“ਅੰਤ ਵਿੱਚ ਪਿਆਰ ਦੀ ਜਿੱਤ ਹੋਵੇਗੀ"

ਕਾਮਿਨੀ ਅਤੇ ਇਕਬਾਲ (ਬਦਲੇ ਹੋਏ ਨਾਮ)
ਉਹ ਲੋਹੇ ਦੀ ਅਲਮਾਰੀ ਨਾਲ ਪਿੱਠ ਲਾਏ ਆਪਣੇ ਹੱਥਾਂ ’ਤੇ ਮਹਿੰਦੀ ਦਾ ਡਿਜ਼ਾਈਨ ਦੇਖਣ ਲੱਗੀ। ਉਹ ਮੁਸਕਰਾਈ ਅਤੇ ਫ਼ਿਰ ਆਪਣੇ ਨਾਲ ਬੈਠੇ ਵਿਅਕਤੀ ਵੱਲ ਦੇਖਿਆ।

ਇਸ ਸਾਰੀ ਬੇਚੈਨੀ ਤੋਂ ਬਾਅਦ ਉਨ੍ਹਾਂ ਨੇ ਮਹਿੰਦੀ ਦੀ ਰਸਮ ਕਰਨ ਦਾ ਫ਼ੈਸਲਾ ਕੀਤਾ। ਇੱਕ ਛੋਟੀ ਜਿਹੀ, ਪਰ ਫ਼ਿਰ ਵੀ ਇੱਕ ਰਸਮ।
ਅੰਤ ਨੂੰ ਕਾਮਿਨੀ (ਬਦਲਿਆ ਹੋਇਆ ਨਾਮ), ਇਕਬਾਲ (ਬਦਲਿਆ ਹੋਇਆ ਨਾਮ) ਵਿਆਹ ਕਰਵਾ ਰਹੇ ਸੀ। ਹੁਣ ਤੱਕ ਇਹ ਇੱਕ ਉਤਰਾਅ-ਚੜ੍ਹਾਅ ਭਰਿਆ ਸਫ਼ਰ ਰਿਹਾ ਸੀ। ਕਮਰੇ ਵਿੱਚ ਬਹੁਤੇ ਲੋਕ ਨਹੀਂ ਸਨ।
ਕਹਿੰਦੇ ਹਨ, ਉਹ ਇਹ ਪ੍ਰੋਗਰਾਮ ਆਪਣੀ ਭੈਣ ਦੇ ਵਿਆਹ ਵਾਂਗ ਧੂੰਮਧਾਮ ਵਾਲਾ ਕਰਨਾ ਚਾਹੁੰਦੀ ਸੀ ਪਰ ਅਜੀਬ ਸਮਾਂ ਸੀ।
ਹੋਣ ਵਾਲਾ ਲਾੜਾ ਗਿਆ ਅਤੇ 10 ਫ਼ਰਵਰੀ ਨੂੰ ਹੋਣ ਵਾਲੇ ਵਿਆਹ ਦੇ ਜਸ਼ਨ ਮਨਾਉਣ ਲਈ ਮਠਿਆਈਆਂ, ਸਮੋਸੇ ਅਤੇ ਸੌਫ਼ਟ ਡ੍ਰਿੰਕਸ ਲੈ ਕੇ ਵਾਪਸ ਆਇਆ।
ਉਹ 2016 ਵਿੱਚ ਲਖਨਊ ਦੇ ਇੱਕ ਕੋਚਿੰਗ ਸੈਂਟਰ ਵਿੱਚ ਮਿਲੇ ਸਨ। ਕਾਮਿਨੀ ਨੇ ਧਿਆਨ ਦਿੱਤਾ ਕਿ ਸ਼ਫ਼ੇਦ ਕਮੀਜ਼ ਪਹਿਨਿਆ ਇੱਕ ਸ਼ਰਮੀਲਾ ਲੜਕਾ ਕਲਾਸ ਵਿੱਚ ਆਇਆ ਅਤੇ ਪਹਿਲੇ ਦਿਨ ਉਸਦੇ ਨਾਲ ਬੈਠ ਗਿਆ।
ਉਹ ਗਣਿਤ ਵਿੱਚ ਚੰਗਾ ਸੀ। ਕਾਮਿਨੀ ਨੇ ਉਸ ਨੂੰ ਮਦਦ ਲਈ ਪੁੱਛਿਆ। ਇਸ ਤਰ੍ਹਾਂ ਇਹ ਸਭ ਸ਼ੁਰੂ ਹੋਇਆ। ਉਹ ਜੋੜਿਆਂ ਨੂੰ ਫ਼ੜੇ ਜਾਣ ਦੀਆਂ ਖ਼ਬਰਾਂ, ਉਨ੍ਹਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਆਦਿ ਦੀਆਂ ਚੇਤਾਵਨੀਆਂ ਦੇ ਬਾਵਜੂਦ ਪਿਆਰ ਵਿੱਚ ਪਏ।
ਹੱਥਾਂ ਵਿੱਚ ਮਹਿੰਦੀ ਵਾਲਾ ਕੋਨ ਲਏ, ਵਰਸ਼ਾ ਨਾਮ ਦੀ ਇੱਕ ਜਵਾਨ ਲੜਕੀ, ਨੇ ਕਾਮਿਨੀ ਵੱਲ ਦੇਖਿਆ।
ਉਹ ਪਹਿਲੀ ਵਾਰ ਮਿਲ ਰਹੇ ਸਨ। 24 ਸਾਲਾ, ਵਰਸ਼ਾ ਕੁਸ਼ਵਾ ਨੇ 31 ਜਨਵਰੀ ਨੂੰ ਗਵਾਲੀਅਰ ਛੱਡ ਦਿੱਤਾ ਸੀ। ਉਹ ਆਪਣੇ ਘਰ ਤੋਂ ਭੱਜੀ ਅਤੇ ਇੱਕ ਦੁਕਾਨਦਾਰ ਤੋਂ ਉਧਾਰ ਮੰਗਿਆ ਅਤੇ ਮੋਟਰਸਾਈਕਲ ਲਏ, ਉਡੀਕ ਕਰ ਰਹੇ ਆਦਿਲ ਕੋਲ ਆ ਗਈ।
ਉਹ ਉਸ ਦੇ ਘਰ ਦੇ ਬਾਹਰ ਤਿੰਨ ਰਾਤਾਂ ਤੋਂ ਸਵੇਰੇ ਛੇ ਵਜੇ ਤੋਂ ਰਾਤ ਦੇ ਗਿਆਰਾਂ ਵਜੇ ਤੱਕ ਉਡੀਕ ਕਰ ਰਿਹਾ ਸੀ। ਉਸ ਨੇ ਉਮੀਦ ਛੱਡ ਦਿੱਤੀ ਸੀ ਕਿ ਉਹ ਕਦੀ ਘਰ ਤੋਂ ਬਾਹਰ ਆ ਸਕੇਗੀ ਪਰ ਉਸ ਦੁਪਿਹਰ, ਇੱਕ ਸ਼ਾਲ ਵਿੱਚ ਲਿਪਟੀ ਉਹ ਆ ਗਈ, ਉਹ ਉਥੋਂ ਜਾਣ ਵਿੱਚ ਕਾਮਯਾਬ ਹੋ ਗਏ।
ਪਹਿਲੇ ਦਿਨ ਉਸ ਨੇ ਇਟਾਵਾ ਤੋਂ ਇੱਕ ਕਾਰ ਲਈ 2700 ਰੁਪਏ ਅਦਾ ਕੀਤੇ। ਪਰ ਵਰਸ਼ਾ ਘਰ ਤੋਂ ਨਾ ਆ ਸਕੀ। ਉਸ ਰਾਤ ਆਦਿਲ ਨੇ ਟਿੱਕਟਾਂ ਪਾੜ ਦਿੱਤੀਆਂ ਜੋ ਉਸ ਨੇ ਦਿੱਲੀ ਜਾਣ ਲਈ ਟਰੇਨ ਬੁੱਕ ਕਰਨ ਲਈ ਲਈਆਂ ਸਨ। ਉਨ੍ਹਾਂ ਨੇ ਝਾਂਸੀ ਦੀ ਟਰੇਨ ਫੜੀ ਤੇ ਉਥੋਂ ਚੌਥੇ ਦਿਨ ਉਹ ਦਿੱਲੀ ਆ ਗਏ।
ਆਦਿਲ ਇੱਕ ਕੁਰਸੀ ’ਤੇ ਬੈਠ ਗਿਆ। ਇੱਕ ਪਹਿਲਵਾਨ, ਉਸ ਨੇ ਕਿਹਾ ਇਹ ਇਸ ਹੱਦ ਤੱਕ ਪਹੁੰਚ ਗਿਆ ਸੀ ਕਿ ਅਸੀਂ ਆਪਣੇ ਆਪ ਨੂੰ ਮਾਰਨ ਬਾਰੇ ਸੋਚਣ ਲੱਗੇ ਸਾਂ।
ਆਦਿਲ ਦਾ ਕਹਿਣਾ ਹੈ, “ਅਸੀਂ ਇੱਕ ਦੂਜੇ ਬਗ਼ੈਰ ਨਹੀਂ ਰਹਿ ਸਕਦੇ।”
ਵਰਸ਼ਾ ਹੱਸਦੀ ਹੈ। ਉਹ ਸੀ ਜਿਸ ਨੇ 2017 ਵਿੱਚ ਆਦਿਲ ਅੱਗੇ ਪ੍ਰਸਤਾਵ ਰੱਖਿਆ ਸੀ।
