ਬਾਬਰੀ-ਅਯੁੱਧਿਆ ਅੰਦੋਲਨ ਦੀਆਂ ਔਰਤਾਂ

ਉਨ੍ਹਾਂ ਔਰਤਾਂ ਦੀ ਕਹਾਣੀ ਜੋ ਰਾਮ ਜਨਮ ਭੂਮੀ ਅੰਦੋਲਨ ਦੌਰਾਨ ਆਪਣੇ ਤਿੱਖੇ ਭਾਸ਼ਣਾਂ ਜ਼ਰੀਏ ਅਸਰਦਾਰ ਨੇਤਾ ਬਣ ਕੇ ਉੱਭਰੀਆਂ ਅਤੇ ਉਨ੍ਹਾਂ ਦੀ ਵੀ ਜਿਨ੍ਹਾਂ ਨੇ ਬਾਬਰੀ ਮਸਜਿਦ ਢਾਹੁਣ ਅਤੇ ਉਸਦੇ ਬਾਅਦ ਦੇ ਦੰਗਿਆਂ ਵਿੱਚ ਪੁਰਸ਼ਾਂ ਦੀ ਤਰ੍ਹਾਂ ਹਿੱਸਾ ਲਿਆ।
ਉਂਜ ਤਾਂ ਦੂਜੇ ਧਰਮਾਂ ਦੀ ਤਰ੍ਹਾਂ ਹਿੰਦੂ ਧਰਮ ਵਿੱਚ ਔਰਤਾਂ ਨੂੰ ਦੋਇਮ ਦਰਜਾ ਹੀ ਹਾਸਲ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਵਾਇਤੀ ਭੂਮਿਕਾ ਵਿੱਚ ਉਨ੍ਹਾਂ ਲਈ ਖਾਸ ਢਾਂਚਾ ਹੈ, ਤਿਆਗਮਈ, ਸਹਿਣਸ਼ੀਲ, ਗ੍ਰਹਿ ਲੱਛਮੀ ਅਤੇ ਅੰਨਪੂਰਣਾ।
ਪਰ ਇਸ ਢਾਂਚੇ ਦੀ ਇੱਕ ਨਵੀਂ ਪਰਿਭਾਸ਼ਾ ਅਤੇ ਤੇਵਰ ਉਦੋਂ ਸਾਹਮਣੇ ਆਇਆ ਜਦੋਂ 1990 ਦੇ ਦਹਾਕੇ ਵਿੱਚ ਰਾਮ ਜਨਮ ਭੂਮੀ ਅੰਦੋਲਨ ਵਿੱਚ ਹਿੰਦੂ ਔਰਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇੱਕ ਅਨੁਮਾਨ ਅਨੁਸਾਰ 55 ਹਜ਼ਾਰ ਔਰਤ ਕਾਰ ਸੇਵਕਾਂ ਨੇ ਰਾਮ ਜਨਮ ਭੂਮੀ ਕਾਰ ਸੇਵਾ ਵਿੱਚ ਹਿੱਸਾ ਲਿਆ ਸੀ। ਉਹ ਘਰ ਤੋਂ ਬਾਹਰ ਨਿਕਲੀਆਂ, ਧਰਮ ਦੀ ਰਾਜਨੀਤੀ ਦਾ ਹਿੱਸਾ ਬਣੀਆਂ ਅਤੇ ਵਕਤ ਆਉਣ ’ਤੇ ਮਰਦਾਂ ਦਾ ਅਧਿਕਾਰ ਖੇਤਰ ਜਾਣੇ ਜਾਣ ਵਾਲੇ ਸਾਰੇ ਦਾਇਰੇ ਤੋੜਦੀਆਂ ਗਈਆਂ।
ਅੰਦੋਲਨ ਦੇ ਪ੍ਰਮੁੱਖ ਚਿਹਰੇ ਅਤੇ ਆਵਾਜ਼ ਬਣੀਆਂ ਤਿੰਨ ਖਾਸ ਔਰਤਾਂ ਸਾਧਵੀ ਰਿਤੰਭਰਾ, ਉਮਾ ਭਾਰਤੀ ਅਤੇ ਵਿਜਿਆਰਾਜੇ ਸਿੰਧੀਆ।
ਅਤੇ ਮੰਦਿਰ ਲਈ ਇੱਟਾਂ ਇਕੱਠਾ ਕਰਨ, ਰੱਥ ਯਾਤਰਾ ਨਾਲ ਜੁੜਨ, ਬਾਬਰੀ ਮਸਜਿਦ ਗਿਰਾਉਣ ਅਤੇ ਉਸਦੇ ਬਾਅਦ ਭੜਕੇ ਦੰਗਿਆਂ, ਉਨ੍ਹਾਂ ਸਭ ਵਿੱਚ ਸ਼ਾਮਿਲ ਹੋਈਆਂ ਆਮ ਹਿੰਦੂ ਔਰਤਾਂਂ।
ਭਾਜਪਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਛੇ ਆਗੂਆਂ ਸਮੇਤ ਸਾਧਵੀ ਰਿਤੰਭਰਾ ਅਤੇ ਉਮਾ ਭਾਰਤੀ ’ਤੇ ਮਸਜਿਦ ਢਾਹੁਣ ਦੀ ਅਪਰਾਧਿਕ ਸਾਜ਼ਿਸ਼ ਰਚਣ ਅਤੇ ਦੰਗੇ ਭੜਕਾਉਣ ਦਾ ਮੁਕੱਦਮਾ ਚੱਲ ਰਿਹਾ ਹੈ। ਵਿਜਿਆਰਾਜੇ ਸਿੰਧੀਆ ਦੀ ਸਾਲ 2014 ਵਿੱਚ ਮੌਤ ਹੋ ਗਈ।
ਹੁਣ ਤੋਂ ਤਿੰਨ ਦਹਾਕੇ ਪਹਿਲਾਂ, ਜਿਸ ਦੌਰ ਵਿੱਚ ਔਰਤਾਂ ਰਾਜਨੀਤੀ ਦਾ ਇੱਕ ਛੋਟਾ ਜਿਹਾ ਅੰਸ਼ ਸਨ, ਇਨ੍ਹਾਂ ਤਿੰਨਾਂ ਨੇ ਰਾਮ ਮੰਦਿਰ ਅੰਦੋਲਨ ਦੇ ਮਾਹੌਲ ਵਿੱਚ ਆਪਣੇ ਲਈ ਅਤੇ ਆਮ ਹਿੰਦੂ ਔਰਤਾਂ ਲਈ ਰਾਜਨੀਤੀ ਅਤੇ ਉਸ ਨਾਲ ਜੁੜੀ ਹਿੰਸਾ ਦੀ ਇੱਕ ਨਵੀਂ ਜ਼ਮੀਨ ਤਿਆਰ ਕੀਤੀ।
ਸਾਧਵੀ ਰਿਤੰਭਰਾ
ਅੰਦੋਲਨ ਦੀ ਆਵਾਜ਼
ਰਾਮ ਜਨਮ ਭੂਮੀ ਅੰਦੋਲਨ ਦੌਰਾਨ ਇੱਕ ਆਵਾਜ਼ ਜੋ ਗਲੀ-ਨੁੱਕੜ, ਮੰਦਿਰਾਂ ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀਆਂ ਸਭਾਵਾਂ ਵਿੱਚ ਗੂੰਜਦੀ ਸੀ, ਉਹ ਸਾਧਵੀ ਰਿਤੰਭਰਾ ਦੀ ਸੀ।
ਅੰਦੋਲਨ ਦੇ ਸੰਦੇਸ਼ ਨੂੰ ਉਕੇਰਦੇ ਉਨ੍ਹਾਂ ਦੇ ਭਾਸ਼ਣਾਂ ਦੇ ਆਡਿਓ ਟੇਪ ਬਣਾ ਕੇ ਇੱਕ-ਇੱਕ ਰੁਪਏ ਵਿੱਚ ਵੇਚੇ ਜਾਂਦੇ ਅਤੇ ਬੀਜੇਪੀ-ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਦੇ ਕਾਰਕੁਨਾਂ ਦੇ ਘਰਾਂ ਵਿੱਚ ਵੰਡੇ ਜਾਂਦੇ।
ਇਨ੍ਹਾਂ ਦੀ ਹਰਮਨ ਪਿਆਰਤਾ ਇੰਨੀ ਸੀ ਕਿ ਇਤਿਹਾਸਕਾਰ ਤਨਿਕਾ ਸਰਕਾਰ ਆਪਣੀ ਕਿਤਾਬ ‘ਹਿੰਦੂ ਵਾਈਫ, ਹਿੰਦੂ ਨੇਸ਼ਨ’ ਵਿੱਚ ਲਿਖਦੀ ਹੈ ਕਿ , ‘‘ਅਯੁੱਧਿਆ ਦੇ ਪੰਡਿਤਾਂ ਨੇ ਮੰਦਿਰਾਂ ਵਿੱਚ ਆਪਣੇ ਰੋਜ਼ਾਨਾ ਤੈਅ ਪੂਜਾ-ਪਾਠ ਨੂੰ ਮੁਲਤਵੀ ਕਰ ਕੇ ਆਡਿਓ ਕੈਸੇਟ ਦੇ ਭਾਸ਼ਣਾਂ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ।’’
ਹਿੰਦੂ ਔਰਤਾਂ ਦੇ ਆਗਿਆਕਾਰੀ ਅਤੇ ਸ਼ਾਂਤ ਹੋਣ ਦੇ ਰਵਾਇਤੀ ਅਕਸ ਨੂੰ ਤੋੜਦੇ ਹੋਏ ਇਨ੍ਹਾਂ ਭਾਸ਼ਣਾਂ ਵਿੱਚ ਜੋਸ਼ ਸੀ।
ਭਾਸ਼ਣ ਦੀ ਸ਼ੁਰੂਆਤ ਸਾਧਵੀ ਰਿਤੰਭਰਾ ਅਕਸਰ ‘ਜੈ ਮਾਂ ਸੀਤਾ’ ਤੋਂ ਕਰਦੀ ਸੀ ਅਤੇ ਆਪਣੇ ਸੰਬੋਧਨ ਵਿੱਚ ਇਹ ਦਰਸਾਉਂਦੀ ਸੀ ਕਿ ਲਵ-ਕੁਸ਼ ਦੇ ਵੱਡੇ ਹੋ ਜਾਣ ਦੇ ਬਾਅਦ ਮਾਂ ਸੀਤਾ ਨੇ ਆਪਣੇ ਪਤੀ ਰਾਮ ਦੇ ਕਹਿਣ ’ਤੇ ਵੀ ਉਨ੍ਹਾਂ ਕੋਲ ਨਾ ਪਰਤਣ ਦਾ ਫੈਸਲਾ ਕੀਤਾ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ।
