ਮੌਤ ਨੂੰ ਗਲੇ਼ ਲਗਾਉਂਦੇ ਬੱਚੇ
ਉਨ੍ਹਾਂ ਬੱਚਿਆਂ ਦੀਆਂ ਕਹਾਣੀਆਂ, ਜਿਨ੍ਹਾਂ ਨੇ ਸਮਾਜਿਕ ਦਬਾਅ ਕਾਰਨ ਮੌਤ ਨੂੰ ਗਲਵੱਕੜੀ ਪਾਈ

ਅਨਾਮਿਕਾ ਯਾਦਵ, 16
ਅਨਾਮਿਕਾ ਆਪਣੀ ਦਾਦੀ ਦੇ ਨਾਲ ਹੈਦਰਾਬਾਦ ‘ਚ ਰਹਿੰਦੀ ਸੀ। ਉਹ ਐਨ.ਸੀ.ਸੀ. ਦੀ ਵਧੀਆ ਕੈਡੇਟ ਸੀ ਤੇ ਗਣਤੰਤਰ ਦਿਵਸ ਦੀ ਪਰੇਡ 'ਚ ਸ਼ਾਮਿਲ ਹੋਣ ਲਈ ਆਪਣੀ ਚੋਣ ਦੇ ਇੰਤਜ਼ਾਰ 'ਚ ਸੀ।
ਪਾਪਾ ਮੈਂ ਫੌਜ 'ਚ ਵੱਡੀ ਅਫ਼ਸਰ ਬਣਾਂਗੀ ਅਤੇ ਤੁਹਾਡਾ ਧਿਆਨ ਰਖਾਂਗੀ।
ਗੁੱਸੇ 'ਚ ਭਰੀ ਉਦਿਆ ਨੇ ਦੱਸਿਆ, “ਮੇਰੀ ਭੈਣ ਦੀ ਮੌਤ ਦਾ ਜ਼ਿੰਮੇਵਾਰ ਇੰਟਰਮੀਡੀਏਟ ਬੋਰਡ ਹੈ। ਉਹ ਸਹੀ ਢੰਗ ਨਾਲ ਨੰਬਰਾਂ ਦਾ ਜੋੜ ਕਰਨਾ ਕਿਵੇਂ ਭੁੱਲ ਸਕਦੇ ਹਨ। ਅਸੀਂ ਬੋਰਡ ਵਿਰੁੱਧ ਮਾਮਲਾ ਦਰਜ ਕਰਾਵਾਂਗੇ।”
ਕੁੱਝ ਹਫ਼ਤੇ ਪਹਿਲਾਂ ਅਸੀਂ ਉਦਿਆ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਉਦਿਆ ਇੰਨੇ ਗੁੱਸੇ 'ਚ ਨਹੀਂ ਸੀ। ਉਦੋਂ ਉਹ ਆਪਣੀ ਭੈਣ ਦੀ ਮੌਤ ਦੇ ਸੱਚ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਹੁਣ ਉਸ ਨੂੰ ਬਹੁਤ ਗੁੱਸਾ ਸੀ ਅਤੇ ਉਹ ਆਪਣੀ ਭੈਣ ਅਨਾਮਿਕਾ ਲਈ ਇੰਨਸਾਫ ਦੀ ਮੰਗ ਕਰ ਰਹੀ ਹੈ। ਇੰਟਰਮੀਡੀਏਟ ਬੋਰਡ 'ਚ ਮੁੜ ਤੋਂ ਜਾਂਚ ਕੀਤੇ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਅਨਾਮਿਕਾ ਦੇ ਮਾਰਕਸ ’ਚ 28 ਨੰਬਰਾਂ ਦਾ ਵਾਧਾ ਹੋਇਆ ਅਤੇ ਉਹ ਪਾਸ ਵੀ ਸੀ।
ਅਨਾਮਿਕਾ ਦੀ ਦਾਦੀ ਉਮਾ ਯਾਦ ਕਰਦੀ ਕਹਿੰਦੀ ਹੈ, "ਜਿਸ ਦਿਨ ਪੁਲਵਾਮਾ ਹਮਲਾ ਹੋਇਆ ਸੀ, ਉਸ ਦਿਨ ਅਨਾਮਿਕਾ ਪੂਰਾ ਦਿਨ ਟੀ.ਵੀ. ਅੱਗੇ ਬੈਠੀ ਰਹੀ ਸੀ। ਉਹ ਰੋ ਰਹੀ ਸੀ। ਮੈਂ ਜਦੋਂ ਉਸ ਨੂੰ ਪੁੱਛਿਆ ਕਿ ਕਿਉਂ ਰੋ ਰਹੀ ਹੈਂ ਤਾਂ ਉਸ ਨੇ ਰੋਂਦਿਆਂ ਜਵਾਬ ਦਿੱਤਾ ਸੀ ਕਿ ਇਸ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਉਸ ਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ। ਅਨਾਮਿਕਾ ਬਹੁਤ ਹੀ ਸੰਵੇਦਨਸ਼ੀਲ ਸੀ।" ਅਨਾਮਿਕਾ ਆਪਣੀ ਦਾਦੀ ਨਾਲ ਹੈਦਰਾਬਾਦ ਦੀ ਭੀੜ੍ਹੀ ਜਿਹੀ ਗਲੀ 'ਚ ਮੌਜੂਦ ਦੋ ਕਮਰਿਆਂ ਵਾਲੇ ਘਰ 'ਚ ਰਹਿੰਦੀ ਸੀ। ਉਮਾ ਅਲਮਾਰੀਆਂ 'ਤੇ ਪਈਆਂ ਟਰਾਫੀਆਂ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ ਕਿ ਇਹ ਅਨਾਮਿਕਾ ਦੀਆਂ ਜਿੱਤੀਆਂ ਹੋਈਆਂ ਟਰਾਫੀਆਂ ਹਨ।
ਉਮਾ ਅੱਗੇ ਦੱਸਦੀ ਹੈ, "ਅਨਾਮਿਕਾ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ 'ਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੀ ਸੀ। ਉਹ ਹਮੇਸ਼ਾਂ ਕਹਿੰਦੀ ਸੀ ਕਿ ਅੰਮਾ, ਸਿਰਫ ਪੜ੍ਹਾਈ ਮੈਨੂੰ ਕੁੱਝ ਨਹੀਂ ਬਣਾਵੇਗੀ। ਜਦੋਂ ਮੈਂ ਪੜ੍ਹਣਾ ਹੋਵੇਗਾ ਪੜ੍ਹ ਲਵਾਂਗੀ। ਅਨਾਮਿਕਾ ਰਾਤ ਨੂੰ ਰਸੋਈ 'ਚ ਬੈਠ ਕੇ ਪੜ੍ਹਾਈ ਕਰਦੀ ਸੀ।"

ਅਨਾਮਿਕਾ ਜਲਦੀ ਹੀ ਦਿੱਲੀ ਜਾਣ ਵਾਲੀ ਸੀ। ਗਣਤੰਤਰ ਦਿਵਸ ਦੀ ਪਰੇਡ 'ਚ ਬਤੌਰ ਐਨ.ਸੀ.ਸੀ. ਕੈਡੇਟ ਸ਼ਾਮਿਲ ਹੋਣ ਲਈ ਸਿਖਲਾਈ ਲੈਣ ਲਈ।
ਐਨ.ਸੀ.ਸੀ. ਦੀ ਵਰਦੀ 'ਚ ਅਨਾਮਿਕਾ ਦੀਆਂ ਤਸਵੀਰਾਂ ਅਤੇ ਅਲਮਾਰੀ 'ਤੇ ਪਈਆਂ ਟਰਾਫ਼ੀਆਂ ਸਾਹਮਣੇ ਵਾਲੇ ਕਮਰੇ 'ਚ ਪਰਿਵਾਰਿਕ ਤਸਵੀਰਾਂ ਨਾਲ ਨਜ਼ਰ ਆਉਂਦੀਆਂ ਹਨ। ਹੈਦਰਾਬਾਦ 'ਚ ਹੋਣ ਵਾਲੇ ਕਈ ਸਮਾਗਮਾਂ 'ਚ ਅਨਾਮਿਕਾ ਬਤੌਰ ਐਨ.ਸੀ.ਸੀ. ਕੈਡੇਟ ਵਲੰਟੀਅਰ ਸ਼ਮੂਲੀਅਤ ਕਰਦੀ ਸੀ। ਅਨਾਮਿਕਾ ਦੇ ਮਾਤਾ-ਪਿਤਾ ਸ਼ਹਿਰ ਦੇ ਆਦਿਲਾਬਾਦ ਇਲਾਕੇ 'ਚ ਰਹਿੰਦੇ ਸਨ। ਅਨਾਮਿਕਾ ਦੇ ਪਿਤਾ ਆਦਿਲਾਬਾਦ 'ਚ ਛੋਟਾ-ਮੋਟਾ ਕਾਰੋਬਾਰ ਕਰਦੇ ਸਨ।
ਪਿਤਾ ਗਣੇਸ਼ ਦੱਸਦੇ ਹਨ, ਠਕੋਈ ਜਿਸ ਤਰ੍ਹਾਂ ਦੀ ਧੀ ਦੀ ਕਾਮਨਾ ਕਰਦਾ ਹੈ, ਅਨਾਮਿਕਾ ਉਸੇ ਤਰ੍ਹਾਂ ਦੀ ਸੀ। ਮੈਂ ਸ਼ਰੀਰਕ ਤੌਰ 'ਤੇ ਅਪਾਹਜ ਹਾਂ। ਅਨਾਮਿਕਾ ਹਮੇਸ਼ਾ ਮੈਨੂੰ ਕਹਿੰਦੀ ਸੀ, ਪਾਪਾ ਮੈਂ ਫੌਜੀ ਅਫ਼ਸਰ ਬਣਕੇ ਤੁਹਾਡੀ ਦੇਖਭਾਲ ਕਰਾਂਗੀ। ਉਹ ਬਹੁਤ ਸ਼ੈਤਾਨ ਵੀ ਸੀ। ਜਦੋਂ ਛੁੱਟੀਆਂ 'ਚ ਘਰ ਆਉਂਦੀ ਤਾਂ ਸਾਰੇ ਘਰ ਦੇ ਮੈਂਬਰਾਂ ਨੂੰ ਆਪਣੀ ਸ਼ਰਾਰਤਾਂ ਨਾਲ ਤੰਗ ਕਰਦੀ।"
ਇਹ ਸਭ ਕੁੱਝ ਦੱਸਦੇ ਹੋਇਆਂ ਗਣੇਸ਼ ਮੁਸਕਰਾਉਣ ਦੀ ਕੋਸ਼ਿਸ ਤਾਂ ਕਰਦੇ ਹਨ ਪਰ ਅਜਿਹਾ ਕਰਦਿਆਂ ਉਹ ਅੰਦਰ ਹੀ ਅੰਦਰ ਰੋ ਪੈਂਦੇ ਹਨ।