ਕਮਰੇ ਵਿੱਚ ਉਨ੍ਹਾਂ ਨੇ ਸੈਲਫ਼ੀਜ਼ ਲਈਆਂ ਅਤੇ ਹੱਸੇ। ਕਿਸੇ ਨੇ ਗਾਉਣ ਦੀ ਵੀ ਕੋਸ਼ਿਸ਼ ਕੀਤੀ। ਉਨ੍ਹਾਂ ਸਭ ਨੇ ਉੱਥੇ ਪਹੁੰਚਣ ਲਈ ਮੁਸ਼ਕਿਲਾਂ ਸਰ ਕੀਤੀਆਂ ਸਨ।
ਧਨਕ ਫ਼ਾਰ ਹਿਮਿਊਨੈਟੀ ਦੇ ਦਿੱਲੀ ਦਫ਼ਤਰ ਦੇ ਕਮਰੇ ਦੇ ਬਾਹਰ ਦਰਵਾਜ਼ੇ ’ਤੇ ਇੱਕ ਪੋਸਟਰ ’ਤੇ ਲਿਖਿਆ ਹੈ “ਜ਼ਬਰਨ ਵਿਆਹ ਸੱਭਿਆਚਾਰ ਨਹੀਂ ਹੈ। ਇਹ ਜੁਰਮ ਹੈ।”

ਕਾਨੂੰਨ
ਸਪੈਸ਼ਲ ਮੈਰਿਜ਼ ਐਕਟ ਦੀਆਂ ਧਾਰਾਵਾਂ ਮੁਤਾਬਕ ਜੋੜੇ ਨੂੰ ਜ਼ਿਲ੍ਹਾ ਮੈਜਿਸਟ੍ਰੇਟ (ਕਈ ਵਾਰ ਦੋ ਜ਼ਿਲ੍ਹਿਆਂ ਜਿਨ੍ਹਾਂ ਨਾਲ ਜੋੜਾ ਸਬੰਧ ਰੱਖਦਾ ਹੈ, ਦੇ ਮੈਜਿਸਟ੍ਰੇਟਸ ਨੂੰ) ਨੂੰ ਇੱਕ ਲਿਖਤੀ ਨੋਟਿਸ ਦੇਣਾ ਪੈਂਦਾ ਹੈ। ਨੋਟਿਸ ਇੱਕ ਕਿਤਾਬ ਵਿੱਚ 30 ਦਿਨਾਂ ਲਈ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਜਿਸ ਨੂੰ ਕੋਈ ਵੀ ਵਿਅਕਤੀ, ਜਾਂਚ ਲਈ ਬਗ਼ੈਰ ਕਿਸੇ ਫ਼ੀਸ ਤੋਂ ਦੇਖ ਸਕਦਾ ਹੈ।
ਜੇ ਕਿਸੇ ਵਲੋਂ ਵੀ ਕੋਈ ਇਤਰਾਜ਼ ਨਾ ਹੋਵੇ ਤਾਂ ਜੋੜਾ 20 ਦਿਨਾਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵਿਆਹ ਕਰਵਾ ਸਕਦਾ ਹੈ।
ਧਨਕ ਦੇ ਸਹਿ-ਸੰਸਥਾਪਕ ਆਸਿਫ਼ ਇਕਬਾਲ ਕਹਿੰਦੇ ਹਨ, ਸਪੈਸ਼ਲ ਮੈਰਿਜ ਐਕਟ ਦੀਆਂ ਲੰਬੇ ਨੋਟਿਸ ਕਾਲ ਕਾਰਨ ਆਪਣੀਆਂ ਚੁਣੌਤੀਆਂ ਹਨ। ਇਸੇ ਲਈ ਬਹੁਤੇ ਜੋੜੇ ਧਾਰਮਿਕ ਵਿਆਹ ਨੂੰ ਤਰਜ਼ੀਹ ਦਿੰਦੇ ਹਨ ਅਤੇ ਬਹੁਤੀ ਵਾਰੀ ਇਹ ਔਰਤਾਂ ਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਧਰਮ ਬਦਲਨਾ ਪੈਂਦਾ ਹੈ।
ਅਦਾਲਤਾਂ ਅਜਿਹੇ ਜੋੜਿਆਂ ਲਈ ਆਖ਼ਰੀ ਇਲਾਜ ਬਣ ਗਈਆਂ ਹਨ। ਅਲਾਹਾਬਾਦ ਹਾਈਕੋਰਟ ਨੇ ਮਾਰਚ 2018 ਵਿੱਚ ਸ਼ਾਫੀਨ ਜਹਾਨ ਬਨਾਮ ਅਸ਼ੋਕਨ ਕੇਐੱਮ ਐਂਡ ਅਦਰਜ਼ (ਘਿਣਾਉਣਾ ਹਾਦੀਆਂ ਮਾਮਲਾ) ਦਾ ਜ਼ਿਕਰ ਕੀਤਾ।
ਉਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ “ਸੰਵਿਧਾਨ ਆਜ਼ਾਦੀ ਅਤੇ ਖ਼ੁਦਮੁਖਤਿਆਰੀ ਨੂੰ ਮਾਨਤਾ ਦਿੰਦਾ ਹੈ ਜੋ ਹਰ ਇੱਕ ਵਿਅਕਤੀ ਨੂੰ ਜਨਮ ਤੋਂ ਮਿਲਦੀ ਹੈ...ਨਾ ਤਾਂ ਸੂਬਾ ਅਤੇ ਨਾ ਹੀ ਕਾਨੂੰਨ ਸਾਥੀ ਦੀ ਚੋਣ ਕਰਨ ਲਈ ਹੁਕਮ ਦੇ ਸਕਦਾ ਹੈ ਜਾਂ ਇਨਾਂ ਮਾਮਲਿਆਂ ਵਿੱਚ ਫ਼ੈਸਲੇ ਲੈਣ ਦੀ ਕਿਸੇ ਵੀ ਵਿਅਕਤੀ ਦੀ ਸੁਤੰਤਰ ਯੋਗਤਾ ਨੂੰ ਸੀਮਤ ਕਰ ਸਕਦਾ ਹੈ।
ਉਹ ਸੰਵਿਧਾਨ ਅਧੀਨ ਵਿਅਕਤੀਗਤ ਆਜ਼ਾਦੀ ਦਾ ਨਿਚੋੜ ਕੱਢਦੇ ਹਨ।
ਆਸਿਫ਼ ਕਹਿੰਦੇ ਹਨ, “ਜੋੜਿਆ ਕੋਲ ਆਪਣੇ ਸੂਬਿਆਂ ਨੂੰ ਛੱਡ ਕੇ ਸੁਰੱਖਿਆ ਲੱਭਣ ਅਤੇ ਵਿਆਹ ਕਰਵਾਉਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਦਾ।”
ਬਹੁਤੇ ਜੋੜੇ ਆਪਣੀਆਂ ਨੌਕਰੀਆਂ ਗੁਆ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਵਿਆਹ ਕਰਵਾਉਣ ਲਈ ਆਪਣੇ ਸੂਬੇ ਛੱਡਣੇ ਪੈਂਦੇ ਹਨ।
ਸਪੈਸ਼ਲ ਮੈਰਿਜ ਐਕਟ ਅਧੀਨ ਨਿਰਧਾਰਿਤ ਨੋਟਿਸ ਦੀ ਮਿਆਦ ਇਨ੍ਹਾਂ ਵਿੱਚੋਂ ਬਹੁਤ ਸਾਰੇ ਜੋੜਿਆਂ ਦੇ ਖ਼ਿਲਾਫ਼ ਕੰਮ ਕਰਦੀ ਹੈ, ਜੋ ਆਪਣੇ ਲਈ ਖ਼ਤਰਾ ਮਹਿਸੂਸ ਕਰਦੇ ਹਨ।
ਬਲਕਿ, ਵਿਆਹ ਲਈ ਲਾਜ਼ਮੀ ਹਲਫ਼ੀਆ ਬਿਆਨ ਲਈ ਸਟੈਂਪ ਪੇਪਰ ਖ਼ਰੀਦਣ ਜ਼ਰੀਏ ਵੀ ਨਿਗਰਾਨ ਸਮੂਹ ਪਰਿਵਾਰਾਂ ਅਤੇ ਪੁਲਿਸ ਤੱਕ ਪਹੁੰਚ ਕਰ ਸਕਦੇ ਹਨ। ਅਤੇ ਉਨ੍ਹਾਂ ਨੂੰ ਕੇਸ ਦਰਜ ਕਰਨ ਲਈ ਕਹਿ ਸਕਦੇ ਹਨ ਜਾਂ ਪਰਿਵਾਰਾਂ ਨੂੰ ਲੜਕੇ ਵਿਰੁੱਧ ਅਗਵਾ ਦਾ ਮਾਮਲਾ ਦਰਜ ਕਰਵਾਉਣ ਲਈ ਕਹਿ ਸਕਦੇ ਸਨ।