ਯਾਨੀ ਪਤੀ ਦੀ ਆਗਿਆ ਤੋਂ ਵੀ ਉੱਪਰ ਧਰਮ ਲਈ ਆਪਣੇ ਮਨ ਦੀ ਗੱਲ ਮੰਨੀ ਕਿਉਂਕਿ ਉਹ ਸਹੀ ਸੀ। ਸਾਧਵੀ ਦੇ ਚਿੱਤਰਣ ਵਿੱਚ ਸੀਤਾ ਸਿਰਫ਼ ਪਤਨੀ ਨਹੀਂ, ਹਿੰਦੂ ਧਰਮ ਦੀ ਰਖਵਾਲੀ ਸੀ। ਮਾਇਆ ਅਜ਼ਰਾਨ ਕੋਲੰਬੀਆ ਜਨਰਲ ਲਈ ਲੇਖ ‘ਸੈਫਰਨ ਵਿਮੈੱਨ’ ਵਿੱਚ ਲਿਖਦੀ ਹੈ, ‘‘ਸਾਧਵੀ ਦੀ ਪੁਕਾਰ ’ਤੇ ਉਨ੍ਹਾਂ ਨੂੰ ਸੁਣਨ ਵਾਲੀਆਂ ਔਰਤਾਂ ਸਿਰਫ਼ ਔਰਤਾਂ ਤੋਂ ਇਤਿਹਾਸਕ ਰੱਖਿਅਕ
ਬਣ ਜਾਂਦੀਆਂ ਹਨ ਜਿਨ੍ਹਾਂ ਨੂੰ ਅਯੁੱਧਿਆ ਦੇ ਪੁਨਰਨਿਰਮਾਣ ਲਈ ਬੁਲਾਇਆ ਜਾ ਰਿਹਾ ਹੈ।’’
ਰਿਤੰਭਰਾ ਤੋਂ ਸਾਧਵੀ


ਸਾਧਵੀ ਦੇ ਭਾਸ਼ਣਾਂ ਵਿੱਚ ਸਾਰੇ ਹਿੰਦੂਆਂ ਨੂੰ ਜਾਤ ਦਾ ਵਿਤਕਰਾ ਭੁੱਲ ਕੇ ਇੱਕ ਹੋਣ ਦੀ ਗੱਲ ਹੁੰਦੀ ਸੀ, ਕਿਉਂਕਿ ਉਹ ਕਹਿੰਦੀ ਸੀ ਕਿ ਰਾਮ ਸਭ ਹਿੰਦੂਆਂ ਦੇ ਭਗਵਾਨ ਹਨ।
ਇਹ ਭਾਜਪਾ ਦਾ ਹਿੰਦੂ ਏਕਤਾ ਦਾ ਏਜੰਡਾ ਹੀ ਨਹੀਂ ਸੀ, ਉਨ੍ਹਾਂ ਦੇ ਆਪਣੇ ਜੀਵਨ ਵਿੱਚ ਸੱਚਾਈ ਵੀ ਸੀ।
ਰਿਤੰਭਰਾ ਪੰਜਾਬ ਦੇ ਮੰਡੀ ਦੌਰਾਹਾ ਪਿੰਡ ਦੇ ਉਸ ਗਰੀਬ ਪਰਿਵਾਰ ਵਿੱਚ ਪੈਦਾ ਹੋਈ ਜਿਨ੍ਹਾਂ ਨੂੰ ਨੀਂਵੀ ਜਾਤ ਦਾ ਸਮਝਿਆ ਜਾਂਦਾ ਹੈ।
ਮਨੋ ਵਿਸ਼ਲੇਸ਼ਕ ਸੁਧੀਰ ਕੱਕੜ ਆਪਣੀ ਕਿਤਾਬ ‘ਦਿ ਕਲਰਜ਼ ਆਫ ਵਾਇਲੈਂਸ’ ਵਿੱਚ ਦੱਸਦੇ ਹਨ ਕਿ, ‘‘16 ਸਾਲ ਦੀ ਉਮਰ ਵਿੱਚ ਰਿਤੰਭਰਾ ਨੂੰ ਹਿੰਦੂ ਪੁਨਰਉਤਥਾਨ ਲਈ ਕੰਮ ਕਰ ਰਹੇ ਕਈ ‘ਸੰਤਾਂ’ ਵਿੱਚੋਂ ਪ੍ਰਮੁੱਖ ਸਵਾਮੀ ਪਰਮਾਨੰਦ ਦੇ ਪ੍ਰਵਚਨ ਸੁਣ ਕੇ ਆਤਮਿਕ ਅਨੁਭਵ ਹੋਇਆ।’’
ਇਸਦੇ ਬਾਅਦ ਹੀ ਉਹ ਹਰਿਦੁਆਰ ਦੇ ਉਨ੍ਹਾਂ ਦੇ ਆਸ਼ਰਮ ਚਲੀ ਗਈ ਅਤੇ ਉੱਥੇ ਹੀ ਆਪਣੀ ਭਾਸ਼ਣ ਦੇਣ ਦੀ ਕਲਾ ਵਿਕਸਿਤ ਕੀਤੀ।
ਉਹ ਇੰਨੀ ਨਿਪੁੰਨ ਹੋ ਗਈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਉਨ੍ਹਾਂ ਨੂੰ ਰਾਮ ਮੰਦਿਰ ਅੰਦੋਲਨ ਦੌਰਾਨ ਆਪਣਾ ਬੁਲਾਰਾ ਬਣਾਇਆ।
ਸਤੰਬਰ 1990 ਵਿੱਚ ਗੁਜਰਾਤ ਦੇ ਸੋਮਨਾਥ ਤੋਂ ਰਾਮ ਮੰਦਿਰ ਲਈ ਰੱਥ ਯਾਤਰਾ ਸ਼ੁਰੂ ਹੋਈ। ਇਸ ਨੂੰ ਇੱਕ ਮਹੀਨੇ ਵਿੱਚ 10,000 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਅਯੁੱਧਿਆ ਪਹੁੰਚਣਾ ਸੀ।
ਭਾਜਪਾ ਦੇ ਆਪਣੇ ਅਨੁਮਾਨ ਮੁਤਾਬਿਕ ਦਸ ਕਰੋੜ ਤੋਂ ਜ਼ਿਆਦਾ ਲੋਕਾਂ ਨੇ ਰੱਥ ਯਾਤਰਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਭਾਗ ਲਿਆ।
ਇਸੀ ਦੌਰਾਨ ਰਿਤੰਭਰਾ ਨੇ ਆਪਣੇ ਨਾਮ ਨਾਲ ‘ਸਾਧਵੀ’ ਜੋੜ ਲਿਆ।
ਮੁਸਲਮਾਨਾਂ ਨਾਲ ਨਫ਼ਰਤ

ਸਾਧਵੀ ਦੀ ਭੂਮਿਕਾ ਵਿੱਚ ਉਨ੍ਹਾਂ ਦਾ ਕੱਦ ਉੱਚਾ ਸੀ, ਬ੍ਰਹਮਾਚਾਰਿਆ ਦਾ ਪਾਲਣ ਅਤੇ ਸੰਸਾਰਕ ਸੁੱਖਾਂ ਦਾ ਤਿਆਗ।
ਧੋਖੇਬਾਜ਼ੀ ਤੋਂ ਉੱਪਰ ਰਾਜਨੀਤੀ ਦੇ ਖੇਡ ਤੋਂ ਪਰੇ, ਹਿੰਦੂ ਧਰਮ ਪ੍ਰਤੀ ਪੂਰੇ ਦੇਸ਼ ਲਈ ਚਿੰਤਤ।
ਉਨ੍ਹਾਂ ਦੇ ਭਾਸ਼ਣਾਂ ਵਿੱਚ ਹਿੰਦੂ ਧਰਮ ’ਤੇ ਮੁਸਲਮਾਨਾਂ ਦੇ ਹਮਲੇ ਅਤੇ ਮੁਸਲਮਾਨ ਸਮੁਦਾਏ ਪ੍ਰਤੀ ਨਫ਼ਰਤ ਦਾ ਆਭਾਸ ਹੁੰਦਾ ਸੀ।
ਉਦਾਹਰਨ ਦੇ ਤੌਰ ’ਤੇ ਮੁਸਲਿਮ ਆਬਾਦੀ ਦੇ ਤੇਜ਼ੀ ਨਾਲ ਵਧ ਕੇ ਹਿੰਦੂ ਆਬਾਦੀ ਨੂੰ ਖਤਮ ਕਰ ਦੇਣ ਦਾ ਦਾਅਵਾ, ਮੁਸਲਮਾਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਦੀ ਗੱਲ ਅਤੇ ਉਸਦੇ ਉਲਟ ਹਿੰਦੂ ਭਾਈਚਾਰੇ ਨੂੰ ਉਨ੍ਹਾਂ ਦੇ ਧਾਰਮਿਕ ਤਿਓਹਾਰ ਵੀ ਆਜ਼ਾਦੀ ਨਾਲ ਮਨਾਉਣ ਨਾ ਦਿੱਤੇ ਜਾਣਾ ਆਦਿ।
ਬਿਆਨ ਵਿੱਚ ਹਿੰਦੂ ਔਰਤਾਂ ਦੇ ਪੱਟਾਂ ’ਤੇ ‘ਪਾਕਿਸਤਾਨ’ ਲਿਖ ਦੇਣਾ, ਭਾਰਤ ਮਾਤਾ ਦੀਆਂ ਬਾਹਾਂ ਕੱਟ ਦੇਣੀਆਂ ਵਰਗੇ ਅਕਸ ਵੀ ਉਕੇਰੇ ਜਾਂਦੇ ਸਨ।
ਔਰਤ ਹੁੰਦੇ ਹੋਏ ਇੱਕ ਜਨਤਕ ਮੰਚ ਤੋਂ ਅਜਿਹੀ ਭਾਸ਼ਾ ਅਤੇ ਹਿੰਸਕ ਲਹਿਜਾ ਅਪਣਾਉਣ ਵਿੱਚ ਵੀ ਤਾਕਤ ਦਾ ਅਹਿਸਾਸ ਹੋਵੇਗਾ।
ਉਨ੍ਹਾਂ ਦੇ ਸ਼ਬਦਾਂ ਦੀ ਚੋਣ ਵਿੱਚ ਮਰਦਾਨਾ ਅੰਦਾਜ਼ ਅਤੇ ਨਜ਼ਰੀਆ ਤਾਂ ਸੀ, ਪਰ ਔਰਤਾਂ ਨੂੰ ਲੁਭਾਉਣ ਲਈ ਅੰਦੋਲਨ ਵਿੱਚ ਉਨ੍ਹਾਂ ਦੀ ਭੂਮਿਕਾ ’ਤੇ ਜ਼ੋਰ ਵੀ ਦਿੱਤਾ ਜਾਂਦਾ ਸੀ। ਫਿਰ ਚਾਹੇ ਉਹ ਭੂਮਿਕਾ ਘਰ ਵਿੱਚ ਹੋਵੇ ਜਾਂ ਸੜਕ ’ਤੇ।
ਹਿੰਦੂ ਧਰਮ ’ਤੇ ਹਮਲੇ ਦੇ ਉਨ੍ਹਾਂ ਦੇ ਭਾਸ਼ਣ ਵਿੱਚ ਮਰਦਾਂ ਦੀ ਮਦਦ ਲਈ ਔਰਤਾਂ ਨੂੰ ਮਾਂ ਬਣ ਕੇ ਹਿੰਦੂ ਆਬਾਦੀ ਵਧਾਉਣੀ ਸੀ ਅਤੇ ਘਰਾਂ ਤੋਂ ਨਿਕਲ ਕੇ ਸਾਹਮਣੇ ਆਉਣ ਦਾ ਸੱਦਾ ਵੀ ਸੀ।
ਛੇ ਦਸੰਬਰ 1992 ਨੂੰ ਜਦੋਂ ਕਾਰ ਸੇਵਕ ਬਾਬਰੀ ਮਸਜਿਦ ’ਤੇ ਚੜ੍ਹ ਗਏ ਸਨ, ਉਦੋਂ ਸਾਧਵੀ ਰਿਤੰਭਰਾ, ਭਾਜਪਾ ਦੇ ਮੋਹਰੀ ਨੇਤਾਵਾਂ ਅਤੇ ਕਈ ਸਾਧੂ-ਸੰਤਾਂ ਨਾਲ ਮੰਚ ’ਤੇ ਸੀ।