ਅਨਾਮਿਕਾ ਆਪਣੇ ਕਾਲੇਜ ਤੋਂ ਬਾਅਦ ਹਰ ਦੂਜੇ ਦਿਨ,ਸਕੂਲ ਦੇ ਬੱਚਿਆਂ ਨੂੰ ਥ੍ਰੋ ਬਾਲ, ਕਬੱਡੀ ਅਤੇ ਬਾਸਕੇਟਬਾਲ ਦੀ ਸਿਖਲਾਈ ਦਿੰਦੀ ਸੀ।
ਉਮਾ ਅੱਗੇ ਦੱਸਦੀ ਹੈ ਕਿ ਅਨਾਮਿਕਾ ਉਸ ਨੂੰ 'ਯੰਗ ਲੇਡੀ' ਕਹਿ ਕੇ ਬੁਲਾਉਂਦੀ ਸੀ। ਉਮਾ ਯਾਦ ਕਰਦਿਆਂ ਕਹਿੰਦੀ ਹੈ, "ਅਨਾਮਿਕਾ ਜਲਦੀ ਹੀ ਦਿੱਲੀ ਜਾਣ ਵਾਲੀ ਸੀ। ਐਨ.ਸੀ.ਸੀ. ਕੈਡੇਟ ਦੇ ਤੌਰ 'ਤੇ ਗਣਤੰਤਰ ਦਿਵਸ ਦੀ ਪਰੇਡ 'ਚ ਹਿੱਸਾ ਲੇਣ ਲਈ ਉਸ ਨੇ ਜ਼ਰੂਰੀ ਸਿਖਲਾਈ ਲੈਣੀ ਸੀ। ਅਨਾਮਿਕਾ ਨੂੰ ਆਪਣੀ ਸਲੈਕਸ਼ਨ ਪ੍ਰਕਿਰਿਆ ਦੇ ਨਤੀਜਿਆਂ ਦਾ ਹੀ ਇੰਤਜ਼ਾਰ ਸੀ।"
ਉਮਾ ਆਪਣੀ ਪੋਤੀ ਬਾਰੇ ਦੱਸਦੀ ਹੈ, "ਉਹ ਕਾਫੀ ਸਮਝਦਾਰ ਸੀ। ਉਸ ਨੂੰ ਚਿਕਨ ਫ੍ਰਾਈ ਬਹੁਤ ਪਸੰਦ ਸੀ। ਪਰ ਜਦੋਂ ਸਾਡੇ ਕੋਲ ਪੈਸੇ ਨਹੀਂ ਸੀ ਹੁੰਦੇ ਤਾਂ ਉਹ ਸਬਜ਼ੀ ਨਾਲ ਵੀ ਰੋਟੀ ਖਾ ਲੈਂਦੀ ਸੀ। ਸ਼ਿਨ ਚੈਨ ਅਤੇ ਡੋਰੇਮੋਨ ਉਸ ਦੇ ਪਸੰਦੀਦਾ ਕਾਰਟੂਨ ਸਨ ਅਤੇ ਉਹ ਉਨ੍ਹਾਂ ਦੀਆਂ ਆਵਾਜ਼ਾਂ ਵੀ ਕੱਢ ਲੈਂਦੀ ਸੀ।"
ਉਮਾ ਕੁੱਝ ਸਾਲ ਪਹਿਲਾਂ ਗੁਆਂਢ 'ਚ ਹੋਏ ਇੱਕ ਹਾਦਸੇ ਬਾਰੇ ਗੱਲ ਕਰਦੀ ਹੈ, "ਗੁਆਂਡ 'ਚ ਇੱਕ ਬੱਚੀ ਨੇ ਆਪਣੇ ਪਿਤਾ ਵੱਲੋਂ ਝਿੜਕ ਲਗਾਉਣ 'ਤੇ ਖੁਦਕੁਸ਼ੀ ਕਰ ਲਈ ਸੀ। ਉਸ ਸਮੇਂ ਅਨਾਮਿਕਾ ਨੂੰ ਲੱਗਦਾ ਸੀ ਕਿ ਉਸ ਕੁੜੀ ਨੂੰ ਅਜਿਹਾ ਕਦਮ ਨਹੀਂ ਸੀ ਚੁੱਕਣਾ ਚਾਹੀਦਾ, ਤਾਂ ਕੀ ਹੋ ਗਿਆ ਜੇਕਰ ਕਿਸੇ ਨੇ ਝਿੜਕ ਮਾਰ ਦਿੱਤੀ।"
ਉਸ ਮਨਹੂਸ ਦਿਨ ਅਨਾਮਿਕਾ ਦੀ ਦਾਦੀ ਦੇ ਘਰ ਕਈ ਮਹਿਮਾਨ ਆਏ ਹੋਏ ਸਨ। ਅਨਾਮਿਕਾ ਗਲੀ 'ਚ ਹੀ ਆਪਣੀ ਚਾਚੀ ਦੇ ਘਰ ਗਈ ਹੋਈ ਸੀ।
ਦਾਦੀ ਉਮਾ ਦੱਸਦੀ ਹੈ, "ਮੈਨੂੰ ਨਹੀਂ ਸੀ ਪਤਾ ਕਿ ਉਸ ਦਾ ਨਤੀਜਾ ਆ ਗਿਆ ਹੈ। ਮੈਨੂੰ ਲੱਗਿਆ ਕਿ ਇੱਥੇ ਜਗ੍ਹਾ ਘੱਟ ਹੈ ਤਾਂ ਉਹ ਉਧਰ ਸੋਣ ਲਈ ਗਈ ਹੈ। ਮੈਂ ਸ਼ਾਮ ਨੂੰ ਉਸ ਨੂੰ ਚਾਹ ਪੀਣ ਲਈ ਬਲਾਉਣ ਵੀ ਗਈ ਤਾਂ ਉਸ ਨੇ ਕਿਹਾ ਕੁੱਝ ਮਿੰਟਾਂ 'ਚ ਆ ਰਹੀ ਹਾਂ, ਪਰ ਉਹ ਨਾ ਆਈ।"

ਅਨਾਮਿਕਾ ਯਾਦਵ
ਉਹ ਪੱਖੇ ਨਾਲ ਲਟਕਦੀ ਹੋਈ ਪਾਈ ਗਈ ਸੀ।

ਥੋਟਾ ਵੇਂਨੇਲਾ, 18
ਮੈਂ ਸਿਰਫ ਉਸ ਨੂੰ ਕੁੱਝ ਬੁਨਿਆਦੀ ਗੱਲਾਂ ਹੀ ਦੱਸੀਆਂ ਸਨ ਅਤੇ ਪਿੱਛੇ ਬਿਠਾ ਕੇ ਘੁਮਾਇਆ ਸੀ। ਇੱਕ ਦਿਨ ਉਸ ਨੇ ਪਾਪਾ ਦੀ ਬਾਈਕ ਕੱਢੀ ਅਤੇ ਰਾਈਡ 'ਤੇ ਨਿਕਲ ਗਈ। ਮੈਂ ਉਸ ਸਮੇਂ ਸੋ ਰਿਹਾ ਸੀ।
ਹਝੂੰਆਂ ਨਾਲ ਭਰੀਆਂ ਅੱਖਾਂ ਪਰ ਚੇਹਰੇ 'ਤੇ ਮੁਸਕਾਨ ਰੱਖਦਿਆਂ ਵੇਂਕਟੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਵੇਂਨੇਲਾ ਨੂੰ ਮੋਟਰ ਸਾਈਕਲ ਚਲਾਉਣਾ ਸਿਖਾਇਆ ਸੀ। "ਮੈਂ ਸਿਰਫ ਉਸ ਨੂੰ ਕੁੱਝ ਬੁਨਿਆਦੀ ਗੱਲਾਂ ਹੀ ਦੱਸੀਆਂ ਸਨ ਅਤੇ ਪਿੱਛੇ ਬਿਠਾ ਕੇ ਘੁਮਾਇਆ ਸੀ। ਇੱਕ ਦਿਨ ਉਸ ਨੇ ਪਾਪਾ ਦੀ ਬਾਈਕ ਕੱਢੀ ਅਤੇ ਰਾਈਡ 'ਤੇ ਨਿਕਲ ਗਈ। ਮੈਂ ਉਸ ਸਮੇਂ ਸੋ ਰਿਹਾ ਸੀ। ਉਸ ਨੇ ਮੈਨੂੰ ਰਾਈਡ ਬਾਰੇ ਦੱਸਿਆ। ਮੈਨੂੰਉਸ ਦੀ ਫਿਕਰ ਸੀ। ਇਸ ਲਈ ਮੈਂ ਉਸ ਨੂੰ ਮੁੜ ਬਾਈਕ ਚਲਾਉਣ ਲਈ ਕਿਹਾ। ਉਹ ਮੈਨੂੰ ਰਾਈਡ 'ਤੇ ਲੈ ਗਈ।"
"ਉਹ ਬਹੁਤ ਹੀ ਸਹਿਜ ਤਰੀਕੇ ਨਾਲ ਬਾਈਕ ਚਲਾ ਰਹੀ ਸੀ, ਇਹ ਵੇਖ ਕੇ ਮੈਂ ਵੀ ਬਹੁਤ ਖੁਸ਼ ਸੀ। ਹਾਲਾਂਕਿ ਕਈ ਵਾਰ ਉਸ ਨੂੰ ਬਿਨ੍ਹਾਂ ਦੱਸਿਆ, ਮੈਂ ਉਸ ਦੀ ਸੁਰੱਖਿਆ ਲਈ ਉਸ ਦੇ ਪਿੱਛੇ-ਪਿੱਛੇ ਜਾਂਦਾ ਸੀ। ਉਹ ਸਾਡੇ ਪਿੰਡ ਦੇ ਖੇਤਾਂ 'ਚ ਬਣੇ ਸੌੜੇ ਰਾਹ 'ਤੇ ਵੀ ਬਾਈਕ ਚਲਾ ਲੈਂਦੀ ਸੀ। ਇੱਕ ਵਾਰ ਤਾਂ ਉਹ ਆਪਣੇ ਦੋਸਤ ਦੇ ਵਿਆਹ 'ਚ ਵੀ ਬਾਈਕ ਲੈ ਕੇ ਜਾਣਾ ਚਾਹੁੰਦੀ ਸੀ ਤਾਂ ਮੈਂ ਹੀ ਪਾਪਾ ਨੂੰ ਕਹਿ ਕੇ ਉਸ ਨੂੰ ਇਜਾਜ਼ਤ ਦਿਵਾਈ ਸੀ।"

ਮੈਂ ਉਸ ਦੇ ਵਿਆਹ ਲਈ ਪੈਸੇ ਜਮ੍ਹਾਂ ਕਰ ਰਿਹਾ ਸੀ। ਪਰ ਉਹ ਚਾਹੁੰਦੀ ਸੀ ਕਿ ਮੈਂ ਉਸ ਦੀ ਪੜ੍ਹਾਈ 'ਤੇ ਖ਼ਰਚ ਕਰਾਂ।
ਵੇਂਕਟੇਸ਼, ਵੇਂਨੇਲਾ ਤੋਂ ਸਿਰਫ ਇੱਕ ਸਾਲ ਵੱਡੇ ਸਨ। ਉਹ ਪਿਛਲੇ ਸਾਲ ਕਮਰਸ ਅਤੇ ਨਾਗਰਿਕ ਸ਼ਾਸਤਰ ਦਾ ਇਮਤਿਹਾਨ ਪਾਸ ਨਹੀਂ ਸੀ ਕਰ ਪਾਏ।
ਵੇਂਕਟੇਸ਼ ਦੱਸਦੇ ਹਨ, "ਮੈਂ ਅਤੇ ਮੇਰੀ ਭੈਣ, ਇਸ ਸਾਲ ਦੀ ਪ੍ਰੀਖਿਆ ਲਈ ਇੱਕਠੇ ਹੀ ਤਿਆਰੀ ਕਰ ਰਹੇ ਸੀ। ਕਈ ਵਾਰ ਤਾਂ ਉਸ ਦੇ ਕੁਝ ਦੋਸਤ ਵੀ ਉਸ ਤੋਂ ਕਿਸੇ ਵਿਸ਼ੇ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਆਉਂਦੇ ਸਨ। ਉਹ ਹਮੇਸ਼ਾਂ ਹੀ ਔਖੇ ਵਿਸ਼ੇ ਨੂੰ ਸਰਲ ਢੰਗ ਨਾਲ ਸਮਝਣ ਦੀਆਂ ਤਰਕੀਬਾਂ ਦੱਸਦੀ ਸੀ।"
ਵੇਂਨੇਲਾ ਆਪਣੀ ਗ੍ਰੇਜੁਏਸ਼ਨ ਦੀ ਪੜ੍ਹਾਈ ਮੁਕੰਮਲ ਕਰਨਾ ਚਾਹੁੰਦੀ ਸੀ।
ਨਿਜ਼ਾਮਾਬਾਦ ਦੀ ਖ਼ਪਤਕਾਰ ਅਦਾਲਤ 'ਚ ਬਤੌਰ ਅਟੇਂਡੈਂਟ ਕੰਮ ਕਰਨ ਵਾਲੇ ਵੇਂਨੇਲਾ ਦੇ ਪਿਤਾ ਟੀ. ਗੋਪਾਲਕ੍ਰਿਸ਼ਨ ਦੱਸਦੇ ਹਨ, "ਜਦੋਂ ਵੀ ਮੈਂ ਉਸ ਦੇ ਵਿਆਹ ਦੀ ਗੱਲ ਛੇੜਦਾ, ਉਹ ਮੈਨੂੰ ਝਿੜਕਨ ਲੱਗ ਪੈਂਦੀ ਸੀ। ਉਹ ਕਹਿੰਦੀ ਸੀ ਕਿ ਵਿਆਹ ਤੋਂ ਇਲਾਵਾ ਜੀਵਨ 'ਚ ਬਹੁਤ ਕੁੱਝ ਹੈ। ਉਸ ਦਾ ਮੰਨਣਾ ਸੀ ਕਿ ਡਿਗਰੀ ਹਾਸਿਲ ਕਰਨ ਨਾਲ ਸਮਾਜ 'ਚ ਰੁਤਬਾ ਉੱਚਾ ਹੁੰਦਾ ਹੈ। ਜਦੋਂ ਵੇਂਨੇਲਾ ਨੇ ਜਨਮ ਲਿਆ ਸੀ ਉਸ ਸਮੇਂ ਮੈਂ ਸ਼ਰਾਬ ਪੀਣੀ ਛੱਡ ਦਿੱਤੀ ਸੀ। ਮੈਂ ਉਸ ਦੇ ਵਿਆਹ ਲਈ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਸੀ। ਪਰ ਉਹ ਚਾਹੁੰਦੀ ਸੀ ਕਿ ਮੈਂ ਉਸ ਦੀ ਪੜ੍ਹਾਈ 'ਤੇ ਖਰਚ ਕਰਾਂ।"