ਅਨੀਸ਼ਾ-ਸ਼ੀਰਿਸ਼
ਕੌਮੀ ਰਾਜਧਾਨੀ ਦੇ ਗੁਆਂਢ ਵਿੱਚ ਇੱਕ ਹੋਰ ਜਗ੍ਹਾ ’ਤੇ, ਇੱਕ ਭਗੌੜੇ ਜੋੜੇ ਨੇ ਇੱਕ ਸੁਰੱਖਿਅਤ ਘਰ ( ਸਰਕਾਰ ਵਲੋਂ ਅਜਿਹੇ ਜੋੜਿਆਂ ਨੂੰ ਮੁਹੱਈਆ ਕਰਵਾਏ ਜਾਂਦੀ ਰਿਹਾਇਸ਼) ਦਾ ਦਰਵਾਜ਼ਾ ਥੋੜ੍ਹਾ ਜਿਹਾ ਖੋਲ੍ਹਿਆ ਇਹ ਕਹਿਣ ਲਈ ਕਿ ਉਹ ਬਾਹਰ ਕਦਮ ਨਹੀਂ ਰੱਖ ਸਕਦੇ।
ਫ਼ਲੈਟ ਅਜੀਬ ਨਜ਼ਰ ਆ ਰਿਹਾ ਸੀ, ਲੋਹੇ ਦੀਆਂ ਭੂਰੇ ਰੰਗੀਆਂ ਗਰਿੱਲਾਂ ਨੇ ਇਸ ਦੀਆਂ ਖਿੜਕੀਆਂ ਅਤੇ ਬਾਲਕਨੀ ਨੂੰ ਕਵਰ ਕੀਤਾ ਹੋਇਆ ਸੀ।
ਇਹ ਕਿਲ੍ਹਾਬੰਦ ਦੋ-ਮੰਜ਼ਿਲਾ ਜਗ੍ਹਾ ਇੰਨੀ ਗੁਮਨਾਮ ਹੈ ਕਿ ਉੱਤਰੀ ਦਿੱਲੀ ਦੇ ਗੁਆਂਢ ਵਿੱਚ ਕਿਸੇ ਵੀ ਹੋਰ ਫ਼ਲੈਟ ਦੀ ਤਰ੍ਹਾਂ ਇਸ ਕੋਲੋਂ ਲੰਘ ਜਾਵੇ, ਦੋ ਜੋੜੇ ਇਥੇ ਆਪਣਾ ਸਮਾਂ ਬਿਤਾ ਰਹੇ ਹਨ।
ਇੱਕ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਆਇਆ ਹੈ ਅਤੇ ਦੂਸਰਾ ਗੁਜਰਾਤ ਵਡੋਦਰਾ ਤੋਂ।
ਵਡੋਦਰਾ ਤੋਂ ਆਈ ਲੜਕੀ ਕਹਿੰਦੀ ਹੈ, “ਮੇਰੇ ਮਾਤਾ ਪਿਤਾ ਹੋਰ ਲੋਕਾਂ ਦੇ ਨਾਲ ਮੇਰੀ ਭਾਲ ਕਰਨ ਲਈ ਆਏ ਹਨ ਅਤੇ ਉਹ ਇਥੇ ਕਿਤੇ ਬਾਹਰ ਹਨ।”
“ਅਸੀਂ ਡਰੇ ਹੋਏ ਹਾਂ। ਸਾਨੂੰ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ।”
29 ਸਾਲਾ ਅਨੀਸ਼ਾ ਮੁਸਲਮਾਨ ਹੈ। ਇੱਕ ਵਾਰ ਸ਼ੈਰਿਸ਼ ਨੇ ਉਸ ਨੂੰ ਕਿਹਾ ਸੀ ਕਿ ਉਸ ਦੀਆਂ ਅੱਖਾਂ ਸ਼ੈਰਿਸ਼ ਨੂੰ ਪਸੰਦ ਹਨ।
ਉਹ ਤੇਰ੍ਹਾਂ ਸਾਲਾਂ ਤੋਂ ਇਕੱਠੇ ਸਨ ਅਤੇ 29 ਜਨਵਰੀ ਨੂੰ ਦਿੱਲੀ ਆਏ ਸਨ, ਇੱਕ ਦੂਜੇ ਨਾਲ ਵਿਆਹ ਕਰਵਾਉਣ ਲਈ। ਸ਼ੈਰਿਸ਼ ਦਾ ਵਿਆਹ ਪੱਕਾ ਕਰ ਦਿੱਤਾ ਗਿਆ ਸੀ। ਉਸ ਨੇ 15 ਫ਼ਰਵਰੀ ਨੂੰ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾਉਣਾ ਸੀ।
ਉਨ੍ਹਾਂ ਕਿਹਾ, “ਮੇਰੇ ਪਰਿਵਾਰ ਨੇ ਮੇਰੇ ’ਤੇ ਇਸ ਲਈ ਦਬਾਅ ਪਾਇਆ। ਮੈਂ ਅਨੀਸ਼ਾ ਨਾਲ ਰਹਿਣਾ ਚਾਹੁੰਦਾ ਸੀ। ਸਾਡੇ ਕੋਲ ਹੋਰ ਕੋਈ ਬਦਲ ਨਹੀਂ ਹੈ।”
ਨਵੰਬਰ ਮਹੀਨੇ ਤੋਂ ਉੱਤਰ ਪ੍ਰਦੇਸ਼ ਵਿੱਚ ਧਰਮ-ਬਦਲਾਅ ਵਿਰੋਧੀ ਆਰਡੀਨੈਂਸ ਲਾਗੂ ਹੋਣ ਦੇ ਬਾਅਦ ਤੋਂ, ਸੂਬੇ ਵਿੱਚ ਬਹੁਤ ਗ੍ਰਿਫ਼ਤਾਰੀਆਂ ਹੋਈਆਂ ਹਨ। ਉਨ੍ਹਾਂ ਵਿੱਚੋਂ ਬਹੁਤੀਆਂ ਮੁਸਲਮਾਨ ਲੜਕੀਆਂ ਦੀਆਂ ਹਨ।
ਉੱਤਰ ਪ੍ਰਦੇਸ਼ ਵਿੱਚ ਆਰਡੀਨੈਂਸ ਪੇਸ਼ ਕਰਨ ਅਤੇ ਲਾਗੂ ਕਰਨ ਤੋਂ ਪਹਿਲਾਂ ਵੀ ਚੀਜ਼ਾਂ ਸੌਖੀਆਂ ਨਹੀਂ ਸਨ।
ਬਜਰੰਗ ਦਲ ਅਤੇ ਹਿੰਦੂ ਯੂਵਾ ਵਾਹਿਨੀ ਵਰਗੇ ਨਿਗਰਾਨ ਦਲ ਅੰਤਰਜਾਤੀ ਵਿਆਹਾਂ ਦੀਆਂ ਪੁਲਿਸ ਕੋਲ ਸ਼ਿਕਾਇਤਾਂ ਪਹੁੰਚਾ ਰਹੇ ਸਨ ਅਤੇ ਪਰਿਵਾਰਾਂ ਨੂੰ ਪੁਲਿਸ ਸਟੇਸ਼ਨ ਵਿੱਚ ਲੜਕਿਆਂ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰਵਾਉਣ ਲਈ ਦਬਾਅ ਪਾ ਰਹੇ ਸਨ।
ਜਦੋਂ ਕਿ ਕੁਝ ਸੱਜੇ ਪੱਖੀ ਹਿੰਦੂ ਕਾਰਕੁਨ ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਬਹੁਤ ਸਾਰੇ ਆਗੂ ਇਹ ਦਲੀਲ ਦਿੰਦੇ ਹਨ ਕਿ ਜਬਰਨ ਧਰਮ ਪਰਿਵਰਤਨ ਨੂੰ ਰੋਕਣ ਲਈ ਇਹ ਆਰਡੀਨੈਂਸ ਲੋੜੀਂਦਾ ਸੀ।