ਸੀਨੀਅਰ ਪੱਤਰਕਾਰ ਹੇਮੰਤ ਸ਼ਰਮਾ ਨੇ ਆਪਣੀ ਕਿਤਾਬ ‘ਯੁੱਧ ਵਿੱਚ ਅਯੋਧਿਆ’ ਵਿੱਚ ਉਸ ਦਿਨ ਦੀ ਅੱਖਾਂ ਨਾਲ ਦੇਖੀ ਨੂੰ ਬਿਆਨ ਕੀਤਾ ਹੈ।
ਉਨ੍ਹਾਂ ਮੁਤਾਬਿਕ ਸਾਧਵੀ ਰਿਤੰਭਰਾ ਕਾਰ ਸੇਵਕਾਂ ਨੂੰ ਸੰਬੋਧਿਤ ਕਰਦੇ ਹੋਏ ਕਹਿ ਰਹੀ ਸੀ ਕਿ ਉਹ ਇਸ ਸ਼ੁਭ ਅਤੇ ਪਵਿੱਤਰ ਕੰਮ ਵਿੱਚ ਪੂਰੀ ਤਰ੍ਹਾਂ ਲੱਗਣ। ਉਸ ਦਿਨ ਮੰਚ ’ਤੇ ਇੱਕ ਹੋਰ ਔਰਤ ਵੀ ਮੌਜੂਦ ਸੀ, ਸਿਰਫ਼ 30 ਸਾਲ ਦੀ ਉਮਰ ਵਿੱਚ ਲੋਕ ਸਭਾ ਚੋਣ ਜਿੱਤ ਕੇ ਮੱਧ ਪ੍ਰਦੇਸ਼ ਦੇ ਖਜੁਰਾਹੋ ਤੋਂ ਸੰਸਦ ਮੈਂਬਰ ਬਣੀ ਉਮਾ ਭਾਰਤੀ।
ਉਮਾ ਭਾਰਤੀ
‘ਸੈਕਸੀ ਸੰਨਿਆਸਣ’
ਛੇ ਦਸੰਬਰ 1992 ਦੀ ਇੱਕ ਬਹੁਚਰਚਿਤ ਤਸਵੀਰ ਵਿੱਚ ਮਸਜਿਦ ਢਾਹੁਣ ਦੇ ਬਾਅਦ ਉਮਾ ਭਾਰਤੀ ਨੂੰ ਉਦੋਂ ਰਾਜ ਸਭਾ ਵਿੱਚ ਭਾਜਪਾ ਦੇ ਸੰਸਦ ਮੈਂਬਰ ਰਹੇ ਮੁਰਲੀ ਮਨੋਹਰ ਜੋਸ਼ੀ ਦੀ ਪਿੱਠ ’ਤੇ ਚੜ੍ਹ ਕੇ ਹੱਸਦੇ ਹੋਏ ਦੇਖਿਆ ਜਾ ਸਕਦਾ ਹੈ।
ਇਹ ਸਿਰਫ਼ ਇਤਫਾਕ ਨਹੀਂ ਕਿ ਰਾਮ ਮੰਦਿਰ ਅੰਦੋਲਨ ਦੌਰਾਨ ਭਾਸ਼ਣ ਦੇਣ ਦੀਆਂ ਉਮਾ ਭਾਰਤੀ ਦੀਆਂ ਤਸਵੀਰਾਂ ਬਹੁਤ ਲੱਭਣ ’ਤੇ ਵੀ ਨਹੀਂ ਮਿਲਦੀਆਂ ਹਨ, ਪਰ ਇਸ ਤਸਵੀਰ ਦੀ ਵਾਰ-ਵਾਰ ਵਰਤੋਂ ਕੀਤੀ ਗਈ ਹੈ।
ਉਸ ਸਮੇਂ ਘੱਟ ਉਮਰ ਦੀ ਉਮਾ ਭਾਰਤੀ ਦੀ ਰਾਜਨੀਤੀ ਵਿੱਚ ਪੈਠ ਬਣਾਉਣ ਦੀਆਂ ਕੋਸ਼ਿਸ਼ਾਂ ’ਤੇ ਕਈ ਖ਼ਬਰਾਂ ਬਣਦੀਆਂ ਸਨ। ਪੁਰਸ਼ ਨੇਤਾਵਾਂ ਨਾਲ ਉਨ੍ਹਾਂ ਦਾ ਖੁੱਲ੍ਹਾਪਣ ਅਤੇ ਉਨ੍ਹਾਂ ਦੇ ਕਥਿਤ ਰਿਸ਼ਤੇ ਅਕਸਰ ਉਨ੍ਹਾਂ ਨੂੰ ਹੇਠ ਖਿੱਚਣ ਅਤੇ ਅਖ਼ਬਾਰਾਂ-ਮੈਗਜ਼ੀਨਾਂ ਵਿੱਚ ਖ਼ਬਰ ਬਣਨ ਲਈ ਵਰਤੇ ਜਾਂਦੇ ਸਨ। ਦੱਬੀ ਸੁਰ ਵਿੱਚ ਉਸਨੂੰ ‘ਸੈਕਸੀ ਸੰਨਿਆਸਣ’ ਨਾਲ ਸੰਬੋਧਨ ਵੀ ਅਜਿਹੇ ਹੀ ਲੋਕਾਂ ਨੇ ਦਿੱਤਾ ਸੀ।
ਇਹ ਉਦੋਂ ਜਦੋਂ 1989 ਦੀਆਂ ਲੋਕ ਸਭਾ ਚੋਣਾਂ ਵਿੱਚ 523 ਵਿੱਚੋਂ ਸਿਰਫ਼ 23 ਸੀਟਾਂ ਯਾਨੀ 4.4 ਪ੍ਰਤੀਸ਼ਤ ਔਰਤਾਂ ਨੇ ਜਿੱਤੀਆਂ ਸਨ ਜਿਨ੍ਹਾਂ ਵਿੱਚ ਇੱਕ ਉਮਾ ਭਾਰਤੀ ਸੀ।
ਇੰਦਰਾ ਗਾਂਧੀ ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਬਣ ਚੁੱਕੀ ਸੀ, ਪਰ ਇਹ ਰਾਜਨੀਤੀ ਵਿੱਚ ਔਰਤਾਂ ਦੀ ਵਧ ਰਹੀ ਹਿੱਸੇਦਾਰੀ ਦਾ ਸੂਚਕ ਨਹੀਂ ਸੀ।

ਉਮਾ ਭਾਰਤੀ ਅਤੇ ਸਾਬਕਾ ਭਾਜਪਾ ਪ੍ਰਧਾਨ ਗੋਵਿੰਦਾਚਾਰਿਆ ਨਾਲ ਉਨ੍ਹਾਂ ਦੇ ‘ਅਫੇਅਰ’ ਦੀਆਂ ਖ਼ਬਰਾਂ ਜਦੋਂ ਜ਼ੋਰ ਫੜਨ ਲੱਗੀਆਂ ਤਾਂ ਉਮਾ ਭਾਰਤੀ ਨੇ ਖੁਦ ਮੀਡੀਆ ਨੂੰ ਦੱਸਿਆ ਕਿ ਉਹ ਨੀਂਦ ਦੀਆਂ ਗੋਲੀਆਂ ਲੈ ਕੇ ਆਤਮ ਹੱਤਿਆ ਦੀ ਕੋਸ਼ਿਸ ਕਰਨ ’ਤੇ ਮਜਬੂਰ ਹੋ ਗਈ।
ਉਸ ਵਕਤ ‘ਇੰਡੀਅਨ ਐਕਸਪ੍ਰੈੱਸ’ ਅਖ਼ਬਾਰ ਨੂੰ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, ‘‘ਔਰਤਾਂ ਦੇ ਮਾਮਲੇ ਵਿੱਚ ਲੋਕ ਬਹੁਤ ਛੋਟੇ ਦਿਲ ਅਤੇ ਰੂੜੀਵਾਦੀ ਖਿਆਲ ਰੱਖਦੇ ਹਨ।’’
‘ਮਾਨੁਸ਼ੀ’ ਦੀ ਸੰਪਾਦਕ ਮਧੂ ਕਿਸ਼ਵਰ ਨੇ ਉਮਾ ਭਾਰਤੀ ਦੀ ਆਤਮ ਹੱਤਿਆ ਦੀ ਕੋਸ਼ਿਸ ਦੇ ਸੰਦਰਭ ਵਿੱਚ 1996 ਦੇ ਆਪਣੇ ਇੱਕ ਲੇਖ ਵਿੱਚ ਲਿਖਿਆ, ‘‘ਜੇਕਰ ਇੱਕ ਔਰਤ ਆਪਣੇ ਦਮ ’ਤੇ ਕਿਸੇ ਪਾਰਟੀ ਵਿੱਚ ਉੱਭਰੇ ਤਾਂ ਭ੍ਰਿਸ਼ਟ ਨੇਤਾ ਆਪਣੀ ਹੀ ਸਹਿਯੋਗੀ ਨੂੰ ਬਦਨਾਮ ਕਰਨ ਅਤੇ ਪਿੱਛੇ ਖਿੱਚਣ ਤੋਂ ਪਹਿਲਾਂ ਨਹੀਂ ਸੋਚਦੇ, ਫਿਰ ਚਾਹੇ ਉਹ ਹੋਰ ਤਰੀਕਿਆਂ ਨਾਲ ਆਪਣੇ ਲਈ ਸਮਰਥਨ ਜੁਟਾਉਣ ਦੇ ਕਾਬਲ ਹੋਣ।’’
ਬਿਨਾਂ ਮਰਦ ਦੀ ਔਰਤ

ਉਮਾ ਭਾਰਤੀ ਆਪਣੇ ਪੈਰਾਂ ’ਤੇ ਖੜ੍ਹੀ ਸੀ। ਕਿਸੇ ਪਿਤਾ ਜਾਂ ਬੇਟੇ ’ਤੇ ਆਰਥਿਕ ਤੌਰ ’ਤੇ ਨਿਰਭਰ ਨਹੀਂ ਸੀ, ਨਾ ਹੀ ਉਸਦੀ ਪਛਾਣ ਮਾਂ ਜਾਂ ਬੇਟੀ ਦੀ ਸੀ।
ਉਹ ਇੱਕ ਸੁਚੇਤ, ਸਸ਼ਕਤ ਅਤੇ ਰਾਜਨੀਤਕ ਤੌਰ ’ਤੇ ਅਕਾਂਖਿਆਵਾਦੀ ਔਰਤ ਸੀ। ਜਦੋਂ ਉਮਾ ਭਾਰਤੀ 11 ਸਾਲ ਦੀ ਸੀ, ਉਸਦੇ ਪਿਤਾ ਦੀ ਮੌਤ ਹੋ ਗਈ। ਉਸਦੀ ਮਾਂ ਜਿਨ੍ਹਾਂ ਨੂੰ ਉਹ ਆਪਣੀ ਪ੍ਰੇਰਣਾ ਦਾ ਸਰੋਤ ਦੱਸਦੀ ਹੈ, ਨੇ ਉਸਨੂੰ ਅਤੇ ਉਸ ਦੇ ਪੰਜ ਭਾਈ-ਭੈਣਾਂ ਨੂੰ ਇਕੱਲੇ ਹੀ ਪਾਲਿਆ।
ਇੱਕ ਇੰਟਰਵਿਊ ਵਿੱਚ ਉਮਾ ਭਾਰਤੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪਿਤਾ ਵੱਲੋਂ ਉਨ੍ਹਾਂ ਲਈ ਛੱਡੀ ਗਈ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਮਾਂ ਇੱਕ ਮਹੀਨਾ ਪੈਦਲ ਚੱਲ ਕੇ ਭੂਪਾਲ ਗਈ ਅਤੇ ਮੁੱਖ ਮੰਤਰੀ ਰਿਹਾਇਸ਼ ਦੇ ਗੇਟ ਦੇ ਸਾਹਮਣੇ ਲੇਟ ਗਈ ਤਾਂ ਕਿ ਆਪਣੀ ਫਰਿਆਦ ਦੀ ਸੁਣਵਾਈ ਕਰਵਾ ਸਕੇ।