ਗੋਲ ਗੱਪੇ ਉਸ ਦੇ ਪਸੰਦੀਦਾ ਸਨ। ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਵੀ ਗੋਲ ਗੱਪੇ ਖਾ ਪਾਵਾਂਗਾ ।
ਵੇਂਕਟੇਸ਼ ਆਪਣਾ ਪਰਸ ਖੋਲ੍ਹ ਕੇ ਆਪਣੀ ਭੈਣ ਦੀ ਤਸਵੀਰ ਵਿਖਾ ਕੇ ਕਹਿੰਦੇ ਹਨ ਕਿ ਇਹ ਫੋਟੋ ਹਮੇਸ਼ਾ ਉਨ੍ਹਾਂ ਕੋਲ ਹੁੰਦੀ ਹੈ।
ਵੇਂਕਟੇਸ਼ ਅੱਗੇ ਕਹਿੰਦੇ ਹਨ, “ਅਸੀਂ ਦੋਵੇਂ ਭੇਣ-ਭਰਾ ਲੜਦੇ ਵੀ ਹੁੰਦੇ ਸੀ। ਕਈ ਵਾਰ ਤਾਂ ਉਹ ਮੈਨੂੰ ਬਹੁਤ ਤੰਗ ਕਰਦੀ ਸੀ। ਬਾਈਕ ਨੂੰ ਲੈ ਕੇ ਉਹ ਹਮੇਸ਼ਾ ਮੇਰੇ ਨਾਲ ਲੜਦੀ ਸੀ। ਕਦੇ ਵੀ ਮੈਂ ਬਾਜ਼ਾਰ ਜਾਂਦਾ ਤਾਂ ਕੁੱਝ ਖਾਣ ਨੂੰ ਲਿਆਉਣ ਨੂੰ ਕਹਿੰਦੀ ਸੀ। ਗੋਲ ਗੱਪੇ ਉਸ ਦੇ ਪਸੰਦੀਦਾ ਸਨ। ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਵੀ ਗੋਲ ਗੱਪੇ ਖਾਣ ਜਾ ਪਾਵਾਂਗਾ।”
ਵੇਂਨੇਲਾ ਦੀ ਕਜ਼ਨ ਅਮੁਲਿਆ ਨੇ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ ਹੈ। ਅਮੁਲਿਆ ਦਾ ਜਦੋਂ ਰਿਜ਼ਲਟ ਆਇਆ ਸੀ ਤਾਂ ਵੇਂਨੇਲਾ ਉਸ ਨਾਲ ਹੀ ਸੀ।
ਉਸ ਨੇ ਦੱਸਿਆ, "ਅੱਕਾ ਨੇ ਮੈਨੂੰ ਇੰਟਰਮੀਡੀਏਟ 'ਚ ਹਿਸਾਬ ਵਿਸ਼ਾ ਲੈਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਮੇਰਾ ਗਣਿਤ ਵਧੀਆ ਹੈ ਅਤੇ ਇਸ ਵਿਸ਼ੇ ਨੂੰ ਲੈਣ ਨਾਲ ਭਵਿੱਖ 'ਚ ਮੈਨੂੰ ਫਾਇਦਾ ਹੋਵੇਗਾ। ਉਹ ਜਦੋਂ ਵੀ ਸਾਡੇ ਘਰ ਆਉਂਦੀ ਸੀ, ਸਾਡੇ ਲਈ ਪਸੰਦੀਦਾ ਖਾਣਾ ਬਣਾਉਂਦੀ ਸੀ। ਅਸੀਂ ਸਾਰੇ ਮਿਲ ਕੇ ਹਾਸਰੱਸ ਸ਼ੋਅ ਵੇਖਦੇ ਸੀ। ਉਹ ਸਾਰਿਆਂ ਨੂੰ ਹਸਾਉਣ ਲਈ ਚੁਟਕਲੇ ਸੁਣਾਇਆ ਕਰਦੀ ਸੀ।"
ਜਿਸ ਦਿਨ ਵੇਂਨੇਲਾ ਦਾ ਨਤੀਜਾ ਆਇਆ, ਉਹ ਦਿਨ ਵੀ ਬਾਕੀ ਦਿਨਾਂ ਦੀ ਤਰ੍ਹਾਂ ਹੀ ਸੀ। ਸ਼ਾਮ ਨੂੰ ਪਿਤਾ ਦੇ ਮੋਬਾਇਲ ਫੋਨ 'ਤੇ ਉਸ ਨੇ ਆਪਣਾ ਨਤੀਜਾ ਵੇਖਿਆ। ਵੇਂਨੇਲਾ ਦੀ ਮਾਂ ਦੱਸਦੀ ਹੈ ਕਿ ਨਤੀਜਾ ਵੇਖਣ ਤੋਂ ਬਾਅਦ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ।
ਵੇਨੇਲਾ ਦੀ ਮਾਂ ਨੇ ਯਾਦ ਕਰਦਿਆਂ ਦੱਸਿਆ, “ਉਹ ਲਗਾਤਾਰ ਕਹਿ ਰਹੀ ਸੀ ਕਿ ਉਹ ਫੇਲ ਕਿਵੇਂ ਹੋ ਸਕਦੀ ਹੈ। ਅਸੀਂ ਸਾਰਿਆਂ ਨੇ ਉਸ ਨੂੰ ਸਮਝਾਇਆ ਕਿ ਕੋਈ ਗੱਲ ਨਹੀਂ ਹੈ ਤੂੰ ਫਿਰ ਤੋਂ ਆਪਣੇ ਅੰਕਾਂ ਦੀ ਜਾਂਚ ਕਰਵਾ ਸਕਦੀ ਹੋ। ਜੇਕਰ ਫਿਰ ਵੀ ਕੁੱਝ ਨਾ ਬਣਿਆ ਤਾਂ ਮੁੜ ਇਮਤਿਹਾਨ ਦੇ ਦੇਣਾ। ਮੈਂ ਰਾਤ ਦਾ ਖਾਣਾ ਬਣਾਉਣ ਲਈ ਰਸੋਈ 'ਚ ਚਲੀ ਗਈ। ਅਗਲੇ ਹੀ ਮਿੰਟ ਮੈਂ ਉਸ ਨੂੰ ਬਾਥਰੂਮ 'ਚੋਂ ਰੋਂਦੇ ਹੋਏ ਬਾਹਰ ਨਿਕਲਦੇ ਵੇਖਿਆ। ਉਹ ਕਹਿ ਰਹੀ ਸੀ ਕਿ ਉਸ ਨੇ ਚੂਹੇ ਮਾਰਨ ਵਾਲੀ ਦਵਾਈ ਪੀ ਲਈ ਹੈ ਅਤੇ ਉਸ ਨੂੰ ਬਚਾਇਆ ਨਾ ਜਾਵੇ। ਹਸਪਤਾਲ 'ਚ ਵੀ ਉਹ ਇੱਕ ਹੀ ਗੱਲ ਕਹਿੰਦੀ ਰਹੀ ਕਿ ਉਸ ਨੂੰ ਪਾਸ ਹੋਣਾ ਚਾਹੀਦਾ ਸੀ। ਉਸ ਨੂੰ ਤਾਂ ਇਹ ਚਿੰਤਾ ਸਤਾ ਰਹੀ ਸੀ ਕਿ ਜਿੰਨਾਂ ਵਿਸ਼ਿਆਂ 'ਚ ਉਹ ਬਹੁਤ ਹੁਸ਼ਿਆਰ ਸੀ ਉਨ੍ਹਾਂ 'ਚ ਵੀ ਉਹ ਪਾਸ ਕਿਉਂ ਨਾ ਹੋਈ।”

ਥੋਟਾ ਵੇਂਨੇਲਾ
ਉਸ ਨੇ ਬਾਥਰੂਮ 'ਚ ਚੂਹਿਆਂ ਨੂੰ ਮਾਰਨ ਵਾਲਾ ਜ਼ਹਿਰ ਪੀ ਲਿਆ ਸੀ।

ਮੋਦੇਮ ਭਾਨੂੰ ਕਿਰਨ , 18
"ਅਸੀਂ ਏਥਿਕਲ ਹੈਕਰ ਬਣਨਾ ਚਾਹੁੰਦੇ ਸੀ। ਅਸੀਂ ਯੂਟਿਊਬ 'ਤੇ ਇਸ ਸਬੰਧੀ ਵੀਡਿਓ ਵੀ ਵੇਖਿਆ ਕਰਦੇ ਸੀ ਅਤੇ ਆਪ ਵੀ ਕੋਸ਼ਿਸ਼ ਕਰਦੇ ਸੀ।" ਇਹ ਕਹਿਣਾ ਹੈ ਭਾਨੂ ਦੇ ਸਹਿਪਾਠੀ ਅਤੇ ਕਜ਼ਨ ਯੁਗੇਸ਼ ਦਾ।
ਯੁਗੇਸ਼ ਨੇ ਦੱਸਿਆ, "ਸਾਡਾ ਦੋਵਾਂ ਦਾ ਜਨਮ ਕੁੱਝ ਹੀ ਦਿਨਾਂ ਦੇ ਅੰਤਰਾਲ 'ਚ ਹੋਇਆ ਸੀ। ਬਚਪਨ ਤੋਂ ਹੀ ਅਸੀਂ ਦੋਵੇਂ ਇੱਕਠੇ ਪੜ੍ਹਦੇ ਸੀ। ਭਾਨੂੰ ਮੇਰੇ ਹਰ ਕੰਮ 'ਚ ਸਾਥੀ ਹੁੰਦਾ ਸੀ ਅਤੇ ਉਹ ਮੇਰਾ ਸਭ ਤੋਂ ਵਧੀਆ ਦੋਸਤ ਵੀ ਸੀ। ਇਕੱਠਿਆਂ ਕਾਲੇਜ ਜਾਣਾ। ਸਾਨੂੰ ਦੋਵਾਂ ਨੂੰ ਹੀ ਗਣਿਤ ਵਿਸ਼ਾ ਬਹੁਤ ਪਸੰਦ ਸੀ। ਭਾਨੂੰ ਕੰਪਿਊਟਰ ਭਾਸ਼ਾ ਦੀ ਵੀ ਵਧੀਆ ਜਾਣਕਾਰੀ ਰੱਖਦਾ ਸੀ। ਉਸ ਦੇ ਕਾਰਨ ਹੀ ਮੈਂ ਵੀ ਇਸ ਖੇਤਰ 'ਚ ਧਿਆਨ ਦੇਣਾ ਸ਼ੁਰੂ ਕੀਤਾ ਸੀ।"