ਹੋਰ ਕਾਰਕੁਨ ਅਤੇ ਵਿਰੋਧੀ ਪਾਰਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਅਸੰਵਿਧਾਨਿਕ ਹੈ ਅਤੇ ਅੰਤਰਧਰਮ ਵਿਆਹਾਂ ਨੂੰ ਗ਼ੈਰ-ਕਾਨੂੰਨੀ ਬਣਾਉਂਦਾ ਹੈ।
ਘੱਟੋ-ਘੱਟ ਅੱਠ ਹੋਰ ਸੂਬਿਆਂ ਦੇ ਏਜੰਡੇ ਵਿੱਚ ਵੀ ਧਰਮ-ਪਰਿਵਰਤਨ ਵਿਰੋਧੀ ਕਾਨੂੰਨ ਹਨ। ਮੱਧ ਪ੍ਰਦੇਸ਼ ਪਹਿਲਾਂ ਹੀ ਅਜਿਹਾ ਇੱਕ ਕਾਨੂੰਨ ਲਿਆ ਚੁੱਕਿਆ ਹੈ।
ਅਲਾਹਬਾਦ ਕੋਰਟ ਅਤੇ ਸੁਪਰੀਮ ਕੋਰਟ ਸਾਹਮਣੇ ਕੁਝ ਨਿਆਂਇਕ ਚੁਣੌਤੀਆਂ ਬਾਕੀ ਹਨ।
ਨਵੇਂ ਕਾਨੂੰਨ ਅਧੀਨ, ਜੇ ਇੱਕ ਵਿਅਕਤੀ ਧਰਮ ਬਦਲਣਾ ਚਾਹੁੰਦਾ ਹੈ, ਉਸ ਨੂੰ ਦੋ ਮਹੀਨੇ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਅਰਜ਼ੀ ਦੇਣੀ ਪਵੇਗੀ, ਜੋ ਕਿ 1954 ਦੇ ਸਪੈਸ਼ਲ ਮੈਰਿਜ਼ ਐਕਟ ਅਧੀਨ ਨਿਰਧਾਰਿਤ ਕੀਤੇ ਗਏ ਨੋਟਿਸ ਦੇ ਮਿਆਦ ਸਮੇਂ ਨੂੰ ਦੁਗਣਾ ਕਰ ਦਿੰਦਾ ਹੈ।
ਕਾਨੂੰਨ ਪੁਲਿਸ ਨੂੰ ਧਰਮ ਬਦਲਣ ਪਿਛਲੇ ਅਸਲ “ਇਰਾਦੇ, ਉਦੇਸ਼ ਅਤੇ ਕਾਰਨ ਦੀ ਜਾਂਚ ਕਰਨ ਲਈ” ਪੜਤਾਲ ਕਰਨ ਦੀ ਤਾਕਤ ਦਿੰਦਾ ਹੈ
"ਬਣਨ ਵਾਲੀ ਲਾੜੀ "
ਸਤੰਬਰ 2020 ਦੀ ਇੱਕ ਦੁਪਿਹਰ ਕਾਮਿਨੀ (ਬਦਲਿਆ ਹੋਇਆ ਨਾਮ) ਨੇ ਆਪਣੇ ਘਰ ਵਿੱਚ ਤਿੰਨ ਅਟੈਚੀ ਅਤੇ ਇੱਕ ਬੈਗ਼ ਪੈਕ ਕੀਤਾ। ਪਰਿਵਾਰ ਨੇ ਉਸਦਾ ਲੈਪਟਾਪ, ਦਸਤਾਵੇਜ਼ ਉਸ ਨੂੰ ਵਾਪਸ ਕੀਤੇ ਅਤੇ ਉਸ ਨੂੰ ਇਕਬਾਲ ਨੂੰ ਫ਼ੋਨ ਕਰਕੇ ਇੱਕ ਨਿਸ਼ਚਿਤ ਜਗ੍ਹਾ ’ਤੇ ਉਸ ਨੂੰ ਮਿਲਣ ਆਉਣ ਲਈ ਬੁਲਾਉਣ ਨੂੰ ਕਿਹਾ।
ਉਸ ਨੇ ਪਰਿਵਾਰਕ ਐਲਬਮ ਵਿੱਚੋਂ ਕੁਝ ਤਸਵੀਰਾਂ ਲੈਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਨੇ ਨਾ ਲੈਣ ਦਿੱਤੀਆਂ।
ਉਨ੍ਹਾਂ ਨੇ ਉਸ ਤੋਂ ਸਮਾਰਟਫ਼ੋਨ ਲੈ ਲਿਆ ਅਤੇ ਉਸ ਨੂੰ ਇੱਕ ਬਟਨਾਂ ਵਾਲਾ ਫ਼ੋਨ ਦੇ ਦਿੱਤਾ।
ਉਹ ਅੱਗੇ ਦੱਸਦੀ ਹੈ, “ਮੈਂ ਆਪਣੇ ਸਾਰੇ ਚੰਗੇ ਕੱਪੜੇ ਪੈਕ ਕਰ ਲਏ।”
ਉਸਦਾ ਜੀਜਾ ਉਸ ਨੂੰ ਕਾਰ ਵਿੱਚ ਉਥੇ ਲੈ ਕੇ ਆਇਆ। ਇੱਕ ਹੋਰ ਜੀਜਾ ਉਸਦੀ ਸਕੂਟੀ ਨੂੰ ਨਿਰਧਾਰਿਤ ਜਗ੍ਹਾ ’ਤੇ ਲੈ ਆਇਆ।
ਉਸ ਨੂੰ ਇੱਕ ਨੋਟ ’ਤੇ ਹਸਤਾਖ਼ਰ ਕਰਨ ਲਈ ਕਿਹਾ ਗਿਆ ਜਿਸ ਵਿੱਚ ਲਿਖਿਆ ਸੀ ਕਿ ਉਸ ਦਾ ਪਰਿਵਾਰ ਉਸ ਪ੍ਰਤੀ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੈ। ਇਕਬਾਲ ਨੇ ਇੱਕ ਨੋਟ ਲਿਖਿਆ ਕਿ ਕਾਮਿਨੀ ਹੁਣ ਉਸ ਦੀ ਜ਼ਿੰਮੇਵਾਰੀ ਹੈ। ਉਸ ਤੋਂ ਬਾਅਦ ਉਹ ਚਲੇ ਗਏ।

ਇਹ 2017 ਦੀ ਗੱਲ ਹੈ ਉਨ੍ਹਾਂ ਦੇ ਕੋਚਿੰਗ ਸੈਂਟਰ ਵਿੱਚ ਮਿਲਣ ਤੋਂ ਅੱਠ ਮਹੀਨੇ ਬਾਅਦ ਦੀ, ਜਦੋਂ ਕਾਮਿਨੀ ਨੇ ਮਹਿਸੂਸ ਕੀਤਾ ਕਿ ਉਸ ਨੂੰ ਇਕਬਾਲ ਨਾਲ ਪਿਆਰ ਹੈ ਅਤੇ ਉਹ ਫ਼ੋਨ ’ਤੇ ਗੱਲ ਕਰਨ ਲੱਗੇ। ਜੋੜੇ ਨੂੰ ਬਹੁਤ ਧਿਆਨ ਨਾਲ ਰਹਿਣ ਦੀ ਲੋੜ ਸੀ। ਉਹ ਪਾਰਕਾਂ ਜਾਂ ਰੈਸਟੋਰੈਂਟਾਂ ਵਿੱਚ ਮਿਲਦੇ।
ਇਕਬਾਲ ਕਹਿੰਦਾ ਹੈ, “ਸਾਡਾ ਧਰਮ ਸਾਡੇ ਚਿਹਰਿਆਂ ’ਤੇ ਨਹੀਂ ਲਿਖਿਆ। ਪਰ ਇਹ ਉੱਤਰ ਪ੍ਰਦੇਸ਼ ਹੈ ਅਤੇ ਸਾਨੂੰ ਮੁਸ਼ਕਿਲਾਂ ਦਾ ਪਤਾ ਹੈ। ਅਸੀਂ ਕੋਈ ਸ਼ੱਕ ਨਹੀਂ ਵਧਾ ਸਕਦੇ।”
ਉਹ ਸੰਖੇਪ ਜਿਹਾ ਮਿਲਦੇ। ਇਹ ਕਾਮਿਨੀ ਸੀ ਜਿਸ ਨੇ ਵਿਆਹ ਦੀ ਗੱਲ ਕੀਤੀ। ਇਕਬਾਲ ਪਹਿਲਾਂ ਨੌਕਰੀ ਹਾਸਿਲ ਕਰਨ ਲਈ ਸਮਾਂ ਚਾਹੁੰਦਾ ਸੀ।