ਕੁਝ ਅਜਿਹੀ ਹੀ ਜ਼ਿੱਦ ਅਤੇ ਹੌਸਲਾ ਉਮਾ ਭਾਰਤੀ ਨੇ ਦਿਖਾਇਆ ਜਦੋਂ ਅਯੁੱਧਿਆ ਵਿੱਚ ਦਾਖਲ ਹੋਣ ਲਈ ਉਸਨੇ ਆਪਣਾ ਸਿਰ ਮੁਨਵਾ ਦਿੱਤਾ।
1990 ਵਿੱਚ ਜੈਪੁਰ ਵਿੱਚ ਹੋਏ ਬੀਜੇਪੀ ਦੇ ਸੰਮੇਲਨ ਵਿੱਚ ਆਪਣੇ ਭਾਸ਼ਣ ਵਿੱਚ ਉਮਾ ਭਾਰਤੀ ਨੇ ਦੱਸਿਆ ਕਿ ਅਕਤੂਬਰ ਵਿੱਚ ਜਦੋਂ ਅਯੁੱਧਿਆ ਵਿੱਚ ਵਿਵਾਦਤ ਢਾਂਚੇ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ, ਉਦੋਂ ਉਨ੍ਹਾਂ ਕੋਲ ਉੱਥੇ ਜਾਣ ਦਾ ਇੱਕਲੌਤਾ ਰਸਤਾ ਸੀ। ਉਨ੍ਹਾਂ ਨੇ ਕਿਹਾ, ‘‘ਮੈਨੂੰ ਮੇਰੇ ਲੰਬੇ ਵਾਲ ਬਹੁਤ ਪਿਆਰੇ ਸਨ, ਪਰ ਮੈਂ ਇੱਕ ਮੰਦਿਰ ਵਿੱਚ ਗਈ ਅਤੇ ਨਾਈ ਨੂੰ ਕਿਹਾ ਕਿ ਮੇਰੇ ਵਾਲ ਸਾਫ਼ ਕਰ ਦੇ, ਜਦੋਂ ਸਿਰ ਗੰਜਾ ਹੋ ਗਿਆ, ਉਦੋਂ ਅਯੁੱਧਿਆ ਦੀ ਸਖ਼ਤ ਸੁਰੱਖਿਆ ਦੇ ਬਾਵਜੂਦ ਮੈਂ ਇੱਕ ਲੜਕੇ ਦੇ ਭੇਸ ਵਿੱਚ ਦਾਖਿਲ ਹੋਣ ਵਿੱਚ ਕਾਮਯਾਬ ਰਹੀ।’’
ਮਰਦਾਂ ਦੇ ਦਬਦਬੇ ਵਾਲੀ ਰਾਜਨੀਤਕ ਮੁਕਾਬਲੇਬਾਜ਼ੀ ਵਿੱਚ ਗੇਰੂਏ ਕੱਪੜੇ ਪਹਿਨੇ, ਬ੍ਰਹਮਚਾਰਿਆ ਦਾ ਪਾਲਣ ਕਰਦੀ, ਸਿਰ ਮੁਨਵਾਈ ਇੱਕ ਔਰਤ ਦਾ ਅਕਸ ਬਹੁਤ ਅਸਰਦਾਰ ਸੀ।
ਪਾਰਟੀ ਵਿੱਚ ਜਗ੍ਹਾ ਬਣਾਉਣਾ ਮੁਸ਼ਕਿਲਾਂ ਭਰਿਆ ਬੇਸ਼ੱਕ ਰਿਹਾ ਹੋਵੇ, ਪਰ ਰਾਮ ਜਨਮਭੂਮੀ ਅੰਦੋਲਨ ਵਿੱਚ ਵੀ ਉਹ ਸਾਧਵੀ ਰਿਤੰਭਰਾ ਵਰਗੀ ਹੀ ਤੇਜ਼ ਤਰਾਰ ਭਾਸ਼ਣ ਕਰਤਾ ਦੇ ਤੌਰ ’ਤੇ ਉੱਭਰੀ, ਉਨ੍ਹਾਂ ਦੇ ਭਾਸ਼ਣਾਂ ਦੀਆਂ ਆਡਿਓ ਟੇਪਾਂ ਵੀ ਖੂਬ ਬਣਾਈਆਂ ਗਈਆਂ।
ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਉਨ੍ਹਾਂ ਭਾਸ਼ਣਾਂ ’ਤੇ ਬੀਜੇਪੀ ਨੇ ਕਦੇ ਨਕੇਲ ਵੀ ਨਹੀਂ ਕਸੀ।
ਮਸਜਿਦ ਗਿਰਾਉਣ ਵਿੱਚ ਭੂਮਿਕਾ
ਰਾਮ ਜਨਮ ਭੂਮੀ ਅੰਦੋਲਨ ’ਤੇ ਪੱਤਰਕਾਰਾਂ ਵੱਲੋਂ ਲਿਖੇ ਗਏ ਕਈ ਲੇਖ ਉਮਾ ਭਾਰਤੀ ਦੇ ਭਾਸ਼ਣਾਂ ਦੀ ਚਰਚਾ ਕਰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਭਾਸ਼ਾ ਸਾਧਵੀ ਰਿਤੰਭਰਾ ਤੋਂ ਕੁਝ ਖਾਸ ਅਲੱਗ ਨਹੀਂ ਹੈ।
ਜਿਵੇਂ ਉਨ੍ਹਾਂ ਨੇ ਕਿਹਾ, ਰਾਮ ਮੰਦਿਰ ਬਣਾਉਣ ਲਈ ‘ਸਰਯੂ ਦਾ ਪਾਣੀ ਸਾਡੇ ਖੂਨ ਨਾਲ ਲਾਲ ਵੀ ਹੋ ਜਾਵੇ ਤਾਂ...’’ ਜਾਂ ‘ਮੰਦਿਰ ਬਣਾਉਣ ਲਈ ਜੇਕਰ ਜ਼ਰੂਰਤ ਪਈ ਤਾਂ ਅਸੀਂ ਆਪਣੀਆਂ ਹੱਡੀਆਂ ਨੂੰ ਇੱਟ ਬਣਾ ਦੇਵਾਂਗੇ ਅਤੇ ਲਹੂ ਨੂੰ ਗਾਰਾ।’’
ਬਾਬਰੀ ਮਸਜਿਦ ਢਾਹੁਣ ਦੇ ਤੁਰੰਤ ਬਾਅਦ ਦਸੰਬਰ 1992 ਵਿੱਚ ਹੀ ਕੇਂਦਰ ਸਰਕਾਰ ਨੇ ਰਿਟਾਇਰਡ ਹਾਈ ਕੋਰਟ ਜਸਸਿਟ ਲਿਬਰਹਾਨ ਨੂੰ ਇਸ ਦੀ ਤਹਿਕੀਕਾਤ ਦਾ ਕੰਮ ਸੌਂਪਿਆ।
17 ਸਾਲ ਬਾਅਦ ਲਿਬਰਹਾਨ ਕਮਿਸ਼ਨ ਨੇ ਆਪਣੀ ਰਿਪੋਰਟ ਸੌਂਪੀ ਜਿਸ ਵਿੱਚ ਉਮਾ ਭਾਰਤੀ, ਸਾਧਵੀ ਰਿਤੰਭਰਾ ਅਤੇ ਵਿਜਿਆਰਾਜੇ ਸਿੰਧੀਆ ਸਮੇਤ 68 ਲੋਕਾਂ ਨੂੰ ਫ਼ਿਰਕੂ ਭਾਵਨਾਵਾਂ ਭੜਕਾਉਣ ਦਾ ਦੋਸ਼ੀ ਪਾਇਆ।
ਉਮਾ ਭਾਰਤੀ ਨੇ ਇਸ ਨੂੰ ਗਲਤ ਦੱਸਦੇ ਹੋਏ ਉਦੋਂ ਇਹ ਕਿਹਾ ਸੀ ਕਿ ਉਹ ਮਸਜਿਦ ਢਾਹੇ ਜਾਣ ਦੀ ਸਿਰਫ਼ ‘ਨੈਤਿਕ ਜ਼ਿੰਮੇਵਾਰੀ’ ਲਏਗੀ ਅਤੇ ਉਸ ਨੂੰ ‘ਰਾਮ ਜਨਮਭੂਮੀ ਅੰਦੋਲਨ ਦਾ ਹਿੱਸਾ ਹੋਣ ’ਤੇ ਮਾਣ ਹੈ।’’
ਬਾਬਰੀ ਮਸਜਿਦ ਢਾਹੁਣ ਦੇ ਦਿਨ ਉਮਾ ਭਾਰਤੀ ਨੇ ਦੋ ਨਾਅਰੇ ਦਿੱਤੇ ਸਨ, ‘‘ਰਾਮ ਨਾਮ ਸੱਤ ਹੈ, ਬਾਬਰੀ ਮਸਜਿਦ ਢਾਹੀ ਹੈ’’ ਅਤੇ ‘ਇੱਕ ਧੱਕਾ ਹੋਰ ਦਿਓ, ਬਾਬਰੀ ਮਸਜਿਦ ਤੋੜ ਦਿਓ।’’
ਸੀਨੀਅਰ ਪੱਤਰਕਾਰ ਹੇਮੰਤ ਸ਼ਰਮਾ ਮੁਤਾਬਿਕ ਉਮਾ ਭਾਰਤੀ ਨੇ ਮੰਚ ਤੋਂ ਕਿਹਾ, ‘‘ਅਜੇ ਕੰਮ ਪੂਰਾ ਨਹੀਂ ਹੋਇਆ ਹੈ, ਤੁਸੀਂ ਉਦੋਂ ਤੱਕ ਪਰਿਸਰ ਨਾ ਛੱਡਿਓ ਜਦੋਂ ਤੱਕ ਪੂਰਾ ਇਲਾਕਾ ਸਮਤਲ ਨਾ ਹੋ ਜਾਵੇ।’’
ਉਨ੍ਹਾਂ ਨੇ ਮੰਚ ’ਤੇ ਇੱਕ ਔਰਤ ਨੂੰ ਵੀ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ ਉਹ ‘ਢਾਂਚੇ ਦੇ ਗੁਬੰਦ ’ਤੇ ਚੜ੍ਹਨ ਵਾਲੀ ਪਹਿਲੀ ਔਰਤ ਹੈ।’’
ਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ ਦਾ ਮਕਸਦ ਹਿੰਦੂ ਏਕਤਾ ਅਤੇ ਰਾਮ ਮੰਦਿਰ ਲਈ ਕਾਰ ਸੇਵਕਾਂ ਨੂੰ ਪ੍ਰੇਰਿਤ ਕਰਨਾ ਸੀ। ਉਨ੍ਹਾਂ ਦਾ ਟੀਚਾ ਇੱਕ ਹੀ ਸੀ ਅਤੇ ਉਸ ਵਿੱਚ ਉਨ੍ਹਾਂ ਨੇ ਮਰਦਾਂ ਨਾਲ ਔਰਤਾਂ ਨੂੰ ਵੀ ਸ਼ਾਮਲ ਕੀਤਾ।
ਪਰ ਦੋਵਾਂ ਨੇ ਹੀ ਆਪਣੀ ਹਰਮਨ ਪਿਆਰਤਾ ਦੀ ਵਰਤੋਂ ਔਰਤਾਂ ਦੇ ਮੁੱਦੇ ਚੁੱਕਣ ਲਈ ਨਹੀਂ ਕੀਤੀ। ਅਜਿਹਾ ਕਰਨਾ ਸ਼ਾਇਦ ਉਦੋਂ ਇੱਕ ਕਮਜ਼ੋਰੀ ਦੇ ਰੂਪ ਵਿੱਚ ਦੇਖਿਆ ਜਾਂਦਾ ਅਤੇ ਉਸ ਵਿੱਚ ਉਹ ਇੰਨੀ ਪ੍ਰਭਾਵੀ ਵੀ ਨਾ ਹੁੰਦੀ।