ਭਾਨੂੰ ਦੇ ਪਿਤਾ ਸਾਰੰਗਪਾਨੀ ਸਬਜ਼ੀ ਵਾਲੇ ਹਨ। ਦੋ ਕਮਰਿਆਂ ਦੇ ਘਰ ਦੇ ਇੱਕ ਕੋਨੇ 'ਚ ਪਈ ਗਿਟਾਰ ਨੂੰ ਵੇਖਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਸੰਗੀਤ ਨਾਲ ਪਿਆਰ ਸੀ। ਕਮਰੇ ‘ਚ ਇੱਕ ਫੋਟੋ 'ਚ ਭਾਨੂੰ ਗਿਟਾਰ ਲੈ ਕੇ ਖੜ੍ਹਾ ਵਿਖਾਈ ਦੇ ਰਿਹਾ ਸੀ। ਭਾਨੂੰ ਦੇ ਪਿਤਾ ਨੇ ਦੱਸਿਆ, “ਵੀਡਿਓ ਵੇਖ-ਵੇਖ ਕੇ ਉਸ ਨੇ ਗਿਟਾਰ ਵਜਾਉਣਾ ਸਿਖਿਆ ਸੀ। ਉਹ ਸਕੂਲ-ਕਾਲੇਜ ਦੇ ਸਮਾਰੋਹਾਂ 'ਚ ਗਿਟਾਰ ਵਜਾਉਂਦਾ ਸੀ। ਤੇਲੁਗੂ ਫ਼ਿਲਮਾਂ ਦੇ 5-6 ਗਾਣਿਆਂ ਦੀ ਉਹ ਧੁੰਨ ਵਜਾ ਲੈਂਦਾ ਸੀ।”
ਭਾਨੂੰ ਦੀ ਮਾਂ ਅਜੇ ਵੀ ਉਸ ਦੀ ਮੌਤ ਦੇ ਸਦਮੇ 'ਚ ਹੈ। ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਭਾਨੂੰ ਬਹੁਤ ਹੀ ਸੰਸਕਾਰੀ ਮੁੰਡਾ ਸੀ। ਭਾਨੂੰ ਦੇ ਪਿਤਾ ਕੰਬਦੀ ਹੋਈ ਆਵਾਜ਼ 'ਚ ਕਹਿੰਦੇ ਹਨ, “ਉਸ ਨੂੰ ਆਪਣੀਆਂ ਤਸਵੀਰਾਂ ਖਿੱਚਣ ਦਾ ਬਹੁਤ ਸ਼ੌਕ ਸੀ। ਵੱਖ-ਵੱਖ ਪੋਜ਼ ਬਣਾ ਕੇ ਉਹ ਫੋਟੋਆਂ ਖਿੱਚਦਾ ਸੀ। ਹੁਣ ਤਾਂ ਸਾਡੇ ਕੋਲ ਬਸ ਉਸ ਦੀਆਂ ਤਸਵੀਰਾਂ ਹੀ ਰਹਿ ਗਈਆਂ ਹਨ।”
ਯੁਗੇਸ਼ ਨੇ ਦੱਸਿਆ ਕਿ ਉਹ ਦੋਵੇਂ ਇਕੱਠੇ ਤੇਲੁਗੂ ਫ਼ਿਲਮਾਂ ਵੇਖਦੇ ਹੁੰਦੇ ਸੀ ਅਤੇ ਅਲੂ ਅਰਜੁਨ ਉਨ੍ਹਾਂ ਦੇ ਪਸੰਦੀਦਾ ਅਦਾਕਾਰ ਸਨ।

ਜਿਸ ਦਿਨ ਨਤੀਜਾ ਅਇਆ ਯੁਗੇਸ਼ ਅਤੇ ਭਾਨੂੰ ਦੋਵੇਂ ਇੱਕ ਹੀ ਕਮਰੇ 'ਚ ਸੁੱਤੇ ਹੋਏ ਸਨ। ਯੁਗੇਸ਼ ਅਨੁਸਾਰ ਰਾਤ ਦੀ ਰੋਟੀ ਖਾਣ ਮੌਕੇ ਭਾਨੂੰ ਕੁੱਝ ਤਣਾਅ 'ਚ ਲੱਗ ਰਿਹਾ ਸੀ। ਯੁਗੇਸ਼ ਨੇ ਦੱਸਿਆ ਕਿ ਪਤਾ ਨਹੀਂ ਉਹ ਕਦੋਂ ਉੱਠਿਆ ਅਤੇ ਬਾਹਰ ਚਲਾ ਗਿਆ। ਸ਼ਾਮ ਨੂੰ ਰਿਜ਼ਲਟ ਬਾਰੇ ਵੀ ਉਸ ਨੇ ਵਧੇਰੇ ਗੱਲ ਨਹੀਂ ਕੀਤੀ ਸੀ।
ਭਾਨੂੰ ਦਾ ਮ੍ਰਿਤਕ ਸ਼ਰੀਰ ਰੇਲਵੇ ਲਾਈਨ 'ਤੇ ਪਿਆ ਮਿਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਅੱਧੀ ਰਾਤ ਨੂੰ ਭਾਨੂੰ ਘਰੋਂ ਨਿਕਲਿਆ ਹੋਵੇਗਾ ਅਤੇ ਉਸ ਨੇ ਚੱਲਦੀ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ ਹੋਵੇਗੀ।

ਮੋਦੇਮ ਭਾਨੂੰ ਕਿਰਨ
ਉਸ ਦੀ ਮ੍ਰਿਤਕ ਦੇਹ ਰੇਲਵੇ ਲਾਈਨ 'ਤੇ ਪਈ ਮਿਲੀ ਸੀ।

ਧਰਮਾ ਰਾਮ ਪਾਤੁਰੂ, 18
"ਅਸੀਂ ‘ਗੇਮ ਆਫ਼ ਥ੍ਰੋਨਜ਼’ ਦਾ ਸੀਜ਼ਨ-8 ਇਕੱਠਿਆਂ ਵੇਖਣਾ ਸੀ। ਜਾਨ ਸਨੋ ਉਸ ਦਾ ਪਸੰਦੀਦਾ ਅਦਾਕਾਰ ਸੀ।"
ਧਰਮਾ ਦੀ ਕਰੀਬੀ ਦੋਸਤ ਅਤੇ ਗੁਆਂਢ 'ਚ ਰਹਿੰਦੀ ਨਿਵੇਦਿਤਾ ਨੇ ਦੱਸਿਆ, “ਅਸੀਂ ਇਕੱਠਿਆਂ ‘ਐਵੇਂਜਰਜ਼ ਐਂਡ ਗੇਮਜ਼’ ਵੇਖਣ ਦਾ ਪ੍ਰੋਗਰਾਮ ਬਣਾਇਆ ਸੀ। ਦੀਪੂ ਮਾਰਵਲ ਦਾ ਬਹੁਤ ਵੱਡਾ ਫੈਨ ਸੀ।”
ਧਰਮਾ ਨੂੰ ਉਸ ਦੀ ਭੈਣ ਮਾਹਿਤਾ, ਜੋ ਕਿ ਉਸ ਤੋਂ ਪੰਜ ਸਾਲ ਵੱਡੀ ਸੀ ਦੀਪੂ ਕਹਿ ਕੇ ਬੁਲਾਉਂਦੀ ਸੀ।
ਮਾਹਿਤਾ ਕਹਿੰਦੀ ਹੈ, “ਦੀਪੂ ਕਿਹਾ ਕਰਦਾ ਸੀ ਕਿ ਤੁਸੀਂ ਤਾਂ ਮੇਰੀ ਮਾਂ ਵਰਗੇ ਹੋ, ਮਾਂ ਤੋਂ ਵੱਧ ਕੇ ਹੋ। ਮੈਂ ਉਸ ਨੂੰ ਦੀਪੂ ਕਹਿ ਕੇ ਪੁਕਾਰਦੀ ਸੀ। ਇਸ ਲਈ ਉਸ ਨੂੰ ਆਪਣਾ ਇਹ ਨਾਂਅ ਵੀ ਬਹੁਤ ਪਸੰਦ ਸੀ। ਉਸ ਦੇ ਦੋਸਤ 6 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਸਨ। ਇੱਥੋਂ ਤੱਕ ਕਿ ਉਹ ਮੇਰੇ ਦੋਸਤਾਂ ਨਾਲ ਵੀ ਘੁੰਮਣ ਜਾਇਆ ਕਰਦਾ ਸੀ। ਉਹ ਜਿਸ ਵੀ ਉਮਰ ਦੇ ਲੋਕਾਂ 'ਚ ਉਠਦਾ ਬੈਠਦਾ, ਉਨ੍ਹਾਂ ਵਰਗੀਆਂ ਹੀ ਗੱਲਾਂ ਕਰਦਾ।”
ਮਾਹਿਤਾ ਆਪਣੇ ਭਰਾ ਦੇ ਸ਼ਾਂਤ ਸੁਭਾਅ ਅਤੇ ਕਿਸੇ ਵੀ ਮੁਸ਼ਕਲ ਦੇ ਹੱਲ ਕੱਢਣ ਦੀ ਸਮਰੱਥਾ ਕਾਰਨ ਹੈਰਾਨ ਰਹਿੰਦੀ ਸੀ। ਦੂਜੇ ਪਾਸੇ ਦੀਪੂ ਦੇ ਕਾਲੇਜ ਦੇ ਦੋਸਤਾਂ ਦਾ ਕਹਿਣਾ ਸੀ ਕਿ ਉਹ ਸ਼ਰਾਰਤੀ ਤਾਂ ਸੀ ਪਰ ਪੜ੍ਹਾਈ 'ਚ ਵੀ ਬਹੁਤ ਹੁਸ਼ਿਆਰ ਸੀ।
ਦੀਪੂ ਦੀ ਹਮ-ਜਮਾਤ ਹਰਸ਼ੀਣੀ ਦੱਸਦੀ ਹੈ, “ਅਸੀਂ ਦੋਵਾਂ ਨੇ ਇੱਕ ਹੀ ਸਕੂਲ ਤੋਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਹੈ, ਪਰ ਅਸੀਂ ਚੰਗੇ ਦੋਸਤ ਕਾਲੇਜ 'ਚ ਆ ਕੇ ਬਣੇ। ਕਈ ਵਾਰ ਅਧਿਆਪਕਾਂ ਨਾਲ ਉਸ ਦੀ ਕਹਾ-ਸੁਣੀ ਵੀ ਹੋ ਜਾਂਦੀ ਸੀ, ਪਰ ਉਹ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਦੋਂ ਕਿਸੇ ਵੀ ਵਿਵਾਦ ਨੂੰ ਅੱਗੇ ਨਹੀਂ ਵਧਾਉਣਾ ਹੈ।”

ਦੀਪੂ ਨੂੰ ਕੇ.ਐਫ.ਸੀ. ਦਾ ਚਿਕਨ ਬਹੁਤ ਪਸੰਦ ਸੀ। ਉਹ ਆਮ ਹੀ ਆਪਣੇ ਦੋਸਤਾਂਂ ਨਾਲ ਉੱਥੇ ਜਾਂਦਾ ਰਹਿੰਦਾ ਸੀ।
ਦੀਪੂ ਦੇ ਸੀਨੀਅਰ ਅਭੀਰਾਮ ਨੇ ਦੱਸਿਆ, “ ਅਜਿਹਾ ਨਹੀਂ ਹੈ ਕਿ ਦੀਪੂ ਹਮੇਸ਼ਾਂ ਮੌਜ-ਮਸਤੀ ਕਰਦਾ ਰਹਿੰਦਾ ਸੀ। ਕਈ ਵਾਰ ਉਹ ਮੇਰੇ ਤੋਂ ਕਿਸੇ ਵੀ ਵਿਸ਼ੇ 'ਤੇ ਗਾਈਡੰਸ ਮੰਗਦਾ ਸੀ। ਇੰਜੀਨੀਅਰਿੰਗ 'ਚ ਕਿਹੜੇ ਵਿਸ਼ੇ ਲੈਣੇ ਚਾਹੀਦੇ ਹਨ ਇਸ ਸਬੰਧੀ ਵੀ ਪੁੱਛਦਾ ਰਹਿੰਦਾ ਸੀ। ਉਸ ਨੂੰ ਭੌਤਿਕ ਵਿਗਿਆਨ ਪਸੰਦ ਸੀ।”
ਦੀਪੂ ਨੂੰ ਸੰਯੁਕਤ ਦਾਖਲਾ ਪ੍ਰੀਖਿਆ ‘ਚ 84% ਅੰਕ ਹਾਸਿਲ ਹੋਏ ਸਨ। ਮਾਹਿਤਾ ਦੀਪੂ ਦੇ ਕਮਰੇ ਦੀਆਂ ਦੀਵਾਰਾਂ ਵੱਲ ਇਸ਼ਾਰਾ ਕਰਕੇ ਪ੍ਰੀਖਿਆ ਦੇ ਟਾਈਮ ਟੇਬਲ ਸਬੰਧੀ ਜਾਣਕਾਰੀ ਵਿਖਾਉਂਦੀ ਹੈ।
ਮਾਹਿਤਾ ਅੱਗੇ ਦੱਸਦੀ ਹੈ ਕਿ ਦੀਪੂ ਨੂੰ ਏਵੀਏਸ਼ਨ 'ਚ ਵੀ ਬਹੁਤ ਦਿਲਚਸਪੀ ਸੀ। ਇਸ ਲਈ ਉਹ ਏਵੀਏਸ਼ਨ ਇੰਜੀਨੀਅਰ ਬਣਨਾ ਚਾਹੁੰਦਾ ਸੀ। ਉਹ ਏਅਰ ਫੋਰਸ 'ਚ ਪਾਈਲਟ ਬਣਨ ਦੀ ਵੀ ਇੱਛਾ ਰੱਖਦਾ ਸੀ, ਇਸ ਲਈ ਉਹ ਐਨ.ਡੀ.ਏ. ਦੇ ਇਮਤਿਹਾਨ ਦੀ ਵੀ ਤਿਆਰੀ ਕਰ ਰਿਹਾ ਸੀ।