ਉਨ੍ਹਾਂ ਦੋਵਾਂ ਨੂੰ ਆਪਣੇ ਪਰਿਵਾਰਾਂ ਨੂੰ ਤਿਆਰ ਕਰਨਾ ਪੈਣਾ ਸੀ। ਇਕਬਾਲ ਨੇ ਜੌਨਪੁਰ ਵਿੱਚ ਆਪਣੇ ਪਰਿਵਾਰ ਨਾਲ ਕਾਮਿਨੀ ਬਾਰੇ ਗੱਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਮਾਂ ਨੂੰ ਉਸ ਦੀਆਂ ਤਸਵੀਰਾਂ ਦਿਖਾਈਆਂ। ਇਕਬਾਲ ਦੇ ਪਿਤਾ ਦਾ ਮੁੰਬਈ ਵਿੱਚ ਕਾਰੋਬਾਰ ਹੈ।
ਉਹ ਕਹਿੰਦਾ ਹੈ, “ਮੇਰਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਉਦਾਰ ਖ਼ਿਆਲਾਂ ਦਾ ਹੈ ਪਰ ਹਾਂ ਮੇਰੀ ਮਾਂ ਨੂੰ ਮੇਰੇ ਤੋਂ ਕਦੀ ਵੀ ਹਿੰਦੂ ਲੜਕੀ ਨਾਲ ਵਿਆਹ ਕਰਵਾਉਣ ਦੀ ਆਸ ਨਹੀਂ ਸੀ।”
ਜਦੋਂ ਉਹ ਵੱਡੇ ਹੋਏ ਦੋਵਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਆਪਣੀ ਜਾਤ ਅਤੇ ਧਰਮ ਦੇ ਬਾਹਰ ਵਿਆਹ ਕਰਵਾਉਣ ਦੀ ਇਜ਼ਾਜਤ ਨਹੀਂ ਹੈ।
ਕਾਮਿਨੀ ਨੇ ਆਪਣੇ ਪਰਿਵਾਰ ਨੂੰ ਸਤੰਬਰ 2020 ਤੱਕ ਨਹੀਂ ਦੱਸਿਆ ਸੀ। ਇਹ ਸੀ ਜਦੋਂ ਨਰਕ ਦੇ ਦੁਆਰ ਖੁੱਲ੍ਹ ਗਏ ਅਤੇ ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।
ਪਰਿਵਾਰ ਨੇ ਕਾਮਿਨੀ ਲਈ ਲੜਕਾ ਲੱਭਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਕਾਮਿਨੀ ਕਿਸੇ ਤਰ੍ਹਾਂ ਪੁਲਿਸ ਨੂੰ ਫ਼ੋਨ ਕਰਨ ਵਿੱਚ ਕਾਮਯਾਬ ਹੋ ਗਈ ਅਤੇ ਉਨ੍ਹਾਂ ਨੂੰ ਕਿਹਾ ਕਿ ਉਸ ਨੂੰ ਨਾਰੀ ਨਿਕੇਤਨ ਲੈ ਜਾਣ ਕਿਉਂਕਿ ਉਸ ਦਾ ਪਰਿਵਾਰ ਉਸ ’ਤੇ ਤਸ਼ੱਦਦ ਕਰ ਰਿਹਾ ਹੈ, ਉਸ ਨੂੰ ਜਬਰਨ ਉਸ ਦੀ ਭੈਣ ਕੋਲ ਮੁਰਾਦਾਬਾਦ ਰਹਿਣ ਲਈ ਭੇਜ ਰਿਹਾ ਹੈ।
ਜਦੋਂ ਪੁਲਿਸ ਆਈ ਤਾਂ ਉਨ੍ਹਾਂ ਨੇ ਉਸ ਨੂੰ ਦੁਬਾਰਾ ਸੋਚਣ ਲਈ ਕਿਹਾ ਅਤੇ ਸ਼ੈਲਟਰ ਵਿੱਚ ਲਿਜਾਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਇੱਕ ਹਲਫ਼ੀਆ ਬਿਆਨ ’ਤੇ ਹਸਤਾਖ਼ਰ ਕਰਨ ਲਈ ਕਿਹਾ ਕਿ ਉਹ ਉਸ ਨੂੰ ਤੰਗ ਪਰੇਸ਼ਾਨ ਨਹੀਂ ਕਰਨਗੇ।
ਉਸ ਨੇ ਫ਼ਿਰ ਵੀ ਪੁਲਿਸ ਨਾਲ ਜਾਣ ’ਤੇ ਜ਼ੋਰ ਪਾਇਆ ਅਤੇ ਜਦੋਂ ਉਹ ਆਪਣਾ ਸਮਾਨ ਲੈ ਕੇ ਕਮਰੇ ਵਿੱਚ ਵਾਪਸ ਆਈ ਤਾਂ ਪੁਲਿਸ ਜਾ ਚੁੱਕੀ ਸੀ। ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਜੇ ਉਸ ਦਾ ਵਿਆਹ ਇਕਬਾਲ ਤੋਂ ਬਿਨਾ ਕਿਸੇ ਹੋਰ ਨਾਲ ਕੀਤਾ ਤਾਂ ਉਹ ਆਪਣੇ ਪਤੀ ਨੂੰ ਮਾਰ ਦੇਵੇਗੀ।
ਇਕਬਾਲ ਨੇ ਕਿਹਾ, “ਮੇਰੀ ਮਾਂ ਗੁੱਸੇ ਸੀ ਪਰ ਆਖ਼ਰ ਮੰਨ ਗਈ। ਮੇਰੇ ਪਿਤਾ ਨੇ ਕਿਹਾ ਇਹ ਠੀਕ ਹੈ ਅਤੇ ਮੈਨੂੰ ਵਿਆਹ ਕਰਵਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ।”
ਜਦੋਂ ਆਰਡੀਨੈਂਸ ਲਾਗੂ ਹੋਇਆ ਇਕਬਾਲ ਦਾ ਪਰਿਵਾਰ ਬਹੁਤ ਚਿੰਤਿਤ ਸੀ। ਉਨ੍ਹਾਂ ਨੇ ਉਸ ਨੂੰ ਵਿਆਹ ਸਪੈਸ਼ਲ ਮੈਰਿਜ ਐਕਟ ਅਧੀਨ ਕਰਵਾਉਣ ਲਈ ਕਿਹਾ।
ਉਹ ਧਨਕ ਨਾਲ ਕਈ ਮਹੀਨਿਆਂ ਤੋਂ ਸੰਪਰਕ ਵਿੱਚ ਸਨ। ਉਸ ਤੋਂ ਬਾਅਦ ਚੀਜ਼ਾਂ ਮੁਸ਼ਕਿਲ ਹੋਣ ਲੱਗੀਆਂ। ਕਾਮਿਨੀ ਦੇ ਪਰਿਵਾਰ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਉਹ ਕਹਿੰਦੇ ਹਨ, “ਸ਼ਾਇਦ ਉਨ੍ਹਾਂ ਨੂੰ ਪੁਲਿਸ ਵਲੋਂ ਧਮਕਾਇਆ ਗਿਆ ਹੋਵੇ ਕਿਉਂਕਿ ਪੁਲਿਸ ਜਾਣਦੀ ਸੀ ਕਿ ਮੈਂ ਇੱਕ ਮੁਸਲਮਾਨ ਲੜਕੇ ਨਾਲ ਸਬੰਧ ਵਿੱਚ ਹਾਂ।”
ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਇਕਬਾਲ ਦਿੱਲੀ ਵਿੱਚ ਇੱਕ ਫ਼ਲੈਟ ਲਵੇਗਾ ਅਤੇ ਉਹ ਨਿਰਧਾਰਿਤ ਨੋਟਿਸ ਕਾਲ ਤੱਕ ਇਥੇ ਰਹਿਣਗੇ ਅਤੇ ਫ਼ਿਰ ਵਿਆਹ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਦੇਣਗੇ।