ਹਾਲਾਂਕਿ ਉਮਾ ਭਾਰਤੀ ਨੂੰ ਰਾਜਨੀਤੀ ਵਿੱਚ ਅੱਗੇ ਲਿਆਉਣ ਵਿੱਚ ਸਭ ਤੋਂ ਅਹਿਮ ਭੂਮਿਕਾ ਇੱਕ ਔਰਤ ਵਿਜਿਆਰਾਜੇ ਸਿੰਧੀਆ ਨੇ ਹੀ ਨਿਭਾਈ।
ਕਈ ਇੰਟਰਵਿਊਜ਼ ਵਿੱਚ ਉਮਾ ਭਾਰਤੀ ਨੇ ਘੱਟ ਉਮਰ ਵਿੱਚ ਸਿੰਧੀਆ ਦੀ ਛਤਰ ਛਾਇਆ ਵਿੱਚ ਆਉਣ ਅਤੇ ਉਸ ਦੇ ਜ਼ੋਰ ’ਤੇ ਸੰਘ ਵਿੱਚ ਆਪਣੀ ਜਗ੍ਹਾ ਬਣਾ ਸਕਣ ਦਾ ਜ਼ਿਕਰ ਕੀਤਾ ਹੈ।

ਵਿਜਿਆਰਾਜੇ ਸਿੰਧੀਆ
ਹਿੰਦੂ ਰੀਤ ਦੀ ਪ੍ਰਤੀਕ
ਨੌਜਵਾਨ ਨੇਤਾਵਾਂ, ਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ ਤੋਂ ਉਮਰ ਵਿੱਚ ਬਹੁਤ ਵੱਡੀ, 70 ਸਾਲ ਪਾਰ ਕਰ ਚੁੱਕੀ ਹੰਢੀ ਹੋਈ ਨੇਤਾ ਵਿਜਿਆਰਾਜੇ ਸਿੰਧੀਆ, ਰਾਮ ਜਨਮ ਭੂਮੀ ਅੰਦੋਲਨ ਦਾ ਤੀਜਾ ਅਹਿਮ ਔਰਤ ਚਿਹਰਾ ਸੀ।
ਆਰਥਿਕ ਰੂਪ ਨਾਲ ਕਮਜ਼ੋਰ ਅਤੇ ਪਿੱਛੜੀ ਜਾਤੀ ਦੇ ਮੰਨੇ ਜਾਣ ਵਾਲੇ ਪਰਿਵਾਰਾਂ ਤੋਂ ਆਉਣ ਵਾਲੀ ਭਾਰਤੀ ਅਤੇ ਰਿਤੰਭਰਾ ਤੋਂ ਉਸਦਾ ਪਿਛੋਕੜ ਬਹੁਤ ਅਲੱਗ ਸੀ।
ਖੁਸ਼ਹਾਲ ਅਤੇ ਸਾਮੰਤੀ ਵਰਗ ਵਿੱਚ ਹਰਮਨ ਪਿਆਰੀ, ਅਖੌਤੀ ਉੱਚੀ ਜਾਤ ਦੀ ਵਿਜਿਆਰਾਜੇ ਰਾਜਸੀ ਅਮੀਰ ਘਰਾਣੇ ਨਾਲ ਸਬੰਧ ਰੱਖਦੀ ਸੀ।
ਹਾਲਾਂਕਿ ਰਿਤੰਭਰਾ ਅਤੇ ਭਾਰਤੀ ਦੀ ਹੀ ਤਰ੍ਹਾਂ ਉਹ ਵੀ ਸਿੰਗਲ ਔਤਰ ਸੀ। ਵਿਧਵਾ ਹੋਣ ਦੀ ਵਜ੍ਹਾ ਨਾਲ ਉਹ ਵੀ ਬ੍ਰਹਮਚਾਰਿਆ ਦਾ ਜੀਵਨ ਜੀਅ ਰਹੀ ਸੀ।
ਆਰਐੱਸਅੇੱਸ ਦੇ ਪੁਰਸ਼ ਮੈਂਬਰਾਂ ਲਈ ਬ੍ਰਹਮਚਾਰਿਆ ਲਾਜ਼ਮੀ ਹੈ। ਇਹ ਸਿੰਧੀਆ ਨੂੰ ਇੱਕ ਉੱਚਾ ਦਰਜਾ ਦਿੰਦਾ ਸੀ ਅਤੇ ਰਾਸ਼ਟਰ ਨਿਰਮਾਣ ਲਈ ਚੰਗੀ ਸੇਵਿਕਾ ਬਣਾਉਂਦਾ ਸੀ।
ਗੇਰੂਆਂ ਵਸਤਰ ਅਤੇ ਵੱਡੇ ਸਫ਼ੈਦ ਜਾਂ ਲਾਲ ਟਿੱਕੇ ਵਾਲੀ ਰਿਤੰਭਰਾ ਅਤੇ ਭਾਰਤੀ ਦੇ ਰਹਿਣ ਸਹਿਣ ਤੋਂ ਕਾਫ਼ੀ ਅਲੱਗ, ਸਿੰਧੀਆ ਵਿਧਵਾ ਹੋਣ ਦੇ ਬਾਅਦ ਪੁਰਾਣੀਆਂ ਰਵਾਇਤਾਂ ਮੁਤਾਬਿਕ ਸਫ਼ੈਦ ਸਾੜ੍ਹੀ ਪਹਿਨਦੀ ਸੀ।
ਉਨ੍ਹਾਂ ਦੇ ਵਿਚਾਰ ਹਿੰਦੂ ਧਰਮ ਵਿੱਚ ਹਰਮਨ ਪਿਆਰੀ ਔਰਤ ਦੀ ਰੂੜੀਵਾਦੀ ਭੂਮਿਕਾ ਨੂੰ ਸਹੀ ਮੰਨਦੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਈ ਵਾਰ ਸਪੱਸ਼ਟ ਕੀਤਾ ਕਿ ਉਨ੍ਹਾਂ ਮੁਤਾਬਿਕ ਔਰਤਾਂ ਦਾ ਮੁੱਖ ਫਰਜ਼ ਪਤਨੀ ਅਤੇ ਮਾਂ ਬਣਨਾ ਹੈ ਅਤੇ ਔਰਤਾਂ ਦੇ ਸਤੀ ਹੋ ਜਾਣ ਨੂੰ ਉਹ ਇੱਕ ਗੌਰਵਮਈ ਪਰੰਪਰਾ ਦਾ ਹਿੱਸਾ ਦੱਸਦੀ ਸੀ।
ਅੰਮ੍ਰਿਤਾ ਬਾਸ ਨੂੰ ਇੱਕ ਇੰਟਰਵਿਊ ਵਿੱਚ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਦੇ ਬਚਪਨ ਵਿੱਚ ਹੀ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਅਤੇ ‘ਹਿੰਦੂ ਰਾਸ਼ਟਰ’ ਨੇ ਉਸਦੀ ਮਾਂ ਦੀ ਜਗ੍ਹਾ ਲਈ, ਜਿਸ ਲਈ ਉਨ੍ਹਾਂ ਨੇ ਕੰਮ ਕੀਤਾ।
ਉਨ੍ਹਾਂ ਨੇ ਮੰਨਿਆ ਕਿ ਆਮ ਪਰਿਵਾਰਾਂ ਦੀ ਹੀ ਤਰ੍ਹਾਂ ਬਚਪਨ ਵਿੱਚ ਆਪਣੀ ਬੇਟੀ ਦੇ ਮੁਕਾਬਲੇ ਉਨ੍ਹਾਂ ਨੇ ਆਪਣੇ ਬੇਟੇ ਨੂੰ ਜ਼ਿਆਦਾ ਤਰਜੀਹ ਦਿੱਤੀ।
ਪਰ ਬੱਚਿਆਂ ਦੇ ਵੱਡੇ ਹੋਣ ਦੇ ਬਾਅਦ ਬੇਟੇ ਮਾਧਵ ਰਾਓ ਸਿੰਧੀਆ ਨੇ ਜਦੋਂ ਵਿਰੋਧੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤਾਂ ਉਸ ਨਾਲ ਰਿਸ਼ਤਾ ਖਰਾਬ ਹੁੰਦਾ ਚਲਾ ਗਿਆ ਅਤੇ ਬੇਟੀ ਵਸੁੰਧਰਾ ਰਾਜੇ ਸਿੰਧੀਆ (ਜੋ ਤਲਾਕ ਦੇ ਬਾਅਦ ਆਪਣੀ ਮਾਂ ਕੋਲ ਪਰਤ ਆਈ) ਹੀ ਉਸਦੀ ਰਾਜਨੀਤਿਕ ਉਤਰਾਧਿਕਾਰੀ ਬਣੀ।
ਰਾਜ ਪਰਿਵਾਰ ਦਾ ਦਬਦਬਾ
ਵਿਜਿਆਰਾਜੇ ਸਿੰਧੀਆ ਦੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਭਾਜਪਾ ਤੋਂ ਨਹੀਂ ਹੋਈ, ਨਾ ਹੀ ਉਹ ਪਤੀ ਜੀਵਾਜੀਰਾਓ ਸਿੰਧੀਆ ਦੀ ਵਜ੍ਹਾ ਨਾਲ ਰਾਜਨੀਤੀ ਵਿੱਚ ਆਈ।
ਆਪਣੀ ਆਤਮਕਥਾ ‘ਦਿ ਲਾਸਟ ਮਹਾਰਾਣੀ ਆਫ ਗਵਾਲੀਅਰ’ ਵਿੱਚ ਉਹ ਲਿਖਦੀ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸੱਦੇ ’ਤੇ ਉਨ੍ਹਾਂ ਨੇ ਅਚਾਨਕ ਰਾਜਨੀਤੀ ਅਤੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ।
ਰਾਜਸੀ ਪਰਿਵਾਰ ਦਾ ਖੂਬ ਪ੍ਰਭਾਵ ਸੀ ਅਤੇ 1957 ਵਿੱਚ ਉਹ ਜਦੋਂ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਤਾਂ ਆਰਾਮ ਨਾਲ ਜਿੱਤ ਗਈ।