ਮਾਹਿਤਾ ਅਤੇ ਉਸ ਦੀ ਮਾਂ ਨੇ ਦੀਪੂ ਨੂੰ ਸਮਝਾਇਆ ਵੀ ਸੀ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਅਤੇ ਖ਼ਰਾਬ ਨਤੀਜੇ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਮਾਹਿਤਾ ਦੱਸਦੀ ਹੈ, “ਦੀਪੂ ਨੇ ਆਪਣੇ ਅਧਿਆਪਕ ਨੂੰ ਵੀ ਫੋਨ ਕੀਤਾ ਸੀ ਕਿ ਉਹ ਕਦੋਂ ਤੋਂ ਟਿਊਸ਼ਨ ਲਈ ਆਵੇ। ਫਿਰ ਅਸੀਂ ਆਪੋ-ਆਪਣੇ ਕੰਮਾਂ 'ਤੇ ਲੱਗ ਗਏ। ਦੀਪੂ ਵੀ ਉੱਠ ਕੇ ਬਾਥਰੂਮ ਚਲਾ ਗਿਆ। ਅਸੀਂ ਉਸ ਨੂੰ ਕੁੱਝ ਸਮਾਂ ਦੇਣਾ ਚਾਹੁੰਦੇ ਸੀ। ਪਰ ਜਲਦੀ ਹੀ ਅਸੀਂ ਇੱਕ ਆਵਾਜ਼ ਸੁਣੀ। ਅਸੀਂ ਵੇਖ ਕੇ ਹੱਕੇ ਬੱਕੇ ਰਹਿ ਗਏ, ਕਿਉਂਕਿ ਦੀਪੂ ਨੇ ਬਾਲਕਨੀ 'ਚੋਂ ਛਾਲ ਮਾਰ ਦਿੱਤੀ ਸੀ।”

ਧਰਮਾ ਰਾਮ ਪਾਤੁਰੂ
ਉਸ ਨੇ ਆਪਣੀ ਹੀ ਬਾਲਕਨੀ 'ਚੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਵੋਡਨਾਲੀ ਸ਼ਿਵਾਨੀ, 16
ਉਹ ਇੰਜੀਨੀਅਰ ਬਣਨਾ ਚਾਹੁੰਦੀ ਸੀ।
ਸ਼ਿਵਾਨੀ ਦੀ ਮੌਤ ਦੇ ਲਗਭਗ 15 ਦਿਨ ਬਾਅਦ ਅਸੀਂ ਉਸ ਦੇ ਮਾਤਾ-ਪਿਤਾ ਨੂੰ ਮਿਲਣ ਲਈ ਗਏ। ਜਦੋਂ ਅਸੀਂ ਉਨ੍ਹਾਂ ਦੀ ਗਲੀ ਲਈ ਮੁੜੇ ਤਾਂ ਸ਼ਿਵਾਨੀ ਦੀ ਮਾਂ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਤੇਲੰਗਾਨਾ ਦੇ ਇੱਕ ਪਿੰਡ 'ਚ ਖਪਰੈਲ ਵਾਲੇ ਘਰ 'ਚ ਅਸੀਂ ਪਹੁੰਚੇ ਜਿਸ ਦੇ ਚਾਰੋਂ ਪਾਸੇ ਇੱਕ ਮੰਜ਼ਿਲਾ ਘਰ ਸਨ। ਸ਼ਿਵਾਨੀ ਦਾ ਪਰਿਵਾਰ ਪਿਛਲੇ ਅੱਠ ਸਾਲ ਤੋਂ ਇਸ ਕਿਰਾਏ ਦੇ ਘਰ 'ਚ ਰਹਿ ਰਿਹਾ ਸੀ। ਸ਼ਿਵਾਨੀ ਦੀ ਮਾਂ ਲਾਵਣਿਆ ਕੋਲ ਆਪਣੀ ਬੇਟੀ ਦੀ ਲੈਮੀਨੇਟਿਡ ਤਸਵੀਰ ਵਾਲਾ ਪੋਸਟਰ ਹੈ, ਜਿਸ 'ਤੇ ਲਿਖਿਆ ਹੋਇਆ ਸੀ, “ਮੈਂ ਇੰਜੀਨੀਅਰ ਬਣਨਾ ਚਾਹੁੰਦੀ ਹਾਂ।”
ਸ਼ਿਵਾਨੀ ਦੇ ਪਿਤਾ ਭੂਮਾ ਰੈੱਡੀ, ਜਿੰਨਾਂ ਨੂੰ ਸੁਣਾਈ ਨਹੀਂ ਦਿੰਦਾ ਹੈ, ਆਪਣੀ ਪਤਨੀ ਕੋਲ ਬੈਠ ਕੇ ਸਮਝਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਸੀਂ ਕੀ ਗੱਲ ਕਰ ਰਹੇ ਹਾਂ। ਫਿਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ, “ਮੇਰੀ ਧੀ ਬਹੁਤ ਹੁਸ਼ਿਆਰ ਸੀ।”
ਸ਼ਿਵਾਨੀ ਹੁਸ਼ਿਆਰ ਵਿਦਿਆਰਥਣ ਸੀ। ਉਹ ਆਪਣੇ ਦੋਸਤਾਂ ਦੀਆਂ ਪੜ੍ਹਾਈ ਵਿੱਚ ਆ ਰਹੀਆਂ ਮੁਸ਼ਕਲਾਂ ਹੱਲ ਕਰਨ 'ਚ ਮਦਦ ਕਰਦੀ ਸੀ।
ਸ਼ਿਵਾਨੀ ਦੀ ਦੋਸਤ ਅਨੀਤਾ ਕਹਿੰਦੀ ਹੈ, “ਉਸ ਨੂੰ ਆਪਣੇ ਦੋਸਤਾਂ ਦੇ ਘਰ ਜਾਣਾ ਬਿਲਕੁੱਲ ਪਸੰਦ ਨਹੀਂ ਸੀ। ਇਸ ਲਈ ਪੜ੍ਹਾਈ ਕਰਨ ਲਈ ਅਸੀਂ ਹੀ ਉਸ ਦੇ ਘਰ ਆਇਆ ਕਰਦੇ ਸੀ।”
ਘਰ 'ਚ ਰਸੋਈ ਹੀ ਇਕ ਅਜਿਹੀ ਜਗ੍ਹਾ ਸੀ ਜਿੱਥੇ ਉਹ ਤੇ ਉਸਦੀ ਭੈਣ ਤਿਆਰ ਹੋਇਆ ਕਰਦੀਆਂ ਸਨ। ਉਸ ਦੀ ਭੈਣ ਨੇ ਸਾਨੂੰ ਸ਼ਿਵਾਨੀ ਦੀਆਂ ਫੋਨ 'ਚ ਮੌਜੂਦ ਫੋਟੋਆਂ ਵਿਖਆਈਆਂ।

ਸ਼ਿਵਾਨੀ ਤੋਂ ਤਿੰਨ ਸਾਲ ਛੋਟੀ ਅਨੁਸ਼ਾ ਨੇ ਦੱਸਿਆ, “ਦੀਦੀ ਨੂੰ ਚੂੜੀਆਂ ਬਹੁਤ ਪਸੰਦ ਸਨ। ਉਹ ਵੱਖ-ਵੱਖ ਰੰਗਾਂ ਦੀਆਂ ਚੂੜੀਆਂ ਖ੍ਰੀਦਦੀ ਰਹਿੰਦੀ ਸੀ ਅਤੇ ਫਿਰ ਪਹਿਣ ਕੇ ਫੋਟੋਆਂ ਖਿੱਚਵਾਉਂਦੀ ਸੀ।”
ਕਮਰੇ ਦੀ ਦੀਵਾਰ 'ਤੇ ਸ਼ਿਵਾਨੀ ਦੇ ਪੇਪਰਾਂ ਦੀ ਡੇਟਸ਼ੀਟ ਲੱਗੀ ਹੋਈ ਸੀ ਅਤੇ ਉਹ ਰੋਜ਼ਾਨਾ ਸਵੇਰੇ 4 ਵਜੇ ਪੜ੍ਹਾਈ ਲਈ ਉੱਠ ਜਾਂਦੀ ਸੀ।
ਸ਼ਿਵਾਨੀ ਇੰਜੀਨੀਅਰ ਬਣਨਾ ਚਾਹੁੰਦੀ ਸੀ। ਉਸ ਦੀ ਮਾਂ ਨੇ ਦੱਸਿਆ, “ਸ਼ਿਵਾਨੀ ਆਪਣੇ ਪਿਤਾ ਨੂੰ ਕਿਹਾ ਕਰਦੀ ਸੀ ਕਿ ਪਸ਼ੂਆਂ ਨੂੰ ਚਰਾਉਣ ਨਾ ਜਾਇਆ ਕਰੋ, ਕਿਉਂਕਿ ਉਹ ਸ਼ਰੀਰਕ ਤੌਰ 'ਤੇ ਅਪਾਹਜ ਹਨ। ਉਹ ਹੱਸ ਕੇ ਕਿਹਾ ਕਰਦੀ ਸੀ, ਪੰਜ ਸਾਲ ਰੁਕ ਜਾਓ ਫਿਰ ਸਾਡੀ ਜ਼ਿੰਦਗੀ ਵੀ ਬਦਲ ਜਾਵੇਗੀ।”
ਸਾਡੀ ਇਸ ਗੱਲਬਾਤ ਦੌਰਾਨ ਕੁੱਝ ਗੁਆਂਢੀ ਵੀ ਉੱਥੇ ਆ ਗਏ। ਉਨ੍ਹਾਂ ਨੇ ਵੀ ਦੱਸਿਆ ਕਿ ਸ਼ਿਵਾਨੀ ਬਹੁਤ ਹੀ ਸ਼ਰਮੀਲੀ ਅਤੇ ਵਧੀਆ ਸੁਭਾਅ ਵਾਲੀ ਕੁੜੀ ਸੀ।

ਅਨੁਸ਼ਾ ਨੇ ਯਾਦ ਕਰਦਿਆਂ ਦੱਸਿਆ ਕਿ ਸ਼ਿਵਾਨੀ ਕਦੇ ਵੀ ਉਸ ਨੂੰ ਆਪਣਾ ਫੋਨ ਨਹੀਂ ਸੀ ਦਿੰਦੀ। “ਉਹ ਹਮੇਸ਼ਾਂ ਕਹਿੰਦੀ ਸੀ ਕਿ ਆਪਣੀ ਪੜ੍ਹਾਈ ਵੱਲ ਧਿਆਨ ਦੇ, ਮੋਬਾਈਲ ਫੋਨ 'ਤੇ ਸਮਾਂ ਖ਼ਰਾਬ ਕਰਨ ਦੀ ਲੋੜ ਨਹੀਂ ਹੈ। ਪਰ ਉਸ ਦਿਨ ਦੀਦੀ ਨੇ ਆਪ ਫੋਨ ਦੇ ਕੇ ਕਿਹਾ ਸੀ ਕਿ ਮੈਂ ਹੁਣ ਤੋਂ ਫੋਨ ਦਾ ਇਸਤੇਮਾਲ ਕਰ ਸਕਦੀ ਹਾਂ।”
ਅਗਲੀ ਸਵੇਰ ਅਨੁਸ਼ਾ ਨੇ ਹੀ ਸ਼ਿਵਾਨੀ ਨੂੰ ਲਟਕਦਿਆਂ ਵੇਖਿਆ ਸੀ। ਅਨੁਸ਼ਾ ਕਹਿੰਦੀ ਹੈ, “ਮੈਂ ਅੱਜ ਵੀ ਰਾਤ ਨੂੰ ਸੌਂ ਨਹੀਂ ਪਾਉਂਦੀ ਹਾਂ।”