ਕਾਮਿਨੀ ਨੇ ਕਿਹਾ, “ਮੈਂ ਆਪਣੇ ਪਰਿਵਾਰ ਨੂੰ ਯਾਦ ਕਰਦੀ ਹਾਂ ਪਰ ਇਹ ਠੀਕ ਹੈ। ਮੈਂ ਉਸ ਆਦਮੀ ਨਾਲ ਹਾਂ ਜਿਸਨੂੰ ਪਿਆਰ ਕਰਦੀ ਹਾਂ।”
“ਉਨ੍ਹਾਂ ਨੇ ਇਸ ਬਾਰੇ ਬਹੁਤ ਕੁਝ ਕਿਹਾ। ਉਹ ਕਹਿੰਦੇ ਮੁਸਲਮਾਨ ਲੜਕੇ, ਲੜਕੀਆਂ ਦਾ ਧਰਮ ਬਦਲਾਉਣ ਬਦਲੇ ਪੈਸੇ ਲੈਂਦੇ ਹਨ। ਉਹ ਕਹਿੰਦੇ ਮੁਸਲਮਾਨ ਲੜਕੇ ਚਾਰ ਪਤਨੀਆਂ ਰੱਖਦੇ ਹਨ। ਪਰ ਮੈਂ ਬਿਹਤਰ ਜਾਣਦੀ ਹਾਂ।”
ਇਕਬਾਲ ਹੁਣ ਰਾਹਤ ਮਹਿਸੂਸ ਕਰਦਾ ਹੈ ਉਨ੍ਹਾਂ ਨੂੰ ਹੁਣ ਇੱਕ ਦੂਸਰੇ ਨੂੰ ਕੋਈ ਹੋਰ ਹੋਣ ਦਾ ਬਹਾਨਾ ਲਾ ਕੇ ਫ਼ੋਨ ਕਰਨਾ, ਪਾਰਕਾਂ ਵਿੱਚ ਮਿਲਣ ਅਤੇ ਕਦੀ ਵੀ ਇੱਕ ਦੂਜੇ ਦਾ ਹੱਥ ਨਾ ਫ਼ੜਨ ਦੀ ਲੋੜ ਨਹੀਂ।
ਉਹ ਕਹਿੰਦਾ ਹੈ, “ਅੰਤ ਵਿੱਚ ਪਿਆਰ ਜਿੱਤ ਜਾਵੇਗਾ।”
"ਇੱਕ ਸੁਰੱਖਿਅਤ ਘਰ"
ਇਹ ਉਨ੍ਹਾਂ ਦੇ 13 ਸਾਲਾਂ ਦੇ ਪਿਆਰ ਸਬੰਧ ਵਿੱਚ, ਪਹਿਲੀ ਵਾਰ ਸੀ ਜਦੋਂ 22 ਜਨਵਰੀ ਨੂੰ ਉਨ੍ਹਾਂ ਦੀ ਵਡੋਦਰਾ ਤੋਂ ਦਿੱਲੀ ਲਈ ਉਡਾਨ ਦੌਰਾਨ ਉਨ੍ਹਾਂ ਨੇ ਕਈ ਘੰਟੇ ਇੱਕਠਿਆਂ ਬੈਠ ਕੇ ਬਿਤਾਏ।
ਅਨੀਸ਼ਾ ਅਤੇ ਸ਼ੈਰਿਸ਼ ਦੋਵੇਂ 29 ਸਾਲ ਦੇ ਹਨ ਅਤੇ ਹੁਣ ਦਿੱਲੀ ਵਿੱਚ ਇੱਕ ਸੁਰੱਖਿਅਤ ਘਰ ਵਿੱਚ ਹਨ। ਜਦੋਂ ਮੈਂ ਮਿਲੀ ਤਾਂ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਅਨੀਸ਼ਾ ਦਾ ਪਰਿਵਾਰ ਉਸ ਦੀ ਤਲਾਸ਼ ਕਰ ਰਿਹਾ ਹੈ।
ਉਨ੍ਹਾਂ ਦੀ ਕਹਾਣੀ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਆਫ਼ ਬਰੋਡਾ ਵਿੱਚ 2009 ਵਿੱਚ ਸ਼ੁਰੂ ਹੋਈ। ਸ਼ੈਰਿਸ਼ ਗੁਜਰਾਤੀ ਪੜ੍ਹ ਰਿਹਾ ਸੀ ਅਤੇ ਉਹ ਅਰਥਸ਼ਾਸਤਰ ਵਿਭਾਗ ਵਿੱਚ ਸੀ। ਸ਼ੈਰਿਸ਼ ਨੇ ਫ਼ੋਨ ’ਤੇ ਦੱਸਿਆ, “ਸਾਡੀ ਹਿੰਦੀ ਦੀ ਇੱਕ ਸਾਂਝੀ ਕਲਾਸ ਹੁੰਦੀ ਸੀ।”
ਦੋ ਸਾਲਾਂ ਤੱਕ ਉਹ ਦੋਸਤ ਸਨ। ਉਹ ਬਹੁਤ ਹੀ ਰੂੜੀਵਾਦੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਜਦੋਂ ਗੋਧਰਾ ਦੰਗੇ ਹੋਏ ਉਹ ਦੋਵੇਂ ਉਥੇ ਹੀ ਸਨ। ਉਨ੍ਹਾਂ ਦੋਵਾਂ ਨੂੰ ਹੱਦਾਂ ਤੋਂ ਪਰੇ ਮੰਨੇ ਜਾਂਦੇ ਪਿਆਰ ਦੇ ਨਤੀਜਿਆਂ ਦਾ ਪਤਾ ਸੀ।
ਸ਼ੈਰਿਸ਼ ਨੇ ਕਿਹਾ, “ਗੁਜਰਾਤ ਵਿੱਚ, ਅੰਤਰਧਰਮ ਜੋੜਾ ਹੋਣਾ ਇੱਕ ਵੱਡੀ ਸਮੱਸਿਆ ਹੈ।”
ਇਹ ਅਨੀਸ਼ਾ ਸੀ ਜੋ 2011 ਵਿੱਚ ਸ਼ੈਰਿਸ਼ ਦੇ ਸਨਮੁੱਖ ਹੋਈ ਅਤੇ ਉਸ ਨੂੰ ਪੁੱਛਿਆ ਕਿ ਕੀ ਉਹ ਉਸ ਨੂੰ ਪਿਆਰ ਕਰਦਾ ਹੈ, ਉਸ ਨੂੰ ਦੱਸਣਾ ਚਾਹੀਦਾ ਹੈ।
ਸ਼ੈਰਿਸ਼ ਦੀਆਂ ਪਰਿਵਾਰਕ ਦਿੱਕਤਾਂ ਸਨ ਅਤੇ ਉਸ ਨੇ ਅਨੀਸ਼ਾ ਨੂੰ ਦੱਸਿਆ ਜੇ ਉਹ ਰਿਸ਼ਤੇ ਵਿੱਚ ਪਿਆ ਤਾਂ ਉਹ ਅਖ਼ੀਰ ਤੱਕ ਇਸ ਵਿੱਚ ਰਹੇਗਾ।
ਉਨ੍ਹਾਂ ਨੇ ਕਿਹਾ, “ਮੈਂ ਅਨੁਸੂਚਿਤ ਜਾਤੀ ਤੋਂ ਹਾਂ ਅਤੇ ਉਹ ਮੁਸਲਮਾਨ ਹੈ। ਸਾਨੂੰ ਪਤਾ ਸੀ ਇਹ ਬਹੁਤ ਮੁਸ਼ਕਿਲ ਹੋਣ ਵਾਲਾ ਹੈ।”
ਉਹ ਦੋਵੇਂ 2012 ਵਿੱਚ ਗਰੈਜੂਏਸ਼ਨ ਮੁਕੰਮਲ ਕਰਨ ਤੋਂ ਬਾਅਦ ਬਹੁਤ ਘੱਟ ਮਿਲੇ।
ਮੀਟਿੰਗਾਂ ਲਈ ਸੂਝਵਾਨ ਯੋਜਨਾਬੰਦੀ ਦੀ ਲੋੜ ਸੀ। ਉਹ ਇਕ ਜਨਤਕ ਜਗ੍ਹਾ ਦਾ ਪਤਾ ਲਗਾਉਂਦੇ ਤਾਂ ਕਿ ਕੋਈ ਸ਼ੱਕ ਨਾ ਪੈਦਾ ਕਰ ਸਕੇ।