1961 ਵਿੱਚ ਪਤੀ ਦੀ ਮੌਤ ਦੇ ਬਾਅਦ ਵੀ ਸਿੰਧੀਆ ਰਾਜਨੀਤੀ ਵਿੱਚ ਸਰਗਰਮ ਰਹੀ, ਪਰ ਕਾਂਗਰਸ ਦੇ ਅੰਦਰੂਨੀ ਝਗੜਿਆਂ ਦੀ ਵਜ੍ਹਾ ਨਾਲ ਆਖਿਰਕਾਰ ਪਾਰਟੀ ਛੱਡ ਉਹ 1972 ਵਿੱਚ ਜਨ ਸੰਘ ਦਾ ਹਿੱਸਾ ਬਣੀ।
ਗਵਾਲੀਅਰ, ਹਿੰਦੂ ਮਹਾਸਭਾ ਦਾ ਗੜ੍ਹ ਸੀ। ਵਿਚਾਰਧਾਰਾ ਵਿੱਚ ਸਿੰਧੀਆ ਕਾਂਗਰਸ ਦੇ ਮੁਕਾਬਲੇ ਹਿੰਦੂ ਮਹਾਸਭਾ ਦੀ ਸੋਚ ਦੇ ਨਜ਼ਦੀਕ ਸੀ। ਫਿਰ ਉਹ ਇੱਕ ਸਫਲ ਰਾਜਨੇਤਾ ਦੇ ਇਲਾਵਾ ਰਾਜਸੀ ਘਰਾਣੇ ਦੀ ਆਰਥਿਕ ਮਜ਼ਬੂਤੀ ਵੀ ਰੱਖਦੀ ਸੀ। ਇਹ ਗੱਠਜੋੜ ਦੋਵਾਂ ਦੇ ਹਿੱਤ ਵਿੱਚ ਸੀ।
ਐਮਰਜੈਂਸੀ ਵਿੱਚ ਹੋਰ ਸਿਆਸੀ ਕੈਦੀਆਂ ਦੀ ਹੀ ਤਰ੍ਹਾਂ ਵਿਜਿਆਰਾਜੇ ਸਿੰਧੀਆ ਨੂੰ ਵੀ ਜੇਲ੍ਹ ਹੋਈ ਅਤੇ ਜਦੋਂ ਬਾਹਰ ਆਈ ਤਾਂ ਨਵੀਂ ਭਾਰਤੀ ਜਨਤਾ ਪਾਰਟੀ ਵਿੱਚ ਉਨ੍ਹਾਂ ਨੂੰ ਉਪ ਪ੍ਰਧਾਨ ਦਾ ਦਰਜਾ ਦਿੱਤਾ ਗਿਆ।
ਵਿਸ਼ਵ ਹਿੰਦੂ ਪ੍ਰੀਸ਼ਦ ਵਿੱਚ ਵੀ ਉਨ੍ਹਾਂ ਨੂੰ ਉੱਚਾ ਸਥਾਨ ਮਿਲਿਆ। 1986 ਵਿੱਚ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਵਿੱਚ ਇੱਕ ਗਊ ਰੱਖਿਆ ਵਿਭਾਗ ਬਣਾਇਆ ਗਿਆ।
ਮਸਜਿਦ ਗਿਰਾਉਣ ਵਿੱਚ ਭੂਮਿਕਾ
ਮਾਂ ਵਰਗੀ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਸਾਦਗੀ ਅਤੇ ਸੰਜਮ ਝਲਕਦਾ ਸੀ, ਪਰ ਭਾਸ਼ਣ ਵਿੱਚ ਸਿੱਧੀ ਗੱਲ ਕਰਦੇ ਸਨ।
‘ਸਿਟੀਜ਼ਨਸ ਟ੍ਰਿਬਿਊਨਲ ਔਨ ਅਯੁੱਧਿਆ’ ਦੀ 1993 ਵਿੱਚ ਛਪੀ ਰਿਪੋਰਟ ‘ਦਿ ਕਾਂਸਪਿਰੇਸੀ ਆਫ਼ ਦਿ ਸੰਘ ਕੰਬਾਇਨ’ ਮੁਤਾਬਿਕ ਨਵੰਬਰ 1992 ਵਿੱਚ ਵਿਜਿਆਰਾਜੇ ਸਿੰਧੀਆ ਨੇ ਪਟਨਾ ਵਿੱਚ ਕਿਹਾ ਸੀ, ‘‘ਬਾਬਰੀ ਮਸਜਿਦ ਨੂੰ ਤੋੜਨਾ ਹੋਵੇਗਾ’’ ਅਤੇ ਢਾਹੁਣ ਦੇ ਦਿਨ ਦਸੰਬਰ ਵਿੱਚ ਉਨ੍ਹਾਂ ਨੇ ਅਯੁੱਧਿਆ ਵਿੱਚ ਮੰਚ ਤੋਂ ਕਾਰ ਸੇਵਕਾਂ ਨੂੰ ‘ਸਰਵਸ਼ੇ੍ਰਸ਼ਠ ਬਲੀਦਾਨ’ ਲਈ ਤਿਆਰ ਰਹਿਣ ਨੂੰ ਵੀ ਕਿਹਾ ਸੀ।
ਕਿਤਾਬ ‘ਕ੍ਰਿਏਟਿੰਗ ਏ ਨੈਸ਼ਨੇਲਿਟੀ’ ਵਿੱਚ ਮਸਜਿਦ ਗਿਰਾਉਣ ਦੇ ਦਿਨ ਦੀਆਂ ਗਤੀਵਿਧੀਆਂ ਵਿੱਚ ਜ਼ਿਕਰ ਹੈ ਕਿ ਵਿਜਿਆਰਾਜੇ ਸਿੰਧੀਆ ਨੇ ਕਿਹਾ, ‘‘ਹੁਣ ਮੈਂ ਬਿਨਾਂ ਕਿਸੇ ਅਫ਼ਸੋਸ ਨਾਲ ਪ੍ਰਾਣ ਤਿਆਗ ਸਕਦੀ ਹਾਂ ਕਿਉਂਕਿ ਮੈਂ ਆਪਣਾ ਸੁਪਨਾ ਪੂਰਾ ਹੁੰਦੇ ਦੇਖ ਲਿਆ ਹੈ।’’
ਵਿਜਿਆਰਾਜੇ ਲਈ ਬਾਬਰੀ ਮਸਜਿਦ ਗਿਰਾਉਣ ਦਾ ਕਾਰਜ ਉਨ੍ਹਾਂ ਦੇ ਰਾਜਨੀਤਕ ਜੀਵਨ ਦੇ ਅਜਿਹੇ ਸਮੇਂ ਵਿੱਚ ਆਇਆ ਜਿਸ ਲਈ ਕੁਝ ਹੀ ਸਾਲ ਬਾਅਦ 1998 ਵਿੱਚ ਉਨ੍ਹਾਂ ਨੇ ਸਿਹਤ ਕਾਰਨਾਂ ਨਾਲ ਸਰਗਰਮ ਰਾਜਨੀਤੀ ਨੂੰ ਛੱਡ ਦਿੱਤਾ।
ਹਾਲਾਂਕਿ ਉਦੋਂ ਤੱਕ ਉਨ੍ਹਾਂ ਦਾ ਰੁਤਬਾ ਬਣਿਆ ਰਿਹਾ ਅਤੇ ਉਹ ਬੀਜੇਪੀ ਦੀ ਉਪ ਪ੍ਰਧਾਨ ਰਹੀ। ਤਿੰਨ ਸਾਲ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਪਰ ਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ ਲਈ ਅੰਦੋਲਨ ਇੱਕ ਸ਼ੁਰੂਆਤ ਸੀ। ਉਨ੍ਹਾਂ ਨੂੰ ਇਸ ਨਾਲ ਖੂਬ ਹਰਮਨ ਪਿਆਰਤਾ ਮਿਲੀ ਅਤੇ ਉਹ ਪ੍ਰਭਾਵਸ਼ਾਲੀ ਭਾਸ਼ਣ ਕਰਤਾ ਦੇ ਤੌਰ ’ਤੇ ਉੱਭਰੀਆਂ।
ਸਾਧਵੀ ਰਿਤੰਭਰਾ ਹੁਣ ‘ਦੀਦੀ ਮਾਂ’ ਦੇ ਨਾਂ ਨਾਲ ਜਾਣੀ ਜਾਂਦੀ ਹੈ। ਟੈਲੀਵਿਜ਼ਨ ਜ਼ਰੀਏ ਧਾਰਮਿਕ ਉਪਦੇਸ਼ ਦਿੰਦੀ ਹੈ। ਦੇਸ਼-ਵਿਦੇਸ਼ ਵਿੱਚ ਅਤੇ ‘ਕਰੂਜ਼ ਸ਼ਿਪਸ’ ’ਤੇ ਸਭਾਵਾਂ ਕਰਦੀ ਹੈ। 1992 ਵਿੱਚ ਉਨ੍ਹਾਂ ਨੇ ਪਰਮਸ਼ਕਤੀਪੀਠ ਨਾਂ ਦੀ ਇੱਕ ਗੈਰ ਸਰਕਾਰੀ ਸੰਸਥਾ ਬਣਾਈ ਅਤੇ ਬਾਅਦ ਵਿੱਚ ਔਰਤਾਂ, ਬੱਚਿਆਂ, ਬਜ਼ੁਰਗਾਂ ਲਈ ਵਰਿੰਦਾਵਨ ਕੋਲ ਵਾਤਸੱਲਿਆਗ੍ਰਾਮ ਨਾਂ ਦਾ 52 ਏਕੜ ਦਾ ਆਸ਼ਰਮ ਬਣਾਇਆ ਹੈ। ਪਿਛਲੇ ਦਹਾਕਿਆਂ ਵਿੱਚ ਉਹ ਵੱਖ-ਵੱਖ ਸੂਬਿਆਂ ਵਿੱਚ ਆਪਣੇ ਸਕੂਲ, ਹਾਸਟਲ ਆਦਿ ਖੋਲ੍ਹਦੀ ਰਹੀ ਹੈ।
ਰਾਮ ਮੰਦਿਰ ਅੰਦੋਲਨ ਦੇ ਬਾਅਦ ਉਮਾ ਭਾਰਤੀ ਦੀ ਪੈਠ ਬਣੀ ਰਹੀ। ਉਹ 1989 ਤੋਂ 2003 ਤੱਕ ਸੰਸਦ ਮੈਂਬਰ ਚੁਣ ਕੇ ਲੋਕ ਸਭਾ ਆਈ। ਕੁਝ ਸਮੇਂ ਲਈ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਵੀ ਬਣੀ ਅਤੇ ਐੱਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਪਦ ਵੀ ਮਿਲਿਆ। ਪਰ ਵਿਚਕਾਰ ਬੀਜੇਪੀ ਛੱਡ ਕੇ ਆਪਣੀ ਪਾਰਟੀ ਬਣਾਉਣ ਦਾ ਫੈਸਲਾ ਕੀਤਾ। ਹਾਲਾਂਕਿ ਉਹ ਬੀਜੇਪੀ ਵਿੱਚ ਪਰਤ ਆਈ, 2014 ਵਿੱਚ ਫਿਰ ਲੋਕ ਸਭਾ ਸੰਸਦ ਮੈਂਬਰ ਚੁਣੀ ਗਈ ਅਤੇ ਕੇਂਦਰੀ ਮੰਤਰੀ ਬਣੀ। 2019 ਵਿੱਚ ਜਦੋਂ ਉਨ੍ਹਾਂ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ ਤਾਂ ਪਾਰਟੀ ਨੇ ਉਨ੍ਹਾਂ ਨੂੰ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ।