ਵੋਡਨਾਲੀ ਸ਼ਿਵਾਨੀ
ਉਸ ਨੇ ਛੱਤ ਨਾਲ ਲਟਕ ਕੇ ਮੌਤ ਨੂੰ ਗਲੇ ਲਗਾਇਆ ਸੀ।

ਦੇਵਾਸੋਥੁ ਨੀਰਜਾ, 17
ਮੈਂ ਅਤੇ ਉਸ ਦੇ ਪਾਪਾ ਕੰਮ 'ਤੇ ਜਲਦੀ ਚਲੇ ਜਾਂਦੇ ਸੀ। ਉਹ ਆਪਣੇ ਭਰਾ ਨੂੰ ਤਿਆਰ ਕਰਦੀ ਸੀ। ਕਈ ਵਾਰ ਤਾਂ ਖਾਣਾ ਵੀ ਬਣਾਉਂਦੀ ਅਤੇ ਬਾਅਦ 'ਚ ਆਪ ਕਾਲੇਜ ਜਾਂਦੀ ਸੀ।
ਨੀਰਜਾ ਦੀ ਮਾਂ ਫਾਂਗੀ ਕਹਿੰਦੀ ਹੈ, “ ਉਹ ਰਾਤ ਨੂੰ ਜ਼ਿਆਦਾਤਰ ਪੜ੍ਹਾਈ ਕਰਦੀ ਸੀ।”
ਨੀਰਜਾ ਦੇ ਮਾਤਾ-ਪਿਤਾ ਅਨੁਸਾਰ ਉਸ ਦੇ ਜ਼ਿਆਦਾ ਦੋਸਤ ਨਹੀਂ ਸੀ। ਨੀਰਜਾ ਦੇ ਪਿਤਾ ਰੂਪਲ ਸਿੰਘ ਫਰਸ਼ 'ਤੇ ਬੈਠੇ ਆਪਣੀ ਧੀ ਦੀ ਦਸਵੀਂ ਦੀ ਮਾਰਕਸ਼ੀਟ ਵਿਖਾਉਂਦੇ ਹੋਏ ਕਹਿੰਦੇ ਹਨ, “ਨੀਰਜਾ ਨੇ ਹੁਣ ਤੱਕ ਹਰ ਪ੍ਰੀਖਿਆ ਪਹਿਲੀ ਵਾਰ 'ਚ ਹੀ ਪਾਸ ਕੀਤੀ ਸੀ। ਉਹ ਡਾਕਟਰ ਬਣਨਾ ਚਾਹੁੰਦੀ ਸੀ। ਇਸ ਲਈ ਅਸੀਂ ਸੋਚਿਆ ਸੀ ਕਿ ਉਸ ਦਾ ਇਹ ਸੁਪਨਾ ਜ਼ਰੂਰ ਪੂਰਾ ਕਰਾਂਗੇ। ਸਾਡੇ ਕੋਲੋ ਜੋ ਕੁੱਝ ਹੋ ਸਕਦਾ ਸੀ ਅਸੀਂ ਕਰਨ ਨੂੰ ਤਿਆਰ ਸੀ।”

ਨੀਰਜਾ ਨੇ ਉਸ ਦਿਨ ਆਪਣੇ ਮਾਤਾ-ਪਿਤਾ ਲਈ ਦੁਪਹਿਰ ਦਾ ਖਾਣਾ ਬਣਾਇਆ। ਫਿਰ ਜਦੋਂ ਉਹ ਆਪਣੇ ਕੰਮ 'ਤੇ ਚਲੇ ਗਏ ਤਾਂ ਕੁੱਝ ਦੇਰ ਤੱਕ ਨੀਰਜਾ ਆਪਣੇ ਛੋਟੇ ਭਰਾ-ਭੇਣ ਨਾਲ ਖੇਡਦੀ ਰਹੀ।ਉਨ੍ਹਾਂ ਨੂੰ ਖਾਣਾ ਵੀ ਖਿਲਾਇਆ।
ਬਾਅਦ 'ਚ ਉਸ ਨੇ ਆਪਣੇ ਭਰਾ-ਭੈਣ ਨੂੰ ਕਮਰੇ ਦੇ ਪਿਛਲੇ ਹਿੱਸੇ 'ਚ ਜਾ ਕੇ ਸੌਣ ਲਈ ਕਿਹਾ। ਇਸ ਹਿੱਸੇ 'ਚ ਪਰਦਾ ਲੱਗਿਆ ਹੋਇਆ ਸੀ। ਸ਼ਾਮ ਨੂੰ ਜਦੋਂ ਉਸ ਨੂੰ ਉਸ ਦੇ ਭਰਾ ਨੇ ਆਵਾਜ਼ ਦਿੱਤੀ ਤਾਂ ਉਹ ਕੁੱਝ ਨਾ ਬੋਲੀ। ਪਰਦਾ ਹਟਾਉਣ 'ਤੇ ਉਨ੍ਹਾਂ ਵੇਖਿਆ ਕਿ ਨੀਰਜਾ ਪੱਖੇ ਨਾਲ ਲਟਕ ਰਹੀ ਸੀ।

ਦੇਵਸੋਥੁ ਨੀਰਜਾ
ਉਹ ਛੱਤ 'ਤੇ ਲੱਗੇ ਪੱਖੇ ਨਾਲ ਲਟਕ ਰਹੀ ਸੀ।

ਉਸਕੇ ਰੁਚਿਤਾ, 18
ਰੁਚਿਤਾ ਸਭਨਾਂ ਦੀ ਬਹੁਤ ਲਾਡਲੀ ਸੀ। ਪਰਿਵਾਰ 'ਚ ਹੀ ਨਹੀਂ ਬਲਕਿ ਆਂਢ ਗੁਆਂਢ 'ਚ ਵੀ ਉਸ ਨੂੰ ਸਭ ਪਸੰਦ ਕਰਦੇ ਸਨ।
ਪਿੰਡ 'ਚ ਰੁਚਿਤਾ ਦਾ ਘਰ ਲੱਭਣ 'ਚ ਕੋਈ ਮੁਸ਼ਕਲ ਨਹੀਂ ਹੋਈ। ਜਦੋਂ ਅਸੀਂ ਉਸ ਦੇ ਘਰ ਪਹੁੰਚੇ ਤਾਂ ਉਸ ਦੀ ਮਾਂ, ਭਾਬੀ ਅਤੇ ਦਾਦੀ ਵਿਆਹ ਵਾਲੀ ਐਲਬਮ 'ਚ ਤਸਵੀਰਾਂ ਵੇਖ ਰਹੇ ਸਨ।
ਰੁਚਿਤਾ ਦੀ ਮਾਂ ਚੰਦਰਿਆ ਨੇ ਰੋਂਦੇ ਹੋਏ ਦੱਸਿਆ, “ਇਹ ਮੇਰੇ ਬੇਟੇ ਦੇ ਵਿਆਹ ਦੀ ਐਲਬਮ ਹੈ। ਸਾਡੇ ਕੋਲ ਰੁਚਿਤਾ ਦੀਆਂ ਚੰਗੀਆਂ ਤਸਵੀਰਾਂ ਇਹੀ ਹਨ।”
ਰੁਚਿਤਾ ਦੇ ਦਾਦਾ ਬੇਗਾਇਆ ਵੀ ਉੱਥੇ ਆ ਕੇ ਬੈਠ ਗਏ। ਉਨ੍ਹਾਂ ਕਿਹਾ ਕਿ ਰੁਚਿਤਾ ਬਹੁਤ ਲਾਡ ਪਿਆਰ ਨਾਲ ਪਲੀ ਸੀ। ਪਰਿਵਾਰ ਅਤੇ ਆਸ-ਪਾਸ ਦੇ ਸਾਰੇ ਲੋਕ ਉਸ ਨੂੰ ਪਿਆਰ ਕਰਦੇ ਸਨ।

ਰੁਚਿਤਾ ਦੇ ਦਾਦਾ ਨੇ ਆਪਣੇ ਹਝੂੰਆਂ ਨੂੰ ਸਾਫ਼ ਕਰਦਿਆਂ ਕਿਹਾ, “ਰੁਚਿਤਾ ਨੂੰ ਵੇਖਣ 'ਚ ਦਿੱਕਤ ਹੁੰਦੀ ਸੀ। ਇਸ ਲਈ ਅਸੀਂ ਉਸ ਨੂੰ ਬਹੁਤ ਪਿਆਰ ਨਾਲ ਰੱਖਦੇ ਸੀ।”
ਉਸ ਦੇ ਪਿਤਾ ਨੇ ਦੱਸਿਆ ਕਿ ਜੇਕਰ ਉਹ ਗ੍ਰੇਜੁਏਸ਼ਨ ਕਰ ਜਾਂਦੀ ਤਾਂ ਉਸ ਨੂੰ ਨੌਕਰੀ ਮਿਲ ਜਾਣੀ ਸੀ ਅਤੇ ਉਹ ਆਤਮ ਨਿਰਭਰ ਬਣ ਸਕਦੀ ਸੀ।

ਰੁਚਿਤਾ ਦੀ ਮਾਂ ਨੇ ਦੱਸਿਆ ਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਉਹ ਪਾਸ ਹੋਵੇਗੀ। ਰੁਚਿਤਾ ਨੇ ਪ੍ਰੀਖਿਆ ਤੋਂ ਬਾਅਦ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਸਾਰੇ ਵਿਸ਼ਿਆਂ 'ਚ ਪਾਸ ਹੋ ਜਾਵੇਗੀ। ਉਹ ਗ੍ਰੇਜੁਰੇਸ਼ਨ ਦੀ ਪੜ੍ਹਾਈ ਲਈ ਕਾਲੇਜ ਜਾਣ ਦੀ ਤਿਆਰੀ ਵੀ ਕਰ ਰਹੀ ਸੀ।
ਅਸੀਂ ਸਾਰੇ ਉੱਥੇ ਹੀ ਸੀ ਕਿ ਬੱਚਿਆਂ ਦਾ ਇੱਕ ਗਰੁੱਪ ਸਾਡੇ ਕੋਲ ਆਇਆ। ਇਹ 6-8 ਸਾਲ ਦੇ ਬੱਚੇ ਸਨ। ਉਨ੍ਹਾਂ ਬੱਚਿਆਂ ਨੇ ਦੱਸਿਆ ਕਿ ਰੁਚਿਤਾ ਦੀਦੀ ਉਨ੍ਹਾਂ ਦੀ ਦੋਸਤ ਸੀ। ਪਤਾ ਨਹੀਂ ਉਹ ਸਾਨੂੰ ਛੱਡ ਕੇ ਕਿੱਥੇ ਚਲੀ ਗਈ ਹੈ।
ਰੁਚਿਤਾ ਦੇ ਦਾਦਾ ਨੇ ਦੱਸਿਆ ਕਿ ਆਖਰੀ ਵਾਰ ਰੁਚਿਤਾ ਇੰਨ੍ਹਾਂ ਬੱਚਿਆਂ ਨੂੰ ਪਿਆਰ ਕਰਦੀ ਹੀ ਵਿਖੀ ਸੀ।

ਉਸਕੇ ਰੁਚਿਤਾ
ਉਸ ਨੇ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ।

ਦੋਤਰਵੇਣੀ ਪ੍ਰਸ਼ਾਂਤ, 18
ਉਹ ਸਾਡੇ ਗਰੁੱਪ ਦਾ ਸਭ ਤੋਂ ਸੋਹਣਾ ਮੁੰਡਾ ਸੀ।
ਦੇਰ ਸ਼ਾਮ ਹੋ ਚੁੱਕੀ ਸੀ ਜਦੋਂ ਅਸੀਂ ਪ੍ਰਸ਼ਾਂਤ ਦੇ ਘਰ ਪਹੁੰਚੇ। ਪਿੰਡ ਦੇ ਅੰਦਰ ਵੜਦਿਆਂ ਹੀ ਅਸੀਂ ਪ੍ਰਸ਼ਾਂਤ ਨੂੰ ਸ਼ਰਧਾਂਜਲੀ ਦਿੰਦਾ ਬੈਨਰ ਵੇਖਿਆ। ਪ੍ਰਸ਼ਾਂਤ ਦੇ ਦੋਸਤ ਸਾਨੂੰ ਉਸ ਦੇ ਘਰ ਲੈ ਗਏ।
ਅਨਿਲ ਨਾਂਅ ਦੇ ਪ੍ਰਸ਼ਾਂਤ ਦੇ ਦੋਸਤ ਨੇ ਆਪਣਾ ਮੋਬਾਈਲ ਕੱਢ ਕੇ ਸਾਨੂੰ ਪ੍ਰਸ਼ਾਂਤ ਦੀਆਂ ਫੋਟੋਆਂ ਵਿਖਾਈਆਂ।
ਅਨਿਲ ਨੇ ਕਿਹਾ, “ਉਹ ਸਾਡੇ ਸਾਰਿਆਂ 'ਚੋਂ ਸਭ ਤੋਂ ਸੋਹਣਾ ਸੀ।ਅਸੀਂ ਸਾਰੇ ਇੱਕਠੇ ਘੁੰਮਦੇ ਸੀ। ਉਹ ਹਮੇਸ਼ਾਂ ਕਿਹਾ ਕਰਦਾ ਸੀ ਕਿ ਸਾਨੂੰ ਆਪਣੇ ਮਾਤਾ-ਪਿਤਾ ਦਾ ਧਿਆਨ ਰੱਖਣਾ ਚਾਹੀਦਾ ਹੈ।