ਉਹ ਕਹਿੰਦੇ ਹਨ, “ਅਸੀਂ ਇੱਕ ਦੂਜੇ ਨੂੰ ਮੂੰਹ ਦੇ ਕੱਪੜਾ ਲਪੇਟ ਕੇ ਮਿਲਦੇ। ਅਸੀਂ ਬਹੁਤ ਹੀ ਥੋੜ੍ਹੇ ਸਮੇਂ ਲਈ ਮਿਲਦੇ।”
“ਅਸੀਂ ਮੇਰੇ ਘਰ ਦੇ ਬਾਹਰ ਖੜੇ ਹੁੰਦੇ ਅਤੇ ਗੱਲ ਕਰਦੇ। ਇਹ ਮੁਸ਼ਕਿਲ ਹੁੰਦਾ ਜਾ ਰਿਹਾ ਸੀ ਕਿਉਂਕਿ ਅਨੀਸ਼ਾ ਇੱਕ ਗੁਆਂਢੀ ਇਲਾਕੇ ਵਿੱਚੋਂ ਆਉਂਦੀ ਸੀ ਜੋ ਕਿ ਪ੍ਰਤੱਖ ਰੂਪ ਵਿੱਚ ਖ਼ਤਰਨਾਕ ਸੀ।
ਅਨੀਸ਼ਾ ਦੇ ਮਾਤਾ-ਪਿਤਾ ਨੇ ਉਸ ਦੇ ਚਾਚੇ ਦੇ ਬੇਟੇ ਨਾਲ ਅਨੀਸ਼ਾ ਦਾ ਵਿਆਹ ਪੱਕਾ ਕਰ ਦਿੱਤਾ, ਜੋ ਕਿ ਬੀਮਾਰ ਸੀ।
ਸ਼ੈਰਿਸ਼ ਕਹਿੰਦੇ ਹਨ, “ਅਸੀਂ ਫ਼ੋਨ ’ਤੇ ਗੱਲ ਕਰਦੇ ਸੀ। ਮੈਂ ਆਪਣਾ ਨਾਮ ਬਦਲਦਾ ਸੀ ਅਤੇ ਕਿਸੇ ਹੋਰ ਫ਼ੋਨ ਤੋਂ ਗੱਲ ਕਰਦਾ ਅਤੇ ਆਪਣੀ ਆਵਾਜ਼ ਬਦਲਣ ਦੀ ਕੋਸ਼ਿਸ਼ ਕਰਦਾ ਕਿ ਉਨ੍ਹਾਂ ਨੂੰ ਲੱਗੇ ਕਿ ਇੱਕ ਲੜਕੀ ਫ਼ੋਨ ਕਰ ਰਹੀ ਹੈ ਕਿਉਂਕਿ ਉਹ ਉਸਦੇ ਫ਼ੋਨ ’ਤੇ ਨਿਗ੍ਹਾ ਰੱਖ ਰਹੇ ਸਨ।”
ਜਦੋਂ ਸ਼ੈਰਿਸ਼ ਦੇ ਮਾਤਾ ਪਿਤਾ ਨੂੰ ਉਸ ਦੇ ਸਬੰਧ ਬਾਰੇ ਪਤਾ ਲੱਗਿਆ, ਉਨ੍ਹਾਂ ਨੇ ਉਸ ਲਈ ਲੜਕੀ ਲੱਭਣੀ ਸ਼ੁਰੂ ਕਰ ਦਿੱਤੀ ਅਤੇ ਇਥੋਂ ਤੱਕ ਕਿ ਉਨ੍ਹਾਂ ਦੇ ਭਾਈਚਾਰੇ ਵਿੱਚੋਂ ਇੱਕ ਲੜਕੀ ਨਾਲ ਉਸ ਦਾ ਮੰਗਣਾ ਵੀ ਕਰ ਦਿੱਤਾ।
ਸ਼ੈਰਿਸ਼ ਇੱਕ ਅਨੂਸੁਚਿਤ ਜਾਤੀ ਨਾਲ ਸਬੰਧਿਤ ਸੀ ਅਤੇ ਮਹਿਸੂਸ ਕੀਤਾ ਕਿ ਅਨੀਸ਼ਾ ਦੇ ਪਰਿਵਾਰ ਨੂੰ ਉਸ ਦੀ ਜਾਤੀ ਨਾਲ ਵੀ ਮਸਲਾ ਹੋਵੇਗਾ।
ਉਸ ਨੇ ਕਿਹਾ, “ਮੇਰੇ ਮਾਤਾ ਪਿਤਾ ਨੇ ਮੈਨੂੰ ਧਮਕਾਇਆ ਕਿ ਜੇ ਮੈਂ ਰਿਸ਼ਤਾ ਤੋੜਿਆ ਤਾਂ ਉਹ ਕੁਝ ਕਰ ਲੈਣਗੇ। ਮੈਂ ਨਵੰਬਰ ਦੇ ਆਖ਼ੀਰ ਵਿੱਚ ਮੰਗਣਾ ਕਰਵਾ ਲਿਆ।”
ਸ਼ੈਰਿਸ਼ ਨੇ ਜਿਸ ਲੜਕੀ ਨਾਲ ਮੰਗਣਾ ਹੋਇਆ ਉਸ ਨੂੰ ਆਪਣੇ ਅਨੀਸ਼ਾ ਨਾਲ ਸਬੰਧ ਬਾਰੇ ਦੱਸਿਆ ਪਰ ਲੜਕੀ ਨੇ ਫ਼ਰਵਰੀ ਵਿੱਚ ਮਿੱਥੀ ਤਾਰੀਖ਼ ’ਤੇ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ। ਸਮਾਂ ਬਹੁਤ ਤੇਜ਼ੀ ਨਾਲ ਬੀਤ ਰਿਹਾ ਸੀ।
ਸ਼ੈਰਿਸ਼ ਨੇ ਬਦਲ ਲੱਭਣੇ ਸ਼ੁਰੂ ਕਰ ਦਿੱਤੇ। ਉਸ ਨੇ ਇੱਕ ਵਕੀਲ ਨਾਲ ਵੀ ਸੰਪਰਕ ਕੀਤਾ ਅਤੇ ਉਸ ਨੂੰ ਵਿਆਹ ਦਾ ਹਲਫ਼ੀਆ ਬਿਆਨ ਅਤੇ ਦਸਤਾਵੇਜ਼ ਤਿਆਰ ਕਰਨ ਲਈ 25,000 ਰੁਪਏ ਵੀ ਦਿੱਤੇ, ਪਰ ਵਕੀਲ ਪਿੱਛੇ ਹੱਟ ਗਿਆ।
ਉਹ ਕਹਿੰਦੇ ਹਨ,“ਕੋਈ ਵੀ ਨੋਟਰੀ ਸਾਡੀ ਮਦਦ ਕਰਨ ਲਈ ਨਾ ਮੰਨਿਆ। ਕੋਈ ਵੀ ਵਕੀਲ ਸਾਡੀ ਬੇਨਤੀ ਕਰਨ ਲਈ ਤਿਆਰ ਨਹੀਂ ਸੀ। ਇਹ ਅੰਤਰ ਜਾਤੀ ਸੀ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਉਨ੍ਹਾਂ ਲਈ ਖ਼ਤਰਨਾਕ ਹੋਵੇਗਾ।”
ਜਦੋਂ ਉਹ ਸਟੈਂਪ ਪੇਪਰ ਖ਼ਰੀਦਣ ਗਏ, ਅਨੀਸ਼ਾ ਦੇ ਪਰਿਵਾਰ ਨੂੰ ਪਤਾ ਲੱਗ ਗਿਆ।
ਉਨ੍ਹਾਂ ਕਿਹਾ, “ਸ਼ਾਇਦ ਇਹ ਸਾਰੇ ਨਿਗਰਾਨ ਸਮੂਹ ਹਨ, ਜੋ ਅਦਾਲਤ ਦੀ ਇਮਾਰਤ ਵਿੱਚ ਮੌਜੂਦ ਹਨ।”
ਉਹ ਕਹਿੰਦੇ ਹਨ,“ਜੇ ਅਸੀਂ ਗੁਜਰਾਤ ਵਿੱਚ ਵਿਆਹ ਕਰਵਾਉਣਾ ਹੁੰਦਾ ਤਾਂ ਸਾਰਾ ਸਮਾਜ ਸਾਡੇ ਪਿੱਛੇ ਹੁੰਦਾ। ਉਨ੍ਹਾਂ ਨੇ ਕਦੀ ਵੀ ਦਿੱਲੀ ਬਾਰੇ ਨਹੀਂ ਸੀ ਸੋਚਿਆ। ਪਰ ਵਕੀਲਾਂ ਨੇ ਕਿਹਾ ਕਿ ਜੇ ਉਨ੍ਹਾਂ ਨੇ ਇਥੇ (ਗੁਜਰਾਤ ਵਿੱਚ) ਵਿਆਹ ਕਰਵਾਇਆ ਤਾਂ ਦੰਗੇ ਹੋਣਗੇ।”
ਸ਼ੈਰਿਸ਼ ਨੇ ਦਿੱਲੀ ਲਈ ਇੱਕ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਵਾ ਦਿੱਤੀ। ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਆਪੋ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨਾਂ ਨੂੰ ਵੀ ਦੱਸਿਆ ਕਿ ਉਹ ਦਿੱਲੀ ਵਿੱਚ ਹਨ।