ਇਨ੍ਹਾਂ ਨੇਤਾਵਾਂ ਦਾ ਆਪਣਾ ਰਸਤਾ ਜਿਵੇਂ ਵੀ ਰਿਹਾ ਹੋਵੇ, ਤਿੰਨ ਦਹਾਕੇ ਪਹਿਲਾਂ ਉਨ੍ਹਾਂ ਨੇ ਆਮ ਹਿੰਦੂ ਔਰਤਾਂ ਲਈ ਨਵੀਂ ਜ਼ਮੀਨ ਜ਼ਰੂਰ ਖੜ੍ਹੀ ਕੀਤੀ। ਉਨ੍ਹਾਂ ਦੇ ਭਾਸ਼ਣਾਂ ਨੇ ਇੱਕ ਚਿੰਗਾਰੀ ਦਾ ਕੰਮ ਕੀਤਾ ਅਤੇ ਪਹਿਲੀ ਵਾਰ ਕਾਰ ਸੇਵਕ ਔਰਤਾਂ ਤਿਆਰ ਕੀਤੀਆਂ।
ਕਾਰਸੇਵਕ ਔਰਤਾਂ

ਰਾਜਨੀਤਕ ਚੇਤਨਾ
ਅੰਦੋਲਨ ਦੌਰਾਨ ਹਿੰਦੂ ਔਰਤਾਂ ਦੇ ਆਪਣੇ ਘਰਾਂ ਤੋਂ ਨਿਕਲ ਕੇ ਬਾਹਰ ਆਉਣ ਦੇ ਪਿੱਛੇ ਵੀ ਇੱਕ ਇਤਿਹਾਸ ਸੀ। ਇਸਦੀ ਨੀਂਹ ਕੁਝ ਦਹਾਕੇ ਪਹਿਲਾਂ ਰੱਖੀ ਗਈ ਸੀ।
ਸਾਲ 1936 ਵਿੱਚ ਆਰਐੱਸਐੱਸ ਦਾ ਮਹਿਲਾ ਧੜਾ, ਰਾਸ਼ਟਰ ਸੇਵਿਕਾ ਕਮੇਟੀ ਕੰਮ ਕਰਨ ਲੱਗੀ ਸੀ।
ਆਰਐੱਸਐੱਸ ਸ਼ਾਖਾਵਾਂ ਵਿੱਚ ਪੁਰਸ਼ਾਂ ਨੂੰ ਪਾਰਕਾਂ ਵਿੱਚ, ਸਰੀਰਿਕ ਕਸਰਤ ਅਤੇ ਹਿੰਦੂ ਧਰਮ ਦੇ ਇਤਿਹਾਸ, ਸੰਸਕ੍ਰਿਤੀ ਦਾ ਅਧਿਐਨ ਕਰਾਇਆ ਜਾਂਦਾ ਹੈ। ਹੁਣ ਅਜਿਹੀਆਂ ਸ਼ਾਖਾਵਾਂ ਔਰਤਾਂ ਲਈ ਵੀ ਕਰਾਈਆਂ ਜਾਣ ਲੱਗੀਆਂ ਹਨ।
ਕੁਝ ਦਹਾਕਿਆਂ ਬਾਅਦ ਇਹ ਔਰਤਾਂ ਉਦੋਂ ਸਾਹਮਣੇ ਆਈਆਂ ਜਦੋਂ 1960 ਦੇ ਦਹਾਕੇ ਵਿੱਚ ਭਾਰਤੀ ਜਨ ਸੰਘ (ਤਤਕਾਲੀ ਬੀਜੇਪੀ) ਨੇ ਗਊ ਹੱਤਿਆ ਦੇ ਵਿਰੋਧ ਨੂੰ ਇੱਕ ਰਾਜਨੀਤਕ ਮੁੱਦਾ ਬਣਾਇਆ।
ਸਾਲ 1980 ਵਿੱਚ ਪਾਰਟੀ ਨੇ ਆਪਣਾ ਮਹਿਲਾ ਧੜਾ, ਭਾਰਤੀ ਮਹਿਲਾ ਮੋਰਚਾ ਸ਼ੁਰੂ ਕੀਤਾ। ਇਨ੍ਹਾਂ ਸਾਰੀਆਂ ਇਕਾਈਆਂ ਨੇ ਔਰਤਾਂ ਦਾ ਕਾਡਰ ਬਣਾਇਆ ਅਤੇ ਇਸ ਵਿੱਚ ਉੱਚ ਵਰਗ, ਮੱਧ ਵਰਗ ਅਤੇ ਵਪਾਰੀ ਵਰਗ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ।
ਇਨ੍ਹਾਂ ਸੰਗਠਨਾਂ ਵਿੱਚ ਲੱਗੀਆਂ ਔਰਤਾਂ ਜਾਂ ਸੰਘ ਪਰਿਵਾਰ ਦੇ ਮਰਦਾਂ ਦੇ ਪਰਿਵਾਰਾਂ ਦੀਆਂ ਔਰਤਾਂ ਕਈ ਹੋਰ ਤਰੀਕਿਆਂ ਨਾਲ ਆਪਣਾ ਸੰਦੇਸ਼ ਆਮ ਔਰਤਾਂ ਤੱਕ ਲੈ ਕੇ ਗਈਆਂ।
ਡਿਊਕ ਯੂਨੀਵਰਸਿਟੀ ਵਿੱਚ ਐਸੋਸੀਏਟ ਪ੍ਰੋਫੈਸਰ ਸੁਚੇਤਾ ਮਜ਼ੂਮਦਾਰ ਮੁਤਾਬਿਕ ਔਰਤਾਂ ਨੂੰ ਗੈਰ ਰਸਮੀ ਤਰੀਕੇ ਨਾਲ ਸੰਗਠਿਤ ਕਰਨ ਅਤੇ ਵਿਚਾਰਧਾਰਾ ਫੈਲਾਉਣ ਦਾ ਇੱਕ ਤਰੀਕਾ ਸੀ। ਇੱਕ ਦੂਜੇ ਦੀ ਮਦਦ ਕਰਨਾ, ਫਿਰ ਉਹ ਨਵੀਂ ਬਹੂ ਹੋਵੇ, ਨਵੀਂ ਮਾਂ ਜਾਂ ਗੁਆਂਢ ਦੀਆਂ ਔਰਤਾਂ। ਇਸ ਜ਼ਰੀਏ ਸੰਘ ਦਾ ਸੰਦੇਸ਼ ਫੈਲਾਇਆ ਜਾਂਦਾ ਸੀ।
ਆਪਣੇ ਲੇਖ, ‘ਵੂਮੈਨ ਆਨ ਦਿ ਮਾਰਚ’ ਵਿੱਚ ਸੁਚੇਤਾ ਲਿਖਦੀ ਹੈ ਕਿ ‘‘ਇਨ੍ਹਾਂ ਮਹਿਲਾ ਮੰਡਲੀਆਂ ਦਾ ਮਕਸਦ ਚੋਣ ਲਈ ਵੋਟ ਬਟੋਰਨਾ ਤਾਂ ਸੀ ਹੀ, ਖਾਸ ਤੌਰ ’ਤੇ ਦੁਰਗਾ ਵਾਹਿਨੀ-ਅਯੁੱਧਿਆ ਲਈ ਸਵੈਸੇਵਕ ਤਿਆਰ ਕਰ ਰਹੀ ਸੀ, ਨਤੀਜਾ ਇਹ ਹੋਇਆ ਕਿ ਅਯੁੱਧਿਆ ਦੀ ਇੱਕ ਰੈਲੀ ਵਿੱਚ ਵੀਹ ਹਜ਼ਾਰ ਔਰਤਾਂ ਤੱਕ ਇਕੱਠੀਆਂ ਕੀਤੀਆਂ ਜਾਂਦੀਆਂ ਸਨ।’’
ਬਜਰੰਗ ਦਲ ਦੀ ਹੀ ਤਰਜ਼ ’ਤੇ ਔਰਤਾਂ ਨੂੰ ਸੰਗਠਿਤ ਕਰਨ ਲਈ 1984 ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਹਿਲਾ ਵਿੰਗ, ਦੁਰਗਾ ਵਾਹਿਨੀ ਦੀ ਸਥਾਪਨਾ ਹੋਈ।
ਇਸ ਵਿੱਚ ਖਾਸ ਤੌਰ ’ਤੇ ਆਰਥਿਕ ਰੂਪ ਨਾਲ ਕਮਜ਼ੋਰ ਅਤੇ ਪੱਛੜੀਆਂ ਜਾਤੀਆਂ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਜਾਣ ਲੱਗਿਆ।
‘ਫੁੱਲ ਰਹੀ ਚਿੰਗਾਰੀ’
ਦੁਰਗਾ ਵਾਹਿਨੀ ਦੀ ਵੈੱਬਸਾਈਟ ਮੁਤਾਬਿਕ ਰਾਮ ਜਨਮ ਭੂਮੀ ਅੰਦੋਲਨ ਵਿੱਚ ਵਾਹਿਨੀ ਦੀਆਂ ਔਰਤਾਂ ਨੇ ਬੇਹੱਦ ਸਰਗਰਮ ਭੂਮਿਕਾ ਨਿਭਾਈ।
ਅੱਗੇ ਲਿਖਿਆ ਹੈ, ‘‘ਅਯੁੱਧਿਆ ਦੇ ਰਕਤ ਨਾਲ ਸਿੰਜੇ ਮਾਹੌਲ ਵਿੱਚ ਉਨ੍ਹਾਂ ਨੇ ਆਪਣੇ ਸਾਧਾਰਨ ਕੋਮਲ ਰੂਪ ਨੂੰ ਤਿਆਗ ਕੇ ਇੱਕ ਪ੍ਰਭਾਵਸ਼ਾਲੀ ਮੁਦਰਾ ਅਪਣਾਉਂਦੇ ਹੋਏ ਜਿਉਂਦੀਆਂ ਜਾਗਦੀਆਂ ਔਰਤਾਂ ਦੀ ਇੱਕ ਜ਼ਿੰਦਾ ਦੀਵਾਰ ਬਣਾਈ ਤਾਂ ਕਿ ਉਨ੍ਹਾਂ ਦੇ ਭਾਈ ਜਿਨ੍ਹਾਂ ’ਤੇ ਸੁਰੱਖਿਆ ਬਲ ਲਾਠੀਆਂ ਅਤੇ ਗੋਲੀਆਂ ਨਾਲ ਵਾਰ ਕਰ ਰਹੇ ਸਨ, ਉਨ੍ਹਾਂ ਨੂੰ ਬਚਾਇਆ ਜਾ ਸਕੇ।’’
ਸਾਧਵੀ ਰਿਤੰਭਰਾ ਦੁਰਗਾ ਵਾਹਿਨੀ ਦੀ ਰਾਸ਼ਟਰੀ ਸੰਯੋਜਕਾ ਯਾਨੀ ਪ੍ਰਧਾਨ ਹੈ। ਸ਼ਾਖਾ ਜਾਂ ਦੁਰਗਾ ਵਾਹਿਨੀ ਦੇ ਕੈਂਪ ਵਿੱਚ ਜਾਣ ਵਾਲੀਆਂ ਔਰਤਾਂ ਸਾੜ੍ਹੀ ਨਹੀਂ ਸਲਵਾਰ-ਕਮੀਜ਼ ਪਹਿਨਦੀਆਂ ਸਨ। ਦੁਰਗਾ ਵਾਇਨੀ ਦੀ ਵੈੱਬਸਾਈਟ ਮੁਤਾਬਿਕ ਯੂਨੀਫਾਰਮ ਵਿੱਚ ‘ਸਫ਼ੈਦ ਸਲਵਾਰ, ਸਫ਼ੈਦ ਕੁੜਤਾ, ਭਗਵਾ ਚੁੰਨੀ, ਸਫ਼ੈਦ ਕੱਪੜੇ ਦਾ ਜੁੱਤਾ, ਜ਼ੁਰਾਬਾਂ ਅਤੇ ਦੁਰਗਾ ਵਾਹਿਨੀ ਦੇ ਨਾਮ ਨਾਲ ਚਿੰਨ੍ਹਹਿੱਤ ਬੈਲਟ’ ਜ਼ਰੂਰੀ ਹੈ।