ਪ੍ਰਸ਼ਾਂਤ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਅਤੇ ਉਸ ਦੀ ਮੌਤ ਕਾਰਨ ਪੂਰਾ ਪਰਿਵਾਰ ਸਦਮੇ 'ਚ ਸੀ। ਪ੍ਰਸ਼ਾਂਤ ਦੇ ਪਿਤਾ ਕੁਮੁਰੇਆ ਨੇ ਦੱਸਿਆ, “ਮੇਰਾ ਬੇਟਾ ਪੜ੍ਹਣ 'ਚ ਜ਼ਿਆਦਾ ਤੇਜ਼ ਨਹੀਂ ਸੀ। ਪਹਿਲੇ ਸਾਲ ਵੀ ਉਸ ਨੂੰ ਪ੍ਰੀਖਿਆ ਪਾਸ ਕਰਨ 'ਚ ਮੁਸ਼ਕਲ ਹੋਈ ਸੀ, ਪਰ ਉਹ ਆਪਣੇ ਵੱਲੋਂ ਮਿਹਨਤ ਜ਼ਰੂਰ ਕਰਦਾ ਸੀ। ਉਹ ਸਿਰਫ ਡਿਗਰੀ ਹਾਸਿਲ ਕਰਨ ਲਈ ਪਾਸ ਹੋਣਾ ਚਾਹੁੰਦਾ ਸੀ।"
ਉਸ ਰਾਤ ਪਿੰਡ ਦੇ ਮੰਦਿਰ 'ਚ ਸਥਾਨਕ ਦੇਵਤਾ ਦੀ ਪੂਜਾ ਸੀ। ਪ੍ਰਸ਼ਾਂਤ ਦੇ ਪਰਿਵਾਰਕ ਮੈਂਬਰਾਂ ਨੂੰ ਉਮੀਦ ਸੀ ਕਿ ਉਹ ਸਵੇਰੇ ਘਰ ਆ ਜਾਵੇਗਾ, ਕਿਉਂਕਿ ਪਹਿਲਾਂ ਵੀ ਕਈ ਵਾਰ ਉਹ ਪੂਜਾ ਦੀ ਰਾਤ ਨੂੰ ਆਪਣੇ ਦੋਸਤਾਂ ਨਾਲ ਮੰਦਿਰ 'ਚ ਹੀ ਰਹਿੰਦਾ ਸੀ।
ਪਰ ਉਸ ਦਿਨ ਪ੍ਰਸ਼ਾਂਤ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਅਤੇ ਕਿਹਾ ਕਿ ਦੂਜੇ ਸਾਲ ਦੀ ਪ੍ਰੀਖਿਆ 'ਚ ਫੇਲ ਹੋਣ ਦੇ ਕਾਰਨ ਉਹ ਕਾਫੀ ਉਦਾਸ ਹੈ। ਪ੍ਰਸ਼ਾਂਤ ਦੇ ਦੋਸਤ ਨੇ ਦੱਸਿਆ ਕਿ ਉਸ ਨੇ ਪ੍ਰਸ਼ਾਂਤ ਨੂੰ ਚਿੰਤਾ ਨਾ ਕਰਨ ਦੀ ਗੱਲ ਕਹੀ, ਪਰ ਪ੍ਰਸ਼ਾਂਤ ਨੇ ਸੌਰੀ ਕਹਿ ਕੇ ਫੋਨ ਕੱਟ ਦਿੱਤਾ।

ਦੋਤਰਵੇਣੀ ਪ੍ਰਸ਼ਾਂਤ
ਪ੍ਰਸ਼ਾਂਤ ਨੇ ਵੀ ਆਪਣੇ ਆਪ ਨੂੰ ਫਾਂਸੀ ਲਗਾ ਕੇ ਮੌਤ ਨੂੰ ਗਲਵੱਕੜੀ ਪਾਈ।

ਸਾਡੇ ਬੱਚਿਆਂ ਦਾ ਕਾਤਿਲ ਕੌਣ?

ਤੇਲੰਗਾਨਾ 'ਚ ਇੰਟਰਮੀਡੀਏਟ ਦੀ ਪ੍ਰੀਖਿਆ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਾਲ 2015 'ਚ ਸਿਰਫ 5 ਸੀ, ਪਰ 2018 'ਚ ਇਹ ਅੰਕੜਾ ਵੱਧ ਕੇ 23 ਹੋ ਗਿਆ। ਇਸ ਸਾਲ ਇਮਤਿਹਾਨ 'ਚ ਅੰਕ ਦੇਣ ਦੀ ਪ੍ਰਕਿਰਿਆ 'ਚ ਹੋਈ ਗਲਤੀ ਦੀਆਂ ਖ਼ਬਰਾਂ ਦੇ ਚੱਲਦਿਆਂ ਉਹ ਸਾਰੇ ਮਾਪੇ ਗੁੱਸੇ 'ਚ ਹਨ, ਜਿਨ੍ਹਾਂ ਦੇ ਮਾਸੂਮ ਬੱਚਿਆਂ ਨੇ ਮੌਤ ਨੂੰ ਚੁਣਿਆ।
ਅਸੀਂ ਜਿਨ੍ਹਾਂ ਮਾਪਿਆਂ ਨੂੰ ਮਿਲੇ, ਉਨ੍ਹਾਂ 'ਚੋਂ ਜ਼ਿਆਦਾਤਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਬੱਚਿਆਂ 'ਤੇ ਪੜ੍ਹਾਈ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਸੀ। ਜਿਨ੍ਹਾਂ ਵੀ ਬੱਚਿਆਂ ਨੇ ਖੁਦਕੁਸ਼ੀ ਕੀਤੀ, ਉਨ੍ਹਾਂ 'ਚੋਂ ਕੁੱਝ ਨੇ ਤਾਂ ਦਸਵੀਂ 'ਚ 70% ਤੋਂ ਵੀ ਵੱਧ ਅੰਕ ਹਾਸਿਲ ਕੀਤੇ ਸਨ।
ਅਰੁਤਲਾ ਗਣੇਸ਼ ਨੇ ਆਪਣੀ ਬੇਟੀ ਅਨਾਮਿਕਾ ਨੂੰ ਖੋ ਦਿੱਤਾ ਸੀ, ਜੋ ਕਿ ਇੰਟਰ ਦੇ ਪਹਿਲੇ ਸਾਲ ਦੀ ਪ੍ਰੀਖਿਆ 'ਚ ਤੇਲੁਗੂ ‘ਚ ਫੇਲ ਹੋ ਗਈ ਸੀ। ਅਰੁਤਲਾ ਨੂੰ ਕਾਪੀ ਜਾਂਚ ਦੀ ਪ੍ਰਕਿਰਿਆ 'ਤੇ ਸ਼ੱਕ ਸੀ। ਉਸ ਨੇ ਨਵਿਆ ਦੀ ਮਿਸਾਲ ਦਿੰਦਿਆਂ ਕਿਹਾ ਕਿ ਨਵਿਆ ਨੂੰ ਪਹਿਲਾਂ ਤੇਲੁਗੂ 'ਚ ਸਿਫ਼ਰ ਮਿਲਿਆ ਸੀ ਪਰ ਬਾਅਦ 'ਚ ਮੁੜ ਅੰਕਾਂ ਦੀ ਜਾਂਚ ਕਰਵਾਉਣ ਤੋਂ ਬਾਅਦ ਉਸ ਨੂੰ 99 ਅੰਕ ਹਾਸਿਲ ਹੋਏ।
ਵੇਨੇਲਾ ਦੇ ਪਿਤਾ ਗੋਪਾਲਕ੍ਰਿਸ਼ਨ ਇੰਟਰਮੀਡੀਏਟ ਬੋਰਡ 'ਤੇ ਮੁਕਦਮਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਦੱਸਿਆ, “ਅਜਿਹੀਆਂ ਗੱਲਾਂ ਨਾਲ ਸਾਨੂੰ ਵੀ ਸ਼ੱਕ ਹੁੰਦਾ ਹੈ। ਪਰ ਮੇਰੀ ਤਰ੍ਹਾਂ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮੌਤ ਦੇ ਮੂੰਹ ਜਾਂਦਿਆਂ ਵੇਖਿਆ ਹੈ, ਉਨ੍ਹਾਂ ਲਈ ਇੰਨ੍ਹਾਂ ਗੱਲਾਂ ਦੇ ਕੀ ਮਾਅਨੇ ਰਹਿ ਗਏ ਹਨ।” ਉਨ੍ਹਾਂ ਕਿਹਾ, "ਮੇਰੀ ਬੇਟੀ ਫੇਲ ਹੋਣਾ ਸਵੀਕਾਰ ਕਰ ਸਕਦੀ ਸੀ। ਮੈਂ ਇਹ ਜਾਣਨਾ ਚਾਹੁੰਦਾਂ ਹਾਂ ਕਿ ਕਿੰਨਾਂ ਲੋਕਾਂ ਨੇ ਉਸ ਨੂੰ ਇਸ ਮੁਕਾਮ 'ਤੇ ਪਹੁੰਚਾਇਆ। ਮੇਰੀ ਧੀ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ?”
ਧਰਮਾ ਰਾਮ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੇ ਗਰਭ ਧਾਰਨ ਕਰਨ ਮੌਕੇ ਤੋਂ ਹੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ।ਪਰ ਹੁਣ ਉਸ ਦੇ ਹੱਥ ਕੁੱਝ ਵੀ ਨਹੀਂ ਹੈ। ਧਰਮਾ ਇਸ ਗੱਲ ਨੂੰ ਸਹਿਣ ਨਹੀਂ ਕਰ ਪਾਇਆ ਸੀ ਕਿ ਉਹ ਵੀ ਫੇਲ ਹੋ ਸਕਦਾ ਹੈ।
ਉੱਥੇ ਹੀ ਧਰਮਾਂ ਦੇ ਇਕ ਦੋਸਤ ਅਭੀਰਾਮ ਦਾ ਕਹਿਣਾ ਹੈ ਕਿ ਵਿਦਿਆਰਥੀਆਂ 'ਤੇ ਸਮਾਜ ਦੀਆਂ ਉਮੀਦਾਂ ਦਾ ਦਬਾਅ ਹਮੇਸ਼ਾਂ ਬਣਿਆ ਰਹਿੰਦਾ ਹੈ। ਉਸ ਨੇ ਦੱਸਿਆ, “ਜਦੋਂ ਅਸੀਂ ਵਧੀਆ ਨੰਬਰ ਲੈ ਕੇ ਆਉਂਦੇ ਹਾਂ ਤਾਂ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਅਗਲੀ ਵਾਰ ਹੋਰ ਵਧੀਆ ਅੰਕ ਆਉਣਗੇ।”
ਬੋਰਡ ਅਧਿਕਾਰੀਆਂ 'ਤੇ ਗਲਤੀਆਂ ਦੇ ਦੋਸ਼

