋਸਲ ਕਹਿੰਦੇ ਹਨ, ‘‘ਸੀਕੌਟ ਇੱਕ ਖਾਸ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸਦੀ ਨਿਗਰਾਨੀ ਕਰਨਾ ਬਹੁਤ ਮੁਸ਼ਕਲ ਹੈ।’’
ਐਲ ਸਲਵਾਡੋਰ ਦੀ ਸਾਬਕਾ ਪੁਲਿਸ ਇੰਸਪੈਕਟਰ ਜਨਰਲ ਜ਼ਾਇਰਾ ਨਵਾਸ ਜੋ ਕਿ ਹੁਣ ਕ੍ਰਿਸਟੋਸਲ ਦੀ ਕਾਨੂੰਨੀ ਪ੍ਰਮੁੱਖ ਹੈ, ਕਹਿੰਦੀ ਹੈ, ‘‘ਸੀਕੌਟ ਵਿੱਚ ਹਾਲਾਤ ਅਣਮਨੁੱਖੀ ਅਤੇ ਅਪਮਾਨਜਨਕ ਹੋ ਸਕਦੇ ਹਨ ਕਿਉਂਕਿ ਕਿਸੇ ਦੀ ਵੀ ਉਸ ਜੇਲ੍ਹ ਤੱਕ ਪਹੁੰਚ ਨਹੀਂ ਹੈ।’’
“ਕੋਈ ਵਕੀਲ, ਕੋਈ ਲੋਕਪਾਲ, ਇੱਥੋਂ ਤੱਕ ਕਿ ਮੀਡੀਆ ਵੀ ਅੰਦਰ ਦਾਖਲ ਨਹੀਂ ਹੋ ਸਕਦਾ ਅਤੇ ਅੰਦਰ ਦੀਆਂ ਸਥਿਤੀਆਂ ਦੀ ਪੁਸ਼ਟੀ ਨਹੀਂ ਕਰ ਸਕਦਾ।”
ਜਿੱਥੋਂ ਤੱਕ ਐਂਜਲਿਕਾ ਦਾ ਸਵਾਲ ਹੈ, ਜਿਸਨੇ ਆਪਣੇ ਪਤੀ ਨੂੰ ਸੀਕੌਟ ਫੁਟੇਜ ਵਿੱਚ ਦੇਖਿਆ ਸੀ, ਉਸਨੇ ਸਾਨੂੰ ਦੱਸਿਆ ਕਿ ਹੁਣ ਉਹ ਉਸ ਦੀ ਸਥਿਤੀ ਬਾਰੇ ਜਿੰਨਾ ਸੰਭਵ ਹੋਵੇ ਓਨੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੀ ਹੈ।
‘‘ਹੋਰ ਕੋਈ ਰਸਤਾ ਨਹੀਂ ਹੈ… ਇਸ ਦੀਵਾਰ ਨੂੰ ਤੋੜਨਾ ਜਾਰੀ ਰੱਖਣਾ ਚਾਹੀਦਾ ਹੈ। ਮੈਂ ਆਪਣੇ ਬੱਚਿਆਂ ਅਤੇ ਪਤੀ ਲਈ ਅਜਿਹਾ ਕਰਨ ਲਈ ਪਾਬੰਦ ਹਾਂ।’’