ਇਹ ਉਨ੍ਹਾਂ ਔਰਤਾਂ ਨੂੰ ਮਰਦਾਂ ਦੀ ਜਨਤਕ ਦੁਨੀਆਂ ਵਿੱਚ ਇੱਕ ਨਵੀਂ ਪਛਾਣ ਦਿੰਦੀ ਸੀ। ਸਾਧਵੀ ਰਿਤੰਭਰਾ ਅਤੇ ਉਮਾ ਭਾਰਤੀ ਦੇ ਆਡਿਓ ਟੇਪਸ ਨੇ ਘਰ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਨਿੱਜੀ ਜੀਵਨ ਵਿੱਚ ਰਾਜਨੀਤੀ ਨੂੰ ਦਾਖਲ ਕਰਨ ਦਾ ਅਹਿਮ ਕੰਮ ਕੀਤਾ।
ਰਾਜਨੀਤੀ ਅਤੇ ਜੈਂਡਰ ’ਤੇ ਖੋਜਕਰਤਾ ਅੰਮ੍ਰਿਤਾ ਬਾਸੂ ਆਪਣੇ ਲੇਖ ‘ਫੈਮੀਨਿਜ਼ਮ ਇਨਵਰਟਿਡ’ ਵਿੱਚ ਲਿਖਦੀ ਹੈ, ‘‘ਇਹ ਲਗਭਗ ਉਸ ਤਰ੍ਹਾਂ ਹੀ ਸੀ ਜਿਵੇਂ ਮਹਾਤਮਾ ਗਾਂਧੀ ਨੇ ਕੀਤਾ ਜਦੋਂ ਉਨ੍ਹਾਂ ਨੇ ਸਵਦੇਸ਼ੀ ਅੰਦੋਲਨ ਵਿੱਚ ਔਰਤਾਂ ਨੂੰ ਚਰਖਾ ਕੱਤਣ ਜ਼ਰੀਏ ਜੋੜਿਆ ਅਤੇ ਬਰਤਾਨਵੀ ਸ਼ਾਸਨ ਦਾ ਵਿਰੋਧ ਦਿਖਾਉਣ ਦੇ ਅਜਿਹੇ ਹੋਰ ਤਰੀਕੇ ਅਪਣਾਏ ਜਿਸ ਨਾਲ ਘਰ ਬੈਠੀਆਂ ਔਰਤਾਂ ਨੂੰ ਲੜਾਈ ਦਾ ਹਿੱਸਾ ਹੋਣ ਦਾ ਅਹਿਸਾਸ ਮਿਲੇ।’’
ਇਨ੍ਹਾਂ ਭਾਸ਼ਣਾਂ ਵਿੱਚ ਮੁਸਲਮਾਨ ਸਮੁਦਾਏ ਪ੍ਰਤੀ ਵੈਰ ਦੀ ਭਾਵਨਾ ਨੂੰ ਭੜਕਾਇਆ। ਜਿਵੇਂ ਸਾਧਵੀ ਰਿਤੰਭਰਾ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ ਸੀ ਕਿ, ‘ਹਿੰਦੂ ਜੋ ਕਦੇ ਸੰਪਰਦਾਇਕ ਨਹੀਂ ਹੋ ਸਕਦਾ, ਉਸ ਨੂੰ ਅੱਜ ਸੰਪਰਦਾਇਕ ਦੱਸਿਆ ਜਾ ਰਿਹਾ ਹੈ ਅਤੇ ਉਹ (ਮੁਸਲਮਾਨ) ਬਿਨਾਂ ਡਰ ਦੇ ਹੱਤਿਆ ਕਰ ਰਿਹਾ ਹੈ ਅਤੇ ਲੋਕ ਚੁੱਪ ਹਨ।’’
ਬਾਬਰੀ ਮਸਜਿਦ ਗਿਰਾਉਣ ਦੇ ਬਾਅਦ ਦੇਸ਼ ਭਰ ਵਿੱਚ ਫੈਲੇ ਦੰਗਿਆ ਵਿੱਚ ਦੋ ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ।
ਨਾਰੀਵਾਦੀ ਲੇਖਕ ਉਰਵਸ਼ੀ ਬੁਤਾਲਿਆ ਮੁਤਾਬਿਕ, ਕਈ ਹਿੰਦੂ ਔਰਤਾਂ ਨੇ ਮੁਸਲਮਾਨਾਂ ਖਿਲਾਫ਼ ਹਿੰਸਾ, ਲੁੱਟ ਖਸੁੱਟ ਅਤੇ ਉਨ੍ਹਾਂ ਦੀਆਂ ਔਰਤਾਂ ਨਾਲ ਦੁਰਵਿਵਹਾਰ ’ਤੇ ਕੋਈ ਅਫ਼ਸੋਸ ਨਹੀਂ ਪ੍ਰਗਟਾਇਆ ਕਿਉਂਕਿ ਉਨ੍ਹਾਂ ਮੁਤਾਬਿਕ ਮੁਸਲਮਾਨ ਸਮੁਦਾਏ ‘ਪੀੜਤ’ ਨਹੀਂ ਹੋ ਸਕਦਾ ਸੀ।
ਅੰਦੋਲਨ ਦੌਰਾਨ ਔਰਤਾਂ ਵਿੱਚ ਇੱਕ ਨਾਅਰਾ ਬੁਲੰਦ ਹੋਇਆ, ‘‘ਹਮ ਭਾਰਤ ਕੀ ਨਾਰੀ ਹੈਂ, ਫੂਲ ਨਹੀਂ ਚਿੰਗਾਰੀ ਹੈਂ।’’
1993 ਵਿੱਚ ‘ਮਾਨੁਸ਼ੀ’ ਪੱਤ੍ਰਿਕਾ ਵਿੱਚ ਮਧੂ ਕਿਸ਼ਵਰ ਲਿਖਦੀ ਹੈ ਕਿ ,‘‘ਔਰਤਾਂ ਨੇ ਦੰਗਾਈਆਂ ਦੇ ਟੋਲਿਆਂ ਦੀ ਅਗਵਾਈ ਕੀਤੀ, ਮੁਸਲਮਾਨ ਔਰਤਾਂ ਅਤੇ ਬੱਚਿਆਂ ਨੂੰ ਖਿੱਚ ਕੇ ਸੜਕਾਂ ’ਤੇ ਕੱਢਿਆ, ਉਨ੍ਹਾਂ ਨੂੰ ਸਮੂਹਿਕ ਬਲਾਤਕਾਰ ਲਈ ਉਕਸਾਇਆ ਅਤੇ ਮੁਸਲਮਾਨ ਔਰਤਾਂ ਨੂੰ ਪੱਥਰ ਮਾਰਨ ਅਤੇ ਅੱਗ ਲਗਾਉਣ ਵਿੱਚ ਮਰਦਾਂ ਨਾਲ ਸ਼ਾਮਲ ਹੋਈਆਂ।’’

ਸਮੇਂ ਨਾਲ ਮਜ਼ਬੂਤ ਹੋ ਰਹੀਆਂ ਔਰਤਾਂ ਦੇ ਕਾਡਰ ਵਿੱਚ ਓਨੀ ਹੀ ਨਫ਼ਰਤ ਭਰ ਚੁੱਕੀ ਹੈ ਜਿੰਨੀ ਮਰਦਾਂ ਵਿੱਚ।
ਮਸਜਿਦ ਗਿਰਾਉਣ ਦੇ ਬਾਅਦ ਹੋਏ ਦੰਗਿਆਂ ਬਾਰੇ ਮਧੂ ਕਿਸ਼ਵਰ ਲਿਖਦੀ ਹੈ, ‘‘ਦੱਖਣ-ਪੰਥੀ ਸੰਗਠਨ ਸ਼ਿਵ ਸੈਨਾ ਦੀਆਂ ਔਰਤਾਂ ਸੜਕਾਂ ’ਤੇ ਬੈਠ ਜਾਂਦੀਆਂ, ਤਾਂ ਕਿ ਟਰੱਕਾਂ ਵਿੱਚ ਲੱਦਿਆ ਰਾਹਤ ਦਾ ਸਾਮਾਨ ਦੰਗਾ ਪੀੜਤ ਮੁਸਲਿਮ ਇਲਾਕਿਆਂ ਤੱਕ ਨਾ ਪਹੁੰਚੇ ਅਤੇ ਕਰਫ਼ਿਊ ਦੌਰਾਨ ਜੇਕਰ ਸ਼ਿਵ ਸੈਨਾ ਦਾ ਕੋਈ ਨੇਤਾ ਗੱਡੀ ਵਿੱਚ ਹਥਿਆਰ ਲੈ ਜਾਂਦੇ ਹੋਏ ਫੜਿਆ ਜਾਵੇ ਤਾਂ ਸੜਕਾਂ ’ਤੇ ਲੇਟ ਜਾਂਦੀਆਂ ਤਾਂ ਕਿ ਉਸ ਨੂੰ ਪੁਲਿਸ ਨਾ ਲੈ ਜਾ ਸਕੇ।’’
ਉਸ ਵਕਤ ਵਿੱਚ ਹਿੰਦੂ ਔਰਤਾਂ ਦੀ ਪਛਾਣ ਸਿਰਫ਼ ਔਰਤਾਂ ਦੇ ਨਾਤੇ ਨਹੀਂ ਸੀ ਬਲਕਿ ਧਰਮ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਅਤੇ ਕਰਤੱਵ ਨਾਲ ਜੁੜੀ ਸੀ।
ਪ੍ਰੌਫੈਸਰ ਮਨੀਸ਼ਾ ਸੇਠੀ ਆਪਣੇ ਲੇਖ ‘ੲਵੇਨਜਿੰਗ ਏਂਜਲਜ਼ ਐਂਡ ਨਰਚਰਿੰਗ ਮਦਰਜ਼’ ਵਿੱਚ ਕਹਿੰਦੀ ਹੈ ਕਿ , ‘‘ਸੰਕਟ ਦੇ ਸਮੇਂ ਵਿੱਚ ਔਰਤਾਂ ਨੂੰ ਬਦਲਾ ਲੈਣ ਵਾਲੇ ਫਰਿਸ਼ਤੇ ਦਾ ਰੂਪ ਲੈਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਅਤੇ ਜਦੋਂ ਉਹ ਪਲ ਬੀਤ ਜਾਂਦੇ ਹਨ ਤਾਂ ਉਹ ਵਾਪਸ ਪਾਲਣ ਪੋਸ਼ਣ ਕਰਨ ਵਾਲੀ ਮਾਂ ਅਤੇ ਆਗਿਆਕਾਰੀ ਪਤਨੀ ਦੀ ਭੂਮਿਕਾ ਵਿੱਚ ਪਰਤ ਜਾਂਦੀ ਹੈ।’’
Report: Divya Arya
Illustrations: Puneet Barnala
Images: Getty
Production: Shadab Nazmi
Published on: 29 September 2020