23 ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਅਤੇ ਉਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਨੂੰ ਵੇਖਦਿਆਂ ਪਟੀਸ਼ਨ ਦਾਇਰ ਕੀਤੀ ਗਈ। ਅਦਾਲਤ ਨੇ ਇਸ ਮਾਮਲੇ 'ਚ ਦਖਲ ਦਿੰਦਿਆਂ ਇੰਟਰਮੀਡੀਏਟ ਬੋਰਡ ਨੂੰ ਪੇਪਰ ਦੀਆਂ ਕਾਪੀਆਂ ਦੀ ਮੁੜ ਜਾਂਚ ਕਰਨ ਦੇ ਆਦੇਸ਼ ਦਿੱਤੇ। ਦੱਸਣਯੋਗ ਹੈ ਕਿ 9.74 ਲੱਖ ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਸੀ, ਜਿਸ 'ਚੋਂ 3.28 ਲੱਖ ਵਿਦਿਆਰਥੀ ਫੇਲ ਹੋ ਗਏ ਸਨ।
ਇੰਟਰਮੀਡੀਏਟ ਦੇ ਪਹਿਲੇ ਸਾਲ ਲਗਭਗ 60.5% ਵਿਦਿਆਰਥੀ ਹੀ ਪਾਸ ਹੋਏ ਸਨ, ਜਦਕਿ ਦੂਜੇ ਸਾਲ 64.8% ਬੱਚਿਆਂ ਨੂੰ ਸਫਲਤਾ ਹਾਸਿਲ ਹੋਈ ਸੀ। 2018 'ਚ ਇੰਟਰਮੀਡੀਏਟ ਦੀ ਪ੍ਰੀਖਿਆ 'ਚ 62.73%, ਜਦਕਿ ਦੂਜੇ ਸਾਲ 67.06% ਬੱਚੇ ਪਾਸ ਹੋਏ ਸੀ। ਸਾਲ 2017 'ਚ ਲਗਭਗ 57.3% ਅਤੇ ਦੂਜੇ ਸਾਲ 67% ਵਿਦਿਆਰਥੀ ਪਾਸ ਹੋਏ ਸਨ।
18 ਅਪ੍ਰੈਲ ਨੂੰ ਨਤੀਜੇ ਆਉਣ ਤੋਂ ਬਾਅਦ ਬੱਚਿਆਂ ਦੇ ਮਾਪੇ ਉਤਰ ਕਾਪੀਆਂ ਦੀ ਜਾਂਚ ਅਤੇ ਅੰਕ ਦੇਣ ਦੀ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕਰ ਰਹੇ ਹਨ।19 ਅਪ੍ਰੈਲ ਤੋਂ ਵੇਣੁਗੋਪਾਲ ਰੈੱਡੀ ਰੋਜ਼ਾਨਾ ਇੰਟਰਮੀਡੀਏਟ ਬੋਰਡ ਦੇ ਚੱਕਰ ਕੱਟ ਰਹੇ ਹਨ। ਉਨ੍ਹਾਂ ਦਾ ਬੇਟਾ ਗਣਿਤ, ਫੀਜਿਕਸ ਅਤੇ ਕੇਮੀਸਟਰੀ ਵਿਸ਼ਿਆਂ 'ਚ ਪੜ੍ਹ ਰਿਹਾ ਸੀ। ਰੈੱਡੀ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੇ ਪਹਿਲੇ ਸਾਲ ਹਿਸਾਬ 'ਚ 75 'ਚੋਂ 75 ਅੰਕ ਹਾਸਿਲ ਕੀਤੇ ਸਨ। ਜਦਕਿ ਦੂਜੇ ਵਿਸ਼ਿਆਂ 'ਚ 60-60 ਅੰਕ ਹਾਸਿਲ ਕੀਤੇ ਸਨ। ਇਸ ਸਾਲ ਦੇ ਨਤੀਜਿਆਂ 'ਚ ਉਸ ਨੂੰ ਗਣਿਤ ਅਤੇ ਫੀਜਿਕਸ 'ਚ ਸਿਰਫ 1-1 ਅਤੇ ਕੇਮਿਸਟਰੀ 'ਚ ਸਿਫ਼ਰ ਅੰਕ ਮਿਲਿਆ ਸੀ ਜੋ ਕਿ ਬਹੁਤ ਹੀ ਹੈਰਾਨੀ ਵਾਲਾ ਰਿਜ਼ਲਟ ਸੀ। ਮੇਰਾ ਬੇਟਾ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਵੀ ਤਿਆਰੀ ਕਰ ਰਿਹਾ ਸੀ। ਆਪਣੇ ਇਸ ਨਤੀਜੇ ਨੂੰ ਵੇਖ ਕੇ ਉਹ ਟੁੱਟ ਗਿਆ ਸੀ। ਉਸ ਨੇ ਖਾਣਾ –ਪੀਣਾ ਹੀ ਛੱਡ ਦਿੱਤਾ ਸੀ। ਘਰ ਤੋਂ ਬਾਹਰ ਜਾਣਾ ਵੀ ਛੱਡ ਕੇ ਉਹ ਆਪਣੇ ਕਮਰੇ 'ਚ ਪਿਆ ਰਹਿੰਦਾ ਸੀ। ਮੈਨੂੰ ਉਸ ਦੇ ਮਾਨਸਿਕ ਤੌਰ 'ਤੇ ਤਣਾਅ 'ਚ ਹੋਣ ਦੀ ਚਿੰਤਾ ਲੱਗਣ ਲੱਗ ਗਈ ਸੀ।
ਇਹ ਸਭ ਦੱਸਦਿਆਂ ਵੇਣੁਗੋਪਾਲ ਦੀਆਂ ਅੱਖਾਂ ਨਮ ਹੋ ਗਈਆਂ।
ਮੁੱਖ ਮੰਤਰੀ ਨੇ ਸਮੀਖਿਆ ਬੈਠਕ ਕਰਨ ਤੋਂ ਬਾਅਦ ਬੋਰਡ ਦੇ ਅਧਿਕਾਰੀਆਂ ਨੂੰ ਬਿਨ੍ਹਾਂ ਕੋਈ ਵਾਧੂ ਰਾਸ਼ੀ ਦਿੱਤਿਆਂ ਮੁੜ ਕਾਪੀਆਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਬੋਰਡ ਨੇ ਉਨ੍ਹਾਂ ਬੱਚਿਆਂ ਦੀ ਉਤਰ ਕਾਪੀ ਨੂੰ ਮੁੜ ਜਾਂਚ ਕਰਨ ਲਈ ਪਹਿਲਾਂ ਚੁਣਿਆ ਹੈ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ।ਬੋਰਡ ਅਧਿਕਾਰੀਆਂ ਨੇ ਆਪਣੇ ਬਿਆਨ ‘ਚ ਕਿਹਾ ਹੈ , “ਖੁਦਕੁਸ਼ੀ ਦੇ ਮਾਮਲੇ 'ਚ ਬੋਰਡ ਨੂੰ ਵੀ ਦੁੱਖ ਹੈ। ਅਸੀਂ ਇਹ ਮੰਨਦੇ ਹਾਂ ਕਿ ਮਾਪਿਆਂ ਦੇ ਇਸ ਨੁਕਸਾਨ ਦੀ ਭਰਪਾਈ ਨਾਮੁਮਕਿਨ ਹੈ, ਪਰ ਇਹ ਸਪਸ਼ੱਟ ਕੀਤਾ ਜਾਂਦਾ ਹੈ ਕਿ ਵਿਦਿਆਰਥੀਆਂ ਦੀ ਖੁਦਕੁਸ਼ੀ ਅਤੇ ਰਿਜ਼ਲਟ 'ਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਗਲਤੀ ਦਾ ਆਪਸ 'ਚ ਕੋਈ ਸਬੰਧ ਨਹੀਂ ਹੈ।”

ਨਾਕਾਮੀ ਜਾਂ ਫਿਰ ਸਮਾਜਿਕ ਦਬਾਅ?

ਬੋਰਡ ਵੱਲੋਂ ਗੈਰ ਮਦਦ ਪ੍ਰਾਪਤ ਨਿੱਜੀ ਜੂਨੀਅਰ ਕਾਲੇਜਾਂ 'ਤੇ ਲੱਗੇ ਦੋਸ਼ਾਂ 'ਤੇ ਗਠਿਤ ਜਾਂਚ ਕਮੇਟੀ ਦੀ ਰਿਪੋਰਟ 'ਚ ਕਿਹਾ ਗਿਆ ਹੈ , “ਇਕ ਵਿਅਕਤੀ ਦੀ ਖੁਦਕੁਸ਼ੀ ਨਿੱਜੀ, ਸਾਮਾਜਿਕ ਅਤੇ ਨੈਤਿਕ ਤ੍ਰਾਸਦੀ ਹੈ। ਇਹ ਮੁਸ਼ਕਲ ਹੋਰ ਵੀ ਵੱਧ ਜਾਂਦੀ ਹੈ ਜਦੋਂ ਖੁਦਕੁਸ਼ੀ ਕਰਨ ਵਾਲਾ ਨੌਜਵਾਨ ਹੋਵੇ ਅਤੇ ਉਸ ਨੇ ਅਜੇ ਪੂਰੀ ਜ਼ਿੰਦਗੀ ਨੂੰ ਵੇਖਿਆ ਵੀ ਨਾ ਹੋਵੇ। ਅਜਿਹੇ ਹਾਦਸੇ ਸਮਾਜ ਦੇ ਆਰਥਿਕ, ਸਮਾਜਿਕ ਅਤੇ ਨੈਤਿਕ ਤਾਣੇ ਬਾਣੇ 'ਤੇ ਵੱਡਾ ਸਵਾਲ ਹਨ।”
ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ, “ਕਮੇਟੀ ਅਤੇ ਪ੍ਰਬੰਧਨ ਦੀ ਰਾਏ ‘ਚ ਇਸ ਸਮੱਸਿਆ ਨੂੰ ਵਧਾਉਣ ‘ਚ ਮਾਪਿਆਂ ਅਤੇ ਅਧਿਕਾਰੀਆਂ ਦੀ ਬਰਾਬਰ ਜ਼ਿੰਮੇਵਾਰੀ ਹੈ।" ਇਹ ਰਿਪੋਰਟ ਸਰਕਾਰ ਅਤੇ ਬੋਰਡ ਨੂੰ 2001 'ਚ ਸੌਂਪੀ ਗਈ ਸੀ। ਇਸ 'ਚ ਸਿਫਾਰਿਸ਼ ਕੀਤੀ ਗਈ ਸੀ ਕਿ ਨਿੱਜੀ ਕਾਲੇਜਾਂ 'ਚ ਸੀਮਿਤ ਗਿਣਤੀ 'ਚ ਦਾਖਲਾ ਹੋਵੇ,ਪੇਸ਼ੇਵਰ ਕਾਊਂਸਲਰਾਂ ਦੀ ਨਿਯੁਕਤੀ ਹੋਵੇ, ਖੇਡਾਂ ਨੂੰ ਲਾਜ਼ਮੀ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਮਾਤਾ-ਪਿਤਾ ਦੀ ਵੀ ਸਮੇਂ-ਸਮੇਂ 'ਤੇ ਕਾਉਂਸਲਿੰਗ ਕੀਤੀ ਜਾਣੀ ਚਾਹੀਦੀ ਹੈ। ਪਰ ਇੰਨ੍ਹਾਂ ਨੂੰ ਅੱਜ ਤਕ ਅਮਲ 'ਚ ਨਹੀਂ ਲਿਆਂਦਾ ਗਿਆ ਹੈ।
ਇਸ ਦੌਰਾਨ ਮਨੋਵਿਗਿਆਨਕਾਂ ਦੇ ਇਕ ਵਰਗ ਨੇ ਇਹ ਮਹਿਸੂਸ ਕੀਤਾ ਹੈ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਦਾ ਵਿਦਿਆਰਥੀਆਂ ਦੇ ਦਿਮਾਗ 'ਤੇ ਕਾਫੀ ਪ੍ਰਭਾਵ ਪੈਂਦਾ ਹੈ।
ਡਾਕਟਰ ਵਾਸੁਪ੍ਰਦਾ ਕਾਰਤਿਕ ਦਾ ਕਹਿਣਾ ਹੈ, “ਪ੍ਰੀਖਿਆ ਦੇ ਨਾਂਅ ਤੋਂ ਹੀ ਵਿਦਿਆਰਥੀਆਂ 'ਚ ਦਬਾਅ ਦੀ ਸਥਿਤੀ ਬਣ ਜਾਂਦੀ ਹੈ। ਬੱਚਿਆਂ ਦੀ ਹੀ ਨਹੀਂ, ਬਲਕਿ ਮਾਪਿਆਂ ਅਤੇ ਸਮਾਜ ਦੀਆਂ ਉਮੀਦਾਂ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ। ਵਿੱਦਿਅਕ ਸੰਸਥਾਵਾਂ ਵੱਲੋਂ ਵੀ ਆਪਣੇ ਵਿਦਿਆਰਥੀਆਂ 'ਤੇ ਪਾਸ ਹੋਣ ਦਾ ਦਬਾਅ ਪਾਇਆ ਜਾਂਦਾ ਹੈ।”
ਹਰ ਵਿਦਿਆਰਥੀ ਦੀ ਸਮਰੱਥਾ ਵੱਖ-ਵੱਖ ਹੁੰਦੀ ਹੈ। ਇਸ ਲਈ ਹਰ ਵਿਦਿਆਰਥੀ ਤੋਂ ਪਾਸ ਹੋਣ ਦੀ ਉਮੀਦ ਰੱਖਣਾ ਵੀ ਸਹੀ ਨਹੀਂ ਹੈ। ਸਮੇਂ –ਸਮੇਂ 'ਤੇ ਵਿਦਿਆਰਥੀਆਂ ਨੂੰ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲਾਂ ਇਮਤਿਹਾਨਾਂ ਦਾ ਡਰ ਬੱਚਿਆਂ ਅਤੇ ਮਾਪਿਆਂ ਦੇ ਮਨਾਂ 'ਚੋਂ ਬਾਹਰ ਕੱਢਣ ਲਈ ਜਾਗਰੂਕਤਾ ਦੀ ਲੋੜ ਹੈ। ਬੱਚਿਆਂ ਨੂੰ ਪ੍ਰੀਖਿਆਵਾਂ ਤੋਂ ਬਾਹਰ ਦੀ ਦੁਨੀਆ ਨਾਲ ਇਕ-ਮਿਕ ਹੋਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
ਰਿਪੋਰਟ: ਦਿਪਤੀ ਬਥਿਨੀ
ਫੋਟੋ: ਨਵੀਨ ਕੁਮਾਰ
ਇਲਸਟ੍ਰੇਸ਼ਨ: ਪੁਨੀਤ ਬਰਨਾਲਾ
ਸ਼ਾਰਟਹੈਂਡ: ਸ਼ਾਦਾਬ ਨਜ਼ਮੀ