“ਅਸੀਂ ਸੁਰੱਖਿਅਤ ਘਰ ਵਿੱਚ ਇੱਕ ਜਗ੍ਹਾ ਲਈ ਅਰਜ਼ੀ ਦਿੱਤੀ ਅਤੇ 29 ਜਨਵਰੀ ਨੂੰ ਇਥੇ ਆ ਗਏ।”
ਉਨ੍ਹਾਂ ਦੀਆਂ ਮੁਸ਼ਕਿਲਾਂ ਹਾਲੇ ਖ਼ਤਮ ਨਹੀਂ ਹੋਈਆਂ।
ਉਹ ਕਹਿੰਦੇ ਹਨ, “ਮੇਰੀ ਸਾਥਣ ਦਾ ਬੈਂਕ ਖਾਤਾ ਉਸ ਦੇ ਪਰਿਵਾਰ ਵਲੋਂ ਬਲਾਕ ਕਰ ਦਿੱਤਾ ਗਿਆ ਹੈ।”
ਉਹ ਕਹਿੰਦੇ ਹਨ, ਉਨ੍ਹਾਂ ਦਰਮਿਆਨ ਬਹੁਤ ਜ਼ਿਆਦਾ ਵਿਸ਼ਵਾਸ ਹੈ।
ਉਹ ਕਹਿੰਦੇ ਹਨ, “ਇਹ ਹੈ ਜੋ ਸਾਨੂੰ ਚਲਦੇ ਰੱਖ ਰਿਹਾ ਹੈ।”
ਅਤੇ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਵੀ ਉਹ ਇੱਕ ਦੂਜੇ ਨਾਲ ਰਹਿਣ ਕਰਕੇ ਖ਼ੁਸ਼ ਹਨ। ਵਡੋਦਰਾ ਵਿੱਚ 10-15 ਮਿੰਟ ਦੀਆਂ ਮੁਲਾਕਾਤਾਂ ਕਾਫ਼ੀ ਨਹੀਂ ਸਨ।
ਹੁਣ ਇਹ ਸਭ ਕੁਝ ਇੱਕ ਸੁਫ਼ਨੇ ਵਰਗਾ ਲਗਦਾ ਹੈ।
ਅਨੀਸ਼ਾ ਕਹਿੰਦੇ ਹਨ, “ਜੇ ਹਾਲਾਤ ਠੀਕ ਹੋ ਗਏ, ਅਸੀਂ ਗੁਜਰਾਤ ਵਾਪਸ ਚਲੇ ਜਾਵਾਂਗੇ। ਨਹੀਂ ਤਾਂ ਅਸੀਂ ਵਿਦੇਸ਼ ਚਲੇ ਜਾਵਾਂਗੇ। ਸਾਡੇ ਕੋਲ ਹੁਨਰ ਹੈ। ਅਸੀਂ ਆਪਣੀਆਂ ਜ਼ਿੰਦਗੀ ਤੋਂ ਕੁਝ ਬਣਾ ਹੀ ਲਵਾਂਗੇ।”
ਉਨ੍ਹਾਂ ਕੋਲ ਇਸ ਅਸਥਾਈ ਥਾਂ ’ਤੇ ਇੱਕ ਕਮਰਾ ਹੈ। ਭੋਜਨ ਸਰਕਾਰ ਵਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਹਾਲ ਲਈ ਇਹ ਚੰਗਾ ਹੈ।
ਅਨੀਸ਼ਾ ਕਹਿੰਦੇ ਹਨ, “ਪਿਆਰ ਤਿਆਗ ਹੈ।”
ਸ਼ੈਰਿਸ਼ ਕਹਿੰਦੇ ਹਨ, “ਅਸੀਂ ਸੋਚਦੇ ਹਾਂ ਪਿਆਰ ਅੰਨਾ ਹੈ ਪਰ ਨਫ਼ਰਤ ਅੰਨੀ ਹੈ।”
***
ਸੁਪਰੀਮ ਕੋਰਟ ਦੇ 2018 ਵਿੱਚ ਹਰ ਜ਼ਿਲ੍ਹੇ ਵਿੱਚ ਸੁਰੱਖਿਅਤ ਘਰ ਬਣਾਉਣ ਦੇ ਹੁਕਮਾਂ ਦੇ ਬਾਵਜੂਦ, ਹਾਲੇ ਵੀ ਉਹ ਸੂਬੇ ਹਨ ਜਿਨਾਂ ਨੇ ਫ਼ੈਸਲੇ ਲਾਗੂ ਨਹੀਂ ਕੀਤੇ ਹਨ।
ਇਹ ਭਗੌੜੇ ਜੋੜਿਆਂ ਲਈ ਮੁਸ਼ਕਿਲ ਪੈਦਾ ਕਰਦਾ ਹੈ। ਸ਼ੈਰਿਸ਼ ਅਤੇ ਅਨੀਸ਼ਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਦਿੱਲੀ ਆਉਣਾ ਪਿਆ ਕਿਉਂਕਿ ਗੁਜਰਾਤ ਵਿੱਚ ਸੁਰੱਖਿਅਤ ਘਰ ਨਹੀਂ ਹਨ।
ਸ਼ੈਰਿਸ਼ ਕਹਿੰਦੇ ਹਨ, “ਜੇ ਅਸੀਂ ਆਪਣੇ ਮਾਪਿਆਂ ਨੂੰ ਰਾਜ਼ੀ ਕਰ ਵੀ ਲਈਏ ਤਾਂ ਸਮਾਜ ਇੱਕ ਮਸਲਾ ਹੈ ਅਤੇ ਹਮੇਸ਼ਾ ਸਮਾਜ ਤੋਂ ਦੁਤਕਾਰੇ ਜਾਣ ਦਾ ਖ਼ਤਰਾ ਰਹਿੰਦਾ ਹੈ ਜਾਂ ਸਰੀਰਕ ਨੁਕਸਾਨ ਦਾ ਵੀ।”
“ਮੇਰੇ ਮਾਮਲੇ ਵਿੱਚ ਨਿਗਰਾਨ ਸਮੂਹ ਕਹਿੰਦਾ ਕਿ ਲੜਕੀ ਮੁਸਲਮਾਨ ਹੈ ਅਤੇ ਉਹ ਹਿੰਦੂ ਬਣ ਸਕਦੀ ਹੈ ਅਤੇ ਇਹ ਘਰ ਵਾਪਸੀ ਵਰਗਾ ਹੋ ਜਾਂਦਾ। ਪਰ ਸਾਡੇ ਦਰਮਿਆਨ ਧਰਮ ਕੋਈ ਵੀ ਪੱਖ ਨਹੀਂ ਸੀ। ਮੈਂ ਉਸ ਦਾ ਧਰਮ ਨਹੀਂ ਬਦਲਣਾ ਚਾਹੁੰਦਾ।”
ਬਹੁਤ ਸਾਰੀਆਂ ਮੁਸ਼ਕਿਲਾਂ ਹਨ। ਬਹੁਤ ਸਾਰੇ ਨੁਕਸਾਨ ਹਨ। ਪਰ ਅੰਤ ਵਿੱਚ ਪਿਆਰ ਦਾ ਇੱਕ ਵਾਅਦਾ ਵੀ ਹੈ।
ਇਸ ਤਰ੍ਹਾਂ ਉਹ ਅੱਗੇ ਵਧਦੇ ਹਨ। ਇੱਕ ਦੇਸ ਵਿੱਚ ਜਿੱਥੇ ਪਿਆਰ ਅਣਖ਼, ਧਰਮ, ਜਾਤੀ ਅਤੇ ਵਰਗ ਨਾਲ ਬੱਝਾ ਹੈ। ਇਹ ਜੋੜੇ ਸੰਵਿਧਾਨ ਅਤੇ ਪਿਆਰ ਦੀ ਸਹੁੰ ਖਾਂਦੇ ਹਨ।
ਉਹ ਕਹਿੰਦੇ ਹਨ, ਜੰਗ ਦੀਆਂ ਲਕੀਰਾਂ ਖਿੱਚੀਆਂ ਹੋਈਆਂ ਹਨ। ਅਤੇ ਪਿਆਰ ਸਾਰੀ ਨਫ਼ਰਤ ’ਤੇ ਜਿੱਤ ਪ੍ਰਾਪਤ ਕਰੇਗਾ।
ਲੇਖਕ: ਚਿੰਕੀ ਸਿਨਹਾ
ਫੋਟੋਆਂ: ਗੋਪਾਲ ਕੁਮਾਰ, ਪਨੀਤ ਬਰਨਾਲਾ